ਕੁਰਾਨ ਦੀ ਕਥਿਤ ਤੌਰ ਉੱਤੇ ਹੋਈ ਬੇਅਦਬੀ ਕਾਰਨ ਬੰਗਲਾਦੇਸ਼ ਵਿਚ ਭੜਕੀ ਹਿੰਸਾ

ਕੁਰਾਨ ਦੀ ਕਥਿਤ ਤੌਰ ਉੱਤੇ ਹੋਈ ਬੇਅਦਬੀ ਕਾਰਨ ਬੰਗਲਾਦੇਸ਼ ਵਿਚ ਭੜਕੀ ਹਿੰਸਾ

ਅੰਮ੍ਰਿਤਸਰ ਟਾਈਮਜ਼

ਢਾਕਾ-ਬੰਗਲਾਦੇਸ਼ 'ਚ ਅਣਪਛਾਤੇ ਮੁਸਲਿਮ ਕੱਟੜਪੰਥੀਆਂ ਵਲੋਂ ਦੁਰਗਾ ਪੂਜਾ ਦੇ ਸਮਾਗਮਾਂ ਦੌਰਾਨ ਕੁਝ ਹਿੰਦੂ ਮੰਦਰਾਂ 'ਚ ਭੰਨਤੋੜ ਕਰਨ ਦੀਆਂ ਖ਼ਬਰਾਂ ਹਨ | ਇਸ ਦੌਰਾਨ ਕੱਟੜਪੰਥੀਆਂ ਦੀਆਂ ਪੁਲਿਸ ਨਾਲ ਝੜਪਾਂ ਦੌਰਾਨ 4 ਲੋਕ ਮਾਰੇ ਗਏ, ਜਦੋਂਕਿ ਦਰਜਨਾਂ ਹੋਰ ਜ਼ਖ਼ਮੀ ਹੋਏ ਹਨ, ਜਿਸ ਤੋਂ ਬਾਅਦ ਸਰਕਾਰ ਨੂੰ 22 ਜ਼ਿਲਿ੍ਹਆਂ 'ਚ ਅਰਧ ਸੈਨਿਕ ਬਲ ਤਾਇਨਾਤ ਕਰਨ ਲਈ ਮਜਬੂਰ ਹੋਣਾ ਪਿਆ ਹੈ | ਬੰਗਲਾਦੇਸ਼ ਗ੍ਰਹਿ ਮੰਤਰਾਲੇ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਦੇਸ਼ 'ਚ ਹਿੰਸਾ ਫੈਲਣ ਤੋਂ ਰੋਕਣ ਲਈ 22 ਜ਼ਿਲਿ੍ਹਆਂ 'ਚ ਬੰਗਲਾਦੇਸ਼ ਦੀਆਂ ਸਰਹੱਦਾਂ ਦੀ ਨਿਗਰਾਨੀ ਕਰਨ ਵਾਲੀ ਬੀ.ਜੀ.ਬੀ. ਨੂੰ ਤਾਇਨਾਤ ਕੀਤਾ ਗਿਆ ਹੈ ਅਤੇ ਅਪਰਾਧ-ਰੋਕੂ ਰੈਪਿਡ ਐਕਸ਼ਨ ਬਟਾਲੀਅਨ (ਆਰ.ਏ.ਬੀ.) ਅਤੇ ਹਥਿਾਰਬੰਦ ਪੁਲਿਸ ਨੂੰ ਬੀ.ਜੀ.ਬੀ. ਨਾਲ ਸਹਿਯੋਗ ਕਰਨ ਲਈ ਕਿਹਾ ਗਿਆ ਹੈ | ਮੀਡੀਆ ਰਿਪੋਰਟਾਂ ਅਨੁਸਾਰ ਬੁੱਧਵਾਰ ਨੂੰ ਚਾਂਦਪੁਰ ਦੇ ਹਾਜੀਗੰਜ ਉਪ-ਜ਼ਿਲ੍ਹੇ 'ਚ ਪੁਲਿਸ ਤੇ ਕੱਟੜਪੰਥੀਆਂ ਵਿਚਾਲੇ ਹੋਈ ਝੜਪ 'ਚ 4 ਲੋਕ ਮਾਰੇ ਗਏ ਤੇ 2 ਹੋਰ ਗੰਭੀਰ ਜ਼ਖ਼ਮੀ ਹੋ ਗਏ | ਪੁਲਿਸ ਨੇ ਦੱਸਿਆ ਕਿ ਭੀੜ ਵਲੋਂ ਕੀਤੇ ਹਮਲੇ 'ਚ ਕਈ ਪੁਲਿਸ ਅਧਿਕਾਰੀ ਵੀ ਜ਼ਖ਼ਮੀ ਹੋਏ ਹਨ | ਕੱਟੜਪੰਥੀਆਂ ਵਲੋਂ ਹਾਜੀਗੰਜ ਤੋਂ ਇਲਾਵਾ ਕੁਲਿਆ, ਹਾਤੀਆ, ਬੰਸਕਾਲੀ ਸਮੇਤ ਕਈ ਥਾਂਵਾਂ 'ਤੇ ਦੁਰਗਾ ਪੂਜਾ ਦੇ ਸਮਾਗਮਾਂ 'ਚ ਭੰਨਤੋੜ ਕੀਤੀ ਗਈ ਹੈ | ਇਹ ਹਿੰਸਾ ਬਾਅਦ ਵਿੱਚ ਨੋਆਖਲੀ, ਚਾਂਦਪੁਰ, ਕਾਕਸ ਬਾਜ਼ਾਰ, ਚਟੋਗ੍ਰਾਮ, ਚਪੈਨਵਾਬਗੰਜ, ਪਬਨਾ, ਮੌਲਵੀਬਾਜਾਰਾ ਅਤੇ ਕੁਰੀਗਰਾਮ ਵਿੱਚ ਦੁਰਗਾ ਪੂਜਾ ਦੇ ਕਈ ਸਥਾਨਾਂ ਤੱਕ ਫੈਲ ਗਈ।

ਇਸ ਮਾਮਲੇ ਤੋਂ ਜਾਣੂ ਲੋਕਾਂ ਨੇ ਕਿਹਾ ਕਿ ਦੱਖਣੀ ਬੰਗਲਾਦੇਸ਼ ਵਿੱਚ ਦੁਰਗਾ ਪੂਜਾ ਪੰਡਾਲਾਂ ਵਿੱਚ ਹੋਈ ਹਿੰਸਾ ਦੇ ਪਿੱਛੇ ਜਮਾਤ-ਏ-ਇਸਲਾਮੀ (ਜੇਈਆਈ) ਦਾ ਹੱਥ ਸੀ ਅਤੇ ਇਹ ਹਮਲੇ ਸ਼ੇਖ ਹਸੀਨਾ ਸਰਕਾਰ ਨੂੰ ਸ਼ਰਮਿੰਦਾ ਕਰਨ ਅਤੇ ਫਿਰਕੂ ਅੱਗ ਲਾਉਣ ਦੇ ਇਰਾਦੇ ਨਾਲ ਕੀਤੇ ਗਏ ਸਨ। ਸ਼ੇਖ ਹਸੀਨਾ ਨੇ ਕਿਹਾ "ਸਾਨੂੰ ਵੱਡੀ ਮਾਤਰਾ ਵਿੱਚ ਜਾਣਕਾਰੀ ਮਿਲ ਰਹੀ ਹੈ ਤੇ ਅਸੀਂ ਨਿਸ਼ਚਤ ਤੌਰ 'ਤੇ ਉਨ੍ਹਾਂ ਲੋਕਾਂ ਦਾ ਪਤਾ ਲਗਾਵਾਂਗੇ ਜਿਨ੍ਹਾਂ ਨੇ ਹਮਲੇ ਕੀਤੇ ਸਨ ... ਇਹ ਤਕਨੀਕ ਦਾ ਯੁੱਗ ਹੈ।" "ਉਨ੍ਹਾਂ ਨੂੰ ਲੱਭਿਆ ਜਾਣਾ ਚਾਹੀਦਾ ਹੈ। ਅਸੀਂ ਅਤੀਤ ਵਿੱਚ ਵੀ ਅਜਿਹਾ ਕੀਤਾ ਸੀ ਅਤੇ ਭਵਿੱਖ ਵਿੱਚ ਵੀ ਕਰਾਂਗੇ। ਉਨ੍ਹਾਂ ਨੂੰ ਬਣਦੀ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ। ਸਜਾ ਉਹ ਦਿਤੀ ਜਾਵੇਗੀ ਜੋ ਭਵਿੱਖ ਵਿੱਚ ਮਿਸਾਲ ਬਣ ਜਵੇਗੀ ਤਾ ਜੋ ਕੋਈ ਵੀ ਇਸ ਤਰ੍ਹਾਂ ਦੀ ਘਟਨਾ ਵਿੱਚ ਸ਼ਾਮਲ ਹੋਣ ਦੀ ਹਿੰਮਤ ਨਾ ਕਰ ਸਕੇ।"