ਖ਼ਾਲਸਾ ਸਾਜਨਾ ਦਿਵਸ, ਸਿੱਖਾਂ ਦਾ ਕੌਮੀ ਤਿਉਹਾਰ ਕਦੋਂ ਬਣੇਗਾ...?

ਖ਼ਾਲਸਾ ਸਾਜਨਾ ਦਿਵਸ, ਸਿੱਖਾਂ ਦਾ ਕੌਮੀ ਤਿਉਹਾਰ ਕਦੋਂ ਬਣੇਗਾ...?

ਜਸਪਾਲ ਸਿੰਘ ਹੇਰਾਂ

ਵਿਸਾਖੀ ਖ਼ਾਲਸੇ ਦਾ ਸਾਜਨਾ ਦਿਵਸ ਹੈ। ਦੁਨੀਆ ਦੀ ਨਿਆਰੀ ਕੌਮ ਦਾ ਜਨਮ-ਦਿਹਾੜਾ। ਇਸ ਲਈ ਇਸ ਦਿਹਾੜੇ ਦੀ ਮਹੱਤਤਾ ਵੀ ਨਿਆਰੀ ਹੈ ਅਤੇ ਇਸ ਨੂੰ ਮਨਾਇਆ ਵੀ ਨਿਰਾਲੇ ਰੂਪ 'ਚ ਜਾਣਾ ਚਾਹੀਦਾ ਹੈ, ਜਿਸ ਤੋਂ ਪੂਰੇ ਵਿਸ਼ਵ ਨੂੰ ਇਸ ਦਿਹਾੜੇ ਦੀ ਮਹਾਨਤਾ ਦਾ ਗਿਆਨ ਹੋਵੇ ਅਤੇ ਸਿੱਖ ਪੰਥ 'ਚ ਆਪਣੇ ਕੌਮੀ ਦਿਹਾੜੇ ਪ੍ਰਤੀ ਇੱਕ ਵਿਸ਼ੇਸ਼ ਚਾਅ, ਉਤਸ਼ਾਹ, ਉਮੰਗ, ਜੋਸ਼ ਅਤੇ ਪ੍ਰਾਪਤੀ ਦਾ ਸੰਕਲਪ ਜਾਗੇ। ਵਿਸਾਖੀ, ਖ਼ਾਲਸੇ ਦੀ ਸਿਰਜਣਾ ਦਾ ਦਿਹਾੜਾ ਹੈ, ਇਹ ਉਸ ਇਨਕਲਾਬ ਦੀ ਆਰੰਭਤਾ ਹੈ, ਜਿਸ ਇਨਕਲਾਬ ਨੇ ਧਰਤੀ ਦੀ 'ਸਿਰਦਾਰੀ' ਧਰਤੀ ਦੇ ਮਨੁੱਖ ਨੂੰ ਸੌਂਪੀ ਅਤੇ ਬਰਾਬਰੀ ਵਾਲੇ ਸਮਾਜ ਦੀ ਨੀਂਹ ਰੱਖੀ। ਪ੍ਰਮਾਤਮ ਕੀ ਮੌਜ ਵਿਚੋਂ ਉਪਜਿਆ ਖ਼ਾਲਸਾ ਸੂਰਮਿਆਂ ਦਾ ਪੰਥ ਹੈ, ਜਿਹੜੇ ਨਾਮ ਅਤੇ ਸਿਮਰਨ ਵਾਲਾ ਅੰਤਰਮੁਖੀ ਜੀਵਨ ਜਿਊਂਦੇ ਹਨ। ਇਹ ਪੰਥ ਦੀ ਰੰਗ ਰੱਤੜੀ ਹਸਤੀ, ਬਾਣੀ ਨਾਲ ਜੁੜੀ, ਪਿਆਰ ਵਿਗੁਤੀ, ਸ਼ਕਤੀਸ਼ਾਲੀ ਅਤੇ ਨਿਮਰ, ਨਿਰਭੈ, ਮੌਤ ਨੂੰ ਮਖੌਲਾਂ ਕਰਦੀ, ਮੌਤ ਨੂੰ ਜੱਫ਼ੀਆਂ ਪਾਉਂਦੀ, ਨਾਇਕਾਂ ਵਾਂਗ ਜਿਊਂਦੀ, ਜੀਵਨ ਦੇ ਗਮਾਂ ਤੋਂ ਉੱਪਰ ਉੱਠੀ, ਸਰਬੱਤ ਦਾ ਭਲਾ ਮੰਗਣ ਵਾਲੀ ਆਦਰਸ਼ਕ ਮਨੁੱਖ ਦੀ ਜੀਵਨ-ਸ਼ੈਲੀ ਵਾਲੀ ਜਮਾਤ ਹੈ। ਦਸਮੇਸ਼ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ ਦੁਨੀਆ ਨੂੰ 'ਨਿਆਰਾਪਣ' ਦੇਣ ਲਈ ਕੀਤੀ ਅਤੇ ਨਿਆਰੀ ਕੌਮ ਦੀ ਸਾਜਨਾ ਕੀਤੀ।
ਖ਼ਾਲਸਾ ਪੰਥ ਦੀ ਸਾਜਨਾ ਦਾ ਦਿਵਸ, ਸਿੱਖ ਕੌਮ ਲਈ ਸਭ ਤੋਂ ਵੱਧ ਕੀਮਤੀ ਅਤੇ ਮਹੱਤਵਪੂਰਨ ਦਿਨ ਹੈ, ਜਿਸ ਨੂੰ ਕੌਮੀ ਤਿਉਹਾਰ ਵਾਂਗੂੰ ਮਨਾਉਣ ਦੇ ਨਾਲ-ਨਾਲ, ਇਸ ਦਿਨ ਇਹ ਅਹਿਸਾਸ ਕਰਨ ਦੀ ਵੀ ਲੋੜ ਹੈ ਕਿ ਜਿਸ ਮੰਤਵ ਨੂੰ ਲੈ ਕੇ ਦਸਮੇਸ਼ ਪਿਤਾ ਨੇ ਸਿੱਖ ਪੰਥ ਦੀ ਸਾਜਨਾ ਕੀਤੀ ਸੀ ਅਤੇ ਇਸ ਦੀਆਂ ਜੜ੍ਹਾਂ ਮਜ਼ਬੂਤ ਕਰਨ ਲਈ ਆਪਣੇ ਸਰਬੰਸ ਦੀ ਕੁਰਬਾਨੀ ਦਿੱਤੀ ਸੀ, ਕੀ ਉਹ ਮੰਤਵ ਪੂਰਾ ਹੋ ਰਿਹਾ ਹੈ? ਦੁਨੀਆ 'ਚ ਜਬਰ-ਜ਼ੁਲਮ ਨੂੰ ਰੋਕਣ, ਊਚ-ਨੀਚ ਨੂੰ ਖ਼ਤਮ ਕਰਨ ਅਤੇ ਸਮੁੱਚੀ ਮਨੁੱਖਤਾ ਨੂੰ ਬਰਾਬਰੀ ਦੇਣ ਲਈ ਇਸ ਨਿਆਰੇ ਪੰਥ ਨੂੰ ਸਾਜਿਆ ਸੀ ਅਤੇ ਖਾਲਸੇ ਨੂੰ ਨਿਰਧਨ ਨੂੰ ਪਾਲਣ, ਦੁਸ਼ਟ ਨੂੰ ਗਾਲਣ, ਦੀ ਸੇਧ ਦਿੱਤੀ ਸੀ। ਅੱਜ ਖਾਲਸੇ ਦੇ ਨਿਆਰੇਪਣ ਨੂੰ ਖੋਰਾ ਅਤੇ ਖਾਲਸਾਈ ਸਿਧਾਤਾਂ ਨੂੰ ਸਿਉਂਕ ਲੱਗ ਚੁੱਕੀ ਹੈ। ਜਿਸ ਨੀਵੇਂ ਥਾਂ ਤੋਂ ਚੁੱਕ ਕੇ ਕਲਗੀਆਂ ਵਾਲੇ ਨੇ ਸਾਨੂੰ ਉੱਚੇ ਸਿੰਘਾਸਨ ਉਤੇ ਬਿਠਾਇਆ ਸੀ, ਅਸੀਂ ਮੁੜ ਤੋਂ ਉਨ੍ਹਾਂ ਨਿਵਾਣਾਂ ਵੱਲ ਜਾ ਰਹੇ ਹਾਂ। ਬਾਣੀ ਤੇ ਬਾਣੇ 'ਚ ਪ੍ਰਪੱਕ ਹੋਣ ਦੀ ਥਾਂ ਸਿਰਫ਼ ਵਿਖਾਵੇ ਮਾਤਰ ਦਾ ਮਾਰਗ ਚੁਣ ਲਿਆ ਹੈ, ਜਿਸ ਕਾਰਨ ਗੁਰੂ ਸਾਹਿਬ ਵੱਲੋਂ ਬਖ਼ਸ਼ੇ 'ਤੇਜ਼' ਦੀ ਦਾਤ ਤੋਂ ਮਹਿਰੂਮ ਹੋ ਕੇ ਖੱਜਲ ਖੁਆਰੀ ਦੇ ਰਾਹ ਪੈ ਗਏ ਹਾਂ। ਸਿੱਖੀ ਦੀਆਂ ਉੱਚੀਆਂ-ਸੁੱਚੀਆਂ ਕਦਰਾਂ-ਕੀਮਤਾਂ ਦੀ ਰਾਖੀ ਦੀ ਥਾਂ ਅਸੀਂ ਆਪਣੇ ਹੱਥੀਂ ਹੀ ਉਨ੍ਹਾਂ ਨੂੰ ਮਿੱਟੀ 'ਚ ਰੋਲਣ ਲੱਗੇ ਹੋਏ ਹਾਂ, ਜਿਸ ਕਾਰਨ ਦੁਨੀਆ 'ਤੇ ਸਿਰਦਾਰੀ ਕਰਨ ਲਈ ਸਾਜੀ ਕੌਮ ਦੇ ਪੱਲੇ ਸਿਰਫ਼ ਤੇ ਸਿਰਫ਼ 'ਗੁਲਾਮੀ ਤੇ ਜਲਾਲਤ' ਰਹਿ ਗਈ ਹੈ। ਜਿਸ ਖ਼ਾਲਸੇ ਨੂੰ ਹਰ ਕੋਈ ਆਪਣੀ ਰਾਖੀ ਲਈ ਆਵਾਜ਼ ਮਾਰਦਾ ਸੀ, ਅੱਜ ਉਸ ਨੂੰ ਆਪਣੀ ਰੱਖਿਆ ਲਈ ਤੇ ਇਨਸਾਫ ਪ੍ਰਾਪਤੀ ਲਈ ਝੋਲੀ ਅੱਡਣੀ ਪੈ ਰਹੀ ਹੈ। ਗੁਰੂ ਸਾਹਿਬ ਨੇ ਹਰ ਸਿੰਘ ਨੂੰ 'ਸਿਰਦਾਰ' ਬਣਾਇਆ ਸੀ, ਪ੍ਰੰਤੂ ਅਸੀਂ ਇੱਕ-ਦੋ ਮਨੁੱਖਾਂ ਅੱਗੇ ਸਿਰ ਨੀਵੇਂ ਕਰੀ ਬੈਠੇ ਹਾਂ।
ਜਿਸ ਤਸੱਵਰ ਨੂੰ ਲੈ ਕੇ ਸਾਹਿਬ-ਏ-ਕਮਾਲ ਪਿਤਾ ਨੇ ਖਾਲਸਾ ਪੰਥ ਦੀ ਸਾਜਨਾ ਕੀਤੀ ਸੀ, ਉਸ ਦੀ ਤਸਵੀਰ ਵੀ ਗੁਰੂ ਸਾਹਿਬ ਨੇ ਪੂਰੀ ਦੁਨੀਆ ਨੂੰ ਹਕੀਕੀ ਰੂਪ 'ਚ ਵਿਖਾਈ ਸੀ। ਪੁਰਤਾਨ ਸਿੱਖਾਂ ਦਾ ਇਤਿਹਾਸ ਜਿਸ ਨੂੰ ਅਸੀਂ ਵਿਸਾਰ ਰਹੇ ਹਾਂ, ਉਹ ਅੱਜ ਵੀ ਦੱਸਦਾ ਹੈ ਕਿ 'ਅਸਲੀ ਸਿੰਘ' ਕੀ ਹੁੰਦਾ ਹੈ। ਪ੍ਰੰਤੂ ਬਾਕੀ ਸਾਰੇ ਖੇਤਰਾਂ 'ਚ ਨਕਲ ਦੇ ਮਾਹਿਰ, ਅਸੀਂ ਇਸ ਖੇਤਰ 'ਚ 'ਨਕਲ' ਕਰਨ ਤੋਂ ਅਸਮਰੱਥ ਤੇ ਲਾਚਾਰ ਹਾਂ। ਖ਼ਾਲਸਾਈ ਸਿਧਾਂਤ ਤੋਂ ਥਿੜ੍ਹਕੀ ਕੌਮ ਦੀ ਨੌਜਵਾਨ ਪੀੜ੍ਹੀ ਅੱਜ ਸਿੱਖੀ ਤੇ ਸਿੱਖੀ ਸਰੂਪ ਤੋਂ ਕੋਹਾਂ ਦੂਰ ਚਲੀ ਗਈ ਹੈ। ਨਿਆਰੇਪਣ ਦੀ ਥਾਂ ਅਸੀਂ ਫ਼ਿਰ ਤੋਂ ਪਾਖੰਡਵਾਦ ਤੇ ਆਡੰਬਰਵਾਦ ਦਾ ਸ਼ਿਕਾਰ ਹੋ ਕੇ ਬਿਪਰਾਵਾਦੀ ਹੋ ਗਏ ਹਾਂ। ਨਸ਼ਿਆਂ ਦੇ ਰਾਹ ਪੈ ਕੇ ਸਰੀਰਕ ਸ਼ਕਤੀ ਤੋਂ ਹੀਣੇ ਹੋਣ ਦੇ ਨਾਲ-ਨਾਲ 'ਸ਼ਬਦ ਤੇ ਗਿਆਨ' ਤੋਂ ਵੀ ਕੋਰੇ ਹੋ ਗਏ ਹਾਂ ਅਤੇ ਅੱਜ ਦੇ ਯੁੱਗ 'ਚ ਸ਼ਬਦ ਤੇ ਗਿਆਨ ਤੋਂ ਵਿਹੀਨ ਕੌਮ ਦੀ ਹੋਂਦ ਦਾ ਕੋਈ ਅਰਥ ਹੀ ਨਹੀਂ ਰਹਿ ਜਾਂਦਾ। ਖ਼ਾਲਸਾ ਪੰਥ ਦੀ ਸਾਜਨਾ ਨੂੰ ਅੱਜ 320 ਵਰ੍ਹੇ ਲੰਘ ਗਏ ਹਨ, ਕੌਮ ਕਿੱਥੋਂ ਚੱਲ ਕੇ ਕਿੱਥੇ ਪੁੱਜ ਗਈ ਹੈ? ਹਰ ਸਿੱਖ ਨੂੰ ਵਿਸਾਖੀ ਦੇ ਦਿਨ ਇੱਕ ਵਾਰ ਇਸ ਬਾਰੇ ਮੰਥਨ ਜ਼ਰੂਰ ਕਰਨਾ ਚਾਹੀਦਾ ਹੈ। ਲੋੜ ਹੈ ਵਿਸਾਖੀ ਦੇ ਪਵਿੱਤਰ ਦਿਹਾੜੇ ਨੂੰ ਕੌਮੀ ਚੇਤਨਾ ਜਗਾਉਣ ਵਾਲਾ ਦਿਹਾੜਾ ਬਣਾਉਣ ਦੀ, ਆਮ ਮਨੁੱਖ ਆਪਣੇ ਜਾਂ ਆਪਣੇ ਬੱਚੇ ਦੇ ਜਨਮ ਦਿਨ ਲਈ ਕਿੰਨੇ ਚਾਅ ਮਲਾਰ ਕਰਦਾ ਹੈ ਪ੍ਰੰਤੂ ਅਸੀਂ ਕੌਮ ਦੇ ਜਨਮ ਦਿਹਾੜੇ 'ਤੇ ਅਜਿਹੇ ਚਾਅ ਕਿਉਂ ਨਹੀਂ ਵਿਖਾਉਂਦੇ? ਇਸ ਦਿਹਾੜੇ 'ਤੇ ਨਵੀਂ ਪੀੜ੍ਹੀ 'ਚ ਕੌਮੀ ਭਾਵਨਾ ਤੇ ਉਤੇਜਨਾ ਜਗਾਉਣ ਲਈ ਕੁਝ ਖ਼ਾਸ ਕੀਤਾ ਜਾਣਾ ਚਾਹੀਦਾ ਹੈ।
ਨਗਰ ਕੀਰਤਨ ਤੇ ਗੁਰੂ ਕੇ ਲੰਗਰ ਦੇ ਨਾਲ ਹੋਰ ਵੀ ਕੁਝ ਕਰਨਾ ਬਣਦਾ ਹੈ। ਖ਼ਾਲਸੇ 'ਚ ਆਈ ਖੋਟ ਨੂੰ ਦਰਸਾਉਣ ਅਤੇ ਇਸ ਨੂੰ ਮੁੜ ਖਾਲਿਸ ਕਰਨ ਲਈ ਗੁਰੂ ਵੱਲੋਂ ਦਰਸਾਏ ਮਾਰਗ ਨੂੰ ਦ੍ਰਿੜ੍ਹਤਾ ਨਾਲ ਅਪਨਾਉਣ ਦੀ ਲੋੜ ਹੈ। ਜਦੋਂ ਤੱਕ ਅਸੀਂ ਸਮੁੱਚੀ ਕੌਮ 'ਚ ਕੌਮੀ ਭਾਵਨਾ ਨੂੰ ਜਗਾਉਂਦੇ ਨਹੀਂ, ਉਦੋਂ ਤੱਕ 'ਖੋਟ' ਦੂਰ ਨਹੀਂ ਹੋਵੇਗੀ। 'ਵਿਸਾਖੀ' ਵਰਗੇ ਕੌਮੀ ਦਿਹਾੜੇ ਹੀ ਅਜਿਹੀ ਭਾਵਨਾ ਜਗਾਉਣ ਦੇ ਸਰੋਤ ਬਣ ਸਕਦੇ ਹਨ ਪ੍ਰੰਤੂ ਅਸੀਂ ਇਨ੍ਹਾਂ ਨੂੰ ਕੁਝ ਧਾਰਮਿਕ ਰਸਮਾਂ ਨਾਲ ਬੰਨ੍ਹ ਕੇ ਇਨ੍ਹਾਂ ਦੀ ਅਸਲ ਮਹਾਨਤਾ ਨੂੰ ਖ਼ਤਮ ਕਰ ਦਿੱਤਾ ਹੈ। ਆਓ! ਵਿਸਾਖੀ ਨੂੰ ਕੌਮੀ ਤਿਉਹਾਰ ਵਜੋਂ ਮਨਾਈਏ ਅਤੇ ਦੁਨੀਆ 'ਚ ਸਿੱਖੀ ਦੇ ਨਿਆਰੇਪਣ ਅਤੇ ਦੁਨੀਆ ਦੇ ਇਸ ਇਨਕਲਾਬੀ ਪੰਥ ਦੀ ਜੈ-ਜੈ ਕਾਰ ਕਰੀਏ।
(ਲੇਖਕ 'ਰੋਜ਼ਾਨਾ ਪਹਿਰੇਦਾਰ' ਦੇ ਸੰਪਾਦਕ ਹਨ)