ਸਿੱਖਾਂ ਨੂੰ ਮਾਰਨ ਵਾਲੇ ਪੁਲਸੀਆਂ ਦੀ ਗੁੰਡਾਗਰਦੀ ਅੱਗੇ ਕੈਪਟਨ ਬੇਬਸ

ਸਿੱਖਾਂ ਨੂੰ ਮਾਰਨ ਵਾਲੇ ਪੁਲਸੀਆਂ ਦੀ ਗੁੰਡਾਗਰਦੀ ਅੱਗੇ ਕੈਪਟਨ ਬੇਬਸ

ਫਰੀਦਕੋਟ: ਅਕਤੂਬਰ 2015 'ਚ ਕੋਟਕਪੂਰਾ ਅਤੇ ਬਹਿਬਲ ਕਲਾਂ ਵਿਖੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਸ਼ਾਂਤਮਈ ਰੋਸ ਮੁਜ਼ਾਹਰਾ ਕਰਦੀਆਂ ਸਿੱਖ ਸੰਗਤਾਂ 'ਤੇ ਗੋਲੀਆਂ ਚਲਾ ਕੇ ਸਿੱਖਾਂ ਨੂੰ ਸ਼ਹੀਦ ਕਰਨ ਦੇ ਦੋਸ਼ੀ ਪੁਲਸ ਅਫਸਰਾਂ ਵੱਲੋਂ ਕੇਸ ਨੂੰ ਪ੍ਰਭਾਵਤ ਕਰਨ ਲਈ ਕਾਨੂੰਨ ਦੀਆਂ ਧੱਜੀਆਂ ਉਡਾਉਂਦਿਆਂ ਸ਼ਰੇਆਮ ਗੁੰਡਾਗਰਦੀ ਦਖਾਈ ਜਾ ਰਹੀ ਹੈ ਤੇ ਇਹ ਸਾਰਾ ਕੁੱਝ ਪੰਜਾਬ ਸਰਕਾਰ ਦੇ ਨੱਕ ਹੇਠ ਹੋ ਰਿਹਾ ਹੈ। ਇਹਨਾਂ ਮਾਮਲਿਆਂ ਦੀ ਜਾਂਚ ਕਰ ਰਹੀ ਸਿੱਟ ਨੇ ਇਸ ਗੁੰਡਾਗਰਦੀ ਸਬੰਧੀ ਪੰਜਾਬ ਪੁਲਸ ਦੇ ਡੀਜੀਪੀ, ਏਡੀਜੀਪੀ (ਇੰਟੈਲੀਜੈਂਸ) ਅਤੇ ਐਸਐਸਪੀ ਫਰੀਦਕੋਟ ਨੂੰ ਸ਼ਿਕਾਇਤ ਲਿਖ ਕੇ ਜਾਂਚ ਕਰਨ ਲਈ ਕਿਹਾ ਹੈ। 

ਜਾਣਕਾਰੀ ਮੁਤਾਬਕ ਇਸ ਮਾਮਲੇ ਦੇ ਮੁੱਖ ਦੋਸ਼ੀ ਆਈਜੀਪੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਬਾਦਲ ਦਲ ਦਾ ਸਾਬਕਾ ਵਿਧਾਇਕ ਮਨਤਾਰ ਬਰਾੜ ਬਿਨ੍ਹਾਂ ਕਿਸੇ ਪ੍ਰਵਾਨਗੀ ਤੋਂ ਆਪਣੇ ਬਾਉਂਸਰਾਂ ਨੂੰ ਨਾਲ ਲੈ ਕੇ ਜ਼ਿਲ੍ਹਾ ਅਟਾਰਨੀ ਦੇ ਦਫਤਰ ਵਿਚ ਜਾ ਵੜ੍ਹੇ ਅਤੇ ਉੱਥੇ ਕੁੱਝ ਸਮੇਂ ਲਈ ਰੁਕੇ ਰਹੇ। ਇਸ ਮੌਕੇ ਉਹਨਾਂ ਨਾਲ ਫਰੀਦਕੋਟ ਅਤੇ ਬਠਿੰਡਾ ਤੋਂ ਪੁਲਸ ਮੁਲਾਜ਼ਮ ਵੀ ਸਨ। ਸਿੱਟ ਮੈਂਬਰ ਨੇ ਕਿਹਾ ਕਿ ਉਹਨਾਂ ਨੂੰ ਦਫਤਰ ਵਿਚ ਜਾਣ ਤੋਂ ਰੋਕਣ ਦੀ ਬਜਾਏ ਇਹ ਪੁਲਸ ਮੁਲਾਜ਼ਮ ਦਫਤਰ ਦੇ ਬਾਹਰ ਉਹਨਾਂ ਦੇ ਸੁਰੱਖਿਆ ਗਾਰਡਾਂ ਵਜੋਂ ਖੜ੍ਹੇ ਰਹੇ। 

ਫਰੀਦਕੋਟ ਦੇ ਐਸਐਸਪੀ ਨੂੰ ਲਿਖੀ ਚਿੱਠੀ ਵਿਚ ਸਿੱਟ ਨੇ ਕਿਹਾ ਹੈ ਕਿ ਇਸ ਤੋਂ ਸਾਫ ਪਤਾ ਲਗਦਾ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਹੈ। ਇਸ ਮਸਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਅਜਿਹੇ ਦੋਸ਼ੀ ਆਪਣੇ ਪ੍ਰਭਾਵ ਨੂੰ ਵਰਤ ਕੇ ਗਵਾਹਾਂ ਅਤੇ ਸਬੂਤਾਂ ਨੂੰ ਆਪਣੇ ਪੱਖ ਵਿਚ ਤਬਦੀਲ ਕਰ ਸਕਦੇ ਹਨ।

ਅਪਰਾਧਕ ਮਾਮਲਿਆਂ ਵਿਚ ਦੋਸ਼ੀਆਂ ਨੂੰ ਗਵਾਹਾਂ ਅਤੇ ਪਰੋਸੀਕਿਊਸ਼ਨ ਨਾਲ ਮਿਲਣ ਦੀ ਇਜਾਜ਼ਤ ਨਹੀਂ ਹੁੰਦੀ। 

ਇਸ ਚਿੱਠੀ ਦੇ ਬਾਹਰ ਆਉਣ 'ਤੇ ਚਰਚਾ ਹੈ ਕਿ ਇਹਨਾਂ ਮਾਮਲਿਆਂ 'ਚ ਸ਼ਾਮਲ ਉੱਚੇ ਰਸੂਖ ਵਾਲੇ ਬੰਦਿਆਂ ਅੱਗੇ ਕੈਪਟਨ ਸਰਕਾਰ ਬੇਬਸ ਹੈ ਅਤੇ ਇਹ ਲੋਕ ਆਪਣੇ ਪ੍ਰਭਾਵ ਨੂੰ ਵਰਤ ਕੇ ਜਾਂਚ ਵਿਚੋਂ ਬਾਹਰ ਨਿਕਲ ਸਕਦੇ ਹਨ।