ਭਾਰਤ ਸਾਨੂੰ ਗੱਲਬਾਤ ਲਈ ਸੁਨੇਹੇ ਭੇਜ ਰਿਹਾ, ਪਰ ਕਸ਼ਮੀਰੀਆਂ ਤੋਂ ਬਿਨ੍ਹਾਂ ਕੋਈ ਗੱਲਬਾਤ ਨਹੀਂ ਹੋਵੇਗੀ: ਪਾਕਿਸਤਾਨ

ਭਾਰਤ ਸਾਨੂੰ ਗੱਲਬਾਤ ਲਈ ਸੁਨੇਹੇ ਭੇਜ ਰਿਹਾ, ਪਰ ਕਸ਼ਮੀਰੀਆਂ ਤੋਂ ਬਿਨ੍ਹਾਂ ਕੋਈ ਗੱਲਬਾਤ ਨਹੀਂ ਹੋਵੇਗੀ: ਪਾਕਿਸਤਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਭਾਵੇਂ ਕਿ ਭਾਰਤ ਸਰਕਾਰ ਨੇ 5 ਅਗਸਤ 2019 ਨੂੰ ਜੰਮੂ ਕਸ਼ਮੀਰ ਦਾ ਖਾਸ ਰੁਤਬਾ ਖਤਮ ਕਰਨ ਦਾ ਐਲਾਨ ਕਰਦਿਆਂ ਕਸ਼ਮੀਰੀ ਲੋਕਾਂ ਨੂੰ ਇਕ ਖੁੱਲ੍ਹੀ ਜੇਲ੍ਹ ਦੇ ਕੈਦੀ ਬਣਾ ਦਿੱਤਾ ਹੈ ਪਰ ਹੁਣ ਕਨਸੋਆਂ ਮਿਲ ਰਹੀਆਂ ਹਨ ਕਿ ਭਾਰਤ ਸਰਕਾਰ ਕਸ਼ਮੀਰ ਮਸਲੇ ਦੇ ਹੱਲ ਲਈ ਮੁੜ ਗੱਲਬਾਤ ਦਾ ਦੌਰ ਚਲਾਉਣਾ ਚਾਹੁੰਦੀ ਹੈ। 

ਦੱਸ ਦਈਏ ਕਿ ਪੀਐੱਸਏ ਤਹਿਤ ਗ੍ਰਿਫ਼ਤਾਰ ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੂੰ ਮੰਗਲਵਾਰ ਰਾਤ 14 ਮਹੀਨਿਆਂ ਦੀ ਹਿਰਾਸਤ ਮਗਰੋਂ ਰਿਹਾਅ ਕੀਤਾ ਗਿਆ ਸੀ। ਉਹਨਾਂ ਦੀ ਰਿਹਾਈ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲਾ ਅਤੇ ਉਮਰ ਅਬਦੁੱਲਾ ਉਹਨਾਂ ਨੂੰ ਮਿਲਣ ਲਈ ਗਏ ਸੀ। ਇਹਨਾਂ ਆਗੂਆਂ ਨੇ ਧਾਰਾ 370 ਖਤਮ ਕਰਨ ਦੇ ਭਾਰਤੀ ਫੈਂਸਲੇ ਖਿਲਾਫ ਅਗਲੀ ਰਣਨੀਤੀ ਉਲੀਕਣ ਲਈ ਬੈਠਕ ਦਾ ਐਲਾਨ ਕਰ ਦਿੱਤਾ ਹੈ। ਉਮਰ ਨੇ ਕਿਹਾ ਕਿ ਪੀਡੀਪੀ ਆਗੂ ਮੁਫਤੀ ਨੇ ਗੁਪਕਾਰ ਐਲਾਨਨਾਮੇ ’ਤੇ ਸਹੀ ਪਾਉਣ ਵਾਲੇ ਆਗੂਆਂ ਦੀ ਮੀਟਿੰਗ ’ਚ ਸ਼ਾਮਲ ਹੋਣ ਦੇ ਸੱਦੇ ਨੂੰ ਪ੍ਰਵਾਨ ਕਰ ਲਿਆ ਹੈ।

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਮੋਈਦ ਯੂਸੁਫ ਨੇ ਕਿਹਾ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਨੂੰ ਗੱਲਬਾਤ ਲਈ ਲਗਾਤਾਰ ਸੁਨੇਹੇ ਆ ਰਹੇ ਹਨ। ਯੂਸੁਫ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਤਾਂ ਹੀ ਗੱਲਬਾਤ ਕਰੇਗਾ ਜੇਕਰ ਉਸ ਗੱਲਬਾਤ ਵਿਚ ਕਸ਼ਮੀਰੀਆਂ ਨੂੰ ਸ਼ਾਮਲ ਕੀਤਾ ਜਾਵੇਗਾ।

ਯੂਸੁਫ ਨੇ ਕਿਹਾ ਕਿ ਦੋਵਾਂ ਦੇਸ਼ਾਂ ਨੂੰ ਸਿਆਣਿਆਂ ਵਾਂਗ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਅਤੇ ਇਹ ਗੱਲਬਾਤ ਕਸ਼ਮੀਰ ਅਤੇ ਅੱਤਵਾਦ ਦੇ ਮਸਲੇ 'ਤੇ ਕੇਂਦਰਤ ਹੋਵੇ ਅਤੇ ਪਾਕਿਸਤਾਨ ਇਹਨਾਂ ਦੋਵਾਂ ਮਸਲਿਆਂ 'ਤੇ ਗੱਲਬਾਤ ਕਰਨ ਲਈ ਤਿਆਰ ਹੈ। ਉਹਨਾਂ ਦੋਸ਼ ਲਾਇਆ ਕਿ ਭਾਰਤ ਵੱਲੋਂ ਪਾਕਿਸਤਾਨ ਦੀ ਧਰਤੀ 'ਤੇ ਅੱਤਵਾਦੀ ਹਮਲੇ ਕਰਵਾਏ ਜਾ ਰਹੇ ਹਨ। 

ਪਾਕਿਸਤਾਨ ਦੇ ਸੁਰੱਖਿਆ ਸਲਾਹਕਾਰ ਨੇ ਕਿਹਾ ਕਿ ਪਾਕਿਸਤਾਨ ਕੋਲ ਪੁਖਤਾ ਸਬੂਤ ਮੋਜੂਦ ਹਨ ਜੋ ਸਾਬਤ ਕਰਦੇ ਹਨ ਕਿ 2014 ਵਿਚ ਪੇਸ਼ਾਵਰ ਦੇ ਸਕੂਲ ਵਿਚ ਹੋਏ ਕਤਲੇਆਮ, 2019 ਵਿਚ ਪਾਕਿਸਤਾਨ ਦੇ ਹੋਟਲ ਵਿਚ ਹੋਏ ਹਮਲੇ, 2018 ਵਿਚ ਕਰਾਚੀ ਸਥਿਤ ਚੀਨੀ ਦੂਤਘਰ 'ਤੇ ਹੋਏ ਹਮਲੇ ਪਿੱਛੇ ਭਾਰਤ ਦੀਆਂ ਏਜੰਸੀਆਂ ਦਾ ਹੱਥ ਹੈ। ਉਹਨਾਂ ਦੋਸ਼ ਲਾਇਆ ਕਿ ਪਾਕਿਸਤਾਨ ਦੇ ਕਈ ਤਾਲਿਬਾਨ ਗਰੁੱਪਾਂ ਨੂੰ ਇਕਜੁੱਟ ਕਰਨ ਵਿਚ ਵੀ ਭਾਰਤ ਦਾ ਹੱਥ ਹੈ।

ਯੂਸੁਫ ਨੇ ਕਿਹਾ, "ਕਸ਼ਮੀਰ ਮਸਲੇ ਵਿਚ ਦੋ ਨਹੀਂ ਤਿੰਨ ਧਿਰਾਂ ਹਨ। ਇਕ ਪਾਕਿਸਤਾਨ, ਦੂਜਾ ਭਾਰਤ ਅਤੇ ਸਭ ਤੋਂ ਪ੍ਰਮੁੱਖ ਧਿਰ ਕਸ਼ਮੀਰੀ ਲੋਕ ਹਨ।"

ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਦਰਮਿਆਨ ਸਥਿਤੀ ਟਕਰਾਅ ਵਾਲੀ ਬਣੀ ਹੋਈ ਹੈ। ਪਾਕਿਸਤਾਨ ਅਤੇ ਚੀਨ ਦੇ ਸਬੰਧ ਨਿਤ ਦਿਨ ਗੂੜੇ ਹੁੰਦੇ ਜਾ ਰਹੇ ਹਨ। ਚੀਨ ਨੇ ਭਾਰਤ ਦੇ ਲਗਭਗ ਸਾਰੇ ਗੁਆਂਢੀ ਮੁਲਕਾਂ ਜਿਵੇਂ ਬੰਗਲਾਦੇਸ਼, ਸ੍ਰੀ ਲੰਕਾ ਆਦਿ ਨਾਲ ਸਬੰਧਾਂ ਵਿਚ ਭਾਰਤ ਨੂੰ ਬਹੁਤ ਪਿੱਛੇ ਛੱਡ ਦਿੱਤਾ ਹੈ। ਅਜਿਹੇ ਵਿਚ ਚੀਨ ਦੇ ਵਧ ਰਹੇ ਦਬਾਅ ਨੂੰ ਵੀ ਭਾਰਤੀ ਰਵੱਈਏ ਵਿਚ ਆਈ ਤਬਦੀਲੀ ਦਾ ਕਾਰਨ ਸਮਝਿਆ ਜਾ ਰਿਹਾ ਹੈ।