ਰਾਮ ਮੰਦਰ 'ਚ ਸੋਨੇ ਨਾਲ ਜੜੇ ਦਰਵਾਜ਼ੇ ਲਗਾਉਣ ਦਾ ਕੰਮ ਸੰਪੂਰਨ 

ਰਾਮ ਮੰਦਰ 'ਚ ਸੋਨੇ ਨਾਲ ਜੜੇ ਦਰਵਾਜ਼ੇ ਲਗਾਉਣ ਦਾ ਕੰਮ ਸੰਪੂਰਨ 

*18 ਜਨਵਰੀ ਨੂੰ ਰਾਮ ਲਲਾ ਦੀ ਮੂਰਤੀ ਦੀ ਗਰਭ ਗ੍ਰਹਿ ਵਿਚ ਸਥਾਪਨਾ ਹੋਵੇਗੀ

 *ਦਲ ਖਾਲਸਾ ਦੀ ਜਥੇਦਾਰ ਅਕਾਲ ਤਖਤ ਤੋਂ ਮੰਗ ਕਿ ਰਾਮ ਮੰਦਰ ਉਦਘਾਟਨ ‘ਚ ਸਿੱਖ ਆਗੂਆਂ ਨੂੰ ਜਾਣ ਤੋਂ ਰੋਕਣ 

*ਹਵਾਰਾ ਕਮੇਟੀ ਨੇ ਰਾਮ ਮੰਦਰ ਸਮਾਗਮ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ 

ਰਾਮ ਮੰਦਰ 'ਚ ਰਾਮਲਲਾ ਦੇ ਸਥਾਪਤ ਹੋਣ ਦਾ ਸਮਾਂ ਹੁਣ ਨੇੜੇ ਆ ਰਿਹਾ ਹੈ। ਇਸ ਸਬੰਧੀ ਅਯੁੱਧਿਆ 'ਚ ਜੰਗੀ ਪੱਧਰ 'ਤੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਸਭ ਦੇ ਵਿਚਕਾਰ, ਰਾਮ ਮੰਦਰ ਦੇ ਸਾਰੇ 14 ਸੋਨੇ ਨਾਲ ਜੜੇ ਹੋਏ ਦਰਵਾਜ਼ੇ ਲਗਾਉਣ ਦਾ ਕੰਮ ਪੂਰਾ ਹੋ ਗਿਆ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਨੇ ਸੋਸ਼ਲ ਮੀਡੀਆ ਐਕਸ 'ਤੇ  ਜਾਣਕਾਰੀ ਦਿੱਤੀ ਕਿ ਭਗਵਾਨ ਸ਼੍ਰੀ ਰਾਮਲਲਾ ਸਰਕਾਰ ਦੇ ਪਾਵਨ ਅਸਥਾਨ ਵਿਚ ਸੋਨੇ ਨਾਲ ਜੜੇ ਦਰਵਾਜ਼ੇ ਦੀ ਸਥਾਪਨਾ ਦੇ ਨਾਲ, ਜ਼ਮੀਨੀ ਮੰਜ਼ਿਲ 'ਤੇ ਸਾਰੇ 14 ਸੋਨੇ ਦੇ ਪਲੇਟਿਡ ਦਰਵਾਜ਼ਿਆਂ ਦੀ ਸਥਾਪਨਾ ਦਾ ਕੰਮ ਪੂਰਾ ਹੋ ਗਿਆ ਹੈ।ਤੁਹਾਨੂੰ ਦੱਸ ਦੇਈਏ ਕਿ ਰਾਮ ਮੰਦਰ ਵਿਚ ਸੋਨੇ ਨਾਲ ਜੜੇ 14 ਦਰਵਾਜ਼ੇ ਲਗਾਏ ਗਏ ਹਨ। ਇਹ ਕੰਮ ਤਿੰਨ ਦਿਨਾਂ ਵਿਚ ਪੂਰਾ ਹੋ ਗਿਆ। ਰਾਮ ਮੰਦਰ 'ਚ ਮਹਾਰਾਸ਼ਟਰ ਤੋਂ ਲਿਆਂਦੇ ਟੀਕ ਦੀ ਲੱਕੜ ਦੇ ਦਰਵਾਜ਼ੇ ਲਗਾਏ ਗਏ ਹਨ। ਸਾਰੇ ਦਰਵਾਜ਼ੇ ਸੋਨੇ ਨਾਲ ਮੜ੍ਹੇ ਹੋਏ ਹਨ। ਇਕ ਰਿਪੋਰਟ ਮੁਤਾਬਕ ਇਨ੍ਹਾਂ ਦੀ ਕੀਮਤ 60 ਕਰੋੜ ਰੁਪਏ ਤੋਂ ਜ਼ਿਆਦਾ ਦੱਸੀ ਜਾਂਦੀ ਹੈ। ਦਰਵਾਜ਼ਿਆਂ 'ਤੇ ਕਈ ਤਰ੍ਹਾਂ ਦੀਆਂ ਕਲਾਕ੍ਰਿਤੀਆਂ ਉਕਰੀਆਂ ਹੋਈਆਂ ਹਨ। ਰਾਮ ਮੰਦਰ ਦਾ ਪਹਿਲਾ ਦਰਵਾਜ਼ਾ 12 ਜਨਵਰੀ ਨੂੰ ਲਗਾਇਆ ਗਿਆ ਸੀ। ਪਿਛਲੇ ਦਰਵਾਜ਼ੇ 'ਤੇ ਮੋਰ ਦੀ ਮੂਰਤੀ ਉੱਕਰੀ ਹੋਈ ਹੈ। ਦਰਵਾਜ਼ੇ ਦੇ ਦੋਵੇਂ ਪਾਸੇ ਤਿੰਨ ਮੋਰ ਦੀਆਂ ਮੂਰਤੀਆਂ ਬਣਾਈਆਂ ਗਈਆਂ ਹਨ। 

ਇਸ ਤੋਂ ਪਹਿਲਾਂ, ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਕਿਹਾ ਕਿ ਮੈਸੂਰ ਦੇ ਅਰੁਣ ਯੋਗੀਰਾਜ ਦੁਆਰਾ ਬਣਾਈ ਗਈ ਰਾਮ ਲੱਲਾ ਦੀ ਨਵੀਂ ਮੂਰਤੀ ਨੂੰ ਅਯੁੱਧਿਆ ਦੇ ਰਾਮ ਮੰਦਰ ਵਿਚ ਸਥਾਪਿਤ ਕਰਨ ਲਈ ਚੁਣਿਆ ਗਿਆ ਹੈ ਅਤੇ 18 ਜਨਵਰੀ ਨੂੰ ਇਸ ਦੀ ਗਰਭ ਗ੍ਰਹਿ ਵਿਚ ਸਥਾਪਨਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 20 ਅਤੇ 21 ਜਨਵਰੀ ਨੂੰ ਮੰਦਰ ਬੰਦ ਰਹੇਗਾ ਅਤੇ ਲੋਕ 23 ਜਨਵਰੀ ਤੋਂ ਮੁੜ ਭਗਵਾਨ ਦੇ ਦਰਸ਼ਨ ਕਰ ਸਕਣਗੇ।

 

ਰਾਮ ਮੰਦਿਰ ਨਾਲ ਹੋਵੇਗਾ ਆਰਥਿਕ ਵਿਕਾਸ; ਇੱਕ ਲੱਖ ਕਰੋੜ ਦਾ ਹੋਵੇਗਾ ਕਾਰੋਬਾਰ, 

ਅਯੁੱਧਿਆ ਵਿੱਚ ਰਾਮ ਮੰਦਰ ਦੇ ਨਿਰਮਾਣ ਨਾਲ ਪੂਰੇ ਭਾਰਤ ਵਿੱਚ ਘੱਟੋ-ਘੱਟ 1 ਲੱਖ ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਉਮੀਦ ਹੈ। ਇਸ ਵਿੱਚੋਂ 20 ਹਜ਼ਾਰ ਕਰੋੜ ਰੁਪਏ ਦਾ ਕਾਰੋਬਾਰ ਸਿਰਫ਼ ਦਿੱਲੀ ਵਿੱਚ ਹੀ ਪੈਦਾ ਹੋ ਸਕਦਾ ਹੈ। ਇਹ ਅੰਦਾਜ਼ਾ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ ਨੇ ਲਾਇਆ ਹੈ।

22 ਜਨਵਰੀ ਨੂੰ ਰਾਮ ਮੰਦਰ ਦੀ ਸਥਾਪਨਾ ਦਾ ਪ੍ਰੋਗਰਾਮ ਹੋਣਾ ਹੈ। ਸੀਏਆਈਟੀ ਨੇ ਪਹਿਲਾਂ ਰਾਮ ਮੰਦਰ ਕਾਰਨ 50,000 ਕਰੋੜ ਰੁਪਏ ਦੇ ਕਾਰੋਬਾਰ ਦਾ ਅਨੁਮਾਨ ਲਗਾਇਆ ਸੀ। ਪਰ ਮੰਦਰ ਪ੍ਰਤੀ ਲੋਕਾਂ ਦੇ ਉਤਸ਼ਾਹ ਨੂੰ ਦੇਖਦੇ ਹੋਏ ਐਸੋਸੀਏਸ਼ਨ ਨੇ ਆਪਣੇ ਅੰਦਾਜ਼ੇ 'ਚ ਸੋਧ ਕਰ ਦਿੱਤੀ ਹੈ। ਇਹ ਅਨੁਮਾਨ ਵੱਖ-ਵੱਖ ਰਾਜਾਂ ਦੇ 30 ਸ਼ਹਿਰਾਂ ਵਿੱਚ ਸਥਿਤ ਵਪਾਰਕ ਸੰਗਠਨਾਂ ਤੋਂ ਪ੍ਰਾਪਤ ਫੀਡਬੈਕ ਦੇ ਆਧਾਰ 'ਤੇ ਲਗਾਇਆ ਗਿਆ ਹੈ।

ਸਿਖ ਆਗੂਆਂ ਦੀ ਜਥੇਦਾਰ ਨੂੰ ਅਪੀਲ

ਅਯੁੱਧਿਆ  ਵਿੱਚ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ  ਨੂੰ ਲੈਕੇ ਦਲ ਖ਼ਲਾਸਾ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਪੱਤਰ ਲਿਖ ਕੇ  ਅਪੀਲ ਕੀਤੀ ਗਈ ਹੈ  ਕਿ 22 ਜਵਨਰੀ ਨੂੰ ਰਾਮ ਮੰਦਿਰ ਦੇ ਉਦਘਾਟਨ ਵਿੱਚ ਸਿੱਖ ਆਗੂਆਂ ਨੂੰ ਸ਼ਾਮਲ ਹੋਣ ਤੋਂ ਰੋਕਣ ਦਾ ਆਦੇਸ਼ ਜਾਰੀ ਕੀਤਾ ਜਾਵੇ। ਉਨ੍ਹਾਂ ਕਿਹਾ ਮੀਡੀਆ ਰਿਪੋਰਟਾਂ ਮੁਤਾਬਿਕ ਰਾਸ਼ਟਰੀ ਸਿੱਖ ਸੰਗਤ ਵੱਲੋਂ ਤਖਤਾਂ ਦੇ ਜਥੇਦਾਰਾਂ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਸਮੇਤ 100 ਸਿੱਖ ਪ੍ਰਤੀਨਿਧਾਂ ਨੂੰ ਰਾਮ ਮੰਦਿਰ ਪ੍ਰਾਣ ਪ੍ਰਤਿਸ਼ਠਾ ਉਦਘਾਟਨੀ ਸਮਾਰੋਹ ਵਿੱਚ ਸ਼ਾਮਿਲ ਹੋਣ ਲਈ ਸੱਦਾ ਦਿੱਤਾ ਜਾ ਚੁੱਕਾ ਹੈ।ਦਲ ਖ਼ਾਲਸਾ ਨੇ ਕਿਹਾ ਸਿੱਖ ਲਈ ਸਿਧਾਂਤ ਬੜੇ ਸਪਸ਼ਟ ਹਨ ਕਿ ਸੰਗਤ ਸਿਰਫ ਗੁਰੂ ਦੀ ਹੁੰਦੀ ਹੈ। ਕਿਸੇ ਰਾਸ਼ਟਰ ਦੀ ਨਹੀ ਹੁੰਦੀ, ਰਾਸ਼ਟਰੀ ਸਿੱਖ ਸੰਗਤ ਨੂੰ ਹੋਂਦ ਵਿੱਚ ਲਿਆਉਣ ਪਿੱਛੇ ਸੰਘ ਪਰਿਵਾਰ ਦੀ ਮਨਸ਼ਾ ਸਿੱਖਾਂ ਦੀ ਵਿਲੱਖਣ ਪਛਾਣ ਤੇ ਹਸਤੀ ਨੂੰ ਹਿੰਦੂਆਂ ਵਿੱਚ ਰਲਗੱਡ ਕਰਨਾ ਤੇ ਸਿੱਖਾਂ ਅੰਦਰ ਘੁਸਪੈਠ ਕਰਨਾ ਸੀ। ਸੰਘ ਦੇ ਸਿੱਖ-ਵਿਰੋਧੀ ਏਜੰਡੇ ਨੂੰ ਸਮਝਦਿਆਂ ਹੋਇਆਂ ਅਕਾਲ ਤਖ਼ਤ  ਤੋਂ 2004 ਵਿੱਚ ਰਾਸ਼ਟਰੀ ਸਿੱਖ ਸੰਗਤ ਦੇ ਬਾਈਕਾਟ ਦੇ ਸਪਸ਼ਟ ਆਦੇਸ਼ ਹਨ । ਇਸ ਦੇ ਬਾਵਜੂਦ ਸੰਘੀਆਂ ਵੱਲੋਂ ਸੱਦਾ ਪੱਤਰ ਤਖ਼ਤ ਸਾਹਿਬ ਦੇ ਸਕੱਤਰੇਤ ਪਹੁੰਚਾਇਆ ਗਿਆ । 

ਦਲ ਖਾਲਸਾ ਨੇ ਕਿਹਾ ਕਿ ਸਿੱਖ ਧਰਮ ਇਸ ਖ਼ਿੱਤੇ ਦੇ ਮਾਨਤਾ-ਪ੍ਰਾਪਤ ਤੀਜਾ ਪ੍ਰਮੁੱਖ ਧਰਮ ਹੈ ਅਤੇ ਸਿੱਖਾਂ ਵੱਲੋਂ ਮੁਸਲਿਮ ਧਰਮ ਦੀਆਂ ਧਾਰਮਿਕ ਭਾਵਨਾਵਾਂ ਨੂੰ ਵਲੂੰਧਰ ਕੇ ਹਿੰਦੂ ਧਰਮ ਦੀਆਂ ਖੁਸ਼ੀਆਂ ਵਿੱਚ ਸ਼ਾਮਿਲ ਹੋਣਾ ਘਾਤਕ ਹੀ ਨਹੀਂ ਗ਼ੈਰ-ਸਿਧਾਂਤਿਕ ਵੀ ਹੈ। ਬਾਬਰੀ ਮਸਜਿਦ ਨੂੰ ਤਹਿਸ ਨਹਿਸ ਕਰਕੇ ਰਾਮ ਮੰਦਿਰ ਦਾ ਨਿਰਮਾਣ ਕੀਤਾ ਗਿਆ ਹੈ। ਦੋਨਾਂ ਧਰਮਾਂ ਲਈ ਰਿਸ਼ਤਾ ਬਰਾਬਰਤਾ ਦੇ ਆਧਾਰ ‘ਤੇ ਰੱਖਣਾ ਅਤੇ ਨਿਭਾਉਣਾ ਹੀ ਸਿੱਖਾਂ ਦੇ ਕੌਮੀ ਹਿਤ ਵਿੱਚ ਹੈ। ਸਿੱਖ ਲਈ ਦੋਨਾਂ ਧਰਮਾਂ ਵਿਚਾਲੇ ਵਿਵਾਦ ਅਤੇ ਝਗੜੇ ਵਿੱਚ ਧਿਰ ਨਾ ਬਣਨਾ ਹੀ ਸਾਡੇ ਪੰਥਕ ਹਿੱਤ ਵਿੱਚ ਹੈ।

1947 ਦੀ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਮੁਸਲਮਾਨ ਵੀ ਸਿੱਖਾਂ ਵਾਂਗ ਭਾਰਤ ਅੰਦਰ ਘੱਟ-ਗਿਣਤੀ ਕੌਮਾਂ ਵਿੱਚ ਸ਼ੁਮਾਰ ਹੁੰਦੇ ਹਨ। ਸਾਡੇ ਵਾਂਗ ਹੀ ਉਹ ਪਿਛਲੇ 75 ਸਾਲਾਂ ਤੋਂ ਤਮਾਮ ਸਰਕਾਰਾਂ ਅਤੇ ਬਹੁ-ਗਿਣਤੀ ਦੇ ਜਬਰ-ਜ਼ੁਲਮਾਂ ਦੇ ਸ਼ਿਕਾਰ ਬਣੇ ਹੋਏ ਹਨ। ਇੱਕ ਘੱਟ-ਗਿਣਤੀ ਨੂੰ ਦੂਜੀ ਘੱਟ-ਗਿਣਤੀ ਦੇ ਦੁੱਖ-ਦਰਦ ਤੇ ਤਕਲੀਫ ਵਿੱਚ ਸਾਂਝ ਪਾਉਣੀ ਚਾਹੀਦੀ ਨਾ ਕਿ ਉਸ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣਾ ਚਾਹੀਦਾ ਹੈ ਅਤੇ ਸਿੱਖ ਦਾ ਅਯੁੱਧਿਆ ਦੇ ਸਮਾਰੋਹ ਵਿੱਚ ਸ਼ਮੂਲੀਅਤ ਕਰਨਾ, ਮੁਸਲਿਮ ਅਵਾਮ ਦੇ ਜ਼ਖ਼ਮਾਂ ‘ਤੇ ਲੂਣ ਛਿੜਕਣਾ ਹੋਵੇਗਾ।

ਦਲ ਖਾਲਸਾ ਨੇ ਆਗੂ ਕੰਵਰਪਾਲ ਨੇ ਕਿਹਾ ਸਭ ਜਾਣਦੇ ਹਨ ਕਿ ਰਾਮ ਮੰਦਿਰ ਦੇ ਹੱਕ ਵਿੱਚ ਅਦਾਲਤ ਦਾ ਇਕਪਾਸੜ ਫੈਸਲਾ ਰਾਜਨੀਤੀ ਤੋ ਪ੍ਰੇਰਿਤ ਸੀ। ਇੱਥੋਂ ਤੱਕ ਕਿ ਸੁਪਰੀਮ ਕੋਰਟ ਦੇ ਜਿਸ ਚੀਫ ਜਸਟਿਸ ਦੀ ਅਗਵਾਈ ਵਿੱਚ ਇਹ ਪੱਖਪਾਤੀ ਫੈਸਲਾ ਨਵੰਬਰ 2019 ਵਿੱਚ ਸੁਣਾਇਆ ਗਿਆ ਉਸ ਨੂੰ ਰਿਟਾਇਮੈਟ ਦੇ ਚਾਰ ਮਹੀਨਿਆਂ ਅੰਦਰ ਸੱਤਾਧਾਰੀ ਧਿਰ ਵੱਲੋਂ ਰਾਜ ਸਭਾ ਦੀ ਮੈਂਬਰੀ ਤੋਹਫੇ ਵਜੋਂ ਦਿੱਤੀ ਗਈ।

ਮੰਦਿਰ ਦੇ ਸੰਪੂਰਨਤਾ ਸਮਾਰੋਹ ਨੂੰ ਹਿੰਦੂਤਵੀ ਤਾਕਤਾਂ ਆਪਣੇ ਹਿੰਦੂ ਧਰਮ ਦੀ ਇਤਿਹਾਸਕ ਜਿੱਤ ਦੇ ਜਸ਼ਨਾਂ ਵਾਂਗ ਮਨਾਉਣ ਦੀ ਤਿਆਰੀ ਵਿਚ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਇਹ ਬਿਆਨ ਕਿ ਭਾਰਤੀ ਲੋਕ 22 ਜਨਵਰੀ ਨੂੰ ਦਿਵਾਲੀ ਦੇ ਰੂਪ ਵਿੱਚ ਮਨਾਉਣ ਇਸ ਦਾ ਪ੍ਰਤੱਖ ਸਬੂਤ ਹੈ। ‘ਰਾਮ ਰਾਜ’ ਸਥਾਪਿਤ ਕਰਨ ਦੇ ਨਾਹਰੇ ਹੇਠ ਇਸ ਮੁਲਕ ਦੇ ਹੁਕਮਰਾਨ ਪੂਰੇ ਦੇਸ਼ ਦੇ ਵੋਟਰਾਂ ਦਾ ਧਰੁਵੀਕਰਨ ਕਰਨ ਜਾ ਰਹੇ ਹਨ। ਮੌਜੂਦਾ ਸਮੇਂ ਅੰਦਰ ਰਾਮ ਰਾਜ ਸਥਾਪਿਤ ਕਰਨ ਦੇ ਅਰਥ ਹਿੰਦੂ ਰਾਸ਼ਟਰ ਦਾ ਨਿਰਮਾਣ ਹਨ। 22 ਜਨਵਰੀ ਨੂੰ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਏ ਜਾਣਗੇ ਅਤੇ ਹਾਸ਼ੀਏ ਦੇ ਧੱਕੀਆਂ ਜਾਣਗੀਆਂ ਇਸ ਮੁਲਕ ਅੰਦਰ ਪਿਸ ਰਹੀਆਂ ਘੱਟ-ਗਿਣਤੀ ਧਾਰਮਿਕ ਤੇ ਨਸਲੀ ਕੌਮਾਂ।

ਦਲ ਖਾਲਸਾ ਨੇ ਕਿਹਾ ਕਿ ਬੀਜੇਪੀ ਅਤੇ ਰਾਸ਼ਟਰੀ ਸਿੱਖ ਸੰਗਤ, ਸਿੱਖਾਂ ਨੂੰ 22 ਜਨਵਰੀ ਨੂੰ ਗੁਰੂ ਘਰਾਂ ਵਿੱਚ ਦੀਪਮਾਲਾ ਕਰਨ ਲਈ ਪ੍ਰੇਰਿਤ ਕਰ ਰਹੇ ਹਨ। ਪੰਜਾਬ ਤੋਂ ਬਾਹਰਲੇ 2 ਤਖਤਾਂ ਦੇ ਜਥੇਦਾਰ, ਉਥੇ ਦੀਆਂ ਪ੍ਰਬੰਧਕ ਕਮੇਟੀਆਂ, ਦਿੱਲੀ ਗੁਰਦੁਆਰਾ ਕਮੇਟੀ, ਹਰਿਆਣਾ ਗੁਰਦੁਆਰਾ ਕਮੇਟੀ- ਇਹਨਾਂ ‘ਤੇ ਹਕੂਮਤੀ ਕੰਟਰੋਲ ਕਾਇਮ ਹੋ ਚੁੱਕਾ ਹੈ। ਇਹਨਾਂ ਲਈ ਪੰਥ ਅੱਵਲ ਨਹੀ, ਅਕਾਲ ਤਖ਼ਤ ਸਾਹਿਬ ਦੀ ਸਰਬ-ਉੱਚਤਾ ਨੂੰ ਇਹ ਲੋਕ ਮੂੰਹ-ਜ਼ੁਬਾਨੀ ਹੀ ਮੰਨਦੇ ਹਨ, ਅਮਲਾਂ ਵਿੱਚ ਇਹ ਸੁਆਰਥਾਂ ਲਈ ਦਿੱਲੀ ਤਖ਼ਤ ਦੇ ਨੇੜੇ ਰਹਿਣਾ ਚਾਹੁੰਦੇ ਹਨ। ਇਹਨਾਂ ਨੂੰ ਕੁਰਾਹੇ ਪੈਣ ਤੋਂ ਬਾਰ-ਬਾਰ ਰੋਕਣਾ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਹੈ। ਇਸੇ ਤਰਾਂ ਲੰਮਾ ਸਮਾਂ ਭਾਜਪਾ ਨਾਲ ਰਾਜਸੀ ਸਾਂਝ-ਭਿਆਲੀ ਰੱਖਣ ਵਾਲੇ ਬਾਦਲ ਪਰਿਵਾਰ ਦੀ ਅਗਵਾਈ ਵਾਲੇ ਅਕਾਲੀ ਦਲ ਨੂੰ ਵੀ ਇਸ ਮੌਕੇ ਤਿਲਕਣ ਤੋਂ ਬਚਾਉਣਾ ਜ਼ਰੂਰੀ ਹੈ ਕਿਉਂਕਿ ਇਸ ਅਕਾਲੀ ਦਲ ਦੇ ਹੱਥਾਂ ਵਿੱਚ ਸਿੱਖਾਂ ਦੀ ਪ੍ਰਮੁਖ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧਾਂ ਦਾ ਕੰਟਰੋਲ ਹੈ।ਪੰਥ ਅੰਦਰ ਅਜਿਹੀ ਖਿੰਡਾਉ ਅਤੇ ਤਿਲਕਣਬਾਜ਼ੀ ਦੀ ਸਥਿਤੀ ਵਿੱਚ ਅਕਾਲ ਤਖ਼ਤ ਸਾਹਿਬ ਦਾ ਆਦੇਸ਼/ਸੰਦੇਸ਼ ਤੇ ਗੁਰਮਤਾ ਬੇਹੱਦ ਜ਼ਰੂਰੀ ਹੈ। ਜੋ ਇੱਕ ਵਾਰ ਫਿਰ ਸਿੱਖ ਸਿਧਾਤਾਂ, ਪ੍ਰੰਪਰਾਵਾਂ ਅਤੇ ਸਿੱਖ ਧਰਮ ਦੀ ਪੁਜ਼ੀਸ਼ਨ ਨੂੰ ਸਪਸ਼ਟ ਬਿਆਨ ਕਰਦਾ ਹੋਵੇ।

ਰਾਮ ਮੰਦਰ ਦੇ ਸਥਾਪਨਾ ਸਮਾਗਮ ਵਿੱਚ ਸ਼ਾਮਲ ਹੋਣ ਲਈ ਪੰਜ ਤਖ਼ਤਾਂ ਦੇ ਜਥੇਦਾਰਾਂ ਅਤੇ ਹੋਰ ਸਿੱਖ ਆਗੂਆਂ ਨੂੰ ਦਿੱਤੇ ਗਏ ਸੱਦਾ ਪੱਤਰ ਬਾਰੇ ਗੱਲ ਕਰਦਿਆਂ ਹਵਾਰਾ ਕਮੇਟੀ ਦੇ ਆਗੂਆਂ ਪ੍ਰੋਫੈਸਰ ਬਲਜਿੰਦਰ ਸਿੰਘ, ਐਡਵੋਕੇਟ ਅਮਰ ਸਿੰਘ ਚਾਹਲ, ਬਾਪੂ ਗੁਰਚਰਨ ਸਿੰਘ, ਬਲਦੇਵ ਸਿੰਘ ਨਵਾਂ ਪਿੰਡ, ਮਹਾਂਵੀਰ ਸਿੰਘ ਸੁਲਤਾਨਵਿੰਡ ਆਦਿ ਨੇ ਆਖਿਆ ਕਿ ਅਯੁੱਧਿਆ ਵਿੱਚ ਬਣੇ ਰਾਮ ਮੰਦਰ ’ਚ 22 ਜਨਵਰੀ ਨੂੰ ਮੂਰਤੀ ਸਥਾਪਨਾ ਪ੍ਰੋਗਰਾਮ ਕੀਤਾ ਜਾ ਰਿਹਾ ਹੈ। ਇਹ ਸਮਾਗਮ ਦੀ ਕਮਾਂਡ ਆਰਐੱਸਐੱਸ ਅਤੇ ਭਾਜਪਾ ਦੇ ਹੱਥਾਂ ਵਿੱਚ ਹੈ, ਜਿਨ੍ਹਾਂ ਦਾ ਮੁੱਖ ਮੰਤਵ ਆ ਰਹੀਆਂ ਲੋਕ ਸਭਾ ਚੋਣਾਂ ਦੌਰਾਨ ਵੋਟਾਂ ਦਾ ਧਰੁਵੀਕਰਨ ਕਰਨਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਸਮਾਗਮ ਹੋਣ ਕਾਰਨ ਤਖ਼ਤਾਂ ਦੇ ਜਥੇਦਾਰਾਂ ਨੂੰ ਵੀ ਪੰਥਕ ਹਿੱਤਾਂ ਦੀ ਰਾਖੀ ਕਰਦੇ ਹੋਏ ਇਸ ਉਦਘਾਟਨ ਸਮਾਗਮ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ।

ਦੂਜੇ ਪਾਸੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਹੈ ਕਿ ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਦੇ ਧਿਆਨ ਵਿੱਚ ਆਇਆ ਹੈ ਕਿ ਸੋਸ਼ਲ ਮੀਡੀਆ ’ਤੇ ਕੁਝ ਲੋਕ ਸ੍ਰੀ ਅਕਾਲ ਤਖ਼ਤ ਦੇ ਹਵਾਲੇ ਨਾਲ ਰਾਮ ਮੰਦਰ ਉਦਘਾਟਨ ਮੁੱਦੇ ’ਤੇ ਵੱਖ-ਵੱਖ ਤਰ੍ਹਾਂ ਦਾ ਗੁੰਮਰਾਹਕੁਨ ਪ੍ਰਚਾਰ ਕਰ ਰਹੇ ਹਨ। ਇਸ ਤਰ੍ਹਾਂ ਦੀਆਂ ਅਫ਼ਵਾਹਾਂ ਦਾ ਮੰਤਵ ਪੰਥ ਵਿੱਚ ਦੁਬਿਧਾ ਪੈਦਾ ਕਰਨਾ ਹੈ। ਉਨ੍ਹਾਂ ਨੇ ਸੰਗਤ ਨੂੰ ਅਜਿਹੇ ਪ੍ਰਚਾਰ ਤੋਂ ਸੁਚੇਤ ਰਹਿਣ ਲਈ ਕਿਹਾ।