ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਦਫਤਰ ਨੂੰ ਆਜ਼ਾਦ ਕਰਵਾ ਕੇ ਅਵਤਾਰ ਸਿੰਘ ਹਿੱਤ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ

 ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਇਕਾਈ ਦੇ ਦਫਤਰ ਨੂੰ ਆਜ਼ਾਦ ਕਰਵਾ ਕੇ ਅਵਤਾਰ ਸਿੰਘ ਹਿੱਤ ਵਲੋਂ ਸ਼੍ਰੀ ਅਖੰਡ ਪਾਠ ਸਾਹਿਬ ਰਖਵਾਏ ਗਏ

 ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 18 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹਿੱਤ ਅੱਜ ਪਾਰਟੀ ਵਰਕਰਾਂ ਅਤੇ ਦਿੱਲੀ ਦੀ ਸੰਗਤ ਨਾਲ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਪੁੱਜੇ ਅਤੇ ਦਫ਼ਤਰ ਕੰਪਲੈਕਸ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ।  ਇਸ ਮੌਕੇ ਮੈਂਬਰ ਬੀਬੀ ਰਣਜੀਤ ਕੌਰ ਅਤੇ ਸੁਖਵਿੰਦਰ ਸਿੰਘ ਬੱਬਰ ਵੀ ਹਾਜ਼ਰ ਸਨ।

ਇਥੇ ਜਾਣਕਾਰੀ ਦਿੰਦਿਆਂ ਜਥੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ ਅਤੇ 1920 ਵਿਚ ਅਨੇਕਾਂ ਸ਼ਹਾਦਤਾਂ ਮਗਰੋਂ ਪਾਰਟੀ ਦਾ ਵਿਸਥਾਰ ਹੋਇਆ ਸੀ, ਉਸ ਪਾਰਟੀ ਦੇ ਪ੍ਰਧਾਨ ਸਮੇਂ-ਸਮੇਂ 'ਤੇ ਬਦਲਦੇ ਰਹੇ ਅਤੇ ਮੌਜੂਦਾ ਸਮੇਂ ਵਿਚ ਸ.  ਸੁਖਬੀਰ ਸਿੰਘ ਬਾਦਲ ਕੋਲ ਪਾਰਟੀ ਦੀ ਕਮਾਨ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 1999 ਵਿਚ ਗੁਰਦੁਆਰਾ ਰਕਾਬ ਗੰਜ ਸਾਹਿਬ ਕੰਪਲੈਕਸ ਵਿਚ ਹੋਏ ਇਕ ਸਮਝੌਤੇ ਤਹਿਤ ਸ਼੍ਰੋਮਣੀ ਅਕਾਲੀ ਦਲ ਜਿਸ ਦੇ ਪ੍ਰਧਾਨ ਜਥੇਦਾਰ ਹਿੱਤ ਸਨ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਜਿਸ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਸਨ, ਦੋਵਾਂ ਨੂੰ ਪਾਰਟੀ ਦੀਆਂ ਧਾਰਮਿਕ ਗਤੀਵਿਧੀਆਂ ਲਈ ਆਫਿਸ ਅਲਾਟ ਕੀਤੇ ਗਏ ਸਨ ਅਤੇ ਇਹ ਸਮਝੌਤਾ ਪ੍ਰਸ਼ਾਸਨ ਦੀ ਮੌਜੂਦਗੀ ਵਿੱਚ ਹੋਇਆ ਸੀ, ਪਰ ਪਿਛਲੇ ਦਿਨੀਂ ਸ. ਹਰਮੀਤ ਸਿੰਘ ਕਾਲਕਾ ਵੱਲੋਂ ਨਵੀਂ ਪਾਰਟੀ ਬਣਾਈ ਗਈ ਅਤੇ ਗਿਣੀ ਮਿੱਥੀ ਸਮਝੀ ਸਾਜ਼ਿਸ਼ ਦੇ ਤਹਿਤ ਪਾਰਟੀ ਦਫ਼ਤਰ 'ਤੇ ਜਬਰੀ ਕਬਜ਼ਾ ਕੀਤਾ ਗਿਆ ਸੀ, ਜਿਸ ਨੂੰ ਅੱਜ ਆਜ਼ਾਦ ਕਰਵਾ ਕੇ ਸ਼੍ਰੋਮਣੀ ਅਕਾਲੀ ਦਲ ਨੇ ਦਫ਼ਤਰ ਵਿਚ ਵਾਪਸੀ ਕੀਤੀ ਅਤੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਗਏ, ਜਿਸ ਦੀ ਸਮਾਪਤੀ ਬੁੱਧਵਾਰ ਨੂੰ ਹੋਵੇਗੀ। ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਪਾਰਟੀ ਦੀ ਅਜਿਹੀ ਹਾਲਤ ਹੋਈ ਸੀ, ਜਦੋਂ ਹਰ ਕੋਈ ਪਾਰਟੀ ਛੱਡ ਕੇ ਚਲਾ ਗਿਆ ਸੀ, ਉਸ ਸਮੇਂ ਵੀ ਉਨ੍ਹਾਂ ਇਕੱਲੇ ਹੀ ਆਪਣੇ ਦਮ 'ਤੇ ਪਾਰਟੀ ਦੀ ਮੁੜ ਸਥਾਪਨਾ ਕੀਤੀ ਅਤੇ ਪਾਰਟੀ ਨੇ ਦਿੱਲੀ ਕਮੇਟੀ ਦੀਆਂ ਚੋਣਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ। ਇਸ ਵਾਰ ਵੀ ਕੁਝ ਪੰਥਕ ਗੱਦਾਰਾਂ ਨੇ ਪਾਰਟੀ ਨੂੰ ਖਤਮ ਕਰਨ ਲਈ ਮੁਹਿੰਮ ਚਲਾ ਕੇ ਪਾਰਟੀ ਦਾ ਇਹ ਹਸ਼ਰ ਕੀਤਾ ।  ਪਾਰਟੀ ਦੀ ਟਿਕਟ 'ਤੇ ਜਿੱਤਣ ਵਾਲੇ ਸਾਰੇ ਮੈਂਬਰ ਪੰਥ ਅਤੇ ਕੌਮ ਨੂੰ ਧੋਖਾ ਦੇ ਕੇ ਹਰਮੀਤ ਸਿੰਘ ਕਾਲਕਾ ਵੱਲੋਂ ਬਣਾਈ ਗਈ ਨਵੀਂ ਪਾਰਟੀ 'ਚ ਸ਼ਾਮਿਲ ਹੋ ਗਏ  ਪਰ ਉਹ ਸ਼ਾਇਦ ਇਹ ਭੁੱਲ ਗਏ ਹਨ ਕਿ ਸ਼੍ਰੋਮਣੀ ਅਕਾਲੀ ਦਲ ਸ਼ਹੀਦਾਂ ਦੀ ਜੱਥੇਬੰਦੀ ਹੈ, ਜੋ ਕਦੇ ਖਤਮ ਨਹੀਂ ਹੋ ਸਕਦੀ ਅਤੇ ਇਸ ਨੂੰ ਖਤਮ ਕਰਨ ਦਾ ਸੁਪਨਾ ਦੇਖਣ ਵਾਲਿਆਂ ਦਾ ਨਾਸ਼ ਹੋ ਸਕਦਾ ਹੈ ਪਰ ਪਾਰਟੀ ਦਾ ਨਹੀਂ।ਜਥੇਦਾਰ ਅਵਤਾਰ ਸਿੰਘ ਹਿੱਤ ਦੇ ਨਾਲ ਬੀਬੀ ਰਣਜੀਤ ਕੌਰ ਦਾ ਵੀ ਵਿਸ਼ੇਸ਼ ਯੋਗਦਾਨ ਰਿਹਾ, ਜਿਨ੍ਹਾਂ ਨੇ ਪਾਰਟੀ ਦੇ ਆਫਿਸ ਨੂੰ ਵਾਪਿਸ ਲੈਣ ਲਈ ਮਹਿਲਾਵਾਂ ਦੀ ਵੱਡੀ ਟੀਮ ਨਾਲ ਸ਼ਿਰਕਤ ਕੀਤੀ।  ਇਸ ਮੌਕੇ ਹੋਰਨਾਂ ਤੋਂ ਇਲਾਵਾ ਅੰਮ੍ਰਿਤ ਸਿੰਘ ਖਾਨਪੁਰੀ, ਅਮਰਜੀਤ ਸਿੰਘ ਗੁੱਲੂ, ਮਨਦੀਪ ਸਿੰਘ ਭਮਰਾ, ਜਗਮੋਹਨ ਸਿੰਘ ਸ਼ੇਸ, ਪਰਮਜੀਤ ਸਿੰਘ ਮਾਨ, ਸੁਰਜੀਤ ਸਿੰਘ ਵਿਲਖੂ, ਬੀਬੀ ਰਵਿੰਦਰ ਕੌਰ ਬੱਤਰਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।