ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ

ਨਿਹੰਗ ਆਗੂ ਨੇ ਖੇਤੀ ਮੰਤਰੀ ਤੋਮਰ ਨਾਲ ਮੀਟਿੰਗ ਦੀ ਗੱਲ ਕਬੂਲੀ

* ਧਰਨੇ ਵਾਲੀ ਥਾਂ ਖਾਲੀ ਕਰਨ ਬਦਲੇ ਭਾਜਪਾ ਆਗੂਆਂ ਵੱਲੋਂ ਦਸ ਲੱਖ ਦੀ ਪੇਸ਼ਕਸ਼ ਕੀਤੇ ਜਾਣ ਦਾ ਦਾਅਵਾ

*ਨਿਹੰਗ ਅਮਨ ਸਿੰਘ ਨੇ ਕਿਹਾ ਕਿ ਪੰਥ ਵਿਰੋਧੀਆਂ ਦਾ ਜਲਦ ਪਰਦਾਫਾਸ਼ ਕਰੇਗਾ

*ਵਾਪਸ ਪਰਤਾਂਗੇ ਜਾਂ ਨਹੀਂ, ਇਸ ਦਾ ਫੈਸਲਾ 27 ਨੂੰ: ਨਿਹੰਗ   

ਅੰਮ੍ਰਿਤਸਰ ਟਾਈਮਜ਼

 ਚੰਡੀਗੜ੍ਹ : ਸਿੰਘੂ ਕਤਲ ਕੇਸ ਦੀ ਜ਼ਿੰਮੇਵਾਰੀ ਲੈਣ ਵਾਲੀ ਨਿਹੰਗ ਜਥੇਬੰਦੀ ਦੇ ਆਗੂ ਬਾਬਾ ਅਮਨ ਸਿੰਘ ਨੇ ਸਵੀਕਾਰ ਕੀਤਾ ਹੈ ਕਿ ਉਹ ਭਾਜਪਾ ਦੇ ਮੰਤਰੀਆਂ ਨੂੰ ਮਿਲਿਆ ਸੀ। ਕਈ ਮੀਡੀਆ ਇੰਟਰਵਿਊਜ਼ ਵਿਚ ਉਹ ਮੰਨਿਆ ਹੈ ਕਿ ਉਸ ਨੇ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਤੋਮਰ ਤੇ ਹੋਰਾਂ ਨਾਲ ਮੁਲਾਕਾਤ ਕੀਤੀ ਸੀ। ਉਸ ਨੇ ਇਹ ਦਾਅਵਾ ਵੀ ਕੀਤਾ ਹੈ ਕਿ ਭਾਜਪਾ ਆਗੂ ਨੇ ਉਨ੍ਹਾਂ ਨੂੰ ਦਸ ਲੱਖ ਰੁਪਏ ਤੇ ਘੋੜਿਆਂ ਦੀ ਪੇਸ਼ਕਸ਼ ਕਰ ਕੇ ਸਿੰਘੂ ਬਾਰਡਰ ਧਰਨੇ ਵਾਲੀ ਥਾਂ ਖਾਲੀ ਕਰਨ ਲਈ ਕਿਹਾ ਸੀ ਪਰ ਉਨ੍ਹਾਂ ਇਨਕਾਰ ਕਰ ਦਿੱਤਾ। ਨਿਹੰਗ ਆਗੂ ਨੇ ਇਹ ਪ੍ਰਤੀਕਰਮ ਉਦੋਂ ਦਿੱਤਾ ਜਦ ਕਈ ਮੀਡੀਆ ਅਦਾਰਿਆਂ ਨੇ ਉਸ ਤੋਂ ‘ਦਿ ਟ੍ਰਿਬਿਊਨ’ ਤੇ ‘ਪੰਜਾਬੀ ਟ੍ਰਿਬਿਊਨ’ ਵਿਚ ਛਪੀ ਖ਼ਬਰ ਬਾਰੇ ਸੁਆਲ ਕੀਤੇ ਜਿਸ ਵਿਚ ਵੇਰਵਿਆਂ ਸਹਿਤ ਉਸ ਦੀਆਂ ਭਾਜਪਾ ਆਗੂਆਂ ਨਾਲ ਮੁਲਾਕਾਤਾਂ ਦੀਆਂ ਫੋਟੋਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਸਨ। ਨਾ ਤਾਂ ਭਾਜਪਾ ਆਗੂਆਂ ਤੇ ਨਾ ਹੀ ਨਿਹੰਗ ਆਗੂ ਨੇ ਇਸ ਤੋਂ ਪਹਿਲਾਂ ਇਨ੍ਹਾਂ ਮੀਟਿੰਗਾਂ ਬਾਰੇ ਕੋਈ ਜਾਣਕਾਰੀ ਸਾਂਝੀ ਕੀਤੀ ਸੀ। ਨਿਹੰਗ ਆਗੂ ਬਾਬਾ ਅਮਨ ਨੇ ਇਕ ਇੰਟਰਵਿਊ ਵਿਚ ਕਿਹਾ ‘ਅਸੀਂ ਪੈਸੇ ਨਹੀਂ ਲਏ। ਹਾਲਾਂਕਿ ਮੋਦੀ ਸਰਕਾਰ ਵਲੋਂ ਪੇਸ਼ਕਸ਼ ਕੀਤੀ ਗਈ ਸੀ। ਅਸੀਂ ਆਪਣੀਆਂ ਮੰਗਾਂ ਉਤੇ ਅੜੇ ਰਹੇ ਕਿ ਉਦੋਂ ਹੀ ਧਰਨਾ ਚੁੱਕਾਂਗੇ ਜਦ ਕਾਲੇ ਖੇਤੀ ਕਾਨੂੰਨ ਵਾਪਸ ਲਏ ਜਾਣਗੇ, ਐਮਐੱਸਪੀ ਜਾਰੀ ਰੱਖੀ ਜਾਵੇਗੀ, ਬੇਅਦਬੀ ਦੇ ਕੇਸਾਂ ਵਿਚ ਇਨਸਾਫ਼ ਮਿਲੇਗਾ ਤੇ ਸਾਡੇ ਖ਼ਿਲਾਫ਼ ਕੇਸ ਵਾਪਸ ਲਏ ਜਾਣਗੇ। ਅਸੀਂ ਉਨ੍ਹਾਂ ਨੂੰ ਦੱਸਿਆ ਕਿ ਧਰਨਾ ਉਦੋਂ ਹੀ ਚੁੱਕਾਂਗੇ ਜਦ ਮੰਗਾਂ ਮੰਨੀਆਂ ਜਾਣਗੀਆਂ। ਸਾਨੂੰ ਪੈਸੇ ਜਾਂ ਕਿਸੇ ਹੋਰ ਚੀਜ਼ ਦਾ ਲਾਲਚ ਨਹੀਂ ਹੈ। ਅਸੀਂ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਨੂੰ ਮਸਲਾ ਹਲ ਕਰਨ ਲਈ ਪਤਰ ਲਿਖੇ ਹਨ। ਨਿਹੰਗ ਆਗੂ ਨੇ ਕਿਹਾ ਕਿ  ‘ਮੈਂ ਤੋਮਰ ਨੂੰ ਮਿਲਣ ਇਕੱਲਾ ਨਹੀਂ ਗਿਆ ਸੀ। ਸਾਡੀ ਫ਼ੌਜ ਦੇ ਕਰੀਬ ਦਸ ਮੈਂਬਰ ਮੇਰੇ ਨਾਲ ਸਨ।’ ਅਮਨ ਸਿੰਘ ਨੇ  ਕਿਹਾ, '' ਇਸ ਤਰ੍ਹਾਂ ਫੋਟੋਆਂ ਵਾਇਰਲ ਹੋਣ ਨਾਲ ਕੁਝ ਵੀ ਨਹੀਂ ਹੋਣਾ , ਅਸੀਂ ਸਾਰੀ ਦੁਨੀਆਂ ਸਾਹਮਣੇ ਸੱਚ ਰੱਖਾਂਗੇ, ਪਰ ਇਸ ਲਈ ਉਨ੍ਹਾਂ ਨੂੰ ਕੁਝ ਸਮਾਂ ਚਾਹੀਦਾ ਹੈ।'' ਨਿਹੰਗ ਆਗੂ ਬਾਬਾ ਅਮਨ ਸਿੰੰਘ ਨੇ ਨਾਲ ਹੀ ਕਿਹਾ ਕਿ ਉਨ੍ਹਾਂ ਦੇ ਗਰੁੱਪ ਦੇ ਸੀਨੀਅਰ 27 ਅਕਤੂਬਰ ਨੂੰ ਦਿੱਲੀ ਵਿਚ ਬੈਠਕ ਕਰ ਕੇ ਇਹ ਤੈਅ ਕਰਨਗੇ ਕਿ ਕੀ ਉਹ ਧਰਨੇ ਵਾਲੀ ਥਾਂ ਉਤੇ ਟਿਕੇ ਰਹਿਣਗੇ ਜਾਂ ਉੱਥੋਂ ਚਲੇ ਜਾਣਗੇ। ਉਸ ਨੇ ਕਿਹਾ ‘ਜੇ ਸੰਗਤ ਚਾਹੇਗੀ ਤਾਂ ਅਸੀਂ ਚਲੇ ਜਾਵਾਂਗੇ।’ 

 ਨਿਹੰਗ ਬਾਬਾ ਰਾਜਾ ਰਾਮ ਸਿੰਘ ਦਾ ਕਹਿਣਾ ਹੈ ਕਿ ਉਹ ਕੁੰਡਲੀ ਬਾਰਡਰ 'ਤੇ ਕਿਸਾਨਾਂ ਦੀ ਹਿਫਾਜ਼ਤ ਲਈ ਬੈਠੇ ਹਨ। ਹਮੇਸ਼ਾ ਤੋਂ ਉਹ ਅੰਦੋਲਨਾਂ ਵਿੱਚ ਕਿਸਾਨਾਂ ਅਤੇ ਸਿੱਖਾਂ ਦੀ ਹਿਫਾਜ਼ਤ ਕਰਦੇ ਆਏ ਹਾਂ।27 ਅਕਤੂਬਰ ਨੂੰ ਹੋਣ ਵਾਲੀ ਬੈਠਕ ਵਿੱਚ ਸਿੱਖ ਕੌਮ ਦੇ ਬੁੱਧੀਜੀਵੀਆਂ ਤੋਂ ਇਲਾਵਾ ਸੰਗਤ ਵੀ ਸ਼ਾਮਲ ਹੋਣਗੇ। ਇੱਥੇ ਜੋ ਫੈਸਲਾ ਲੈਣਗੇ, ਉਸ ਨੂੰ ਪੂਰੀ ਸੰਗਤ ਮੰਨੇਗੀ। ਨਿਹੰਗ ਬਾਬਾ ਰਾਜਾ ਰਾਮ ਸਿੰਘ ਨੇ ਕਿਹਾ ਕਿ ਅਸੀਂ ਭੱਜਣ ਵਾਲਿਆਂ ਵਿੱਚੋਂ ਨਹੀਂ ਹਾਂ। ਜੋ ਅਸੀਂ ਕੀਤਾ ਹੈ, ਉਸ ਨੂੰ ਸਵੀਕਾਰ ਕੀਤਾ ਹੈ। ਅਦਾਲਤ ਵਿੱਚ ਸਾਡੇ ਸਾਥੀਆਂ ਨੇ ਸਵੀਕਾਰ ਕੀਤਾ ਹੈ। ਨਾਲ ਹੀ ਉਨ੍ਹਾਂ ਨੇ ਐੱਸ.ਕੇ.ਐੱਮ. ਨੇਤਾ ਯੋਗੇਂਦਰ ਯਾਦਵ 'ਤੇ ਪਲਟਵਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਯੋਗੇਂਦਰ ਯਾਦਵ ਨੂੰ  ਕਿਸਾਨ ਯੂਨੀਅਨ. ਨੇ ਸਿਰ ਚੜ੍ਹਾ ਰੱਖਿਆ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਉਹ ਭਾਜਪਾ ਅਤੇ ਆਰ.ਐੱਸ.ਐੱਸ. ਦਾ ਬੰਦਾ ਹੈ। ਉਨ੍ਹਾਂ ਦੇ ਸਾਹਮਣੇ ਆ ਕੇ ਜਵਾਬ ਦੇ ਕੇ ਦਿਖਾਉਣ।

  ਜਾਖੜ ਤੇ ਸੁਰਜੇਵਾਲਾ ਨੇ ਮੀਟਿੰਗਾਂ ਦੀ ਉੱਚ ਪੱਧਰੀ ਜਾਂਚ ਮੰਗੀ

ਕਾਂਗਰਸ ਦੇ ਰਾਸ਼ਟਰੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਨਿਹੰਗ ਆਗੂ ਤੇ ਭਾਜਪਾ ਆਗੂਆਂ ਦਰਮਿਆਨ ਹੋਈਆਂ ਬੈਠਕਾਂ ਦੀ ਉੱਚ ਪੱਧਰੀ ਜਾਂਚ ਮੰਗੀ ਹੈ। 

ਨਿਹੰਗ ਅਮਨ ਸਿੰਘ ਨੇ ਗੱਦਾਰੀ ਕੀਤੀ ਤਾਂ ਕਾਰਵਾਈ ਹੋਵੇਗੀ: ਰਾਜਾ ਰਾਜ ਸਿੰਘ 

 ਕੇਂਦਰ ਸਰਕਾਰ ਤੇ ਕਿਸਾਨ ਯੂਨੀਅਨਾਂ ਦਰਮਿਆਨ ਗੱਲਬਾਤ ’ਚ ਆਈ ਹੋਈ ਖੜੋਤ ਦੌਰਾਨ ਬਾਬਾ ਅਮਨ ਸਿੰਘ ਦੀਆਂ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ, ਭਾਜਪਾ ਦੇ ਕਿਸਾਨ ਆਗੂ ਸੁਖਵਿੰਦਰ ਸਿੰਘ ਗਰੇਵਾਲ ਸਮੇਤ ਸਾਬਕਾ ਪੁਲੀਸ ਕੈਟ ਪਿੰਕੀ ਆਦਿ ਨਾਲ ਛਪੀਆਂ ਤਸਵੀਰਾਂ ਬਾਰੇ ਨਿਹੰਗ ਮੁਖੀ ਬਾਬਾ ਰਾਜਾ ਰਾਜ ਸਿੰਘ ਨੇ ਕਿਹਾ ਕਿ ਜੇਕਰ ਬਾਬਾ ਅਮਨ ਸਿੰਘ ਨੇ ਕੋਈ ਗੱਦਾਰੀ ਕੀਤੀ ਹੋਈ ਜਾਂ ਕੋਈ ਅਜਿਹਾ ਕਦਮ ਚੁੱਕਿਆ ਹੋਇਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸਾਡੇ ਨਾਲ ਰਹਿ ਕੇ ਜਾਂ ਕਿਸਾਨ ਅੰਦੋਲਨ ਵਿੱਚ ਰਹਿ ਕੇ ਜੇ ਉਸ ਨੇ ਅਜਿਹਾ ਕੁਝ ਕੀਤਾ ਹੋਇਆ ਤਾਂ ਦੋ-ਚਾਰ ਦਿਨਾਂ ਵਿੱਚ ਸਾਰੇ ਨਿਹੰਗ ਮੁਖੀਆਂ ਨੂੰ ਬੁਲਾ  ਕੇ ਉਸ ਬਾਰੇ ਫ਼ੈਸਲਾ ਲਿਆ ਜਾਵੇਗਾ। ਪੰਥਕ ਮਰਿਆਦਾ ਮੁਤਾਬਕ ਕਾਰਵਾਈ ਕੀਤੀ ਜਾਵੇਗੀ।’ ਨਿਹੰਗ ਮੁਖੀ ਨੇ ਕਿਹਾ ਕਿ ਬਾਬਾ  ਅਮਨ ਸਿੰਘ ਵੱਲੋਂ ਉਨ੍ਹਾਂ ਨੂੰ ਦਸ ਲੱਖ ਰੁਪਏ ਦੇਣ ਤੇ ਸਿੰਘੂ ਤੋਂ ਜਾਣ ਦੀ ਕੀਤੀ ਪੇਸ਼ਕਸ਼ ਬਾਰੇ ਵੀ ਹੁਣ ਦੱਸਿਆ ਗਿਆ ਹੈ ਪਰ ਅਸਲੀ ਤੱਥ ਤਾਂ ਅਮਨ ਸਿੰਘ ਨੇ ਦੱਸਣੇ ਹਨ ਅਤੇ ਉਹ ਸਬੂਤਾਂ ਸਮੇਤ ਸਪੱਸ਼ਟੀਕਰਨ ਦੇਣਗੇ। 

ਬਾਬਾ ਅਮਨ ਸਿੰਘ ਉਪ ਉਠੇ ਸੁਆਲ

1) ਪਿੰਕੀ ਕੈਟ ਨਾਲ ਯਾਰੀ ਕਿੰਨੀ ਪੁਰਾਣੀ ਹੈ। 

2) ਤੋਮਰ ਨੂੰ ਮਿਲਣ ਦਾ ਪ੍ਰੋਗਰਾਮ ਪਿੰਕੀ ਨੇ ਬਣਾਇਆ ਸੀ ਜਾਂ ਉਪਰੋਂਂ ਬੁਲਾਵਾ ਆਇਆ ਸੀ।

3) ਤੋਮਰ ਨਾਲ ਮੀਟਿੰਗ ਕਿੰਨੀ ਤਰੀਕ ਨੂੰ ਹੋਈ ਸੀ। ਮੀਟਿੰਗ ਵਿੱਚ ਕੀ ਕੀ ਗੱਲ ਹੋਈ ਸੀ। 

4) ਜੇ ਤੋਮਰ ਨੇ 20 ਲੱਖ ਦੀ ਰਿਸਵਤ ਆਫਰ ਕੀਤੀ ਸੀ ਤਾਂ ਮੀਟਿੰਗ ਦਾ ਬਾਈਕਾਟ ਕਿਉਂ ਨਹੀਂ ਕੀਤਾ? ਬਾਹਰ ਆਕੇ ਲੋਕਾਂ ਨੂੰ ਦੱਸਿਆ ਕਿਉਂ ਨਹੀਂ???

5) ਲਖਬੀਰ (ਜਿਸਦਾ ਕਤਲ ਕੀਤਾ) ਨੂੰ ਇਕ ਬੰਦਾ ਪਿੰਡੋ ਨਾਲ ਲੈਕੇ ਗਿਆ ਤੇ ਉਹ ਸਿੱਦਾ ਤੁਹਾਡੇ ਠਿਕਾਣੇ ਤੇ ਆਇਆ। ਉਸ ਨੂੰ ਲੈਕੇ ਆਉਣ ਵਾਲੇ ਦੀ ਪਛਾਨ ਨਸਰ ਕਿਉਂ ਨਹੀਂ ਕਰਦੇ??

6) ਜੇ ਲਖਬੀਰ ਇਕੱਲਾ ਉੱਥੇ ਆਇਆ ਸੀ ਤਾਂ ਤੁਸੀਂ ਕਿਸ ਅਧਾਰ ਤੇ ਉਸ ਅਮਲੀ ਤੇ ਘੋਣੇ ਮੋਣੇ ਬੰਦੇ ਨੂੰ ਅਪਣੇ ਨਾਲ ਰਲਾਇਆ। ਕਿਸ ਅਧਾਰ ਤੇ ਉਸ ਨੂੰ ਸਿੰਘ ਸਜਾਇਆ।

  ਕੀ ਕਹਿੰਦਾ ਹੈ ਪਿੰਕੀ ਕੈਟ

ਸਾਬਕਾ ਪੁਲਿਸ ਕੈਟ ਗੁਰਮੀਤ ਸਿੰਘ ਪਿੰਕੀ ਨੇ ਕਿਹਾ ਕਿ ਜਿਸ ਮੀਟਿੰਗ ਦੀ ਫੋਟੋ ਚਰਚਾ ਵਿੱਚ ਹੈ, ਉਹ ਮੀਟਿੰਗ 5 ਅਗਸਤ ਨੂੰ ਅੱਧੇ-ਪੌਣੇ ਘੰਟੇ ਲਈ ਹੋਈ ਸੀ। ਪਿੰਕੀ ਨੇ ਕਿਹਾ ਕਿ ਉਨ੍ਹਾਂ ਦਾ ਇਸ ਮਸਲੇ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਹ ਭਾਜਪਾ ਆਗੂ ਸੁਖਵਿੰਦਰ ਗਰੇਵਾਲ ਨੂੰ ਆਪਣੇ ਨਿੱਜੀ ਕੰਮ ਲਈ ਮਿਲਣ ਦਿੱਲੀ ਗਏ ਸੀ।ਪਿੰਕੀ ਨੇ ਦੱਸਿਆ, "ਅਸੀਂ ਦਿੱਲੀ ਜਾ ਰਹੇ ਸੀ, ਇਹ (ਨਿਹੰਗ ਅਮਨ ਸਿੰਘ) ਸਾਨੂੰ ਸਿੰਘੂ ਬਾਰਡਰ ਟੱਕਰਿਆ ਅਤੇ ਕਹਿੰਦਾ ਕਿ ਮੈਂ ਵੀ ਮੰਤਰੀ ਨੂੰ ਮਿਲਣਾ ਹੈ, ਅਸੀਂ ਕਿਹਾ ਚੱਲੋ।" ਪਿੰਕੀ ਨੇ ਅੱਗੇ ਕਿਹਾ, "ਅਸੀਂ ਇਸ ਨੂੰ ਨਾਲ ਲੈ ਗਏ ਅਤੇ ਅਸੀਂ ਉੱਥੇ ਖੇਤੀਬਾੜੀ ਰਾਜ ਮੰਤਰੀ ਦੇ ਘਰ ਰੋਟੀ ਖਾਣ ਲੱਗ ਗਏ।"ਉਨ੍ਹਾਂ ਨੇ ਅੱਗੇ ਦੱਸਿਆ, "ਤੋਮਰ ਉੱਥੇ ਆਏ ਹੋਏ ਸੀ, ਅਸੀਂ ਰੋਟੀ ਖਾ ਕੇ ਉੱਥੋਂ ਉੱਠ ਕੇ ਆ ਗਏ, ਇਹ ਉੱਥੇ ਬੈਠੇ ਸੀ। ਉਸ ਤੋਂ ਬਾਅਦ ਮੇਰਾ ਉਸ ਨਾਲ ਕੋਈ ਲੈਣ ਨਹੀਂ ਦੇਣ ਨਹੀਂ, ਐਵੇਂ ਹੀ ਚੱਕ ਤਾਂ ਹਵਾ ਵਿਚ, ਚੋਰ ਬਣਾ ਦਿੱਤਾ ਸਾਨੂੰ।"ਜਦੋਂ ਪਿੰਕੀ ਨੂੰ ਪੁੱਛਿਆ ਕਿ ਤੁਹਾਡੇ ਸਾਹਮਣੇ ਮੰਤਰੀ ਨਾਲ ਖੇਤੀ ਬਿੱਲਾਂ ਸਬੰਧ ਕੋਈ ਗੱਲ ਹੋਈ ਸੀ ਤਾਂ ਉਨ੍ਹਾਂ ਨੇ ਜਵਾਬ ਦਿੱਤਾ, "ਉਹ ਨਿਹੰਗ ਕਹਿ ਰਿਹਾ ਸੀ ਕਿ ਤੁਸੀਂ ਕਾਲੇ ਕਾਨੂੰਨ ਵਾਪਸ ਕਰੋ, ਮੇਰਾ ਇਸ ਵਿਚ ਕੋਈ ਦਖ਼ਲ ਨਹੀਂ ਸੀ।"ਸੰਯੁਕਤ ਕਿਸਾਨ ਮੋਰਚਾ ਦੇ ਆਗੂ ਰਾਕੇਸ਼ ਟਕੈਤ ਨੇ ਆਖਿਆ, "ਉਨ੍ਹਾਂ ਨੇ ਇਹ ਤਸਵੀਰ ਦੇਖੀ ਹੈ। ਨਿਹੰਗ ਵੀ ਭਾਰਤ ਦੇ ਨਾਗਰਿਕ ਹਨ ਅਤੇ ਭਾਰਤ ਦੇ ਖੇਤੀਬਾੜੀ ਮੰਤਰੀ ਨੂੰ ਮਿਲ ਸਕਦੇ ਹਨ।"ਰਾਕੇਸ਼ ਟਕੈਤ ਨੇ ਇਹ ਵੀ ਆਖਿਆ, "ਜੇਕਰ ਕੋਈ ਸਰਕਾਰ ਨਾਲ ਉਨ੍ਹਾਂ ਦੀ ਬੈਠਕ ਕਰਵਾ ਸਕਦਾ ਹੈ ਤਾਂ ਉਨ੍ਹਾਂ ਨੂੰ ਇਸ ਨਾਲ ਕੋਈ ਦਿੱਕਤ ਨਹੀਂ ਹੈ। ਕਿਸਾਨਾਂ ਦੀਆਂ ਮੰਗਾਂ ਜਿਨ੍ਹਾਂ ਵਿੱਚ ਖੇਤੀ ਕਾਨੂੰਨ ਰੱਦ ਕਰਵਾਉਣ ਅਤੇ ਐੱਮਐੱਸਪੀ ਯਕੀਨੀ ਬਣਾਉਣਾ ਮੁੱਖ ਹੈ, ਜੇ ਕੋਈ ਸਰਕਾਰ ਨਾਲ ਬੈਠਕ ਕਰਵਾ ਕੇ ਕਰਾ ਸਕਦਾ ਹੈ,ਤਾਂ ਕਰਵਾ ਦੇਵੇ। ਇਸ ਸੰਘਰਸ਼ ਨੂੰ ਇੱਕ ਸਾਲ ਹੋ ਗਿਆ ਹੈ ਅਤੇ ਕਿਸਾਨ ਵਾਪਸ ਨਹੀਂ ਜਾਣਗੇ।"ਇਸੇ ਦੌਰਾਨ ਕਾਂਗਰਸ ਦੇ ਕੌਮੀ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕਰਕੇ ਕਿਹਾ ਕਿ ਸੱਚ ਸਾਹਮਣੇ ਆ ਰਿਹਾ ਹੈ ਅਤੇ ਪਰਦਾ ਉੱਠ ਰਿਹਾ ਹੈ। ਕੌਣ ਹੈ ਕਿਸਦੇ ਪਿੱਛੇ , ਕੌਣ ਕਿਸਦੇ ਨਾਲ ਖੜਾ ਹੈ, ਅਤੇ ਕਿਸਾਨਾਂ ਖ਼ਿਲਾਫ਼ ਕੀ ਸਾਜ਼ਿਸ਼ ਹੋ ਰਹੀ ਹੈ।

.ਕਿਸਾਨ ਅੰਦੋਲਨ ਦਾ ਮੁਖ ਆਧਾਰ ਸਿਖ ਹਨ।ਕਾਰਣ ਇਹ ਹੈ ਕਿ ਪੰਜਾਬ ਦੀ ਆਰਥਿਕਤਾ ਖੇਤੀ ਆਧਾਰਿਤ ਹੈ।ਖੇਤੀ ਆਰਥਿਕਤਾ ਬਿਨਾਂ ਸਿਖ ਤੇ ਪੰਜਾਬ ਨਹੀਂ  ਜੀਉਂਦਾ ਰਹਿ ਸਕਦਾ।ਇਸਦੀ ਸਿਖਾਂ ਨੂੰ ਸਮਝ ਹੈ।ਕਿਸਾਨ ਯੂਨੀਅਨ ਇਸ ਮੋਰਚੇ ਦੀ ਅਗਵਾਈ ਕਰ ਰਹੇ ਹਨ ਪਰ ਤਾਕਤ ਸਿਖ ਸੰਗਤ ਦੀ ਹੈ।ਇਹ ਠੀਕ ਹੈ ਕਿਸਾਨ ਯੂਨੀਅਨ ਲੀਡਰ ਯੋਗ ਸਿਆਸੀ ਅਗਵਾਈ ਨਹੀਂ ਕਰ ਸਕੇ। ਪਰ ਇਸ ਦੇ ਬਾਵਜੂਦ ਮੋਰਚੇ ਦੀ  ਵਿਸ਼ਾਲਤਾ ਇਹ ਹੈ ਕਿ ਸਿਆਸੀ ਪਾਰਟੀਆਂ ਇਸ ਰਾਹੀਂ ਆਕਸੀਜਨ ਭਾਲਦੀਆਂ ਹਨ।ਮੋਰਚੇ ਨੂੰ ਉਖਾੜਨ ਲਈ ਬਹੁਤ ਤਾਕਤਾਂ ਸਰਗਰਮ ਹਨ।ਨਕਲੀ ਨਾਇਕ ਸਿਰਜੇ ਜਾ ਰਹੇ ਹਨ।ਪੰਜਾਬ ਦੀ ਧਰਤੀ ਉਪਰ ਖੇਤੀ ਜਮੀਨ ਨਾ ਰਹੀ ਤੇ ਇਸ ਉਪਰ ਕਾਰਪੋਰੇਟ ਦਾ ਕਬਜਾ ਹੋਇਆ ਤਾਂ ਪੰਜਾਬ ਦਾ ਸਿਖ ਕਿਸਾਨ ਵਿਦੇਸ਼ਾਂ ਵਲ ਤਬਦੀਲ ਹੋ ਜਾਵੇਗਾ।ਇਹ ਮਸਲਾ ਜਮੀਨ , ਆਰਥਿਕਤਾ , ਸਭਿਆਚਾਰ ਤੇ ਧਰਮ ਦਾ ਹੈ।ਬਾਣੀਆਵਾਦ ਇਸ ਖੇਤੀ ਆਰਥਿਕਤਾ ਨੂੰ ਹੜਪ ਕਰੇਗਾ। ਗਰੀਬ ਕਿਸਾਨ ਮਜਦੂਰ ਹੋ ਜਾਵੇਗਾ।ਬੇਅਦਬੀ ਸ਼ਿੰਘੂ ਬਾਰਡਰ ਬਾਅਦ ਕਿਸਾਨਾਂ ਤੇ ਨਿਹੰਗ ਸਿੰਘਾਂ ਵਿਚ ਟਕਰਾਅ ਹੈ।  ਨਿਹੰਗਾਂ ਵੱਲੋਂ ਬੁਲਾਈ ਜਾ ਰਹੀ 27 ਅਕਤੂਬਰ ਨੂੰ ਮਹਾਪੰਚਾਇਤ ਕਿਸਾਨ ਅੰਦੋਲਨ ਨੂੰ ਢਾਹ ਲਾਵੇਗੀ। ਨਿਹੰਗ ਸਿੰਘਾਂ ਨੂੰ ਇਹ ਮੀਟਿੰਗ ਵਾਪਸ ਲੈਣੀ ਚਾਹੀਦੀ ਹੈ। ਇਸ ਮਹਾਪੰਚਾਇਤ ਦਾ ਸੁਨੇਹਾ ਇਹ ਬਣੇਗਾ ਕਿ ਪੰਥਕ ਇਕਠ ਕਿਸਾਨਾਂ ਵਿਰੋਧੀ ਹੈ।ਇਸ ਵਿਚ ਕੋਈ ਸ਼ਕ ਨਹੀਂ ਕਿ ਫਿਰਕੂ ਅਨਸਰ ਨਿਹੰਗਾਂ ਦੇ ਡਰ ਕਾਰਣ ਸ਼ਰਾਰਤ ਨਹੀਂ ਕਰਦੇ।