ਟਰੂਡੋ ਸਰਕਾਰ ਵਿਦੇਸ਼ੀਆਂ ਦੇ ਘਰ ਖ਼ਰੀਦਣ ’ਤੇ ਪਾਬੰਦੀ ਲਾਏਗੀ

ਟਰੂਡੋ ਸਰਕਾਰ ਵਿਦੇਸ਼ੀਆਂ ਦੇ ਘਰ ਖ਼ਰੀਦਣ ’ਤੇ ਪਾਬੰਦੀ ਲਾਏਗੀ

ਸਰਕਾਰ ਪਿਛਲੇ ਸਾਲ ਕੀਮਤਾਂ ਵਿਚ 20 ਫੀਸਦ ਤੋਂ ਵੱਧ ਦੇ ਵਾਧੇ ਤੇ ਕਿਰਾਏ ਦੀਆਂ ਦਰਾਂ ਵਿਚ ਵਾਧੇ ਕਾਰਨ ਦਬਾਅ ਵਿਚ 

ਅੰਮ੍ਰਿਤਸਰ ਟਾਈਮਜ਼ ਬਿਊਰੋ

ਓਟਾਵਾ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡਾ ਵਿਚ ਵਿਦੇਸ਼ੀਆਂ ਦੇ ਘਰ ਖ਼ਰੀਦਣ ਉਤੇ ਪਾਬੰਦੀ ਲਾਏਗੀ। ਮਕਾਨਾਂ ਦੀਆਂ ਕੀਮਤਾਂ ਵਿਚ ਰਿਕਾਰਡ ਵਾਧਾ ਹੋਣ ਦੇ ਖ਼ਦਸ਼ਿਆਂ ਦੌਰਾਨ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਸਾਲ ਦੇ ਫੈਡਰਲ ਬਜਟ ਵਿਚ ਐਲਾਨ ਕਰਦਿਆਂ ਮੰਗ ਨੂੰ ਘਟਾਉਣ ਲਈ ਕਈ ਉਪਾਅ ਕੀਤੇ ਹਨ। ਸਰਕਾਰ ਨੇ ਇਕ ਸਾਲ ਦੇ ਅੰਦਰ ਆਪਣਾ ਘਰ ਵੇਚਣ ਵਾਲੇ ਵਿਦੇਸ਼ੀਆਂ ਉਤੇ ਘਰ ਖ਼ਰੀਦਣ ਦੀ ਦੋ ਸਾਲ ਦੀ ਪਾਬੰਦੀ ਲਾਉਣ ਅਤੇ ਜ਼ਿਆਦਾ ਟੈਕਸ ਲਾਉਣ ਦਾ ਐਲਾਨ ਵੀ ਕੀਤਾ ਹੈ। ਹਾਲਾਂਕਿ ਦੋਵਾਂ ਕਦਮਾਂ ਵਿਚ ਸਥਾਈ ਨਿਵਾਸੀਆਂ  ਤੇ ਵਿਦੇਸ਼ੀ ਵਿਦਿਆਰਥੀਆਂ ਨੂੰ ਕੁਝ ਛੋਟਾਂ ਨਾਲ ਰਾਹਤ ਦਿੱਤੀ ਗਈ ਹੈ। ਬਜਟ ਵਿਚ ਨਵੇਂ ਮਕਾਨ ਲਈ ਅਤੇ ਬਾਜ਼ਾਰ ਵਿਚ ਆਉਣ ਦੀ ਕੋਸ਼ਿਸ਼ ਕਰ ਰਹੇ ਕੈਨੇਡੀਅਨ ਲੋਕਾਂ ਦੀ ਮਦਦ ਦੇ ਕਈ ਉਪਾਅ ਵੀ ਕੀਤੇ ਗਏ ਹਨ। ਇਨ੍ਹਾਂ ਵਿਚ ਇਕ ਨਵਾਂ ਬੱਚਤ ਖਾਤਾ ਤੇ ਪਹਿਲੀ ਵਾਰ ਘਰ ਖ਼ਰੀਦਣ ਵਾਲਿਆਂ ਲਈ ‘ਟੈਕਸ ਕਰੈਡਿਟ’ ਵਿਚ ਬਦਲਾਅ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਸਰਕਾਰ ਪਿਛਲੇ ਸਾਲ ਕੀਮਤਾਂ ਵਿਚ 20 ਫੀਸਦ ਤੋਂ ਵੱਧ ਦੇ ਵਾਧੇ ਤੇ ਕਿਰਾਏ ਦੀਆਂ ਦਰਾਂ ਵਿਚ ਵਾਧੇ ਕਾਰਨ ਦਬਾਅ ਵਿਚ ਸੀ। ਇਹ ਪ੍ਰਸਤਾਵ ਉਸ ਸਮੇਂ ਲਿਆਂਦਾ ਗਿਆ ਹੈ ਜਦੋਂ ਕੈਨੇਡਾ ਰਿਹਾਇਸ਼ੀ ਘਰਾਂ ਦੇ ਮੁੱਦਿਆਂ ਸਬੰਧੀ ਲੋਕ  ਸਭ ਤੋਂ ਭੈੜੀ ਸਥਿਤੀ ਨਾਲ ਜੂਝ ਰਹੇ ਹਨ।ਘਰਾਂ ਦੀਆਂ ਕੀਮਤਾਂ 20 ਫੀਸਦੀ ਤੋਂ ਵੀ ਵੱਧ ਗਈਆਂ ਹਨ, ਜਿਸ ਨਾਲ ਘਰ ਦੀ ਔਸਤਨ ਕੀਮਤ ਲਗਭਗ 817,000 ਕੈਨੇਡੀਅਨ ਡਾਲਰ (650,000 ਅਮਰੀਕੀ ਡਾਲਰ) ਤੱਕ ਪਹੁੰਚ ਗਈ ਹੈ, ਜੋ ਕਿ ਘਰੇਲੂ ਆਮਦਨ ਤੋਂ 9 ਗੁਣਾ ਵੱਧ ਗਈ ਹੈ।ਪਰ ਉਦਯੋਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਵਿਦੇਸ਼ੀ ਖਰੀਦਦਾਰਾਂ ਉੁੱਪਰ ਪਾਬੰਦੀ ਲਗਾ ਕੇ ਇਸ ਸਮੱਸਿਆ ਦਾ ਹੱਲ ਹੋਵੇਗਾ।

ਕੈਨੇਡਾ ਵਿੱਚ ਵਿਦੇਸ਼ੀ ਖਰੀਦਦਾਰਾਂ ਦੁਆਰਾ ਖਰੀਦਦਾਰੀ ਦੇ ਅੰਕੜੇ ਸੀਮਤ ਹਨ, ਪਰ ਅਧਿਐਨ ਮੁਤਾਬਕ, ਉਹ ਖਰੀਦਦਾਰਾਂ ਦਾ ਇੱਕ ਬਹੁਤ ਛੋਟਾ ਹਿੱਸਾ ਹਨ।ਸਲਾਹਕਾਰ ਫਰਮ, ਬੁਲਪੇਨ ਰਿਸਰਚ ਐਂਡ ਕੰਸਲਟਿੰਗ ਟੋਰਾਂਟੋ ਦੇ ਪ੍ਰਧਾਨ ਬੈਨ ਮਾਇਰਸ ਨੇ ਕਿਹਾ, "ਮੈਨੂੰ ਨਹੀਂ ਲੱਗਦਾ ਕਿ ਇਸਦਾ ਬਹੁਤ ਜ਼ਿਆਦਾ ਪ੍ਰਭਾਵ ਹੋਵੇਗਾ''। ਇਸ ਫਰਮ ਨੇ ਪਾਇਆ ਹੈ ਕਿ ਵਿਦੇਸ਼ੀ ਲੋਕਾਂ ਨੇ 2020 ਵਿੱਚ ਸਿਰਫ 1% ਖਰੀਦਦਾਰੀ ਕੀਤੀ, ਜੋ ਕਿ 2015 ਅਤੇ 2016 ਵਿੱਚ 9% ਸੀ।ਉਹ ਕਹਿੰਦੇ ਹਨ, "ਇਹ ਬਹੁਤ ਛੋਟਾ ਅੰਕੜਾ ਹੈ, ਆਓ ਇਸਦਾ ਸਾਹਮਣਾ ਕਰੀਏ, ਪਰ ਜੋ ਲੋਕ ਅਸਲ ਵਿੱਚ ਖਰੀਦਣਾ ਚਾਹੁੰਦੇ ਹਨ, ਉਹ ਹੋਰ ਤਰੀਕੇ ਲੱਭ ਲੈਣਗੇ''।ਮਾਇਰਸ ਦਾ ਕਹਿਣਾ ਹੈ ਕਿ 2020 ਵਿੱਚ ਮਹਾਂਮਾਰੀ ਦੇ ਪ੍ਰਭਾਵ ਤੋਂ ਬਾਅਦ ਇਹ ਮੁੱਦੇ ਹੋਰ ਗੰਭੀਰ ਹੋ ਗਏ ਹਨ। ਹਾਲਾਂਕਿ ਕੈਨੇਡਾ ਤੇ ਹੋਰ ਥਾਵਾਂ 'ਤੇ ਨੀਤੀ ਘਾੜਿਆਂ ਨੇ ਆਰਥਿਕਤਾ ਨੂੰ ਸਥਿਰ ਕਰਨ ਲਈ ਵਿਆਜ ਦਰਾਂ ਵਿੱਚ ਕਟੌਤੀ ਕੀਤੀ, ਲਾਗਤਾਂ ਨੂੰ ਘਟਾਇਆ ਅਤੇ ਇਸ ਤਰ੍ਹਾਂ ਮੰਗ ਨੂੰ ਹੋਰ ਵਧਾ ਦਿੱਤਾ ਹੈ।ਇਨ੍ਹਾਂ ਕਦਮਾਂ ਨੇ ਸੰਸਾਰ ਦੇ ਬਹੁਤ ਸਾਰੇ ਬਾਜ਼ਾਰਾਂ ਵਿੱਚ ਘਰਾਂ ਦੀਆਂ ਵਧਦੀਆਂ ਕੀਮਤਾਂ ਹੋਰ ਵਧਾ ਦਿੱਤੀਆਂ ਹਨ। ਓਈਸੀਡੀ  ਦੇ ਅੰਕੜਿਆਂ ਦੇ ਅਨੁਸਾਰ, ਕੈਨੇਡਾ ਵਿੱਚ ਘਰਾਂ ਦੀਆਂ ਕੀਮਤਾਂ ਤੇ ਆਮਦਨੀ ਵਿਚਕਾਰ ਆਇਆ ਅੰਤਰ ਬੜਾ ਹੀ ਨਾਟਕੀ ਹੈ।ਚੋਣ ਮੁਹਿੰਮ ਦਾ ਇਕਰਾਰ

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਪਿਛਲੇ ਸਾਲ ਆਪਣੀ ਚੋਣ ਮੁਹਿੰਮ ਵਿੱਚ ਘਰਾਂ ਦੀ ਸਮੱਸਿਆ ਨਾਲ ਨਜਿੱਠਣ ਦਾ ਵਾਅਦਾ ਕੀਤਾ ਸੀ। ਵਿਦੇਸ਼ੀ ਖਰੀਦਦਾਰਾਂ 'ਤੇ ਅਸਥਾਈ ਪਾਬੰਦੀ ਤੋਂ ਇਲਾਵਾ,ਬੀਤੇ ਵੀਰਵਾਰ ਨੂੰ ਪੇਸ਼ ਕੀਤੇ ਗਏ ਬਜਟ ਵਿੱਚ ਨਵੀਂ ਉਸਾਰੀ ਅਤੇ ਨਵੀਆਂ ਯੋਜਨਾਵਾਂ ਲਈ ਵੀ ਅਰਬਾਂ ਰੁਪਏ ਰੱਖੇ ਗਏ ਹਨ, ਜਿਵੇਂ ਕਿ ਪਹਿਲੀ ਵਾਰ ਦੇ ਖਰੀਦਦਾਰਾਂ ਲਈ ਟੈਕਸ ਮੁਕਤ ਬਚਤ ਖਾਤਾ।ਮਾਹਿਰਾਂ ਦਾ ਕਹਿਣਾ ਹੈ ਕਿ ਇਹ ਸਪਸ਼ਟ ਨਹੀਂ ਹੈ ਕਿ ਵਿਦੇਸ਼ੀ ਖਰੀਦਦਾਰਾਂ ਉੁੱਪਰ ਪਾਬੰਦੀ ਲਗਾ ਕੇ ਇਸ ਸਮੱਸਿਆ ਦਾ ਹੱਲ ਹੋਵੇਗਾ। ਵਿਦੇਸ਼ੀ ਖਰੀਦਦਾਰਾਂ ਉੁੱਪਰ ਅਸਥਾਈ ਪਾਬੰਦੀ ਤੋਂ ਕੁਝ ਲੋਕਾਂ ਨੂੰ ਛੋਟ ਮਿਲੇਗੀ, ਜਿੰਨਾਂ ਵਿੱਚ ਸਥਾਈ ਰੈਜ਼ੀਡੇਂਟਸ, ਵਿਦੇਸ਼ੀ ਵਿਦਿਆਰਥੀ ਤੇ ਕਰਮਚਾਰੀਆ ਦੇ ਨਾਲ-ਨਾਲ ਉਹ ਲੋਕ ਵੀ ਸ਼ਾਮਿਲ ਹੋਣਗੇ ਜੋ ਪਹਿਲੀ ਵਾਰ ਜਾਂ ਪਹਿਲਾ ਘਰ ਖਰੀਦ ਰਹੇ ਹਨ।ਕੈਨੇਡਾ ਵਿੱਚ ਵਿਦੇਸ਼ੀ ਨਾਗਰਿਕਾਂ 'ਤੇ ਕੁਝ ਵਿਸ਼ੇਸ਼ ਟੈਕਸ ਵੀ ਲਗਾਏ ਗਏ ਹਨ ਤੇ ਘਰ ਸਬੰਧੀ ਇਹ ਮਤਾ ਵੀ ਅਜਿਹੀਆਂ ਕਾਰਵਾਈਆਂ 'ਤੇ ਹੀ ਆਧਾਰਿਤ ਹੈ।ਜਿਵੇਂ ਕਿ, ਓਨਟਾਰਿਓ ਵਿੱਚ ਪ੍ਰੋਵਿੰਸ਼ਿਅਲ ਪ੍ਰੀਮਿਅਰ ਡੱਗ ਫ਼ੋਰਡ ਨੇ ਹਾਲ ਹੀ ਵਿੱਚ ਵਿਦੇਸ਼ੀ ਖਰੀਦਦਾਰਾਂ ਉੱਪਰ ਟੈਕਸ 15% ਤੋਂ 20% ਕਰਨ ਦੀ ਯੋਜਨਾ ਬਣਾਉਣ ਦੀ ਗੱਲ ਕਹੀ ਹੈ।ਇਸ ਤੋਂ ਪਹਿਲਾਂ ਸਾਲ 2018 ਵਿੱਚ ਨਿਊਜ਼ੀਲੈਂਡ ਵੀ ਅਜਿਹੇ ਮਾਪਦੰਡ ਅਪਣਾ ਚੁੱਕਾ ਹੈ।