ਕੀ ਚੀਨ ਨਾਲ ਝੜਪ ਦੀ ਨਮੋਸ਼ੀ ਤੋਂ ਬਚਣ ਲਈ ਪਾਕਿਸਤਾਨ ਵਾਲੇ ਪਾਸੇ ਧਿਆਨ ਭਟਕਾ ਰਿਹਾ ਹੈ ਭਾਰਤ

ਕੀ ਚੀਨ ਨਾਲ ਝੜਪ ਦੀ ਨਮੋਸ਼ੀ ਤੋਂ ਬਚਣ ਲਈ ਪਾਕਿਸਤਾਨ ਵਾਲੇ ਪਾਸੇ ਧਿਆਨ ਭਟਕਾ ਰਿਹਾ ਹੈ ਭਾਰਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਪਿਛਲੇ ਕੁੱਝ ਦਿਨਾਂ ਤੋਂ ਭਾਰਤ ਅਤੇ ਪਾਕਿਸਤਾਨ ਦਰਮਿਆਨ ਸਰਾਫਤਖਾਨਿਆਂ ਦੇ ਮੁਲਾਜ਼ਮਾਂ ਨੂੰ ਲੈ ਕੇ ਖਿੱਚੋਤਾਣ ਚੱਲ ਰਹੀ ਹੈ। ਜਿੱਥੇ ਪਹਿਲਾਂ ਪਾਕਿਸਤਾਨ ਵੱਲੋਂ ਇਸਲਾਮਾਬਾਦ ਸਥਿਤ ਭਾਰਤੀ ਸਰਾਫਤਖਾਨੇ ਵਿਚ ਤੈਨਾਤ ਦੋ ਡਰਾਈਵਰਾਂ ਨੂੰ ਸੜਕ ਹਾਦਸੇ ਦੇ ਮਾਮਲੇ 'ਚ ਗ੍ਰਿਫਤਾਰ ਕੀਤਾ ਸੀ ਤੇ ਬਾਅਦ ਵਿਚ ਉਹਨਾਂ ਨੂੰ ਰਿਹਾਅ ਕਰਕੇ ਭਾਰਤ ਭੇਜ ਦਿੱਤਾ ਗਿਆ ਸੀ, ਉੱਥੇ ਮੰਗਲਵਾਰ ਨੂੰ ਭਾਰਤ ਸਰਕਾਰ ਨੇ ਨਵੀਂ ਦਿੱਲੀ ਸਥਿਤ ਪਾਕਿਸਤਾਨ ਦੇ ਸਰਾਫਤਖਾਨੇ ਵਿਚੋਂ 50 ਫੀਸਦੀ ਮੁਲਾਜ਼ਮਾਂ ਨੂੰ ਪਾਕਿਸਤਾਨ ਭੇਜਣ ਲਈ ਕਹਿ ਦਿੱਤਾ ਹੈ। ਭਾਰਤ ਨੇ ਦੋਸ਼ ਲਾਇਆ ਹੈ ਕਿ ਪਾਕਿਸਤਾਨ ਸਰਾਫਤਖਾਨੇ ਦੇ ਮੁਲਾਜ਼ਮ ਜਾਸੂਸੀ ਕਰਦੇ ਹਨ ਅਤੇ ਅੱਤਵਾਦੀ ਧੜਿਆਂ ਨਾਲ ਸਾਂਝਾਂ ਬਣਾਈਆਂ ਹੋਈਆਂ ਹਨ। 

ਇਸ ਤੋਂ ਬਾਅਦ ਪਾਕਿਸਤਾਨ ਨੇ ਵੀ ਭਾਰਤ ਦੇ ਇਸਲਾਮਾਬਾਦ ਸਰਾਫਤਖਾਨੇ ਵਿਚ ਮੋਜੂਦ ਮੁਲਾਜ਼ਮਾਂ ਚੋਂ 50 ਫੀਸਦੀ ਨੂੰ ਭਾਰਤ ਭੇਜਣ ਲਈ ਕਹਿ ਦਿੱਤਾ ਹੈ। 

ਇਸ ਸਾਰੀ 'ਜੈਸੇ ਕੋ ਤੈਸਾ' ਵਾਲੀ ਕਾਰਵਾਈ 'ਤੇ ਟਿੱਪਣੀ ਕਰਦਿਆਂ ਪਾਕਿਸਤਾਨ ਦੇ ਵਿਦੇਸ਼ ਮੰਤਰੀ ਨੇ ਦੋਸ਼ ਲਾਇਆ ਹੈ ਕਿ ਭਾਰਤ ਸਰਕਾਰ ਲੱਦਾਖ ਵਿਚ ਚੀਨ ਹੱਥੋਂ ਮਿਲੀ ਹਾਰ ਤੋਂ ਬਾਅਦ ਆਪਣਾ ਮੂੰਹ ਬਚਾਉਣ ਲਈ ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਇਹ ਕਾਰਵਾਈ ਕਰ ਰਹੀ ਹੈ। 

ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਕਿਹਾ ਕਿ ਭਾਰਤ ਸਰਕਾਰ ਇਸ ਕਾਰਵਾਈ ਨਾਲ ਭਾਰਤ ਚੀਨ ਸਰਹੱਦ ਵਿਵਾਦ ਤੋਂ ਧਿਆਨ ਭਟਕਾ ਕੇ ਪਾਕਿਸਤਾਨ ਵਾਲੇ ਪਾਸੇ ਕਰਨਾ ਚਾਹੁੰਦੀ ਹੈ।

ਕੁਰੈਸ਼ੀ ਨੇ ਕਿਹਾ ਕਿ ਹਿਮਾਲਿਆ ਵਿਚ ਚੀਨ ਕੋਲੋਂ ਮਾਰ ਖਾਣ ਅਤੇ ਬੇਇਜ਼ਤ ਹੋਣ ਬਾਅਦ ਭਾਰਤ ਪਾਕਿਸਤਾਨ ਖਿਲਾਫ ਕਾਰਵਾਈ ਲਈ ਬਹਾਨਾ ਭਾਲ ਰਿਹਾ ਹੈ।