ਵਿਰਸੇ  ਨੂੰ ਢਾਹ ਲਾ ਕੇ ਕੋਈ ਦੇਸ ਵਿਕਾਸ ਨਹੀਂ ਕਰ ਸਕਦਾ

ਵਿਰਸੇ  ਨੂੰ ਢਾਹ ਲਾ ਕੇ ਕੋਈ ਦੇਸ ਵਿਕਾਸ ਨਹੀਂ ਕਰ ਸਕਦਾ

                         ਦੁਨੀਆ ਭਰ ਵਿਚ ਮਸ਼ਹੂਰ ਕੁਝ ਵਿਰਾਸਤੀ ਇਮਾਰਤਾਂ                                  

 ਇਤਿਹਾਸਕ ਅਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੇ ਨਾਂਅ ਤੱਕ ਬਦਲਣ ਦੀ ਚੱਲ ਰਹੀ ਕਵਾਇਦ ਆਉਣ ਵਾਲੀਆਂ ਪੀੜ੍ਹੀਆਂ ਨੂੰ ਅਸਲੀ ਇਤਿਹਾਸ ਅਤੇ ਵਿਰਸੇ ਤੋਂ ਦੂਰ ਕਰ ਦੇਵੇਗੀ। ਸਭ ਨੂੰ ਚੇਤੇ ਰੱਖਣਾ ਚਾਹੀਦਾ ਹੈ ਕਿ ਵਿਰਸੇ ਤੇ ਸੱਭਿਆਚਾਰ ਨੂੰ ਢਾਹ ਲਾ ਕੇ ਕੋਈ ਮੁਲਕ ਤਰੱਕੀ ਨਹੀਂ ਕਰ ਸਕਦਾ ਹੈ।ਭਾਰਤੀ ਪੁਰਾਤੱਤਵ ਵਿਭਾਗ ਸਾਡੀਆਂ ਇਤਿਹਾਸਕ ਤੇ ਵਿਰਾਸਤੀ ਮਹੱਤਵ ਵਾਲੀਆਂ ਥਾਵਾਂ ਦੀ ਦੇਖਭਾਲ ਤੇ ਉਨ੍ਹਾਂ ਦੀ ਪੁਨਰ-ਸਿਰਜਣਾ ਲਈ ਜ਼ਿੰਮੇਵਾਰ ਸੰਸਥਾ ਹੈ ਤੇ ਆਪਣੇ ਕਾਰਜ ਪ੍ਰਤੀ ਯਤਨਸ਼ੀਲ ਵੀ ਹੈ ਪਰ ਫੰਡਾਂ ਦੀ ਘਾਟ ਕਰਕੇ ਇਹ ਸੰਸਥਾ ਆਪਣਾ ਫ਼ਰਜ਼ ਪੂਰੀ ਤਰ੍ਹਾਂ ਨਿਭਾਅ ਨਹੀਂ ਪਾ ਰਹੀ। ਸਾਡਾ ਵੀ ਇਹ ਫ਼ਰਜ਼ ਬਣਦਾ ਹੈ ਕਿ ਅਸੀਂ ਆਪਣੇ ਆਸ-ਪਾਸ ਦੀਆਂ ਇਤਿਹਾਸਕ ਤੇ ਵਿਰਾਸਤੀ ਇਮਾਰਤਾਂ ਦੀ ਅਸਲ ਦਿੱਖ ਬਰਕਰਾਰ ਰੱਖਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਤੇ ਸਾਫ਼-ਸਫ਼ਾਈ ਰੱਖਣ ਵਿਚ ਆਪਣਾ ਭਰਪੂਰ ਯੋਗਦਾਨ ਪਾਈਏ। ਸਾਡੇ ਮੁਲਕ ਦੀਆਂ ਧਾਰਮਿਕ ਜਥੇਬੰਦੀਆਂ ਦਾ ਇਹ ਕਰਤੱਵ ਬਣਦਾ ਹੈ ਕਿ ਉਹ ਵੀ ਵਿਰਾਸਤੀ ਮਹੱਤਵ ਵਾਲੇ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਸੰਭਾਲ ਤੇ ਪੁਨਰ-ਨਿਰਮਾਣ ਸਮੇਂ ਉਨ੍ਹਾਂ ਦਾ ਵਿਰਾਸਤੀ ਰੂਪ ਬਰਕਰਾਰ ਰੱਖਣ ਲਈ ਹਰੇਕ ਹੀਲਾ ਕਰਨ ਤੇ ਅੱਜ ਮੌਜੂਦ ਆਧੁਨਿਕ ਤਕਨੀਕ ਤੇ ਸਾਧਨ ਜ਼ਰੂਰ ਵਰਤਣ।ਦੁਨੀਆ ਭਰ ਵਿਚ ਮਸ਼ਹੂਰ ਕੁਝ ਵਿਰਾਸਤੀ ਇਮਾਰਤਾਂ ਤੇ ਸਥਾਨਾਂ ਦਾ ਜੇ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਵਿਚ 'ਸ੍ਰੀ ਹਰਿਮੰਦਰ ਸਾਹਿਬ, ਲਾਲ ਕਿਲ੍ਹਾ, ਤਾਜ ਮਹੱਲ, ਹੁਮਾਯੂੰ ਦਾ ਮਕਬਰਾ, ਕੁਤੁਬ ਮੀਨਾਰ, ਕੋਣਾਰਕ ਮੰਦਰ, ਚੀਨ ਦੀ ਦੀਵਾਰ, ਪੀਸਾ ਦੀ ਮੀਨਾਰ, ਅਜੰਤਾ-ਐਲੋਰਾ ਦੀਆਂ ਗੁਫ਼ਾਵਾਂ, ਵੈਟੀਕਨ ਸਿਟੀ, ਮਾਊਂਟ ਆਫ਼ ਸੇਂਟ ਮਾਈਕਲ, ਸਟੇਚੂ ਆਫ਼ ਲਿਬਰਟੀ, ਮਿਸਰ ਦੇ ਪਿਰਾਮਿਡ' ਆਦਿ ਦਾ ਸ਼ੁਮਾਰ ਹੁੰਦਾ ਹੈ ਜੋ ਚੱਤੇ ਪਹਿਰ ਅੱਜ ਵੀ ਹਰੇਕ ਨੂੰ ਆਪਣੇ ਅਮੀਰ ਵਿਰਸੇ ਨੂੰ ਨੇੜਿਉਂ ਤੱਕਣ, ਪਛਾਣਨ, ਸੰਭਾਲਣ ਤੇ ਉਸ ਤੋਂ ਕੁਝ ਸਿੱਖਣ ਦਾ ਸੰਦੇਸ਼ ਦੇ ਰਹੇ ਹਨ। ਉਂਜ ਇਸ ਮੌਕੇ 'ਤੇ ਸਾਨੂੰ ਪ੍ਰਸਿੱਧ ਵਿਦਵਾਨ ਸੈਮੂਅਲ ਹਟਿੰਗਟਨ ਦੇ ਇਹ ਬੋਲ ਪੱਲੇ ਬੰਨ੍ਹ ਲੈਣੇ ਚਾਹੀਦੇ ਹਨ 'ਜਿਨ੍ਹਾਂ ਲੋਕਾਂ ਨੂੰ ਆਪਣੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਦਾ ਪਤਾ ਨਹੀਂ ਉਹ ਅਜਿਹੇ ਰੁੱਖ ਹਨ ਜਿਨ੍ਹਾਂ ਦੀਆਂ ਜੜ੍ਹਾਂ ਨਹੀਂ ਹਨ।'

 

ਪ੍ਰੋਫੈਸਰ ਪਰਮਜੀਤ ਸਿੰਘ