ਹੁਣ ਜਮਹੂਰੀਅਤ ਬਚਾਉਣ ਲਈ  ਕਿਸਾਨ ਅੰਦੋਲਨ ਕਰਨਗੇ: ਮੋਰਚਾ

ਹੁਣ ਜਮਹੂਰੀਅਤ ਬਚਾਉਣ ਲਈ  ਕਿਸਾਨ ਅੰਦੋਲਨ ਕਰਨਗੇ: ਮੋਰਚਾ

ਅੰਮ੍ਰਿਤਸਰ ਟਾਈਮਜ਼ ਬਿਉਰੋ

ਰੋਹਤਕ: ਅੰਦੋਲਨ ਦੇ 26 ਜੂਨ ਨੂੰ ਸੱਤ ਮਹੀਨੇ ਪੂਰੇ ਹੋਣ ’ਤੇ ਹੁਣ ‘ਖੇਤੀ ਬਚਾਓ, ਲੋਕਤੰਤਰ ਬਚਾਓ’ ਦੇ ਨਾਅਰੇ ਨਾਲ ਕਿਸਾਨਾਂ ਦਾ ਸੰਘਰਸ਼ ਅਗਲੇ ਪੜਾਅ ’ਚ ਦਾਖ਼ਲ ਹੋਵੇਗਾ। ਉਸ ਦਿਨ ਕਿਰਤੀਆਂ, ਮਹਿਲਾਵਾਂ, ਵਿਦਿਆਰਥੀਆਂ, ਦਲਿਤਾਂ ਅਤੇ ਘੱਟ ਗਿਣਤੀਆਂ ਦੀਆਂ ਜਥੇਬੰਦੀਆਂ ਵੱਲੋਂ ਵੱਖ ਵੱਖ ਸੂਬਿਆਂ ਦੇ ਰਾਜਪਾਲਾਂ ਰਾਹੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਸੌਂਪੇ ਜਾਣਗੇ। ਇਸ ਦਾ ਐਲਾਨ  ਇਥੇ ਸੰਯੁਕਤ ਕਿਸਾਨ ਮੋਰਚੇ ਅਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਦੀ ਸਾਂਝੀ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ ਗਿਆ। ਇਸੇ ਦਿਨ ਕਾਂਗਰਸ ਸਰਕਾਰ ਵੱਲੋਂ 1975 ’ਚ ਦੇਸ਼ ਭਰ ’ਚ ਐਮਰਜੈਂਸੀ ਲਾਈ ਗਈ ਸੀ। ਆਲ ਇੰਡੀਆ ਕਿਸਾਨ ਸਭਾ ਦੀ ਹਰਿਆਣਾ ਇਕਾਈ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਨੇ ਕਿਹਾ,‘‘ਕਿੰਨੀ ਹਾਸੋ-ਹੀਣੀ ਗੱਲ ਹੈ ਕਿ ਭਾਜਪਾ ਦੀ ਕੇਂਦਰੀ ਲੀਡਰਸ਼ਿਪ, ਜੋ ਇੰਦਰਾ ਗਾਂਧੀ ਵੱਲੋਂ ਲਾਈ ਗਈ ਐਮਰਜੈਂਸੀ ਦੇ ਪੀੜਤ ਹੋਣ ਦਾ ਦਾਅਵਾ ਕਰਦੀ ਹੈ, ਨੇ ਮੁਲਕ ’ਚ ਅਣਐਲਾਨੀ ਐਮਰਜੈਂਸੀ ਲਾਗੂ ਕੀਤੀ ਹੋਈ ਹੈ ਜਿਥੇ ਅਸਹਿਮਤੀ ਦੀਆਂ ਸੁਰਾਂ ਨੂੰ ਬੇਰਹਿਮੀ ਨਾਲ ਦਬਾਇਆ ਜਾਂਦਾ ਹੈ।’’ ਉਨ੍ਹਾਂ ਦੇ ਵਿਚਾਰਾਂ ਨਾਲ ਸਹਿਮਤੀ ਪ੍ਰਗਟਾਉਂਦਿਆਂ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗੇਂਦਰ ਯਾਦਵ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਐਮਰਜੈਂਸੀ ਨੂੰ ਆਮ ਜਨ-ਜੀਵਨ ਦਾ ਹਿੱਸਾ ਬਣਾ ਦਿੱਤਾ ਹੈ। ਉਨ੍ਹਾਂ ਕਿਹਾ,‘‘ਸਰਕਾਰ ਕਿਸਾਨ ਅੰਦੋਲਨ ਨੂੰ ਸਾਬੋਤਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਅਜਿਹਾ ਕਰਨ ’ਚ ਨਾਕਾਮ ਰਹੀ ਹੈ। ਉਹ ਦੋਸ਼ ਲਾ ਰਹੇ ਹਨ ਕਿ ਅੰਦੋਲਨ ਸਿਆਸਤ ਤੋਂ ਪ੍ਰੇਰਿਤ ਹੈ ਪਰ ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੁਲਕ ਦੀ ਕਿਸੇ ਵੀ ਪਾਰਟੀ ’ਚ ਇੰਨਾ ਵੱਡਾ ਅੰਦੋਲਨ ਇੰਨੇ ਲੰਬੇ ਸਮੇਂ ਤੱਕ ਚਲਾਉਣ ਦੀ ਸਮਰੱਥਾ ਨਹੀਂ ਹੈ।’’ ਕਿਸਾਨਾਂ ਅਤੇ ਸਰਕਾਰ ਵਿਚਕਾਰ ਖੜੋਤ ਨੂੰ ਤੋੜਨ ਦੇ ਸੰਭਾਵੀ ਹੱਲ ਬਾਰੇ ਪੁੱਛੇ ਗਏ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ,‘‘ਇਸ ਦਾ ਸਿਰਫ਼ ਇਕੋ ਹੱਲ ਹੈ ਕਿ ਸੱਤਾ ਨੂੰ ਲੋਕਰਾਜੀ ਕਦਰਾਂ ਕੀਮਤਾਂ ਦੀ ਬਹਾਲੀ ਲਈ ਜਨਤਾ ਅੱਗੇ ਝੁਕਣਾ ਚਾਹੀਦਾ ਹੈ।’’ ਉਨ੍ਹਾਂ ਕਿਹਾ ਕਿ ਹੁਕਮਰਾਨ ਧਿਰ ਦੇ ਆਗੂ ਆਪਣੇ ਹੰਕਾਰ ਕਾਰਨ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਰਹੇ ਹਨ। ‘ਕਿਸਾਨਾਂ ਨਾਲ ਖੁੱਲ੍ਹੇ ਮਨ ਨਾਲ ਗੱਲਬਾਤ ਦੀ ਬਜਾਏ ਉਹ ਆਪਣੇ ਸਮਰਥਕਾਂ ਨੂੰ ਭੜਕਾ ਰਹੇ ਹਨ ਤਾਂ ਜੋ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ।’ ਆਲ ਇੰਡੀਆ ਕਿਸਾਨ ਖੇਤ ਮਜ਼ਦੂਰ ਸਭਾ ਦੇ ਪ੍ਰਧਾਨ ਸਤਿਆਵਾਨ ਅਤੇ ਆਲ ਇੰਡੀਆ ਕਿਸਾਨ ਮਹਾਸਭਾ ਦੇ ਮੀਤ ਪ੍ਰਧਾਨ ਪ੍ਰੇਮ ਗਹਿਲਾਵਤ ਨੇ ਵੀ ਕਾਨਫਰੰਸ ਨੂੰ ਸੰਬੋਧਨ ਕੀਤਾ।

ਸਰਕਾਰ ਨੂੰ 26 ਤਰੀਕ ਮੁਆਫ਼ ਨਹੀਂ ਕਰੇਗੀ: ਟਿਕੈਤ

ਭਾਰਤੀ ਕਿਸਾਨ ਯੂਨੀਅਨ (ਟਿਕੈਤ) ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ’ਤੇ 26 ਜਨਵਰੀ 2021 ਨੂੰ ਧੋਖਾ ਦੇਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਇਹ 26 ਤਾਰੀਕ ਹੀ ਉਨ੍ਹਾਂ (ਕੇਂਦਰ ਸਰਕਾਰ) ਨੂੰ ਮੁਆਫ਼ ਨਹੀਂ ਕਰੇਗੀ। ਕੇਂਦਰ ਸਰਕਾਰ ਨਾਲ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਸ੍ਰੀ ਟਿਕੈਤ ਨੇ ਕਿਹਾ ਕਿ 26 ਨੂੰ ਹੀ ਕਿਸਾਨ ਅੰਦੋਲਨ ਸ਼ੁਰੂ ਹੋਇਆ, 26 ਤਾਰੀਕ ਨੂੰ ਹੀ ਸੰਪੂਰਨ ਕ੍ਰਾਂਤੀ ਸ਼ੁਰੂ ਹੋਈ ਸੀ, 26 ਨੂੰ ਹੀ ਪੁਲਵਾਮਾ ਹਮਲਾ ਹੋਇਆ। ਇਹ ਜੋ 26 ਤਾਰੀਕ ਹੈ ਉਹ ਹੀ ਸਰਕਾਰ ਦਾ ਇਲਾਜ ਕਰੇਗੀ। ਸ੍ਰੀ ਟਿਕੈਤ ਨੇ ਕਿਹਾ ਕਿ ਕਿਸਾਨਾਂ ਦਾ ਵੱਡਾ ਕਾਫ਼ਲਾ, ਜਿਸ ਵੱਡੀ ਗਿਣਤੀ ਵਿੱਚ ਟਰੈਕਟਰ ਸ਼ਾਮਲ ਹੋਣਗੇ, 25 ਜੂਨ ਨੂੰ ਗਾਜ਼ੀਪੁਰ ਪੁੱਜੇਗਾ ਜੋ ਇਕ ਤਰ੍ਹਾਂ ਦੀ ਰਿਹਰਸਲ ਹੈ ਕਿ ਟਰੈਕਟਰ ਦਿੱਲੀ ਮੋਰਚਿਆਂ ਵਿੱਚ ਆਉਣਾ ਨਾ ਭੁੱਲ ਜਾਣ। ਇਸ ਤਰ੍ਹਾਂ ਇਹ ਕਾਫ਼ਲਾ ਇੱਕ-ਦੋ ਦਿਨ ਮੋਰਚੇ ’ਚ ਰੁਕ ਕੇ ਚਲਾ ਜਾਵੇਗਾ ਤੇ ਫਿਰ ਕਿਸਾਨਾਂ ਦਾ ਅਗਲਾ ਜਥਾ ਆਵੇਗਾ। ਇਸ ਤਰ੍ਹਾਂ ਆਉਣ-ਜਾਣ ਲੱਗਾ ਰਹੇਗਾ ਤੇ 4 ਲੱਖ ਟਰੈਕਟਰ ਵੀ ਇੱਥੇ ਹੀ ਹਨ ਤੇ 25 ਲੱਖ ਕਿਸਾਨ ਵੀ ਇੱਥੇ ਹੀ ਹਨ। ਇਹ ਕਿਸਾਨ ਤੇ ਟਰੈਕਟਰ ਦੇਸ਼ ਦੇ ਹੀ ਹਨ ਅਫ਼ਗਾਨਿਸਤਾਨ ਤੋਂ ਨਹੀਂ ਆਏ।ਉਨ੍ਹਾਂ ਕਿਹਾ ਕਿ ਕਿਸਾਨ 7 ਮਹੀਨਿਆਂ ਤੋਂ ਦਿੱਲੀ ਦੀਆਂ ਹੱਦਾਂ ’ਤੇ ਸ਼ਾਂਤਮਈ ਤਰੀਕੇ ਨਾਲ ਅੰਦੋਲਨ ਕਰਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ। ਉਨ੍ਹਾਂ ਕਿਹਾ ਕਿ ਕੀ ਸਰਕਾਰ ਨੂੰ ਸ਼ਰਮ ਨਹੀਂ ਆਉਂਦੀ ਕਿ ਕਿਸਾਨਾਂ ਦਾ ਕੀ ਕਹਿਣਾ ਹੈ? ਕੀ ਧਰਨਾ ਪ੍ਰਦਰਸ਼ਨ ਲੋਕਤੰਤਰ ਵਿੱਚ ਕੰਮ ਨਹੀਂ ਕਰਦਾ?