ਭਾਰਤ ਵਿਸ਼ਵ-ਪੱਧਰੀ ਭੁੱਖਮਰੀ ਸੂਚੀ ਵਿਚ 101ਵੇਂ ਸਥਾਨ 'ਤੇ ਪੁੱਜਾ

ਭਾਰਤ ਵਿਸ਼ਵ-ਪੱਧਰੀ ਭੁੱਖਮਰੀ ਸੂਚੀ ਵਿਚ 101ਵੇਂ ਸਥਾਨ 'ਤੇ ਪੁੱਜਾ

*ਜੀ.ਐਚ.ਆਈ. ਸੂਚੀ ਅਨੁਸਾਰ ਭਾਰਤ ਆਪਣੇ ਗੁਆਂਢੀ ਦੇਸਾਂ- ਪਾਕਿਸਤਾਨ (92), ਬੰਗਲਾਦੇਸ਼ (76), ਨਿਪਾਲ (76) ਤੇ ਮਿਆਂਮਾਰ (71)ਤੋਂ ਪਛੜਿਆ     

 *ਸੈਂਟਰ ਫਾਰ ਮਾਰਕੀਟਿੰਗ ਇੰਡੀਅਨ ਇਕਾਨਮੀ ਅਨੁਸਾਰ ਭਾਰਤ ਵੱਖ-ਵੱਖ ਰਾਜਾਂ ਵਿਚ  ਅਪ੍ਰੈਲ ਮਹੀਨੇ ਵਿਚ 75 ਲੱਖ ਤੋਂ ਵੱਧ ਕਿਰਤੀ ਕਾਮੇ ਬੇਰੁਜ਼ਗਾਰ    

ਅੰਮ੍ਰਿਤਸਰ ਟਾਈਮਜ਼

 ਨਵੀਂ ਦਿੱਲੀ- ਭਾਰਤ 116 ਦੇਸ਼ਾਂ ਦੀ ਵਿਸ਼ਵ-ਪੱਧਰੀ ਭੁੱਖਮਰੀ ਸੂਚੀ 'ਗਲੋਬਲ ਹੰਗਰ ਇੰਡੈਕਸ' (ਜੀ.ਐਚ.ਆਈ.) 'ਚ ਖਿਸਕ ਕੇ 101ਵੇਂ ਸਥਾਨ 'ਤੇ ਪੁੱਜ ਗਿਆ ਹੈ ਅਤੇ ਭੁੱਖਮਰੀ ਦੇ ਮਾਮਲੇ ਵਿਚ ਉਹ ਆਪਣੇ ਗੁਆਂਢੀ ਪਾਕਿਸਤਾਨ, ਬੰਗਲਾਦੇਸ਼ ਤੇ ਨਿਪਾਲ ਤੋਂ ਵੀ ਪਿੱਛੇ ਹੈ । ਗਲੋਬਲ ਹੰਗਰ ਇੰਡੈਕਸ ਦੀ ਵੈਬਸਾਈਟ ਵਲੋਂ  ਦੱਸਿਆ ਗਿਆ ਹੈ ਕਿ ਚੀਨ, ਬ੍ਰਾਜ਼ੀਲ, ਤੇ ਕੁਵੈਤ ਸਮੇਤ 18 ਦੇਸ਼ 5 ਤੋਂ ਵੀ ਘੱਟ ਜੀ.ਐਚ.ਆਈ. ਅੰਕ ਲੈ ਕੇ ਸਾਂਝੇ ਤੌਰ 'ਤੇ ਚੋਟੀ 'ਤੇ ਰਹੇ ਹਨ ।ਆਇਰਿਸ਼ ਦੀ ਮਦਦ ਪ੍ਰਾਪਤ ਏਜੰਸੀ 'ਕੰਸਰਨ ਵਰਲਡਵਾਈਡ' ਤੇ ਜਰਮਨ ਸੰਗਠਨ 'ਵੈਲਟ ਹੰਗਰ ਹਿਲਫ' ਦੁਆਰਾ ਸਾਂਝੇ ਤੌਰ 'ਤੇ ਤਿਆਰ ਕੀਤੀ ਗਈਰਿਪੋਰਟ 'ਚ ਭਾਰਤ 'ਚ ਭੁੱਖਮਰੀ ਦੇ ਪੱਧਰ ਨੂੰ 'ਚਿੰਤਾਜਨਕ' ਕਰਾਰ ਦਿੱਤਾ ਗਿਆ ਹੈ । 2020 ਦੌਰਾਨ ਭਾਰਤ ਭੁੱਖਮਰੀ ਦੇ ਮਾਮਲੇ 'ਚ107 ਦੇਸ਼ਾਂ ਵਿਚੋਂ 94ਵੇਂ ਸਥਾਨ ਉਤੇ ਸੀ ਅਤੇ ਹੁਣ 116 ਦੇਸ਼ਾਂ 'ਚੋਂ 101ਵੇਂ ਸਥਾਨ 'ਉਤੇ ਪੁੱਜ ਗਿਆ ਹੈ | ਜੀ.ਐਚ.ਆਈ. ਸੂਚੀ ਅਨੁਸਾਰ ਭਾਰਤ ਦੇ ਗੁਆਂਢੀ ਦੇਸ਼- ਪਾਕਿਸਤਾਨ (92), ਬੰਗਲਾਦੇਸ਼ (76), ਨਿਪਾਲ (76) ਤੇ ਮਿਆਂਮਾਰ (71)ਵੇਂ ਸਥਾਨ 'ਤੇ ਹਨ ਅਤੇ ਇਹ ਸਭ ਵੀ ਭੁੱਖਮਰੀ ਦੀ 'ਚਿੰਤਾਜਨਕ' ਸ਼੍ਰੇਣੀ ਵਿਚ ਆਉਂਦੇ ਹਨ, ਪਰ ਇਨ੍ਹਾਂ ਦੀ ਸਥਿਤੀ ਭਾਰਤ ਦੇ ਮੁਕਾਬਲੇ ਚੰਗੀ ਮੰਨੀ ਗਈ ਹੈ।ਆਕਸਫੇਮ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੌਰ ਵਿਚ ਭੁੱਖ ਨਾਲ ਦਮ ਤੋੜਨ ਵਾਲਿਆਂ ਦੀ ਤਾਦਾਦ ਆਮ ਦਿਨਾਂ ਦੇ ਮੁਕਾਬਲੇ ਕਾਫੀ ਵਧ ਗਈ ਹੈ। 21ਵੀਂ ਸਦੀ ਵਿਚ ਵੀ ਇਹ ਸੁਣਨ ਨੂੰ ਮਿਲੇ ਕਿ ਭੁੱਖ ਨਾਲ ਹਰ ਮਿੰਟ 'ਚ 11 ਲੋਕਾਂ ਦੀ ਮੌਤ ਹੋ ਰਹੀ ਹੈ । ਜ਼ਿਆਦਾ ਚਿੰਤਾ ਦੀ ਗੱਲ ਇਸ ਲਈ ਵੀ ਹੈ ਕਿ ਭੁੱਖਮਰੀ ਦਾ ਸਾਹਮਣਾ ਕਰਨ ਵਾਲਿਆਂ ਦੀ ਗਿਣਤੀ ਵਿਚ 2 ਕਰੋੜ ਤੋਂ ਜ਼ਿਆਦਾ ਦਾ ਇਜ਼ਾਫ਼ਾ ਹੋ ਗਿਆ ਹੈ। 15 ਕਰੋੜ ਲੋਕ ਭੁੱਖੇ ਸੌਂ ਰਹੇ ਹਨ ਜਾਂ ਕਈ-ਕਈ ਦਿਨ ਬਿਨਾਂ ਖਾਧਿਆਂ ਗੁਜ਼ਾਰ ਰਹੇ ਹਨ। ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਨਟੋਨੀਓ ਗੁਟੇਰੇਸ ਨੇ ਖਦਸ਼ਾ ਪ੍ਰਗਟਾਇਆ ਕੋਵਿਡ-19 ਮਹਾਂਮਾਰੀ ਕਰਕੇ 5 ਕਰੋੜ ਲੋਕ ਬੇਹੱਦ ਗ਼ਰੀਬੀ ਦੀ ਹਾਲਤ ਵਿਚ ਚਲੇ ਜਾਣਗੇ। ਇਨ੍ਹਾਂ ਵਿਚੋਂ 20 ਫ਼ੀਸਦੀ ਲੋਕਾਂ ਦੀ ਰੋਜ਼ੀ-ਰੋਟੀ ਖੁਸ ਜਾਣ ਕਰਕੇ ਉਹ ਭੁੱਖਮਰੀ ਦੀ ਕਗਾਰ 'ਤੇ ਪਹੁੰਚ ਜਾਣਗੇ।

ਉਧਰ ਸੰਯੁਕਤ ਰਾਸ਼ਟਰ ਦੇ ਮਨੁੱਖੀ ਮਾਮਲਿਆਂ ਦੇ ਵਿਭਾਗ ਨੇ ਹਾਲ ਹੀ ਵਿਚ ਚਿਤਾਵਨੀ ਦਿੱਤੀ ਹੈ ਕਿ ਅਗਲੇ ਇਕ ਸਾਲ ਵਿਚ ਭੁੱਖਮਰੀ ਦਾ ਅੰਕੜਾ ਦੁੱਗਣਾ ਹੋ ਜਾਵੇਗਾ। ਲੱਖਾਂ ਬੱਚੇ ਕੁਪੋਸ਼ਣ ਦਾ ਸ਼ਿਕਾਰ ਹੋ ਜਾਣਗੇ। ਦੁਨੀਆ 'ਚ ਇਸ ਸਮੇਂ ਤਕਰੀਬਨ 82 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹਨ ਅਤੇ 5 ਸਾਲ ਤੋਂ ਘੱਟ ਉਮਰ ਦੇ 14 ਕਰੋੜ ਬੱਚੇ ਅਜਿਹੇ ਹਨ, ਜੋ ਕੁਪੋਸ਼ਣ ਕਰਕੇ ਸਰੀਰਕ ਵਿਕਾਸ ਸੰਬੰਧੀ ਸਮੱਸਿਆਵਾਂ ਨਾਲ ਜੂਝ ਰਹੇ ਹਨ। ਅੰਤਰਰਾਸ਼ਟਰੀ ਸੰਸਥਾ 'ਔਕਸਫੈਮ' ਨੇ ਆਪਣੀ ਹਾਲ ਹੀ ਵਿਚ ਜਾਰੀ ਕੀਤੀ ਰਿਪੋਰਟ ਵਿਚ ਖਦਸ਼ਾ ਪ੍ਰਗਟਾਇਆ ਹੈ ਕਿ ਕੋਰੋਨਾ ਮਹਾਂਮਾਰੀ ਕਾਰਨ ਪੈਦਾ ਹੋਈ ਆਰਥਿਕ ਮੰਦੀ ਦੇ ਫਲਸਰੂਪ ਭੁੱਖਮਰੀ ਫੈਲਣ ਕਰਕੇ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਕੋਰੋਨਾ ਵਾਇਰਸ ਨਾਲ ਹੋਣ ਵਾਲੀਆਂ ਮੌਤਾਂ ਨਾਲੋਂ ਕਈ ਗੁਣਾ ਜ਼ਿਆਦਾ ਹੋ ਸਕਦੀ ਹੈ। ਵਿਸ਼ਵ ਖਾਧ ਪ੍ਰੋਗਰਾਮ ਦੇ ਪ੍ਰਮੁੱਖ ਡੇਵਿਡ ਵੇਸਲੇ ਨੇ ਕਿਹਾ ਸੀ ਕਿ ਦੁਨੀਆ ਨੂੰ ਕੋਰੋਨਾ ਤੋਂ ਬਾਅਦ ਇਕ ਹੋਰ ਭਿਆਨਕ ਸੰਕਟ ਦਾ ਸਾਹਮਣਾ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ। ਵਿਸ਼ਵ ਭਰ ਦੇ 25 ਕਰੋੜ ਲੋਕ ਭੁੱਖਮਰੀ ਦਾ ਸ਼ਿਕਾਰ ਹੋ ਸਕਦੇ ਹਨ। ਦੁਨੀਆ ਵਿਚ ਪਹਿਲਾਂ ਹੀ 82 ਕਰੋੜ ਲੋਕ ਭੁੱਖ ਦਾ ਸਾਹਮਣਾ ਕਰ ਰਹੇ ਹਨ। ਜਦੋਂ ਕੋਰੋਨਾ ਮਹਾਂਮਾਰੀ ਨੇ ਦੁਨੀਆ ਭਰ ਨੂੰ ਆਪਣੀ ਲਪੇਟ ਵਿਚ ਲਿਆ ਹੋਇਆ ਹੈ ਤਾਂ ਭੁੱਖਮਰੀ ਦਾ ਸੰਕਟ ਹੋਰ ਵੀ ਵਿਆਪਕ ਹੋ ਸਕਦਾ ਹੈ।ਕੋਵਿਡ-19 ਮਹਾਂਮਾਰੀ ਦੀਆਂ ਪਾਬੰਦੀਆਂ ਕਰਕੇ ਉਦਯੋਗਿਕ ਖੇਤਰ ਵਿਚ ਉਤਪਾਦਨ ਤੇ ਹੋਰ ਕਾਰੋਬਾਰੀ ਸਰਗਰਮੀਆਂ ਠੱਪ ਹੋ ਗਈਆਂ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ ਸੈਂਟਰ ਫਾਰ ਮਾਰਕੀਟਿੰਗ ਇੰਡੀਅਨ ਇਕਾਨਮੀ ਅਨੁਸਾਰ ਵੱਖ-ਵੱਖ ਰਾਜਾਂ ਵਿਚ ਸਖ਼ਤ ਪਾਬੰਦੀਆਂ ਕਾਰਨ ਅਪ੍ਰੈਲ ਮਹੀਨੇ ਵਿਚ 75 ਲੱਖ ਤੋਂ ਵੱਧ ਕਿਰਤੀ ਕਾਮੇ ਬੇਰੁਜ਼ਗਾਰ ਹੋਏ। ਰੋਟੀ-ਰੋਜ਼ੀ ਖੁਸ ਜਾਣ ਕਰਕੇ ਭੁੱਖਮਰੀ ਦੀ ਨੌਬਤ ਆਉਣ ਕਰਕੇ ਬੇਰੁਜ਼ਗਾਰ ਮਜ਼ਦੂਰ ਹਿਜਰਤ ਲਈ ਮਜਬੂਰ ਹੋ ਗਏ ਸਨ। ਪਿਛਲੇ ਸਾਲ ਮਾਰਚ ਵਿਚ ਲਾਗੂ ਕੀਤੀ ਦੇਸ਼ ਵਿਆਪੀ ਤਾਲਾਬੰਦੀ ਦੌਰਾਨ ਬੇਰੁਜ਼ਗਾਰ ਹੋਏ 12 ਕਰੋੜ ਲੋਕਾਂ ਵਿਚੋਂ 75 ਤੋਂ 80 ਫ਼ੀਸਦੀ ਅਸੰਗਠਿਤ ਖੇਤਰ ਦੇ ਮਜ਼ਦੂਰ ਸਨ। ਇਕ ਅਨੁਮਾਨ ਅਨੁਸਾਰ ਅਜਿਹੇ ਲੋਕਾਂ ਦੀ ਗਿਣਤੀ 15 ਕਰੋੜ ਹੋ ਸਕਦੀ ਹੈ।ਯੂਨੀਸੈਫ ਦੀ ਇਕ ਹੋਰ ਰਿਪੋਰਟ ਅਨੁਸਾਰ, 'ਭਾਰਤ ਦਾ ਹਰ ਦੂਜਾ ਬੱਚਾ ਭੁੱਖਮਰੀ ਤੇ ਕੁਪੋਸ਼ਣ ਦਾ ਸ਼ਿਕਾਰ ਹੈ'।