ਤਾਮਿਲ ਪਿਛੋਕੜ ਵਾਲੀ ਕਮਲਾ ਹੈਰਿਸ ਅਮਰੀਕੀ ਉਪ-ਰਾਸ਼ਟਰਪਤੀ ਉਮੀਦਵਾਰ; ਭਾਰਤੀ ਰਾਸ਼ਟਰਵਾਦੀ ਨਿਰਾਸ਼ ਕਿਉਂ?

ਤਾਮਿਲ ਪਿਛੋਕੜ ਵਾਲੀ ਕਮਲਾ ਹੈਰਿਸ ਅਮਰੀਕੀ ਉਪ-ਰਾਸ਼ਟਰਪਤੀ ਉਮੀਦਵਾਰ; ਭਾਰਤੀ ਰਾਸ਼ਟਰਵਾਦੀ ਨਿਰਾਸ਼ ਕਿਉਂ?
ਅਮਰੀਕੀ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜੋਇ ਬਿਡਨ ਅਤੇ ਕਮਲਾ ਹੈਰਿਸ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੇ ਇਤਿਹਾਸ ਵਿਚ ਪਹਿਲੀ ਵਾਰ ਹੋ ਰਿਹਾ ਹੈ ਜਦੋਂ ਕਿਸੇ ਏਸ਼ੀਆਈ-ਅਫਰੀਕੀ ਮੂਲ ਦੀ ਔਰਤ ਉਪ ਰਾਸ਼ਟਰਪਤੀ ਅਹੁਦੇ ਦੀ ਚੋਣ ਲੜ ਰਹੀ ਹੈ। ਡੈਮੋਕਰੈਟਿਕ ਪਾਰਟੀ ਵੱਲੋਂ ਤਾਮਿਲ ਪਿਛੋਕੜ ਨਾਲ ਸਬੰਧਿਤ ਕਮਲਾ ਹੈਰਿਸ ਨੂੰ ਪਾਰਟੀ ਦੇ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨਿਆ ਹੈ। ਕਮਲਾ ਹੈਰਿਸ ਮਨੁੱਖੀ ਹੱਕਾਂ ਲਈ ਅਤੇ ਨਸਲੀ ਵਿਤਕਰੇ ਖਿਲਾਫ ਲਗਾਤਾਰ ਅਵਾਜ਼ ਚੁੱਕਣ ਲਈ ਜਾਣੇ ਜਾਂਦੇ ਹਨ।

ਪਰਿਵਾਰਕ ਪਿਛੋਕੜ
ਕਮਲਾ ਹੈਰਿਸ ਦੇ ਮਾਤਾ ਸ਼ਿਆਮਲਾ ਗੋਪਾਲਨ ਤਾਮਿਲਨਾਡੂ ਦੇ ਚੇਨੱਈ ਨਾਲ ਸਬੰਧਿਤ ਸਨ। ਸ਼ਿਆਮਲਾ ਗੋਪਾਲਨ ਕੈਂਸਰ ਬਿਮਾਰੀ 'ਤੇ ਅਮਰੀਕਾ ਵਿਚ ਖੋਜ ਕਰਦੇ ਸਨ। ਉਹਨਾਂ ਦਾ ਅਫਰੀਕਨ ਮੂਲ ਦੇ ਜਮਾਇਕਨ ਡੋਨਾਲਡ ਹੈਰਿਸ ਨਾਲ ਵਿਆਹ ਹੋਇਆ ਤੇ ਇਸ ਜੋੜੇ ਦੇ ਘਰ ਦੋ ਧੀਆਂ ਨੇ ਜਨਮ ਲਿਆ। ਕਮਲਾ ਹੈਰਿਸ ਆਪਣੇ ਮਾਪਿਆਂ ਦੀ ਵੱਡੀ ਔਲਾਦ ਹੈ।

ਕਮਲਾ ਹੈਰਿਸ ਦਾ ਜੀਵਨ
ਕਮਲਾ ਹੈਰਿਸ ਪੇਸ਼ੇ ਵਜੋਂ ਇਕ ਵਕੀਲ ਹਨ ਅਤੇ ਉਹ ਸੈਨ ਫਰਾਂਸਿਸਕੋ ਦੇ ਜ਼ਿਲ੍ਹਾ ਅਟਾਰਨੀ ਅਤੇ ਕੈਲੀਫੋਰਨੀਆ ਸੂਬੇ ਦੇ ਅਟਾਰਨੀ ਜਨਰਲ ਰਹਿ ਚੁੱਕੇ ਹਨ। ਉਹ ਪਿਛਲੀ ਵਾਰ ਦੀਆਂ ਚੋਣਾਂ ਵਿਚ ਪਹਿਲੀ ਵਾਰ ਸੈਨੇਟਰ ਬਣੇ ਸਨ। 

ਭਾਰਤੀ ਰਾਸ਼ਟਰਵਾਦੀਆਂ ਵਿਚ ਫੈਲੀ ਨਿਰਾਸ਼ਾ
ਕਮਲਾ ਹੈਰਿਸ ਦਾ ਪਰਿਵਾਰਕ ਸਬੰਧ ਭਾਵੇਂ ਕਿ ਭਾਰਤ ਦੇ ਪ੍ਰਬੰਧ ਹੇਠਲੇ ਤਾਮਿਲਨਾਡੂ ਨਾਲ ਹੈ ਪਰ ਕਮਲਾ ਹੈਰਿਸ ਨੂੰ ਅਮਰੀਕਾ ਵਿਚ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਚੁਣਨ 'ਤੇ ਭਾਰਤੀ ਰਾਸ਼ਟਰਵਾਦੀਆਂ ਵਿਚ ਨਿਰਾਸ਼ਾ ਫੈਲ ਗਈ ਹੈ। ਇਸ ਦੀ ਮੁੱਖ ਵਜ੍ਹਾ ਕਮਲਾ ਹੈਰਿਸ ਵੱਲੋਂ ਕਸ਼ਮੀਰੀਆਂ ਦੇ ਹੱਕ ਵਿਚ ਮਾਰਿਆ ਗਿਆ ਹਾਅ ਦਾ ਨਾਅਰਾ ਹੈ। 

ਕਮਲਾ ਹੈਰਿਸ ਨੇ ਪਿਛਲੇ ਸਾਲ ਅਕਤੂਬਰ ਮਹੀਨੇ ਕਸ਼ਮੀਰ ਬਾਰੇ ਬਿਆਨ ਦਿੰਦਿਆਂ ਕਿਹਾ ਸੀ ਕਿ ਕਸ਼ਮੀਰੀਆਂ ਨੂੰ ਇਸ ਮੁਸ਼ਕਿਲ ਘੜੀ ਵਿਚ ਇਹ ਨਹੀਂ ਸੋਚਣਾ ਚਾਹੀਦਾ ਕਿ ਉਹ ਇਕੱਲੇ ਹਨ।

ਗੂਗਲ ਭਾਲ ਦੇ ਅੰਕੜਿਆਂ ਮੁਤਾਬਕ ਕਮਲਾ ਹੈਰਿਸ ਦੇ ਬਤੌਰ ਉਮੀਦਵਾਰ ਐਲਾਨ ਤੋਂ ਬਾਅਦ ਭਾਰਤ ਵਿਚ ਕਮਲਾ ਹੈਰਿਸ ਦੀਆਂ ਪ੍ਰਾਪਤੀਆਂ ਦੀ ਬਜਾਏ ਸਭ ਤੋਂ ਵੱਧ ਇਹ ਪਤਾ ਕੀਤਾ ਗਿਆ ਕਿ ਕਮਲਾ ਹੈਰਿਸ ਹਿੰਦੂ ਹੈ ਜਾਂ ਨਹੀਂ। ਸੋਸ਼ਲ ਮੀਡੀਆ 'ਤੇ ਭਾਰਤੀ ਰਾਸ਼ਟਰਵਾਦੀਆਂ ਵੱਲੋਂ ਪੋਸਟਾਂ ਪਾਈਆਂ ਜਾ ਰਹੀਆਂ ਹਨ ਕਿ ਹਿੰਦੂ ਭੁਲੇਖੇ ਵਿਚ ਆ ਕੇ ਕਮਲਾ ਹੈਰਿਸ ਨੂੰ ਵੋਟ ਨਾ ਪਾਉਣ ਕਿ ਉਹਨਾਂ ਦੇ ਮਾਤਾ ਦਾ ਸਬੰਧ ਭਾਰਤ ਨਾਲ ਸੀ, ਬਲਕਿ ਇਹ ਦੇਖਣ ਕਿ ਕਮਲਾ ਹੈਰਿਸ ਆਪਣੀ ਪਛਾਣ ਭਾਰਤ ਨਾਲੋਂ ਵੱਧ ਅਫਰੀਕਾ ਨਾਲ ਜੋੜਦੇ ਹਨ।

ਡੈਮੋਕਰੈਟਸ ਨੂੰ ਹੈਰਿਸ ਦੀ ਚੋਣ ਦਾ ਸਿਆਸੀ ਲਾਹਾ
ਅਮਰੀਕਾ ਵਿਚ ਇਸ ਸਮੇਂ ਅਫਰੀਕੀ ਮੂਲ ਦੇ ਲੋਕਾਂ ਨਾਲ ਵਿਤਕਰੇ ਖਿਲਾਫ ਵੱਡੀ ਮੁਹਿੰਮ ਚੱਲ ਰਹੀ ਹੈ ਅਤੇ ਇਸਦਾ ਵੱਡਾ ਅਸਰ ਆਉਣ ਵਾਲੀਆਂ ਰਾਸ਼ਟਰਪਤੀ ਚੋਣਾਂ 'ਤੇ ਵੀ ਲਾਜ਼ਮੀ ਪਵੇਗਾ। ਜਿੱਥੇ ਰਿਪਬਲਿਕਨ ਡੋਨਾਲਡ ਟਰੰਪ ਦੀ ਅਗਵਾਈ ਵਿਚ 'ਗੋਰੇ ਨਸਲਵਾਦ' ਦੇ ਪੱਖ ਵਿਚ ਭੁਗਤਦੇ ਨਜ਼ਰ ਆਉਂਦੇ ਹਨ ਉੱਥੇ ਡੈਮੋਕਰੈਟਸ ਨੂੰ ਆਸ ਹੈ ਕਿ ਅਫਰੀਕਨ ਮੂਲ ਦੇ ਲੋਕਾਂ ਦੀ ਚੋਣ ਹਲਕਿਆਂ ਵਿਚ ਪ੍ਰਭਾਵਸ਼ਾਲੀ ਵੱਡੀ ਵੋਟ ਪ੍ਰਤੀਸ਼ਤ ਉਹਨਾਂ ਦੀ ਸਿਆਸੀ ਮੁਹਿੰਮ ਨੂੰ ਜਿੱਤ ਦੇ ਨੇੜੇ ਪਹੁੰਚਾ ਸਕਦੀ ਹੈ। ਅਜਿਹੇ ਵਿਚ ਅਫਰੀਕਨ ਮੂਲ ਨਾਲ ਸਬੰਧਿਤ ਔਰਤ ਨੂੰ ਅਹਿਮ ਅਹੁਦੇ ਲਈ ਉਮੀਦਵਾਰ ਐਲਾਨਣ ਨਾਲ ਇਸ ਸਮੂਹ ਵਿਚ ਡੈਮੋਕਰੈਟਸ ਨੂੰ ਮਜ਼ਬੂਤੀ ਮਿਲੇਗੀ