ਭਾਈ ਖੰਡਾ ਦੇ ਅੰਤਿਮ ਸੰਸਕਾਰ ਲਈ ਬਰਤਾਨੀਆ ਜਾਣ ਲਈ ਉਨ੍ਹਾਂ ਦੇ ਮਾਤਾ ਅਤੇ ਭੈਣ ਲਈ ਵੀਜ਼ਾ ਜਾਰੀ ਕਰਣ ਦੀ ਅਪੀਲ: ਸਰਨਾ

ਭਾਈ ਖੰਡਾ ਦੇ ਅੰਤਿਮ ਸੰਸਕਾਰ ਲਈ ਬਰਤਾਨੀਆ ਜਾਣ ਲਈ ਉਨ੍ਹਾਂ ਦੇ ਮਾਤਾ ਅਤੇ ਭੈਣ ਲਈ ਵੀਜ਼ਾ ਜਾਰੀ ਕਰਣ ਦੀ ਅਪੀਲ: ਸਰਨਾ

ਵਿਦੇਸ਼ ਮੰਤਰਾਲੇ ਮਾਮਲੇ ਵਿਚ ਦੇਵੇ ਦਖਲ

ਅੰਮ੍ਰਿਤਸਰ ਟਾਈਮਜ਼ ਬਿਊਰੋ 

ਨਵੀਂ ਦਿੱਲੀ, 30 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- ਵਿਸ਼ਵ ਵਿਆਪੀ ਮਨੁੱਖੀ ਅਧਿਕਾਰਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਹਿੰਦੁਸਤਾਨ ਵਿੱਚ ਬ੍ਰਿਟਿਸ਼ ਹਾਈ ਕਮਿਸ਼ਨ ਨੂੰ ਮਰਹੂਮ ਅਵਤਾਰ ਸਿੰਘ ਖੰਡਾ ਦੇ ਪਰਿਵਾਰ ਨੂੰ ਵੀਜ਼ਾ ਜਾਰੀ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਓਹ ਆਪਣੇ ਪੁੱਤਰ ਅਤੇ ਭਰਾ ਦੀਆਂ ਯੂ.ਕੇ. ਵਿੱਚ ਹੋਣ ਵਾਲੀਆਂ ਅੰਤਿਮ ਰਸਮਾਂ ਅੰਦਰ ਸ਼ਾਮਲ ਹੋ ਸਕਣ । 

ਸ. ਸਰਨਾ ਨੇ ਕਿਹਾ ਕਿ “ਅਸੀਂ ਖੰਡਾ ਦੇ ਪਰਿਵਾਰ ਨੂੰ ਯੂਕੇ ਦਾ ਵੀਜ਼ਾ ਦੇਣ ਤੋਂ ਇਨਕਾਰ ਕਰਨ ਬਾਰੇ ਪਰੇਸ਼ਾਨ ਕਰਨ ਵਾਲੀਆਂ ਰਿਪੋਰਟਾਂ ਦੇਖੀਆਂ। ਬਰਤਾਨਵੀ ਹਾਈ ਕਮਿਸ਼ਨ ਨੂੰ ਮਨੁੱਖੀ ਅਧਿਕਾਰਾਂ ਬਾਰੇ ਅੰਤਰਰਾਸ਼ਟਰੀ ਇਕਰਾਰਨਾਮੇ ਦਾ ਸਨਮਾਨ ਕਰਨਾ ਚਾਹੀਦਾ ਹੈ ਅਤੇ ਉਸ ਦੇ ਪਰਿਵਾਰ ਨੂੰ ਯੂਕੇ ਵਿੱਚ ਰਸਮਾਂ ਅਤੇ ਸੇਵਾ ਵਿੱਚ ਸ਼ਾਮਲ ਹੋਣ ਦੇਣਾ ਚਾਹੀਦਾ ਹੈ, ਜਿੱਥੇ ਉਸ ਦਾ ਹਾਲ ਹੀ ਵਿੱਚ ਦਿਹਾਂਤ ਹੋਇਆ ਸੀ । ਅਕਾਲੀ ਆਗੂ ਨੇ ਇਸ ਸਬੰਧ ਵਿੱਚ ਵਿਦੇਸ਼ ਮੰਤਰਾਲੇ ਦੇ ਦਖਲ ਦੀ ਮੰਗ ਕੀਤੀ ਹੈ। ਜਿਕਰਯੋਗ ਹੈ ਬੀਤੇ ਇਕ ਦਿਨ ਪਹਿਲਾਂ ਭਾਈ ਖੰਡੇ ਦੀ ਮਾਤਾ ਅਤੇ ਭੈਣ ਨੂੰ ਯੂਕੇ ਜਾਣ ਲਈ ਵੀਜ਼ਾ ਜਾਰੀ ਨਹੀਂ ਕੀਤਾ ਗਿਆ ਸੀ ਜਿਸ ਬਾਰੇ ਪੰਥ ਅੰਦਰ ਰੋਸ ਦੀ ਲਹਿਰ ਫੈਲੀ ਹੋਈ ਹੈ । ਭਾਈ ਖੰਡੇ ਦੀ ਮੌਤ ਇਕ ਅਸਪਤਾਲ ਅੰਦਰ ਬੀਤੀ 15 ਜੂਨ ਨੂੰ ਹੋਈ ਸੀ ਜਿਸ ਦਾ ਕਾਰਣ ਕੈਂਸਰ ਦਸਿਆ ਜਾ ਰਿਹਾ ਸੀ ਪਰ ਯੂਕੇ ਰਹਿੰਦੇ ਸਿੱਖਾਂ ਨੇ ਹਿੰਦ ਸਰਕਾਰ ਦੇ ਕਰੀਂਦਿਆਂ ਵਲੋਂ ਓਸ ਨੂੰ ਜ਼ਹਿਰ ਦਿੱਤੇ ਜਾਣ ਬਾਰੇ ਕਿਹਾ ਹੈ ।