ਦੂਜਿਆਂ ਦੀਆਂ ਧੀਆਂ, ਬੀਬੀਆਂ ਬਚਾਉਣ ਵਾਲੇ ਸਿੱਖਾਂ ਦੀਆਂ ਆਪਣੀਆਂ ਧੀਆਂ ਸੁਰੱਖਿਅਤ ਨਹੀਂ: ਭਾਈ ਪੰਮਾ, ਜੀਤਾ ਅਤੇ ਸੇਵਾ ਸਿੰਘ 

ਦੂਜਿਆਂ ਦੀਆਂ ਧੀਆਂ, ਬੀਬੀਆਂ ਬਚਾਉਣ ਵਾਲੇ ਸਿੱਖਾਂ ਦੀਆਂ ਆਪਣੀਆਂ ਧੀਆਂ ਸੁਰੱਖਿਅਤ ਨਹੀਂ: ਭਾਈ ਪੰਮਾ, ਜੀਤਾ ਅਤੇ ਸੇਵਾ ਸਿੰਘ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ (ਮਨਪ੍ਰੀਤ ਸਿੰਘ ਖਾਲਸਾ):-ਦਿੱਲੀ ਦੇ ਸ਼ਹਾਦਰਾ ਇਲਾਕੇ ਵਿਚ ਇਕ ਸਿੱਖ ਬੀਬੀ ਨਾਲ ਕੀਤੀ ਗਈ ਵਹਿਸ਼ੀਅਤ ਭਰੀ ਦਰਿੰਦਗੀ ਨਾਲ ਸੰਸਾਰ ਭਰ ਦੇ ਸਿੱਖਾਂ ਵਿਚ ਰੋਸ ਦੀ ਲਹਿਰ ਹੈ । ਭਾਈ ਪਰਮਜੀਤ ਸਿੰਘ ਪੰਮਾ, ਭਾਈ ਦੁਪਿੰਦਰਜੀਤ ਸਿੰਘ, ਭਾਈ ਜੀਤਾ ਸਿੰਘ, ਭਾਈ ਗੁਰਦੀਪ ਸਿੰਘ ਦੀਪਾ ਅਤੇ ਭਾਈ ਸੇਵਾ ਸਿੰਘ ਲੰਬੜ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਾਮਲਾ ਹੈ ਜਿਸ ਲਈ ਸਮੂਹ ਸਿੱਖ ਸੰਸਥਾਵਾਂ ਦੇ ਨਾਲ ਨਾਲ ਸੰਸਾਰ ਭਰ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਦੇ ਨਾਲ ਹਰ ਧਰਮ ਦੇ ਲੋਕਾਂ ਨੂੰ ਇਕੱਠੇਆਂ ਹੋ ਕੇ ਇਸ ਦਾ ਵਿਰੋਧ ਕਰਣ ਦੇ ਨਾਲ ਦੋਸ਼ੀਆ ਨੂੰ ਸਖ਼ਤ ਸਜ਼ਾਵਾਂ ਮਿਲਣ, ਨੂੰ ਯਕੀਨੀ ਬਣਾਉਣ ਲਈ ਮਾਮਲੇ ਵਿਚ ਚੰਗੇ ਵਕੀਲ ਖੜੇ ਕਰਨੇ ਚਾਹੀਦੇ ਹਨ । ਉਨ੍ਹਾਂ ਕਿਹਾ ਕਿ ਮਾਮਲੇ ਦੀਆਂ ਵਾਇਰਲ ਹੋਈ ਵੀਡੀਓ ਦੇਖ ਕੇ ਅਸੀ ਹੈਰਾਨ ਰਹਿ ਗਏ ਕਿ ਕੋਈ ਇਤਨੀ ਨੀਚਤਾ ਤੇ ਵੀ ਉਤਰ ਸਕਦਾ ਹੈ.? ਉਨ੍ਹਾਂ ਕਿਹਾ ਵੀਡੀਓ ਦੇਖਣ ਤੇ ਪਤਾ ਚਲਦਾ ਹੈ ਕਿ ਆਂਢ-ਗੁਆਂਢ ਦੇ ਕੁਝ ਲੋਕਾਂ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ, ਜਦੋਂ ਕਿ ਕੁਝ ਆਪਣੀ ਛੱਤ ਤੋਂ ਚੁੱਪਚਾਪ ਦੇਖਦੇ ਰਹੇ। ਹੱਸਦੀ ਤੇ ਤਾੜੀਆਂ ਮਾਰਦੀ ਭੀੜ ਦੋਸ਼ੀਆਂ ਦੇ ਪਿੱਛੇ-ਪਿੱਛੇ ਚਲ ਰਹੀ ਸੀ ਜਿਨ੍ਹਾਂ ਵਿਚ ਲਗਭਗ ਸਾਰੀਆਂ ਔਰਤਾਂ ਹੀ ਸਨ ਤੇ ਇਹ ਔਰਤਾਂ ਪੀੜਤਾ ਦੀ ਕੁੱਟਮਾਰ ਕਰ ਰਹੀਆਂ ਸਨ ਤੇ ਇਸ ਨਾਲ ਇਹ ਸਮਝ ਪੈਂਦੀ ਹੈ ਕਿ ਕਿ ਇਹ ਮਸਲਾ ਕੇਵਲ ਕਾਨੂੰਨ ਦੇ ਨਾਲ ਸੰਬੰਧਿਤ ਨਹੀਂ ਬਲਕਿ ਹਿੰਦੁਸਤਾਨ ਵਿਚ ਵੱਸਦੇ ਜ਼ਹਿਰੀਲੀ ਮਾਨਸਿਕਤਾ ਦੇ ਲੋਕਾਂ ਦਾ ਵੀ ਹੈ ਜੋ ਘੱਟ ਗਿਣਤੀ ਦੀ ਔਰਤਾਂ ਨਾਲ ਜਾਨਵਰ ਤੋਂ ਵੀ ਮਾੜਾ ਸਲੂਕ ਕਰਦੇ ਹਨ । ਰਾਜਧਾਨੀ ਦੀ ਇਸ ਘਟਨਾ ਨੇ ਸਿੱਖ ਲੜਕੀਆਂ ਸਮੇਤ ਸਾਰੇ ਧਰਮਾਂ ਦੀ ਲੜਕੀਆਂ ਵਿੱਚ ਅਸੁਰੱਖਿਆ ਦਾ ਡਰ ਪੈਦਾ ਕੀਤਾ ਹੈ ਕਿਉਂਕਿ ਜਿਸ ਵਕਤ ਇਹ ਭਾਣਾ ਵਾਪਰ ਰਿਹਾ ਸੀ ਦੋਸ਼ੀਆ ਵਲੋਂ ਸਰੇਆਮ ਕਿਸੇ ਨੂੰ ਵੀ ਨਾ ਬੋਲਣ ਲਈ ਧਮਕੀਆਂ ਦਿਤੀਆਂ ਜਾ ਰਹੀਆਂ ਸਨ ਤੇ ਓਸ ਇਲਾਕੇ ਵਿਚ ਓਹ ਹਰ ਗੈਰਕਾਨੂੰਨੀ ਕੰਮ ਕਰਣ ਕਰਕੇ ਬਹੁਤ ਵੱਡੇ ਦਬੰਗ ਬਣ ਗਏ ਸਨ ਜਿਨ੍ਹਾਂ ਨਾਲ ਕੋਈ ਵੀ ਉਲਝਣਾਂ ਨਹੀ ਚਾਹੁੰਦਾ ਸੀ । ਉਨ੍ਹਾਂ ਕਿਹਾ ਕਿ ਇਸ ਦੁਖਦਾਇਕ ਸਮੇਂ ਵਿਚ ਅਸੀ ਪਰਿਵਾਰ ਦੇ ਨਾਲ ਖੜੇ ਹਾਂ ਤੇ ਪਰਿਵਾਰ ਦੀ ਜਿਤਨੀ ਹੋ ਸਕੇਗੀ ਵੱਧ ਤੋਂ ਵੱਧ ਮਦਦ ਕਰਾਂਗੇ ।

ਜਿਕਰਯੋਗ ਹੈ ਕਿ 26 ਜਨਵਰੀ ਨੂੰ ਗਣਤੰਤਰ ਦਿਵਸ ਮੌਕੇ ਇਕ ਲੜਕੀ ਨਾਲ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਵਾਕਿਆਤ ਹੋਈ ਸੀ। ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਦੀ ਵੀਡੀਓ ਵੀ ਦੋਸ਼ੀਆ ਵਲੋਂ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ । ਵੀਡੀਓ 'ਚ ਦੇਖਿਆ ਜਾ ਰਿਹਾ ਸੀ ਕਿ ਲੜਕੀ ਨੂੰ ਲੋਕਾਂ 'ਚ ਜ਼ਲੀਲ ਕੀਤਾ ਜਾ ਰਿਹਾ ਹੈ। ਉਸ ਨੂੰ ਮਾਰਿਆ-ਕੁੱਟਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਲੜਕੀ ਨੂੰ ਗੰਜਾ ਬਣਾ ਕੇ ਉਸ ਦਾ ਮੂੰਹ ਕਾਲਾ ਕਰਕੇ ਚੱਪਲਾਂ ਦੀ ਮਾਲਾ ਪਾ ਕੇ ਪੂਰੇ ਬਾਜ਼ਾਰ ਵਿਚ ਘੁੰਮਾਇਆ ਗਿਆ ਸੀ ।