ਕਾਂਗਰਸ ਉੱਤਰ ਪ੍ਰਦੇਸ਼ ’ਚ ਸਾਰੀਆਂ ਹਮਖ਼ਿਆਲ ਪਾਰਟੀਆਂ ਨੂੰ ਇਕੱਠਾ ਕਰਨ ਵਿਚ ਨਾਕਾਮ ਰਹੀ
‘ਇੰਡੀਆ’ ਗੱਠਜੋੜ ਦੀਆਂ ਆਸਾਂ ਟੁੱਟੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਨਵੀਂ ਦਿੱਲੀ: ਬਸਪਾ ਸੁਪਰੀਮੋ ਮਾਇਆਵਤੀ ਵੱਲੋਂ ਲੋਕ ਸਭਾ ਚੋਣਾਂ ਇਕੱਲਿਆਂ ਲੜਨ ਦੇ ਐਲਾਨ ਨਾਲ ਵਿਰੋਧੀ ਧਿਰਾਂ ਦੇ ਗੱਠਜੋੜ ‘ਇੰਡੀਆ’ ਅਤੇ ਕਾਂਗਰਸ ਨੂੰ ਝਟਕਾ ਲੱਗਾ ਹੈ ਜੋ ਉਸ ਨੂੰ ਆਪਣੇ ਨਾਲ ਰਲਾਉਣਾ ਚਾਹੁੰਦੇ ਸਨ। ਹੁਣ ਸਾਰੀਆਂ ਗ਼ੈਰ-ਭਾਜਪਾਈ ਤਾਕਤਾਂ ਦੀਆਂ ਉਮੀਦਾਂ ’ਤੇ ਪਾਣੀ ਪੈ ਗਿਆ ਹੈ ਜੋ ਭਾਜਪਾ ਖ਼ਿਲਾਫ਼ ਮਜ਼ਬੂਤ ਵਿਰੋਧੀ ਧਿਰ ਖੜ੍ਹਾ ਕਰਨਾ ਚਾਹੁੰਦੀਆਂ ਸਨ। ਬਸਪਾ ਦੇ ਗੱਠਜੋੜ ’ਚ ਬਾਹਰ ਰਹਿਣ ਨਾਲ ਅਹਿਮ ਸੂਬੇ ਉੱਤਰ ਪ੍ਰਦੇਸ਼ ਵਿਚ ਤੀਜੀ ਤਾਕਤ ਦੇ ਉਭਰਨ ਦਾ ਰਾਹ ਪੱਧਰਾ ਹੋ ਗਿਆ ਹੈ। ਇਹ ਵੀ ਸਾਬਿਤ ਹੋ ਗਿਆ ਹੈ ਕਿ ਕਾਂਗਰਸ ਉੱਤਰ ਪ੍ਰਦੇਸ਼ ’ਚ ਸਾਰੀਆਂ ਧਰਮਨਿਰਪੱਖ ਹਮਖ਼ਿਆਲ ਪਾਰਟੀਆਂ ਨੂੰ ਇਕੱਠਾ ਕਰਨ ਵਿਚ ਨਾਕਾਮ ਰਹੀ ਹੈ। ਆਂਧਰਾ ਪ੍ਰਦੇਸ਼ ’ਚ ਵਾਈਐੱਸਆਰ ਕਾਂਗਰਸ ਪਾਰਟੀ, ਤਿਲੰਗਾਨਾ ’ਚ ਭਾਰਤ ਰਾਸ਼ਟਰ ਸਮਿਤੀ ਅਤੇ ਉੜੀਸਾ ’ਚ ਬੀਜੂ ਜਨਤਾ ਦਲ ਨੇ ਪਹਿਲਾਂ ਹੀ ਵੱਖਰੇ ਤੌਰ ’ਤੇ ਚੋਣਾਂ ਲੜਨ ਦਾ ਐਲਾਨ ਕੀਤਾ ਹੋਇਆ ਹੈ ਜਦਕਿ ਕਰਨਾਟਕ ’ਚ ਜੇਡੀਐੱਸ ਨੇ ਭਾਜਪਾ ਨਾਲ ਰਲ ਕੇ ਲੋਕ ਸਭਾ ਚੋਣਾਂ ਲੜਨ ਦਾ ਫ਼ੈਸਲਾ ਲਿਆ ਹੈ।
Comments (0)