ਅਮਰੀਕਾ ਤੋਂ 59 ਪੰਜਾਬੀਆਂ ਸਮੇਤ 106 ਭਾਰਤੀ ਡਿਪੋਰਟ ਕੀਤੇ

ਅਮਰੀਕਾ ਤੋਂ 59 ਪੰਜਾਬੀਆਂ ਸਮੇਤ 106 ਭਾਰਤੀ ਡਿਪੋਰਟ ਕੀਤੇ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਅਮਰੀਕਾ ਵਿਚ ਗੈਰ ਕਾਨੂੰਨੀ ਪ੍ਰਵਾਸੀਆਂ ਦੇ ਦਾਖਲੇ 'ਤੇ ਰੋਕ ਲਾਉਣ ਦੀ ਮੁਹਿੰਮ ਤਹਿਤ ਪੰਜਾਬ ਤੇ ਹਰਿਆਣਾ ਦੇ 106 ਲੋਕਾਂ ਨੂੰ ਵਾਪਸ ਭਾਰਤ ਭੇਜਿਆ ਗਿਆ ਹੈ। ਇਹ ਲੋਕ ਅਮਰੀਕਾ ਵਿੱਚ ਕਈ-ਕਈ ਸਾਲਾਂ ਤੋਂ ਗੈਰਕਾਨੂੰਨੀ ਢੰਗ ਨਾਲ ਰਹਿ ਰਹੇ ਸਨ। ਡਿਪੋਰਟ ਕੀਤੇ ਗਏ 106 ਭਾਰਤੀਆਂ ਵਿੱਚ 59 ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਹਨ। 

ਇਨ੍ਹਾਂ ਵਿੱਚ ਪਰਵਾਸੀਆਂ ਦਾ ਗੜ੍ਹ ਕਹੇ ਜਾਂਦੇ ਦੋਆਬੇ ਦੇ ਵੀ 34 ਜਣੇ ਸ਼ਾਮਲ ਹਨ, ਜਿਨ੍ਹਾਂ ਨੂੰ ਡਿਪੋਰਟ ਕੀਤਾ ਗਿਆ ਹੈ। ਇੰਨ੍ਹਾਂ ਮੁੰਡਿਆ ਦਾ ਜਹਾਜ਼ ਲੰਘੀ ਰਾਤ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਹਵਾਈ ਅੱਡੇ ੱਤੇ ਉਤਰਿਆ ਸੀ। 

ਡਿਪੋਰਟ ਹੋ ਕੇ ਆਉਣ ਵਾਲਿਆਂ ਵਿੱਚ 8 ਜਲੰਧਰ ਦੇ, 15 ਹੁਸ਼ਿਆਰਪੁਰ ਦੇ ਤੇ 11 ਜਣੇ ਕਪੂਰਥਲਾ ਦੇ ਹਨ। ਕਈ ਸਾਲਾਂ ਤੋਂ ਇਹ ਮੁੰਡੇ ਉਥੇ ਰਹਿ ਰਹੇ ਸਨ ਪਰ ਪੱਕੇ ਨਹੀਂ ਸੀ ਹੋਏ। 

ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੀ ਰਾਜਨੀਤਕ ਮੁਹਿੰਮ ਅਮਰੀਕੀ ਰਾਸ਼ਟਰਵਾਦ ਦੇ ਕੱਟੜ ਵਿਚਾਰ 'ਤੇ ਅਧਾਰਤ ਹੈ ਅਤੇ ਉਹ ਲਗਾਤਾਰ ਅਮਰੀਕਾ ਵਿਚ ਪਹੁੰਚਦੇ ਪ੍ਰਵਾਸੀਆਂ ਲਈ ਅਮਰੀਕਾ ਵਸਣ ਦੇ ਰਾਹ ਮੁਸ਼ਕਿਲ ਬਣਾ ਰਹੇ ਹਨ। ਹੁਣ ਰਾਸ਼ਟਰਪਤੀ ਚੋਣਾਂ ਨੇੜੇ ਆਉਣ ਕਰਕੇ ਟਰੰਪ ਨੇ ਆਪਣੀਆਂ ਇਹਨਾਂ ਨੀਤੀਆਂ ਨੂੰ ਹੋਰ ਸਖਤ ਕਰ ਦਿੱਤਾ ਹੈ। ਅਮਰੀਕਾ ਵਿੱਚ ਵਸੇ ਦੁਨੀਆਂ ਦੇ ਵੱਖ-ਵੱਖ ਮੁਲਕਾਂ ਦੇ ਲੋਕਾਂ ਨੂੰ ਉਥੋਂ ਕੱਢਿਆ ਜਾ ਰਿਹਾ ਹੈ ਜਿਹੜੇ ਗੈਰ ਕਾਨੂੰਨੀ ਤੌਰ ’ਤੇ ਰਹਿ ਰਹੇ ਹਨ।