ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਸਿੱਖ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਦਰਜ

ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਖਿਲਾਫ ਸਿੱਖ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਦਰਜ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪੰਜਾਬ ਦੇ ਸਾਬਕਾ ਪੁਲਸ ਮੁਖੀ ਸੁਮੇਧ ਸੈਣੀ ਖਿਲਾਫ ਸਿੱਖ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ 1991 ਵਿਚ ਅਗਵਾ ਹੋਏ ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨਾਲ ਸਬੰਧਿਤ ਹੈ।

ਇਸ ਘਟਨਾ ਸਮੇਂ ਸੁਮੇਧ ਸੈਣੀ ਚੰਡੀਗੜ੍ਹ ਦਾ ਐਸਐਸਪੀ ਹੁੰਦਾ ਸੀ। ਚੰਡੀਗੜ੍ਹ ਵਿਚ ਸੁਮੇਧ ਸੈਣੀ 'ਤੇ ਖਾੜਕੂਆਂ ਵੱਲੋਂ ਕੀਤੇ ਹਮਲੇ ਤੋਂ ਬਾਅਦ ਪੁਲਸ ਨੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰ ਲਿਆ ਸੀ। 

ਇਸ ਅਗਵਾ ਮਾਮਲੇ ਵਿਚ ਪੰਜਾਬ ਪੁਲਸ ਨੇ ਹੁਣ ਸੁਮੇਧ ਸੈਣੀ ਖਿਲਾਫ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 364, 201, 344, 330 ਅਤੇ 120ਬੀ ਅਧੀਨ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਮੋਹਾਲੀ ਵਿਚ ਬੀਤੀ ਸ਼ਾਮ ਦਰਜ ਕੀਤਾ ਗਿਆ ਸੀ। ਸੁਮੇਧ ਸੈਣੀ ਨੇ ਅੱਜ ਹਿਮਾਚਲ ਵੱਲ ਜਾਣ ਦੀ ਕੋਸ਼ਿਸ਼ ਕੀਤੀ ਤੇ ਸਵੇਰੇ 4 ਵਜੇ ਉਸਨੂੰ ਬਿਲਾਸਪੁਰ ਪੁਲਸ ਨੇ ਹਿਮਾਚਲ ਵਿਚ ਵੜਨ ਦੀ ਪ੍ਰਵਾਨਗੀ ਨਹੀਂ ਦਿੱਤੀ। 

ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਨੇ ਇਨਸਾਫ ਲਈ ਲੰਬੀ ਜੱਦੋਜਹਿਦ ਕੀਤੀ ਹੈ। ਕਈ ਸਾਲ ਦੀ ਜੱਦੋਜਹਿਦ ਮਗਰੋਂ ਇਸ ਮਾਮਲੇ 'ਚ 2007 ਵਿਚ ਸੀਬੀਆਈ ਨੇ ਜਾਂਚ ਸ਼ੁਰੂ ਕੀਤੀ ਸੀ। ਇਹ ਜਾਂਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਨਾਲ ਸ਼ੁਰੂ ਹੋਈ ਸੀ। 

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਮੁਤਾਬਕ ਸੁਮੇਧ ਸੈਣੀ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦੇਸ਼ ਵਿਰੋਧੀ ਤਾਕਤਾਂ ਨਾਲ ਮਿਲ ਕੇ ਉਸ ਖਿਲਾਫ ਨਿਜੀ ਰੰਜਿਸ਼ ਤਹਿਤ ਸਾਜਿਸ਼ ਕਰ ਰਹੇ ਹਨ। 

ਕੀ ਹੈ ਬਲਵੰਤ ਸਿੰਘ ਮੁਲਤਾਨੀ ਅਗਵਾ ਮਾਮਲਾ?
ਸਿੱਖ ਨੌਜਵਾਨ ਬਲਵੰਤ ਸਿੰਘ ਮੁਲਤਾਨੀ ਨੂੰ 13 ਦਸੰਬਰ, 1991 ਵਾਲੇ ਦਿਨ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਖਿਲਾਫ ਟਾਡਾ ਅਤੇ ਅਪਰਾਧਿਕ ਸਾਜਿਸ਼ ਅਧੀਨ ਮਾਮਲੇ ਦਰਜ ਕੀਤੇ ਗਏ ਸਨ। ਪੁਲਸ ਦਾਅਵੇ ਮੁਤਾਬਕ ਗ੍ਰਿਫਤਾਰੀ ਤੋਂ ਬਾਅਦ ਉਸ ਨੂੰ ਗੁਰਦਾਸਪੁਰ ਲਿਆਂਦਾ ਗਿਆ, ਜਿੱਥੋਂ ਪੁਲਸ ਨੇ ਉਸ ਦੇ ਫਰਾਰ ਹੋਣ ਦੀ ਕਹਾਣੀ ਬਣਾ ਦਿੱਤੀ। ਪੁਲਸ ਦਾ ਦਾਅਵਾ ਸੀ ਕਿ ਉਹ 19 ਦਸੰਵਰ, 1991 ਨੂੰ ਉੱਥੋਂ ਫਰਾਰ ਹੋ ਗਿਆ। 

ਬਲਵੰਤ ਸਿੰਘ ਦੇ ਪਿਤਾ ਨੇ ਦਰਸ਼ਨ ਸਿੰਘ ਮੁਲਤਾਨੀ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਕਿਹਾ ਕਿ ਉਸਦੇ ਪੁੱਤਰ ਨੂੰ ਪੁਲਸ ਨੇ ਖਤਮ ਕਰ ਦਿੱਤਾ ਹੈ ਅਤੇ ਉਸਦੀ ਫਰਾਰੀ ਦੀ ਝੂਠੀ ਕਹਾਣੀ ਘੜੀ ਗਈ ਹੈ। ਇਸ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ ਜਿਸਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਿਆ ਸੀ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।