ਆਮਦਨ ਕਰ ਵਿਭਾਗ ਦੀਆਂ ਟੀਮਾਂ ਵਲੋਂ ਦਿੱਲੀ ਤੇ ਮੁੰਬਈ ’ਵਿਚ ਬੀਬੀਸੀ ਦਫ਼ਤਰਾਂ ਉਪਰ  ਮਾਰੇ ਛਾਪੇ

ਆਮਦਨ ਕਰ ਵਿਭਾਗ ਦੀਆਂ ਟੀਮਾਂ ਵਲੋਂ ਦਿੱਲੀ ਤੇ ਮੁੰਬਈ ’ਵਿਚ ਬੀਬੀਸੀ ਦਫ਼ਤਰਾਂ ਉਪਰ  ਮਾਰੇ ਛਾਪੇ

 *ਬੀਬੀਸੀ ਨੇ ਕਿਹਾ ਕਿ ਉਹ 'ਪੂਰਾ ਸਹਿਯੋਗ' ਕਰ ਰਹੇ ਨੇ   

*ਭਾਜਪਾ ਵਲੋਂ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ 'ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ' ਕਰਾਰ *ਆਪ ਤੇ ਕਾਂਗਰਸ ਵਲੋਂ ਨਿੰਦਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ-ਆਮਦਨ ਕਰ ਵਿਭਾਗ ਦੀਆਂ ਕਈ ਟੀਮਾਂ ਨੇ ਬੀਤੇ ਦਿਨੀਂ ਦਿੱਲੀ ਤੇ ਮੁੰਬਈ ਵਿਚਲੇ ਬੀਬੀਸੀ ਦੇ ਦਫ਼ਤਰਾਂ ਵਿੱਚ ਛਾਪੇ ਮਾਰੇ। ਵਰਨਣਯੋਗ ਹੈ ਕਿ ਬੀਤੇ ਦਿਨੀ ਬੀਬੀਸੀ ਨੇ ਗੋਦਰਾ ਕਾਂਡ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਡਾਕੂਮੈਂਟਰੀ ਜਾਰੀ ਕੀਤੀ ਸੀ ਤੇ ਇਸ ਖ਼ਿਲਾਫ਼ ਸਰਕਾਰ ਨੇ ਕਾਫ਼ੀ ਨਾਰਾਜ਼ਗੀ ਪ੍ਰਗਟਾਈ ਸੀ।ਇਨਕਮ ਟੈਕਸ ਦੀ ਇਹ ਕਾਰਵਾਈ ਬ੍ਰਿਟੇਨ ਵਿੱਚ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਨ ਵਾਲੀ ਇੱਕ ਦਸਤਾਵੇਜ਼ੀ ਫਿਲਮ ਦੇ ਪ੍ਰਸਾਰਣ ਦੇ ਕੁਝ ਹਫ਼ਤਿਆਂ ਬਾਅਦ ਹੋਈ ਹੈ।ਉਧਰ ਬੀਬੀਸੀ ਨੇ ਕਿਹਾ ਕਿ ਉਹ 'ਪੂਰਾ ਸਹਿਯੋਗ' ਕਰ ਰਿਹਾ ਹੈ ਅਤੇ ਉਮੀਦ ਹੈ ਕਿ ਇਹ ਜਲਦੀ ਹੀ ਠੀਕ ਹੋ ਜਾਵੇਗਾ।ਬੀਬੀਸੀ ਦੇ ਬਿਆਨ ਮੁਤਾਬਕ, "ਆਸ ਹੈ ਕਿ ਇਹ ਸਥਿਤੀ ਜਲਦੀ ਹੀ ਸੁਲਝ ਜਾਵੇਗੀ।"

ਇਸ ਦੌਰਾਨ ਭਾਜਪਾ ਨੇ ਬੀਬੀਸੀ ਨੂੰ ਦੁਨੀਆ ਦੀ ਸਭ ਤੋਂ 'ਭ੍ਰਿਸ਼ਟ ਬਕਵਾਸ ਕਾਰਪੋਰੇਸ਼ਨ' ਕਰਾਰ ਦਿੱਤਾ ਅਤੇ ਕਿਹਾ ਕਿ ਮੀਡੀਆ ਸਮੂਹ ਦੇ ਖਿਲਾਫ ਆਮਦਨ ਕਰ ਵਿਭਾਗ ਦਾ ਛਾਪਾ ਨਿਯਮਾਂ ਅਤੇ ਸੰਵਿਧਾਨ ਅਧੀਨ ਹੈ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਇਸ ਕਾਰਵਾਈ ਨੂੰ ਲੈ ਕੇ ਸਰਕਾਰ 'ਤੇ ਹਮਲਾ ਕਰਨ ਲਈ ਕਾਂਗਰਸ ਸਮੇਤ ਹੋਰ ਵਿਰੋਧੀ ਪਾਰਟੀਆਂ ਦੀ ਵੀ ਆਲੋਚਨਾ ਕੀਤੀ ਅਤੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਬੀਬੀਸੀ 'ਤੇ ਪਾਬੰਦੀ ਲਗਾਈ ਸੀ।

ਵਿਰੋਧੀ ਧਿਰ ਕਾਂਗਰਸ ਨੇ ਕਿਹਾ ਹੈ ਕਿ ਇਸ ਕਾਰਵਾਈ ਨੇ ਸਾਬਤ ਕਰ ਦਿੱਤਾ ਹੈ ਕਿ ਮੋਦੀ ਸਰਕਾਰ ਆਪਣੀ ਨਿੰਦਾ ਤੋਂ ਪ੍ਰੇਸ਼ਾਨ ਹੋ ਜਾਂਦੀ ਹੈ ਤੇ ਡਰ ਕੇ ਹੋਛੀਆਂ ਹਰਕਤਾਂ ਕਰ ਰਹੀ ਹੈ।

ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਮੋਦੀ ਸਰਕਾਰ ਆਪਣੀ ਤਾਨਾਸ਼ਾਹੀ ਦੇ ਸਿਖ਼ਰ ’ਤੇ ਪੁੱਜ ਗਈ ਹੈ। 

ਐਡੀਟਰਜ਼ ਗਿਲਡ ਆਫ ਇੰਡੀਆ ਤੇ ਇੰਡੀਅਨ ਜਰਨਲਿਸਟ  ਵਲੋਂ  ਛਾਪਿਆਂ ਦੀ ਨਿੰਦਾ

ਭਾਰਤ ਵਿੱਚ ਅਜ਼ਾਦ ਪ੍ਰੈੱਸ ਨੂੰ ਉਤਸ਼ਾਹਿਤ ਕਰਨ ਵਾਲੀ ਗ਼ੈਰ-ਲਾਭਕਾਰੀ ਜਥੇਬੰਦੀ ਐਡੀਟਰਜ਼ ਗਿਲਡ ਆਫ ਇੰਡੀਆ ਨੇ ਇਸ ਤਲਾਸ਼ੀ ਪ੍ਰਕਿਰਿਆ ਉੱਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ।

ਐਡੀਟਰਜ਼ ਗਿਲਡ ਨੇ ਕਿਹਾ ,"ਇਹ ਸਰਕਾਰੀ ਏਜੰਸੀਆਂ ਦੀ ਵਰਤੋਂ ਉਨ੍ਹਾਂ ਪ੍ਰੈੱਸ ਸੰਗਠਨਾਂ ਨੂੰ ਡਰਾਉਣ ਅਤੇ ਪ੍ਰੇਸ਼ਾਨ ਕਰਨ ਦੇ ਰੁਝਾਨ ਦੀ ਲਗਾਤਾਰਤਾ ਹੈ, ਜੋ ਸਰਕਾਰੀ ਨੀਤੀਆਂ ਜਾਂ ਸੱਤਾ ਧਿਰ ਦੀ ਆਲੋਚਨਾ ਕਰਦੇ ਹਨ।"

ਇੰਡੀਅਨ ਜਰਨਲਿਸਟ ਯੂਨੀਅਨ (ਆਈਜੇਯੂ) ਨੇ ਬੀਬੀਸੀ ਦੇ ਦਿੱਲੀ ਅਤੇ ਮੁੰਬਈ ਸਥਿਤ ਦਫ਼ਤਰਾਂ ਵਿੱਚ ਆਮਦਨ ਕਰ ਵਿਭਾਗ ਦੀ ਛਾਪਿਆਂ ਦੀ ਨਿੰਦਾ ਕੀਤੀ। ਜਥੇਬੰਦੀ ਦੇ ਪ੍ਰਧਾਨ ਕੇ ਸ੍ਰੀਨਿਵਾਸ ਰੈੱਡੀ ਅਤੇ ਸਕੱਤਰ ਜਨਰਲ ਬਲਵਿੰਦਰ ਸਿੰਘ ਜੰਮੂ ਨੇ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਸਰਵੈਦੇ ਨਾਮ ’ਤੇ ਮੀਡੀਆ ਘਰਾਣਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਆਪਣੀ ਸ਼ਕਤੀਆਂ ਦੀ ਦੁਰਵਰਤੋਂ ਕਰ ਰਹੀ ਹੈ।