ਅਦਾਲਤ ਨੇ ਨਵੰਬਰ 2017 ਤੋਂ ਭਾਰਤੀ ਜੇਲ੍ਹ ਵਿਚ ਬੰਦ ਜੱਗੀ ਜੋਹਲ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ

ਅਦਾਲਤ ਨੇ ਨਵੰਬਰ 2017 ਤੋਂ ਭਾਰਤੀ ਜੇਲ੍ਹ ਵਿਚ ਬੰਦ ਜੱਗੀ ਜੋਹਲ ਦੀ ਜ਼ਮਾਨਤ ਅਰਜ਼ੀ ਰੱਦ ਕੀਤੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਰਤ ਦੀ ਕੌਮੀ ਜਾਂਚ ਅਜੈਂਸੀ ਐਨਆਈਏ ਦੀ ਅਦਾਲਤ ਨੇ ਅੱਜ ਬਰਤਾਨੀਆ ਦੇ ਜੰਮਪਲ ਸਿੱਖ ਨੌਜਵਾਨ ਜਗਤਾਰ ਸਿੰਘ ਜੱਗੀ ਜੌਹਲ ਦੀ ਜ਼ਮਾਨਤ ਅਰਜ਼ੀ 'ਤੇ ਸੁਣਵਾਈ ਕਰਦਿਆਂ ਜ਼ਮਾਨਤ ਦੇਣ ਤੋਂ ਨਾਹ ਕਰ ਦਿੱਤੀ ਹੈ। ਇਹ ਜ਼ਮਾਨਤ ਅਰਜ਼ੀ ਅਮਿਤ ਅਰੋੜਾ 'ਤੇ ਕਥਿਤ ਮਾਮਲੇ ਦੇ ਸਬੰਧ ਵਿਚ ਲਾਈ ਗਈ ਸੀ। 

ਇਹ ਜਾਣਕਾਰੀ ਜਗਤਾਰ ਸਿੰਘ ਜੱਗੀ ਜੋਹਲ ਦੇ ਵਕੀਲ ਜਸਪਾਲ ਸਿੰਘ ਮੰਝਪੁਰ ਨੇ ਦਿੱਤੀ ਹੈ। ਅਦਾਲਤ ਦੇ ਇਸ ਫੈਂਸਲੇ ਬਾਰੇ ਦਸਦਿਆਂ ਉਹਨਾਂ ਕਿਹਾ ਕਿ ਸਰਕਾਰ ਦੀ ਅਫਸਰਸ਼ਾਹੀ ਅਤੇ ਨਿਆਪਾਲਿਕਾ ਵਿਚਾਲੇ ਨਪਾਕ ਗਠਜੋੜ ਕਰਕੇ ਇਸ ਜ਼ਮਾਨਤ ਅਰਜ਼ੀ ਰੱਦ ਹੋਈ ਹੈ। 

ਦੱਸ ਦਈਏ ਕਿ ਜਗਤਾਰ ਸਿੰਘ ਜੱਗੀ ਜੋਹਲ ਪੰਜਾਬ ਵਿਆਹ ਕਰਾਉਣ ਆਇਆ ਹੋਇਆ ਸੀ, ਜਦੋਂ ਨਵੰਬਰ 2017 ਵਿਚ ਪੰਜਾਬ ਪੁਲਸ ਨੇ ਉਸਨੂੰ ਬਜ਼ਾਰ ਵਿਚ ਆਪਣੇ ਪਰਿਵਾਰ ਨਾਲ ਜਾਂਦਿਆਂ ਚੁੱਕ ਲਿਆ ਸੀ। ਜਗਤਾਰ ਸਿੰਘ ਜੱਗੀ ਬਰਤਾਨੀਆ ਦਾ ਜੰਮਪਲ ਹੈ ਅਤੇ ਉੱਥੇ ਸਿੱਖ ਹੱਕਾਂ ਲਈ ਅਵਾਜ਼ ਚੁੱਕਦਾ ਸੀ। ਉਸ ਤੋਂ ਬਾਅਦ ਉਸਨੂੰ ਪੰਜਾਬ ਵਿਚ ਆਰ.ਐਸ.ਐਸ ਅਤੇ ਸ਼ਿਵ ਸੈਨਾ ਨਾਲ ਸਬੰਧਿਤ ਆਗੂਆਂ 'ਤੇ ਹੋਏ ਹਮਲਿਆਂ ਵਿਚ ਨਾਮਜ਼ਦ ਕਰਕੇ ਜੇਲ੍ਹ ਵਿਚ ਬੰਦ ਕਰ ਦਿੱਤਾ ਗਿਆ। ਨਵੰਬਰ 2017 ਤੋਂ ਹੀ ਉਹ ਭਾਰਤ ਜੇਲ੍ਹ ਵਿਚ ਨਜ਼ਰਬੰਦ ਹੈ। 

ਜਿਸ ਮਾਮਲੇ ਵਿਚ ਇਹ ਜ਼ਮਾਨਤ ਲਾਈ ਗਈ ਸੀ ਉਹ ਅਮਿਤ ਅਰੋੜਾ ਨਾਲ ਸਬੰਧਿਤ ਹੈ। ਫਰਵਰੀ 2016 ਵਿਚ ਸ਼ਿਵ ਸੈਨਾ ਦੇ ਆਗੂ ਅਮਿਤ ਅਰੋੜਾ ਨੇ ਦਾਅਵਾ ਕੀਤਾ ਸੀ ਕਿ ਉਸ 'ਤੇ ਦੋ ਅਣਪਛਾਤੇ ਬੰਦਿਆਂ ਨੇ ਹਮਲਾ ਕੀਤਾ। ਪੰਜਾਬ ਪੁਲਸ ਨੇ ਇਸ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਸੀ। ਪਰ ਪੁਲਸ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਹ ਹਮਲਾ ਅਮਿਤ ਅਰੋੜਾ ਨੇ ਖੁਦ ਆਪਣੇ 'ਤੇ ਕਰਵਾਇਆ ਸੀ ਤਾਂ ਕਿ ਉਸਨੂੰ ਪੁਲਸ ਸੁਰੱਖਿਆ ਮਿਲ ਜਾਵੇ। ਇਸ ਕਰਕੇ ਪੁਲਸ ਨੇ ਜੂਨ 2016 ਵਿਚ ਅਮਿਤ ਅਰੋੜਾ ਨੂੰ ਗ੍ਰਿਫਤਾਰ ਵੀ ਕੀਤਾ ਸੀ। ਪਰ ਨਵੰਬਰ 2017 ਵਿਚ ਜੱਗੀ ਜੋਹਲ ਅਤੇ ਕੁੱਝ ਹੋਰ ਨੌਜਵਾਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਪੁਲਸ ਨੇ ਆਪਣਾ ਸਟੈਂਡ ਬਦਲਦਿਆਂ ਕਹਿ ਦਿੱਤਾ ਕਿ ਅਮਿਤ ਅਰੋੜਾ 'ਤੇ ਸੱਚਮੁੱਚ ਹੀ ਹਮਲਾ ਹੋਇਆ ਸੀ। ਬਾਅਦ ਵਿਚ ਇਹ ਕੇਸ ਵੀ ਹੋਰ ਕਈ ਮਾਮਲਿਆਂ ਸਮੇਤ ਐਨਆਈਏ ਨੂੰ ਦੇ ਦਿੱਤਾ ਗਿਆ।