ਕੇਜਰੀਵਾਲ ਵੱਲੋਂ ਸਿਸੋਦੀਆ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨਾ ਬੇਹੱਦ ਮੰਦਭਾਗਾ : ਮਨਜਿੰਦਰ ਸਿੰਘ ਸਿਰਸਾ

ਕੇਜਰੀਵਾਲ ਵੱਲੋਂ ਸਿਸੋਦੀਆ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨਾ ਬੇਹੱਦ ਮੰਦਭਾਗਾ : ਮਨਜਿੰਦਰ ਸਿੰਘ ਸਿਰਸਾ

ਕੇਜਰੀਵਾਲ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਤੋਂ ਤੁਰੰਤ ਮੁਆਫੀ ਮੰਗਣ

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 17 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ): ਭਾਜਪਾ ਦੇ ਸਿੱਖ ਆਗੂ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਉਪ ਮੁੱਖ ਮੰਤਰੀ ਸ੍ਰੀ ਮਨੀਸ਼ ਸਿਸੋਦੀਆ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰਨਾ ਬੇਹੱਦ ਮੰਦਭਾਗਾ ਹੈ ਤੇ ਇਸ ਲਈ ਸ੍ਰੀ ਕੇਜਰੀਵਾਲ ਨੂੰ ਭਾਵਨਾਵਾਂ ਨੂੰ ਸੱਟ ਮਾਰਨ ਲਈ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਕੋਲੋਂ ਮੁਆਫੀ ਮੰਗਣੀ ਚਾਹੀਦੀ ਹੈ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਰਦਾਰ ਸਿਰਸਾ ਨੇ ਕਿਹਾ ਕਿ ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਸ੍ਰੀ ਮਨੀਸ਼ ਸਿਸੋਦੀਆ ਦੀ ਤੁਲਨਾ ਸ਼ਹੀਦ ਭਗਤ ਸਿੰਘ ਨਾਲ ਕਰ ਰਹੇ ਹਨ। ਉਹਨਾਂ ਕਿਹਾ ਕਿ ਸ਼ਹੀਦ ਭਗਤ ਸਿੰਘ ਵਰਗੇ ਸੂਰਮੇ ਕਦੇ ਕਦਾਈਂ ਜੰਮਦੇ ਹਨ ਜਿਹਨਾਂ ਨੇ ਆਪਣੇ ਦੇਸ਼ ਦੀ ਸ਼ਹਾਦਤ ਵਾਸਤੇ ਸ਼ਹਾਦਤਾਂ ਦੇ ਜਾਪ ਕੀਤੇ ਤੇ ਦੂਜੇ ਪਾਸੇ ਸ੍ਰੀ ਸਿਸੋਦੀਆ ਦੇ ਖਿਲਾਫ ਦਿੱਲੀ ਤੇ ਪੰਜਾਬ ਵਿਚ ਸ਼ਰਾਬ ਕਾਰੋਬਾਰੀਆਂ ਨੂੰ ਲਾਭ ਪਹੁੰਚਾਉਣ ਲਈ ਰਿਸ਼ਵਤਾਂ ਲੈਣ ਦੇ ਦੋਸ਼ ਲੱਗੇ ਹਨ। ਉਹਨਾਂ ਕਿਹਾ ਕਿ ਜਿਹਨਾਂ ਨੇ 6 ਫੀਸਦੀ ਰਿਸ਼ਵਤਾਂ ਹਾਸਲ ਕੀਤੀਆਂ ਹੋਣ ਤੇ ਅਪਰਾਧ ਕੀਤੇ ਹੋਣ ਉਹਨਾਂ ਦੀ ਤੁਲਨਾ ਦੇਸ਼ ਦੇ ਆਜ਼ਾਦੀ ਘੁਲਾਟੀਆਂ ਨਾਲ ਨਹੀਂ ਕੀਤੀ ਜਾ ਸਕਦੀ।

ਉਹਨਾਂ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸ੍ਰੀ ਕੇਜਰੀਵਾਲ ਨੇ ਰਾਜਨੀਤੀ ਨੂੰ ਇਸ ਪੱਧਰ ਤੱਕ ਹੇਠਾਂ ਲੈ ਆਉਂਦਾ ਹੈ ਕਿ ਅੱਜ ਸ੍ਰੀ ਸਿਸੋਦੀਆ ਸੀਬੀ ਆਈ  ਵੱਲੋਂ ਪੁੱਛ ਗਿੱਛ ਤੋਂ ਪਹਿਲਾਂ ਆਪਣੀ ਮਾਂ ਤੋਂ ਆਸ਼ੀਰਵਾਦ ਲੈ ਰਹੇ ਹਨ ਤੇ ਪਤਨੀ ਤੋਂ ਇਸ ਤਰੀਕੇ ਟਿੱਕਾ ਲਗਵਾ ਰਹੇ ਹਨ ਜਿਵੇਂ ਦੇਸ਼ ਵਾਸਤੇ ਜੰਗ ਵਿਚ ਜਾਣਾ ਹੋਵੇ।

ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਸ੍ਰੀ ਕੇਜਰੀਵਾਲ ਤੇ ਸ੍ਰੀ ਸਿਸੋਦੀਆ ਤੇ ਉਹਨਾਂ ਦੀ ਟੀਮ ਨੇ ਸ਼ਰਾਬ ਕਾਰੋਬਾਰੀਆਂ ਤੋਂ ਰਿਸ਼ਵਤਾਂ ਲਈਆਂ ਤਾਂ ਜੋ ਆਪਣੀ ਪਾਰਟੀ ਨੂੰ ਅੱਗੇ ਵਧਾਇਆ ਜਾ ਸਕੇ ਤੇ ਹੁਣ ਜਦੋਂ ਜਾਂਚ ਏਜੰਸੀਆਂ ਨੇ ਉਹਨਾਂ ਨੂੰ ਦੋਸ਼ੀ ਠਹਿਰਾਇਆ ਹੈ ਤਾਂ ਉਹਨਾਂ ਨੂੰ ਆਪਣੇ ਗੈਰ ਕਾਨੂੰਨੀ ਕੰਮਾਂ ਵਾਸਤੇ ਸਜ਼ਾ ਪ੍ਰਾਪਤ ਕਰਨ ਲਈ ਤਿਆਰ ਰਹਿਣਾ ਚਾਹੀਦਾ ਹੈ ਨਾ ਕਿ ਆਪਣੇ ਆਪ ਨੂੰ ਆਜ਼ਾਦੀ ਘੁਲਾਟੀਆਂ ਵਜੋਂ ਪੇਸ਼ ਕਰਨਾ ਚਾਹੀਦਾ ਹੈ।

ਉਹਨਾਂ ਨੇ ਸ੍ਰੀ ਕੇਜਰੀਵਾਲ ਨੂੰ ਆਖਿਆ ਕਿ ਉਹ ਸ਼ਹੀਦ ਭਗਤ ਸਿੰਘ ਦੇ ਪਰਿਵਾਰ ਅਤੇ ਦੇਸ਼ ਵਾਸੀਆਂ ਤੋਂ ਤੁਰੰਤ ਮੁਆਫੀ ਮੰਗਣ ਕਿਉਂਕਿ ਉਹਨਾਂ ਨੇ ਪਰਿਵਾਰ ਤੇ ਦੇਸ਼ ਵਿਦੇਸ਼ ਵਿਚ ਵਸਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ।