ਕੌਰਾਂ (ਕਵਿਤਾ)


ਧੁੱਪਾਂ ਚ ਪਈਆਂ ਜੋ ਅਫਸ਼ਾਂ ਜਏ ਜੇਰੇ,
ਸ਼ਸਤਰ ਦੀ ਲਿਸ਼ਕ ‘ਚ ਚਮਕਣ ਹਨੇਰੇ ,
ਰਾਗਾਂ ਨੂੰ ਰਣਾਂ ਦੇ ਤੀਕਰ ਲਿਆਈਆਂ ,
ਇਹ ਬਾਟੇ ਚੋਂ ਜੰਮੀਆਂ ਤੇ ਕੌਰਾਂ ਕਹਾਈਆਂ ।

ਅੰਦਰ ਫਕੀਰੀ ‘ਤੇ ਨੈਣੀਂ ਸ਼ਰਾਰੇ ,
ਪਿਆਰਾਂ ਚ ਰੰਗੇ ਇਹ ਪਿਆਰੇ ਦੇ ਪਿਆਰੇ,
ਬਾਣੀ ਨੂੰ ਗਾਉਂਦੇ , ਨਗਾਰੇ ਵਜਾਉਂਦੇ ,
ਨੇਜੇ ਤੇ ਟੰਗੇ ਨੇ , ਪੁੱਤਰ ਦੁਲਾਰੇ ,
ਤੁਰੰਗਾਂ ਤੇ ਬਹਿ ਬਾਦਸ਼ਾਹੀਆਂ ਠੁਕਰਾਈਆਂ,
ਇਹ ਬਾਟੇ ਚੋਂ ਜੰਮੀਆਂ ਤੇ ਕੌਰਾਂ ਕਹਾਈਆਂ । 

ਤੇਗਾਂ ਕਹਾਣੀ ਘਰਾਂ ਦੀ ਲਿਖੀ ਏ ,
ਕੰਮਾਂ ਚ ਰੁੱਝੀ ਸੁਆਣੀ ਦਿਖੀ ਐ ,
ਖੇਡਾਂ ਦੁਨਿਆਵੀ ਨਿਭਾਉਂਦੀ ਹੋਈ ਕੌਰਾਂ ,
ਕੇਸੀਂ ਸੁਆਸੀਂ ਨਿਭਾਉਂਦੀ ਸਿੱਖੀ ਏ ,
ਹਵਾਵਾਂ ਚਾਨਣ ਦੀਆਂ ਸੇਜਾਂ ਵਿਛਾਈਆਂ ,
ਇਹ ਬਾਟੇ ਚੋਂ ਜੰਮੀਆਂ ਤੇ ਕੌਰਾਂ ਕਹਾਈਆਂ । 

ਮਿੱਟੀ ਚੋਂ ਪੁੰਗਰਦੀ ਉਮਰ ਨਿਆਣੀ ,
ਗੋਦੀ ਬਿਠਾ ਕੇ ਪੜਾਉਂਦੀਆਂ ਬਾਣੀ ,
ਜੂੜਾ ਕਰਦੀ ਨਾਲੇ ਦੱਸੇ ਨਨਕਾਣਾ , 
ਮਿੱਟੀ ਤੇ ਡੱਕੇ ਨਾਲ ਲਿਖਿਆ ਭੰਗਾਣੀ ,
ਸਦਾ ਸਰਬੱਤ ਦੀਆਂ ਮੰਗੀਆਂ ਭਲਾਈਆਂ ,
ਇਹ ਬਾਟੇ ਚੋਂ ਜੰਮੀਆੰ ਤੇ ਕੌਰਾਂ ਕਹਾਈਆਂ 

- ਸਿਮਰਨ ਜੀਤ ਕੌਰ