ਭਾਜਪਾ ਨਾਲ ਸਬੰਧਿਤ ਬਲਾਤਕਾਰੀ ਵਿਧਾਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ

ਭਾਜਪਾ ਨਾਲ ਸਬੰਧਿਤ ਬਲਾਤਕਾਰੀ ਵਿਧਾਇਕ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ
ਕੁਲਦੀਪ ਸੇਂਗਰ

ਨਵੀਂ ਦਿੱਲੀ: ਉੱਤਰ ਪ੍ਰਦੇਸ਼ ਦੇ ਉਨਾਓ ਵਿੱਚ 2017 'ਚ ਨਬਾਲਗ ਕੁੜੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਨੂੰ ਅੱਜ ਦਿੱਲੀ ਦੀ ਖਾਸ ਅਦਾਲਤ ਨੇ ਮੌਤ ਤੱਕ ਉਮਰ ਕੈਦ ਦੀ ਸਜ਼ਾ ਸੁਣਾਈ ਹੈ ਅਤੇ 25 ਲੱਖ ਰੁਪਏ ਜ਼ੁਰਮਾਨਾ ਕੀਤਾ ਹੈ। ਇਹ ਰਕਮ ਪੀੜਤ ਕੁੜੀ ਨੂੰ ਦਿੱਤੀ ਜਾਵੇਗੀ।

ਇਸ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਅਦਾਲਤ ਤੋਂ ਮੰਗ ਕੀਤੀ ਸੀ ਕਿ ਸੇਂਗਰ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਜਾਵੇ। ਸੀਬੀਆਈ ਦੇ ਵਕੀਲ ਨੇ ਅਦਾਲਤ ਨੂੰ ਕਿਹਾ ਸੀ, "ਮੁੱਖ ਤੌਰ 'ਤੇ ਇਹ ਲੜਾਈ ਇੱਕ ਵਿਅਕਤੀ ਦੀ ਸਮੁੱਚੇ ਸਿਸਟਮ ਨਾਲ ਲੜਾਈ ਸੀ।" 

ਸੋਮਵਾਰ ਨੂੰ ਅਦਾਲਤ ਨੇ ਸੇਂਗਰ ਨੂੰ ਇਸ ਮਾਮਲੇ 'ਚ ਦੋਸ਼ੀ ਐਲਾਨ ਦਿੱਤਾ ਸੀ। ਉਸ ਖਿਲਾਫ ਪੋਸਕੋ ਕਾਨੂੰਨ ਦੀ ਧਾਰਾ 5(ਸੀ) ਅਤੇ 6 ਅਧੀਨ ਮਾਮਲਾ ਦਰਜ ਕੀਤਾ ਗਿਆ ਸੀ। ਉਸ ਦੇ ਨਾਲ ਇਸ ਕੁਕਰਮ ਵਿੱਚ ਸਹਿ ਦੋਸ਼ੀ ਬਣਾਏ ਗਏ ਸ਼ਸ਼ੀ ਸਿੰਘ ਨੂੰ ਅਦਾਲਤ ਨੇ ਬਰੀ ਕਰ ਦਿੱਤਾ ਸੀ। ਅਦਾਲਤ ਨੇ ਸੇਂਗਰ ਵੱਲੋਂ ਚੋਣ ਲੜ੍ਹਨ ਮੌਕੇ ਦਿੱਤੇ ਗਏ ਜਾਇਦਾਦ ਦੇ ਵੇਰਵਿਆਂ ਦੀ ਵੀ ਜਾਣਕਾਰੀ ਮੰਗੀ ਹੈ ਤਾਂ ਕਿ ਪੀੜਤ ਕੁੜੀ ਨੂੰ ਉਸ ਅਧਾਰ 'ਤੇ ਮੁਆਵਜ਼ਾ ਦਿੱਤਾ ਜਾ ਸਕੇ।

ਦੱਸ ਦਈਏ ਕਿ ਭਾਜਪਾ ਦੇ ਵਿਧਾਇਕ ਕੁਲਦੀਪ ਸੇਂਗਰ ਨੇ 4 ਜੂਨ, 2017 ਨੂੰ 17 ਸਾਲਾਂ ਦੀ ਪੀੜਤ ਕੁੜੀ ਨਾਲ ਬਲਾਤਕਾਰ ਕੀਤਾ ਸੀ। 3 ਅਪ੍ਰੈਲ 2018 ਨੂੰ ਇਸ ਪੀੜਤ ਕੁੜੀ ਦੇ ਪਿਤਾ ਨੂੰ ਨਜ਼ਾਇਜ਼ ਅਸਲੇ ਦੇ ਮਾਮਲੇ 'ਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਸੀ। 9 ਅਪ੍ਰੈਲ ਨੂੰ ਪੀੜਤ ਕੁੜੀ ਦੇ ਪਿਤਾ ਦੀ ਜੇਲ੍ਹ ਵਿੱਚ ਹੀ ਮੌਤ ਹੋ ਗਈ ਸੀ।

28 ਜੁਲਾਈ, 2019 ਨੂੰ ਪੀੜਤ ਕੁੜੀ 'ਤੇ ਵੀ ਜਾਨਲੇਵਾ ਹਮਲਾ ਕੀਤਾ ਗਿਆ ਤੇ ਉਹ ਜਿਸ ਕਾਰ ਵਿੱਚ ਸਫਰ ਕਰ ਰਹੀ ਸੀ ਉਸ ਨੂੰ ਟਰੱਕ ਨਾਲ ਟੱਕਰ ਮਾਰੀ ਗਈ। ਇਸ ਹਮਲੇ 'ਚ ਪੀੜਤ ਕੁੜੀ ਦੀਆਂ ਦੋ ਰਿਸ਼ਤੇਦਾਰ ਬੀਬੀਆਂ ਦੀ ਮੌਤ ਹੋ ਗਈ ਸੀ ਜਦਕਿ ਪੀੜਤ ਕੁੜੀ ਅਤੇ ਉਸਦੇ ਵਕੀਲ ਗੰਭੀਰ ਜ਼ਖਮੀ ਹੋਏ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।