ਭਾਰਤ 'ਚ ਪਾਰਲੀਮੈਂਟ ਚੋਣ-ਦੰਗਲ ਦੀ ਸ਼ੁਰੂਆਤ

ਭਾਰਤ 'ਚ ਪਾਰਲੀਮੈਂਟ ਚੋਣ-ਦੰਗਲ ਦੀ ਸ਼ੁਰੂਆਤ



ਪੰਜਾਬ 'ਚ 19 ਮਈ ਨੂੰ ਪੈਣਗੀਆਂ ਵੋਟਾਂ

n ਚੋਣ ਜ਼ਾਬਤੇ ਕਾਰਨ ਸਰਕਾਰੀ ਪ੍ਰਚਾਰ ਤੰਤਰ ਨੂੰ ਲੱਗੀਆਂ ਬਰੇਕਾਂ
n ਪ੍ਰਧਾਨ ਮੰਤਰੀ, ਮੁੱਖ ਮੰਤਰੀਆਂ ਤੇ ਮੰਤਰੀਆਂ ਦੀਆਂ ਤਸਵੀਰਾਂ ਵਾਲੇ ਹੋਰਡਿੰਗ ਉਤਰੇ 
n 'ਆਪ' ਤੇ ਟਕਸਾਲੀ ਗੱਠਜੋੜ 'ਚ ਅਜੇ ਵੀ ਖਿੱਚੋਤਾਣ 
n ਖਹਿਰਾ ਵਲੋਂ ਡੈਮੋਕ੍ਰੇਟਿਕ ਗਠਜੋੜ ਦੇ ਉਮੀਦਵਾਰਾਂ ਦਾ ਐਲਾਨ 
n ਬੀਬੀ ਖਾਲੜਾ ਖਡੂਰ ਸਾਹਿਬ ਤੋਂ ਡੈਮੋਕ੍ਰੇਟਿਕ ਗਠਜੋੜ ਦੇ ਉਮੀਦਵਾਰ 
n ਵੋਟਰਾਂ ਦੀ ਬੇਰੁਖੀ ਨੂੰ ਦੇਖਦਿਆਂ ਬਾਦਲ ਦਲ ਵਾਲੇ ਸਟਾਰ ਨੇਤਾ ਲੱਭਣ ਨਿਕਲੇ

ਜਲੰਧਰ/ਪ੍ਰੋ. ਬਲਵਿੰਦਰਪਾਲ ਸਿੰਘ

ਭਾਰਤ ਦੇ ਕੇਂਦਰੀ ਚੋਣ ਕਮਿਸ਼ਨ ਵੱਲੋਂ ਸਤ੍ਹਾਰਵੀਂ ਲੋਕ ਸਭਾ ਲਈ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰਨ ਨਾਲ ਚੋਣਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਹ ਚੋਣਾਂ ਸੱਤ ਪੜਾਵਾਂ ਵਿਚ ਹੋਣਗੀਆਂ। ਪਹਿਲੇ ਪੜਾਅ ਲਈ ਵੋਟਾਂ 11 ਅਪਰੈਲ ਨੂੰ ਪੈਣਗੀਆਂ ਤੇ ਆਖ਼ਰੀ (ਸੱਤਵੇਂ) ਪੜਾਅ ਲਈ 19 ਮਈ ਨੂੰ। ਪੰਜਾਬ ਤੇ ਚੰਡੀਗੜ੍ਹ ਵਿਚ ਵੋਟਾਂ ਆਖ਼ਰੀ ਪੜਾਅ ਦੌਰਾਨ ਹੋਣਗੀਆਂ। ਵੋਟਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਪਹਿਲੇ ਪੜਾਅ ਦੀਆਂ ਸੀਟਾਂ ਵਾਸਤੇ ਨੋਟੀਫ਼ਿਕੇਸ਼ਨ 18 ਮਾਰਚ ਨੂੰ ਜਾਰੀ ਕੀਤਾ ਜਾਵੇਗਾ। ਉੱਤਰ ਪ੍ਰਦੇਸ਼, ਬਿਹਾਰ ਅਤੇ ਪੱਛਮੀ ਬੰਗਾਲ ਵਿਚ ਚੋਣ ਪ੍ਰਕਿਰਿਆ ਸੱਤ ਪੜਾਵਾਂ ਵਿਚ ਮੁਕੰਮਲ ਹੋਵੇਗੀ। ਤੀਜੇ ਪੜਾਅ ਵਿਚ ਸਭ ਤੋਂ ਵੱਧ ਸੀਟਾਂ (115) ਲਈ ਵੋਟਾਂ ਪੈਣਗੀਆਂ। ਇਸ ਦੇ ਨਾਲ ਨਾਲ ਚਾਰ ਰਾਜਾਂ ਆਂਧਰਾ ਪ੍ਰਦੇਸ਼, ਸਿੱਕਮ, ਅਰੁਣਾਚਲ ਪ੍ਰਦੇਸ਼ ਅਤੇ ਉੜੀਸਾ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵੀ ਹੋਣਗੀਆਂ। ਜੰਮੂ ਕਸ਼ਮੀਰ ਦੀ ਵਿਧਾਨ ਸਭਾ ਲਈ ਚੋਣਾਂ ਵੀ ਹੋਣੀਆਂ ਹਨ ਪਰ ਕੇਂਦਰੀ ਚੋਣ ਕਮਿਸ਼ਨ ਨੇ ਕਿਹਾ ਹੈ ਕਿ ਉਹ ਇਸ ਬਾਰੇ ਫ਼ੈਸਲਾ ਬਾਅਦ ਵਿਚ ਕਰੇਗਾ। ਕਮਿਸ਼ਨ ਨੇ ਜੰਮੂ ਕਸ਼ਮੀਰ ਦੇ ਹਾਲਾਤ 'ਤੇ ਵਿਚਾਰ ਕਰਨ ਲਈ ਤਿੰਨ ਅਬਜਰਵਰ ਨਿਯੁਕਤ ਕੀਤੇ ਹਨ। 1996 ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਸੂਬੇ ਵਿਚ ਚੋਣਾਂ ਸਮੇਂ ਸਿਰ ਨਹੀਂ ਹੋ ਰਹੀਆਂ।
ਕੌਮੀ ਚੋਣ ਕਮਿਸ਼ਨ ਦੇ ਮੁੱਖ ਚੋਣ ਅਧਿਕਾਰੀ ਡਾ. ਐਸ. ਕਰੁਣਾ ਰਾਜ ਦੇ ਐਲਾਨ ਤੋਂ ਬਾਅਦ ਸੂਬੇ ਵਿਚ ਵੀ ਚੋਣ ਜ਼ਾਬਤਾ ਲਾਗੂ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਰਾਜ ਵਿਚ ਚੋਣਾਂ ਲਈ ਬਣਾਏ ਗਏ ਵਿਸਤ੍ਰਿਤ ਪ੍ਰੋਗਰਾਮ ਨੂੰ ਲਾਗੂ ਕਰਨ ਲਈ ਚੋਣ ਕਮਿਸ਼ਨ ਵਲੋਂ ਰਾਜ ਨੂੰ 243 ਕਰੋੜ ਦਾ ਬਜਟ ਅਲਾਟ ਕੀਤਾ ਗਿਆ ਹੈ, ਜਿਸ ਵਿਚੋਂ 60 ਕਰੋੜ ਸੁਰੱਖਿਆ 'ਤੇ ਖਰਚਿਆ ਜਾਣਾ ਹੈ ਅਤੇ ਰਾਜ ਵਿਚ ਚੋਣਾਂ ਲਈ ਕੋਈ 65 ਹਜ਼ਾਰ ਸੁਰੱਖਿਆ ਬਲ ਤਾਇਨਾਤ ਹੋਣਗੇ। ਰਾਜੂ ਨੇ ਦੱਸਿਆ ਕਿ ਰਾਜ ਵਿਚ ਸਮੁੱਚੀਆਂ ਵੋਟਿੰਗ ਮਸ਼ੀਨਾਂ ਨਾਲ ਵੀਵੀਪੈਟ ਮਸ਼ੀਨਾਂ ਵੀ ਲਗਾਈਆਂ ਜਾਣਗੀਆਂ। ਰਾਜੂ ਨੇ ਦੱਸਿਆ ਕਿ ਪੰਜਾਬ ਵਿਚ ਚੋਣਾਂ ਸਬੰਧੀ ਨੋਟੀਫ਼ਿਕੇਸ਼ਨ 22 ਅਪ੍ਰੈਲ 2019 ਨੂੰ ਜਾਰੀ ਕੀਤਾ ਜਾਵੇਗਾ ਅਤੇ ਨਾਮਜ਼ਦਗੀਆਂ ਦਾਖ਼ਲ ਕਰਨ ਲਈ ਆਖ਼ਰੀ ਤਰੀਕ 29 ਅਪ੍ਰੈਲ ਹੋਵੇਗੀ, ਜਦੋਂਕਿ ਨਾਮਜ਼ਦਗੀਆਂ ਦੀ ਜਾਂਚ 30 ਅਪ੍ਰੈਲ ਨੂੰ ਹੋਵੇਗੀ ਅਤੇ 2 ਮਈ ਤੱਕ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਰਾਜ ਦੇ ਸਾਰੇ 13 ਹਲਕਿਆਂ ਵਿਚ ਵੋਟਾਂ 19 ਮਈ ਨੂੰ ਪੈਣਗੀਆਂ ਜਿਨ੍ਹਾਂ ਦੀ ਗਿਣਤੀ 23 ਮਈ ਨੂੰ ਹੋਵੇਗੀ। ਉਨ੍ਹਾਂ ਦੱਸਿਆ ਕਿ ਫਾਰਮ 26 ਵਿਚ ਜੋ ਉਮੀਦਵਾਰ ਉਸ ਵਿਰੁੱਧ ਦਰਜ ਅਪਰਾਧਿਕ ਮਾਮਲਿਆਂ ਸਬੰਧੀ ਠੀਕ ਜਾਣਕਾਰੀ ਨਹੀਂ ਭਰੇਗਾ ਉਸ ਦੇ ਨਾਮਜ਼ਦਗੀ ਕਾਗਜ਼ ਰੱਦ ਵੀ ਹੋ ਸਕਣਗੇ।
ਪੰਜਾਬ 'ਚ ਸਿਆਸੀ ਸਰਗਰਮੀਆਂ ਤੇਜ਼-
ਚੋਣਾਂ ਦੇ ਐਲਾਨ ਤੋਂ ਬਾਅਦ ਪੰਜਾਬ ਵਿਚ ਚੋਣ ਸਰਗਰਮੀਆਂ ਵੀ ਤੇਜ਼ ਹੋ ਗਈਆਂ ਹਨ। ਇਸ ਵੇਲੇ ਕਾਂਗਰਸ ਅਤੇ ਅਕਾਲੀ-ਭਾਜਪਾ ਗਠਜੋੜ ਤੋਂ ਇਲਾਵਾ ਦੋ ਧਿਰਾਂ ਅਜਿਹੀਆਂ ਹਨ, ਜੋ ਪੰਜਾਬ ਦੀਆਂ ਸਾਰੀਆਂ 13 ਦੀਆਂ 13 ਸੀਟਾਂ 'ਤੇ ਚੋਣ ਲੜਨਗੀਆਂ। ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਅਪ੍ਰੈਲ ਮਹੀਨੇ ਵਿੱਚ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀ ਹੈ। ਇਕ ਧਿਰ ਸੁਖਪਾਲ ਸਿੰਘ ਖਹਿਰਾ ਦੀ ਪੰਜਾਬੀ ਏਕਤਾ ਪਾਰਟੀ, ਬਸਪਾ, ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ ਤੇ ਸੰਸਦ ਮੈਂਬਰ ਡਾ: ਧਰਮਵੀਰ ਗਾਂਧੀ ਦਾ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਹੈ ਜਦੋਂ ਕਿ ਇਕ ਹੋਰ ਧਿਰ ਆਮ ਆਦਮੀ ਪਾਰਟੀ ਤੇ ਨਵੇਂ ਬਣੇ ਟਕਸਾਲੀ ਅਕਾਲੀ ਦਲ ਦਾ ਗਠਜੋੜ ਹੈ। 
'ਆਪ' ਵਿਚਲੀ ਟੁੱਟ-ਭੱਜ ਨੇ ਪਾਰਟੀ ਦਾ ਲੋਕ ਸਭਾ ਚੋਣਾਂ ਦਾ ਰਾਹ ਔਖਾ ਕਰ ਦਿੱਤਾ ਹੈ। ਖਹਿਰਾ ਤੇ ਬੈਂਸ ਗਰੁੱਪ ਦਾ 'ਆਪ' ਨਾਲੋਂ ਟੁੱਟ ਜਾਣਾ 'ਆਪ' ਲਈ ਘਾਟੇਵੰਦਾ ਹੋ ਸਕਦਾ ਹੈ। ਇਸ ਵੇਲੇ 11 ਵਿਧਾਇਕ ਪਾਰਟੀ ਨਾਲ ਵਿਰੋਧੀ ਧਿਰ ਦੇ ਆਗੂ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ ਵਿਚਰ ਰਹੇ ਹਨ। ਦੂਸਰੇ ਪਾਸੇ ਬਾਗੀ ਧੜੇ ਖਹਿਰਾ ਨਾਲ ਜੁੜੇ 7 ਵਿਧਾਇਕਾਂ ਵਿੱਚੋਂ 5 ਵਿਧਾਇਕ ਸੰਧੂ, ਮਾਨਸ਼ਾਹੀਆ, ਖਾਲਸਾ, ਕਮਾਲੂ ਅਤੇ ਹਿੱਸੋਵਾਲ ਨੇ ਖਹਿਰਾ ਵੱਲੋਂ ਆਪਣੀ ਵੱਖਰੀ ਪਾਰਟੀ ਬਣਾਉਣ ਤੋਂ ਬਾਅਦ ਆਪਣਾ ਵੱਖਰਾ ਧੜਾ ਬਣਾ ਲਿਆ ਗਿਆ ਹੈ। ਹੁਣ ਖਹਿਰਾ ਨਾਲ ਕੇਵਲ ਇਕੋ ਵਿਧਾਇਕ ਮਾਸਟਰ ਬਲਦੇਵ ਸਿੰਘ ਹੀ ਰਹਿ ਗਏ ਹਨ, ਜਿਸ ਕਾਰਨ ਖਹਿਰਾ ਗਰੁੱਪ ਨੂੰ ਵੀ ਸਖਤ ਝਟਕਾ ਲੱਗਾ ਹੈ।
ਭਾਵੇਂ 'ਆਪ' ਨੇ 5 ਲੋਕ ਸਭਾ ਹਲਕਿਆਂ ਸੰਗਰੂਰ ਤੋਂ ਪਾਰਟੀ ਦੇ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਭਗਵੰਤ ਮਾਨ, ਫਰੀਦਕੋਟ ਤੋਂ ਮੌਜੂਦਾ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਅੰਮ੍ਰਿਤਸਰ ਤੋਂ ਕੁਲਦੀਪ ਧਾਲੀਵਾਲ (ਜਗਦੇਵ ਕਲਾਂ), ਆਨੰਦਪੁਰ ਸਾਹਿਬ ਤੋਂ ਨਰਿੰਦਰ ਸ਼ੇਰਗਿੱਲ ਅਤੇ ਹੁਸ਼ਿਆਰਪੁਰ ਤੋਂ ਡਾ. ਰਵਜੋਤ ਸਿੰਘ ਨੂੰ ਉਮੀਦਵਾਰ ਬਣਾ ਦਿੱਤਾ ਹੈ ਪਰ ਬਾਕੀ 8 ਸੀਟਾਂ ਲਈ ਫਿਲਹਾਲ ਉਮੀਦਵਾਰਾਂ ਦੀ ਭਾਲ ਚੱਲ ਰਹੀ ਹੈ। ਪਾਰਟੀ ਵੱਲੋਂ ਇਕ ਪਾਸੇ ਅਕਾਲੀ ਦਲ ਟਕਸਾਲੀ ਅਤੇ ਦੂਸਰੇ ਪਾਸੇ ਬਸਪਾ ਨਾਲ ਹੱਥ ਮਿਲਾਉਣ ਲਈ ਹਰੇਕ ਯਤਨ ਕੀਤਾ ਜਾ ਰਿਹਾ ਹੈ। ਟਕਸਾਲੀਆਂ ਨਾਲ ਆਨੰਦਪੁਰ ਸਾਹਿਬ ਦੀ ਸੀਟ ਉਪਰ ਪੇਚਾ ਪਿਆ ਹੈ ਕਿਉਂਕਿ ਜਿਥੇ ਟਕਸਾਲੀਆਂ ਦੇ ਮੁਖੀ ਰਣਜੀਤ ਸਿੰਘ ਬ੍ਰਹਮਪੁਰਾ ਇਸ ਹਲਕੇ ਤੋਂ ਪੁਰਾਣੇ ਕਾਂਗਰਸੀ ਤੇ ਸਾਬਕਾ ਡਿਪਟੀ ਸਪੀਕਰ ਬੀਰਦਵਿੰਦਰ ਸਿੰਘ ਨੂੰ ਉਮੀਦਵਾਰ ਐਲਾਨ ਚੁੱਕੇ ਹਨ, ਉਥੇ 'ਆਪ' ਨਰਿੰਦਰ ਸਿੰਘ ਸ਼ੇਰਗਿੱਲ ਨੂੰ ਆਪਣਾ ਉਮੀਦਵਾਰ ਬਣਾ ਚੁੱਕੀ ਹੈ। ਪੀਡੀਏ ਨਾਲ ਵੀ ਟਕਸਾਲੀਆਂ ਦੀ ਆਨੰਦਪੁਰ ਸੀਟ ਨੂੰ ਲੈ ਕੇ ਹੀ ਗੱਲ ਟੁੱਟੀ ਸੀ ਕਿਉਂਕਿ ਬਸਪਾ ਵੀ ਇਸ ਸੀਟ ਉਪਰ ਆਪਣਾ ਹੱਕ ਜਤਾ ਰਹੀ ਸੀ, ਜਿਸ ਕਾਰਨ ਪੀਡੀਏ ਵਿੱਚ ਫਿਲਹਾਲ ਬੈਂਸ ਭਰਾਵਾਂ ਦੀ ਲੋਕ ਇਨਸਾਫ ਪਾਰਟੀ, ਡਾ. ਧਰਮਵੀਰ ਗਾਂਧੀ ਦਾ ਪੰਜਾਬ ਮੰਚ, ਬਸਪਾ ਅਤੇ ਖਹਿਰਾ ਦੀ ਪੰਜਾਬ ਏਕਤਾ ਪਾਰਟੀ ਵਿਚਕਾਰ ਹੀ ਸਾਂਝ ਬਣੀ ਹੈ। ਪੀਡੀਏ ਨੇ ਹਾਲੇ ਰਸਮੀ ਤੌਰ 'ਤੇ ਸਾਰੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ।
'ਆਪ' ਨੇ ਆਪਣੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਸੱਦ ਕੇ ਬਰਨਾਲਾ ਵਿੱਚ ਰੈਲੀ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਫਿਲਹਾਲ 'ਆਪ' ਲੋਕ ਸਭਾ ਹਲਕਾ ਸੰਗਰੂਰ ਵਿੱਚ ਹੀ ਭਗਵੰਤ ਮਾਨ ਰਾਹੀਂ ਹੋਰ ਪਾਰਟੀਆਂ ਨੂੰ ਟੱਕਰ ਦੇਣ ਦੇ ਸਮਰੱਥ ਜਾਪਦੀ ਹੈ ਅਤੇ ਬਾਕੀ ਥਾਂਵਾਂ 'ਤੇ ਉਹ ਜੂਝ ਰਹੀ ਹੈ। 
ਭਾਵੇਂ ਆਪ ਅਤੇ ਟਕਸਾਲੀ ਅਕਾਲੀ ਦਲ ਵਿਚ ਅਜੇ ਵੀ ਅਨੰਦਪੁਰ ਸਾਹਿਬ ਸੀਟ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ ਪਰ ਬਾਕੀ ਪੰਜਾਬ ਵਿਚ ਤਿਕੋਣੇ ਤੇ ਕਈ ਥਾਈਂ ਬਹੁਕੋਣੇ ਮੁਕਾਬਲੇ ਦੇਖਣ ਨੂੰ ਮਿਲਣਗੇ।

ਪੰਜਾਬ ਡੈਮੋਕ੍ਰੇਟਿਕ ਅਲਾਇੰਸ ਨੇ ਉਮੀਦਵਾਰ ਉਤਾਰੇ-
ਪੰਜਾਬ ਡੈਮੋਕ੍ਰੇਟਿਕ ਗਠਜੋੜ ਵੱਲੋਂ ਲੋਕ ਸਭਾ ਸੀਟਾਂ ਲਈ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਖਹਿਰਾ ਨੇ ਪੂਰੇ 13 ਹਲਕਿਆਂ ਵਿਚ ਆਪਣੇ ਉਮੀਦਵਾਰ ਖੜੇ ਕਰਨ ਦਾ ਐਲਾਨ ਕਰ ਕੇ ਵਿਰੋਧੀ ਪਾਰਟੀਆਂ ਨੂੰ ਤਕੜੀ ਟੱਕਰ ਦੇਣ ਦਾ ਸੰਕੇਤ ਦਿੱਤਾ ਹੈ। ਖਹਿਰਾ, ਬੈਂਸ ਤੇ ਗਾਂਧੀ ਇਸ ਮਾਮਲੇ ਵਿਚ ਇਕਮੁੱਠ ਹਨ। ਫਰੀਦਕੋਟ ਤੋਂ ਮਾ. ਬਲਦੇਵ ਸਿੰਘ ਜੈਤੋਂ (ਖਹਿਰਾ), ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ, ਖਡੂਰ ਸਾਹਿਬ ਤੋਂ ਪਰਮਜੀਤ ਕੌਰ ਖਾਲੜਾ (ਖਹਿਰਾ), ਅਨੰਦਪੁਰ ਸਾਹਿਬ ਤੋਂ ਬਿਕਰਮਜੀਤ ਸਿੰਘ ਸੋਢੀ (ਬਸਪਾ), ਹੁਸ਼ਿਆਰਪੁਰ ਤੋਂ ਚੌਧਰੀ ਖੁਸ਼ੀ ਰਾਮ (ਬਸਪਾ), ਜਲੰਧਰ ਤੋਂ ਬਲਵਿੰਦਰ ਕੁਮਾਰ ਅੰਬੇਡਕਰ (ਬਸਪਾ), ਫ਼ਤਿਹਗੜ੍ਹ ਸਾਹਿਬ ਤੋਂ ਮਨਵਿੰਦਰ ਸਿੰਘ ਗਿਆਸਪੁਰਾ (ਬੈਂਸ ਧੜਾ) ਨੂੰ ਆਪਣੇ ਉਮੀਦਵਾਰ ਐਲਾਨ ਦਿੱਤਾ ਗਿਆ ਹੈ।
ਸੁਖਪਾਲ ਸਿੰਘ ਖਹਿਰਾ ਨੇ ਦੱਸਿਆ ਕਿ 6 ਜਥੇਬੰਦੀਆਂ ਇਸ ਗੱਠਜੋੜ ਵਿੱਚ ਸ਼ਾਮਲ ਹਨ। ਜਥੇਬੰਦੀਆਂ ਦੇ ਆਗੂਆਂ ਨੇ ਮੀਟਿੰਗ ਕਰ ਕੇ ਫ਼ੈਸਲਾ ਕੀਤਾ ਕਿ ਸੀਪੀਆਈ ਨੂੰ ਫ਼ਿਰੋਜ਼ਪੁਰ ਤੋਂ, ਰੈਵੋਲਿਸਨਰੀ ਮਾਰਕਸਵਾਦੀ ਪਾਰਟੀ ਆਫ਼ ਇੰਡੀਆ ਨੂੰ ਗੁਰਦਾਸਪੁਰ ਤੋਂ, ਲੋਕ ਇਨਸਾਫ਼ ਪਾਰਟੀ ਨੂੰ ਲੁਧਿਆਣਾ ਤੋਂ ਅਤੇ ਪੰਜਾਬ ਏਕਤਾ ਪਾਰਟੀ ਨੂੰ ਬਠਿੰਡਾ ਤੋਂ ਟਿਕਟ ਦਿੱਤੀ ਜਾਵੇਗੀ। ਖਹਿਰਾ ਨੇ ਦੱਸਿਆ ਕਿ ਸੰਗਰੂਰ ਲੋਕ ਸਭਾ ਹਲਕਾ ਅਜੇ ਵਿਚਾਰ ਅਧੀਨ ਹੈ। ਮੌਕੇ ਦੇ ਹਾਲਾਤਾਂ ਮੁਤਾਬਕ ਕਿਸੇ ਵੀ ਉਮੀਦਵਾਰ ਨੂੰ ਚੋਣ ਮੈਦਾਨ ਵਿਚ ਉਤਾਰਿਆ ਜਾ ਸਕਦਾ ਹੈ।

ਪੰਥਕ ਮੁੱਦਿਆਂ ਦੀ ਰਾਜਨੀਤੀ  ਆਪਸੀ ਫੁੱਟ ਦਾ ਸ਼ਿਕਾਰ-
ਪੰਜਾਬ ਵਿਚ ਪੰਥਕ ਰਾਜਨੀਤੀ ਦੀ ਹਾਲਤ ਮਾੜੀ ਹੈ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਗਰਾਫ਼ ਬੁਰੀ ਤਰ੍ਹਾਂ ਡਿੱਗ ਚੁੱਕਾ ਹੈ। ਅਕਾਲੀ ਆਗੂ ਤੇ ਇਥੋਂ ਤੱਕ ਸੁਖਬੀਰ ਸਿੰਘ ਬਾਦਲ ਰੁੱਸੇ ਹੋਏ ਅਕਾਲੀ ਨੇਤਾਵਾਂ ਦੀਆਂ ਮਿੰਨਤਾਂ ਕਰਦੇ ਸੁਣੇ ਜਾਂਦੇ ਹਨ। ਨਵਾਂ ਬਣਿਆ ਟਕਸਾਲੀ ਅਕਾਲੀ ਦਲ 3 ਕੁ ਲੋਕ ਸਭਾ ਸੀਟਾਂ ਜ਼ੋਰ ਨਾਲ ਲੜਨ ਰਿਹਾ ਜਾਪਤਾ ਹੈ, ਉਹ ਅਜੇ ਤੱਕ ਆਪਣਾ ਘੇਰਾ ਵਿਸ਼ਾਲ ਨਹੀਂ ਬਣਾ ਸਕਿਆ। ਬਰਗਾੜੀ ਮੋਰਚਾ ਵੀ ਪੰਜਾਬ ਦੀ ਰਾਜਨੀਤੀ ਵਿਚ ਕੋਈ ਚਮਤਕਾਰ ਨਹੀਂ ਦਿਖਾ ਸਕਿਆ।
ਦੂਸਰੇ ਪਾਸੇ ਬੈਂਸ ਭਰਾ ਵੀ ਨਿਰੋਲ ਪੰਥਕ ਰਾਜਨੀਤੀ ਤੋਂ ਦੂਰੀਆਂ ਬਣਾ ਕੇ ਰੱਖ ਰਹੇ ਹਨ। ਉਂਝ ਪੰਜਾਬ ਡੈਮੋਕ੍ਰੇਟਿਕ ਅਲਾਇੰਸ ਹੀ ਇਕੱਲੀ ਅਜਿਹੀ ਪਾਰਟੀ ਹੈ ਜੋ ਕਈ ਪੰਥਕ ਉਮੀਦਵਾਰ ਖੜ੍ਹੇ ਕਰ ਰਹੀ ਹੈ। ਜੇਕਰ ਬੈਂਸ ਭਰਾ ਪੰਜਾਬ ਵਿਚ ਇਕ ਵੀ ਸੀਟ ਜਿੱਤ ਜਾਂਦੇ ਹਨ ਤਾਂ ਉਹ ਨਵਾਂ ਅਕਾਲੀ ਦਲ ਬਣਾ ਸਕਦੇ ਹਨ। ਜਦੋਂ ਅਜੇ ਟਕਸਾਲੀ ਅਕਾਲੀ ਦਲ ਬਣਨਾ ਸੀ ਤਾਂ ਸਭ ਬਾਦਲ ਵਿਰੋਧੀ ਸਿੱਖ ਧੜਿਆਂ ਦੀ ਇਕ ਅਕਾਲੀ ਦਲ ਬਣਾਉਣ ਦੀ ਚਰਚਾ ਚੱਲ ਰਹੀ ਸੀ।  ਸੂਤਰਾਂ ਮੁਤਾਬਕ ਸਿਮਰਜੀਤ ਸਿੰਘ ਬੈਂਸ ਚਾਹੁੰਦੇ ਸਨ ਕਿ ਉਨ੍ਹਾਂ ਨੂੰ ਪਾਰਟੀ ਪ੍ਰਧਾਨ ਮੰਨ ਲਿਆ ਜਾਵੇ ਪਰ ਇਸੇ ਦੌਰਾਨ ਮਾਝੇ ਦੇ ਅਕਾਲੀ ਲੀਡਰਾਂ ਨੇ ਟਕਸਾਲੀ ਅਕਾਲੀ ਦਲ ਬਣਾ ਲਿਆ।
ਸਿਮਰਜੀਤ ਸਿੰਘ ਬੈਂਸ ਆਪ ਅਕਾਲੀ ਪਿਛੋਕੜ ਤੋਂ ਹਨ ਪਰ ਉਨ੍ਹਾਂ ਦੇ ਫਤਹਿਗੜ੍ਹ ਸਾਹਿਬ ਤੋਂ ਸੰਭਾਵਿਤ ਉਮੀਦਵਾਰ ਮਨਵਿੰਦਰ ਸਿੰਘ ਗਿਆਸਪੁਰਾ 'ਹੋਂਦ ਚਿੱਲੜ' ਕਾਂਡ ਅਤੇ ਹੋਰ ਸਿੱਖ ਕਤਲੇਆਮ ਦੇ ਮਾਮਲਿਆਂ ਨੂੰ ਅੱਗੇ ਲਿਆਉਣ ਲਈ ਚਰਚਿਤ ਰਹੇ ਹਨ, ਜਦੋਂ ਕਿ ਲੋਕ ਇਨਸਾਫ਼ ਪਾਰਟੀ ਦੀ ਹੀ ਖਡੂਰ ਸਾਹਿਬ ਹਲਕੇ ਦੀ ਉਮੀਦਵਾਰ ਪਰਮਜੀਤ ਕੌਰ ਖਾਲੜਾ ਅਣਪਛਾਤੀਆਂ ਕਹਿ ਕੇ ਸਾੜੀਆਂ ਗਈਆਂ ਸਿੱਖਾਂ ਦੀਆਂ ਲਾਸ਼ਾਂ ਨੂੰ ਸਾਹਮਣੇ ਲਿਆਉਣ ਦੇ ਮਾਮਲੇ ਵਿਚ ਕੁਰਬਾਨੀ ਦੇਣ ਵਾਲੇ ਜਸਵੰਤ ਸਿੰਘ ਖਾਲੜਾ ਦੀ ਧਰਮ ਪਤਨੀ ਹਨ।

ਬੈਂਸ ਹਰਸਿਮਰਤ ਬਾਦਲ ਖਿਲਾਫ ਚੋਣ ਲੜਨਗੇ?
ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਨੇ ਐਲਾਨ ਕੀਤਾ ਹੈ ਕਿ ਉਹ ਹਰਸਿਮਰਤ ਕੌਰ ਬਾਦਲ ਖ਼ਿਲਾਫ਼ ਚੋਣ ਲੜਨਗੇ। ਉਨ੍ਹਾਂ ਐਲਾਨ ਕੀਤਾ ਕਿ ਹਰਸਿਮਰਤ ਬਾਦਲ ਫ਼ਿਰੋਜ਼ਪੁਰ ਤੋਂ ਚੋਣ ਲੜਦੀ ਹੈ, ਤਾਂ ਬੀਬੀ ਬਾਦਲ ਖ਼ਿਲਾਫ਼ ਚੋਣ ਲੜਨ ਲਈ ਤਿਆਰ ਹਨ। 

ਗਾਂਧੀ ਨੇ ਬਣਾਈ 'ਨਵਾਂ ਪੰਜਾਬ ਪਾਰਟੀ'-
ਪਟਿਆਲਾ ਤੋਂ ਐੱਮਪੀ ਤੇ ਆਮ ਆਦਮੀ ਪਾਰਟੀ ਦੇ ਬਾਗ਼ੀ ਆਗੂ ਡਾ. ਧਰਮਵੀਰ ਗਾਂਧੀ ਨੇ ਆਪਣੀ ਸਿਆਸੀ ਪਾਰਟੀ 'ਨਵਾਂ ਪੰਜਾਬ ਪਾਰਟੀ' ਬਣਾਉਣ ਦਾ ਐਲਾਨ ਕੀਤਾ। ਇਹ ਪਾਰਟੀ 'ਪੰਜਾਬ ਡੈਮੋਕ੍ਰੈਟਿਕ ਅਲਾਇੰਸ' ਦਾ ਹਿੱਸਾ ਹੀ ਹੋਵੇਗੀ।

ਬਾਦਲਾਂ ਦੀਆਂ 13 ਤੋਪਾਂ ਦੇ ਮੁੰਹ ਫਿਲਹਾਲ ਬੰਦ-
ਸਾਲ 2015 ਵਿੱਚ ਵਾਪਰੇ ਬੇਅਦਬੀ ਤੇ ਗੋਲ਼ੀਕਾਂਡਾਂ ਕਾਰਨ ਲੋਕਾਂ ਵਿਚ ਆਪਣਾ ਅਕਸ ਗਵਾਉਣ ਵਾਲਾ ਸ਼੍ਰੋਮਣੀ ਅਕਾਲੀ ਦਲ ਵਿਧਾਨ ਸਭਾ ਚੋਣਾਂ ਵਿਚ ਕਰਾਰੀ ਹਾਰ ਦਾ ਸਾਹਮਣਾ ਕਰਨ ਮਗਰੋਂ ਸਿਰ 'ਤੇ ਖੜ੍ਹੀਆਂ ਲੋਕ ਸਭਾ ਚੋਣਾਂ ਲਈ ਆਪਣੇ ਸੀਨੀਅਰ ਲੀਡਰਾਂ 'ਤੇ ਦਾਅ ਖੇਡ ਸਕਦਾ ਹੈ। ਅਕਾਲੀ ਦਲ ਇਸ ਸਮੇਂ ਬੇਹੱਦ ਮਾੜੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ, ਜਿਸ ਦਾ ਵੱਡਾ ਕਾਰਨ ਪਾਰਟੀ ਦੇ ਟਕਸਾਲੀ ਆਗੂਆਂ ਵੱਲੋਂ ਵੱਖ ਹੋ ਕੇ ਆਪਣੀ ਵੱਖਰੀ ਪਾਰਟੀ ਬਣਾਉਣ ਤੇ ਹੋਰ ਪਾਰਟੀਆਂ ਵਿਚ ਸ਼ਾਮਲ ਹੋਣ ਮਗਰੋਂ ਮਜ਼ਬੂਤ ਉਮੀਦਵਾਰਾਂ ਦਾ ਖ਼ਲਾਅ ਪੈਦਾ ਹੋਣਾ ਹੈ।
ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿੱਚੋਂ 'ਆਪ', ਕਾਂਗਰਸ ਤੇ ਬਾਦਲ ਦਲ ਕੋਲ 4-4 ਤੇ ਭਾਜਪਾ ਕੋਲ ਇੱਕ ਸੀਟ ਹਾਸਲ ਹੈ। ਖਡੂਰ ਸਾਹਿਬ ਤੋਂ ਮੌਜੂਦਾ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ, ਡਾ. ਰਤਨ ਸਿੰਘ ਅਜਨਾਲਾ ਤੇ ਸੇਵਾ ਸਿੰਘ ਸੇਖਵਾਂ ਆਦਿ ਅਕਾਲੀ ਦਲ ਦੇ ਮਜ਼ਬੂਤ ਤੇ ਵੱਡੇ ਚਿਹਰੇ ਸਨ ਜੋ ਹੁਣ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦਾ ਹਿੱਸਾ ਹਨ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਲੋਕ ਸਭਾ ਸੀਟ ਤੋਂ ਅਕਾਲੀ ਦਲ ਦੀ ਸੀਟ ਤੋਂ ਸੰਸਦ ਮੈਂਬਰ ਬਣੇ ਸ਼ੇਰ ਸਿੰਘ ਘੁਬਾਇਆ ਹੁਣ ਕਾਂਗਰਸ ਵਿੱਚ ਸ਼ਾਮਲ ਹੋ ਚੁੱਕੇ ਹਨ। ਇਹ ਚਾਰੇ ਚਿਹਰੇ ਹੀ ਅਕਾਲੀ ਦਲ ਬਾਦਲ ਲਈ ਲੋਕ ਸਭਾ ਚੋਣਾਂ ਵਿੱਚ ਬਿਹਤਰੀਨ ਚਿਹਰੇ ਸਨ, ਪਰ ਹੁਣ ਪਾਰਟੀ ਨੇ ਬੇਹੱਦ ਮੁਸ਼ੱਕਤ ਮਗਰੋਂ ਆਪਣੇ ਹਿੱਸੇ ਦੀਆਂ 10 ਲੋਕ ਸਭਾ ਸੀਟਾਂ ਲਈ ਉਮੀਦਵਾਰ ਦੇਖੇ ਹਨ।
ਸੂਤਰਾਂ ਦੀ ਮੰਨੀਏ ਤਾਂ ਸੰਕਟ ਦੀ ਘੜੀ ਵਿੱਚ ਅਕਾਲੀ ਦਲ ਆਪਣੇ ਮੌਜੂਦਾ ਸੰਸਦ ਮੈਂਬਰਾਂ ਨੂੰ ਹੀ ਪਿੜ ਵਿੱਚ ਉਤਾਰੇਗਾ। ਅਨੰਦਪੁਰ ਸਾਹਿਬ ਤੋਂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਤੇ ਬਠਿੰਡਾ ਤੋਂ ਹਰਸਿਮਰਤ ਕੌਰ ਬਾਦਲ ਨੂੰ ਚੋਣ ਲੜਾਉਣੀ ਲਗਪਗ ਤੈਅ ਹੈ। ਦੋ ਸੀਟਾਂ ਤੋਂ ਮੌਜੂਦਾ ਸੰਸਦ ਮੈਂਬਰਾਂ ਦੇ ਪਾਰਟੀ ਤੋਂ ਦੂਰ ਹੋਣ ਕਾਰਨ ਖਡੂਰ ਸਾਹਿਬ ਤੋਂ ਬੀਬੀ ਜਗੀਰ ਕੌਰ ਉਤਾਰ ਦਿੱਤਾ ਹੈ ਤੇ ਫ਼ਿਰੋਜ਼ਪੁਰ ਤੋਂ ਸਾਬਕਾ ਮੰਤਰੀ ਜਨਮੇਜਾ ਸਿੰਘ ਸੇਖੋਂ ਦੀ ਦਾਅਵੇਦਾਰੀ ਖਾਸੀ ਹੈ।
ਫ਼ਰੀਦਕੋਟ ਤੋਂ ਪਰਮਜੀਤ ਕੌਰ ਗੁਲਸ਼ਨ, ਲੁਧਿਆਣਾ ਤੋਂ ਸ਼ਰਨਜੀਤ ਸਿੰਘ ਢਿੱਲੋਂ, ਜਲੰਧਰ ਤੋਂ ਲੋਕ ਸਭਾ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ ਤੇ ਫ਼ਤਹਿਗੜ੍ਹ ਸਾਹਿਬ ਤੋਂ ਆਰਟੀਓ ਦੇ ਅਹੁਦੇ ਤੋਂ ਅਸਤੀਫ਼ਾ ਦੇ ਚੁੱਕੇ ਸਾਬਕਾ ਵਿਧਾਇਕਾ ਵਨਿੰਦਰ ਕੌਰ ਲੂੰਬਾ ਦੇ ਪਤੀ ਕਰਨ ਸਿੰਘ ਦੇ ਨਾਂ ਦੇ ਚਰਚੇ ਹਨ। ਸੰਗਰੂਰ ਤੇ ਪਟਿਆਲਾ ਸੀਟਾਂ ਲਈ ਅਕਾਲੀ ਦਲ ਨੂੰ ਕਾਬਲ ਚਿਹਰਿਆਂ ਦੀ ਤਲਾਸ਼ ਹੈ। ਸੰਗਰੂਰ ਤੋਂ ਵੀ ਟਕਸਾਲੀ ਆਗੂ ਸੁਖਦੇਵ ਸਿੰਘ ਢੀਂਡਸਾ ਨੇ ਪਰਿਵਾਰ 'ਤੇ ਹੀ ਚੋਣ ਲੜਨ ਤੋਂ ਰੋਕ ਲਾਈ ਹੋਈ ਹੈ। ਜੇਕਰ ਸਾਰੇ ਅੰਕੜਿਆਂ 'ਤੇ ਨਜ਼ਰਸਾਨੀ ਕੀਤੀ ਜਾਵੇ ਤਾਂ ਅਕਾਲੀ ਦਲ ਲਈ ਇਹ ਲੋਕ ਸਭਾ ਚੋਣਾਂ ਬੇਹੱਦ ਮੁਸ਼ਕਲ ਹਨ। ਬੇਅਦਬੀ ਤੇ ਗੋਲ਼ੀਕਾਂਡਾਂ ਕਾਰਨ ਸਿੱਖਾਂ ਵਿੱਚ ਰੋਹ ਸ਼ਾਂਤ ਨਹੀਂ ਹੋਇਆ ਉੱਪਰੋਂ ਵੱਡੇ ਚਿਹਰਿਆਂ ਨੇ ਵੀ ਪਾਰਟੀ ਤੋਂ ਕਿਨਾਰਾ ਕਰ ਲਿਆ।


ਪੰਜਾਬ ਵਿਚ ਤੀਜੇ ਬਦਲ ਦੀਆਂ ਸੰਭਾਵਨਾਵਾਂ ਠੁੱਸ

ਬਠਿੰਡਾ/ਏਟੀ ਨਿਊਜ਼ :
ਵੱਖ ਵੱਖ ਕਾਰਨਾਂ ਕਰਕੇ ਇਸ ਸਮੇਂ ਪੰਜਾਬ ਵਿੱਚ ਮਾਹੌਲ ਪੂਰੀ ਤਰ੍ਹਾਂ ਸਿਆਸੀ ਖਲਾਅ ਦੀ ਸਥਿਤੀ ਵਾਲਾ ਬਣਿਆ ਹੋਇਆ ਹੈ। ਮੌਜੂਦਾ ਦੌਰ ਵਿਚ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਬੈਂਸ, ਧਰਮਵੀਰ ਗਾਂਧੀ ਅਤੇ ਬਸਪਾ ਅਧਾਰਤ ਪੰਜਾਬ ਡੈਮੋਕਰੈਟਿਕ ਅਲਾਇੰਸ (ਪੀਡੀਏ); ਅਕਾਲੀ ਦਲ ਟਕਸਾਲੀ ਅਤੇ 'ਆਪ' ਪਾਰਟੀ ਆਪਣੇ ਆਪਣੇ ਤੌਰ 'ਤੇ ਇਹ ਖਲਾਅ ਭਰਨ ਲਈ ਯਤਨਸ਼ੀਲ ਹਨ ਪਰ ਇਹ ਕਾਮਯਾਬ ਹੁੰਦੇ ਨਜ਼ਰ ਨਹੀਂ ਆਉਂਦੇ ਕਿਉਂਕਿ ਕਦੀ ਅਕਾਲੀ ਦਲ (ਟਕਸਾਲੀ) ਦਾ ਪੀਡੀਏ ਨਾਲ ਸਮਝੌਤਾ ਹੁੰਦਾ ਹੁੰਦਾ ਸੀਟਾਂ ਦੀ ਵੰਡ ਦੇ ਮਸਲੇ ਨੂੰ ਲੈ ਕੇ ਟੁੱਟ ਜਾਂਦਾ ਹੈ ਅਤੇ ਕਦੀ ਅਕਾਲੀ ਦਲ (ਟਕਸਾਲੀ) ਦਾ 'ਆਪ' ਪਾਰਟੀ ਨਾਲ ਸਮਝੌਤਾ ਉਨ੍ਹਾਂ ਹੀ ਕਾਰਨਾਂ ਕਰਕੇ ਸਿਰੇ ਨਹੀਂ ਚੜ੍ਹਦਾ। ਕਦੀ ਆਮ ਆਦਮੀ ਪਾਰਟੀ ਇਹ ਸ਼ਰਤ ਲਗਾ ਦਿੰਦੀ ਹੈ ਕਿ ਜਿਸ ਗੱਠਜੋੜ ਵਿਚ ਖਹਿਰਾ ਤੇ ਬੈਂਸ ਸ਼ਾਮਲ ਹੋਣਗੇ, ਉਹ ਉਸ ਗੱਠਜੋੜ ਵਿੱਚ ਸ਼ਾਮਲ ਨਹੀਂ ਹੋਣਗੇ। ਕਿਸੇ ਹੱਦ ਤੱਕ ਇਹ ਖਲਾਅ ਤਾਂ ਹੀ ਭਰਿਆ ਜਾ ਸਕਦਾ ਸੀ ਜੇਕਰ ਇਹ ਇਹ ਸਿਆਸਤਦਾਨ ਨਿੱਜੀ ਮਤਭੇਦਾਂ ਤੋਂ ਉੱਪਰ ਉੱਠ ਕੇ ਪੰਜਾਬ ਦੇ ਵਡੇਰੇ ਹਿੱਤਾਂ ਰੁਜ਼ਗਾਰ, ਸਿਹਤ, ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਏਕਤਾ ਲਈ ਯਤਨ ਕਰਦੇ। 
ਲੋਕਤੰਤਰ ਲਈ ਖਤਰਾ ਭਾਜਪਾ -
ਇਸ ਸਮੇਂ ਲੋਕਤੰਤਰ ਨੂੰ ਸਭ ਤੋਂ ਵੱਡਾ ਖਤਰਾ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਭਾਜਪਾ ਦੀ ਇਸ ਫਿਰਕੂ ਕਾਰਜਸ਼ੈਲੀ ਤੋਂ ਹੈ ਜਿਸ ਅਧੀਨ ਉਹ ਇਨ੍ਹਾਂ ਗੰਭੀਰ ਸਮੱਸਿਆਵਾਂ ਵੱਲੋਂ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਕਦੀ ਰਾਮ ਮੰਦਰ ਦੀ ਉਸਾਰੀ ਅਤੇ ਹਿੰਦੂ ਰਾਸ਼ਟਰਵਾਦ ਦੇ ਮੁੱਦੇ ਅਤੇ ਦੇਸ਼ ਭਗਤੀ ਦੀ ਆਪਣੇ ਹੀ ਹਿਸਾਬ ਨਾਲ ਵਿਆਖਿਆ ਕਰਕੇ ਫਿਰਕੂ ਜ਼ਹਿਰ ਘੋਲ ਰਹੀ ਹੈ ਤੇ ਭਾਰਤ-ਪਾਕਿ ਦਾ ਜੰਗੀ ਮਾਹੌਲ ਬਣਾ ਕੇ ਆਪਣੇ ਹੱਕ ਵਿਚ ਚੋਣ ਲਹਿਰ ਚਲਾ ਰਹੀ ਹੈ। ਇਸ ਮਕਸਦ ਲਈ ਧੂੰਆਂ ਧਾਰ ਪ੍ਰਚਾਰ ਕਰਨ ਲਈ ਮੀਡੀਏ ਦੇ ਵੱਡੇ ਹਿੱਸੇ ਨੂੰ ਖਰੀਦ ਚੁੱਕੀ ਹੈ। ਭ੍ਰਿਸ਼ਟਾਚਾਰ, ਮਹਿੰਗਾਈ ਤੇ ਬੇਰੁਜਗਾਰੀ ਖਤਮ ਕਰਨ ਅਤੇ ਕਾਨੂੰਨ ਦਾ ਰਾਜ ਪ੍ਰਬੰਧ ਦੇਣ ਦੇ ਨਾਹਰੇ ਨਾਲ ਸਤਾ ਵਿੱਚ ਆਈ ਪਾਰਟੀ ਰਾਫੇਲ, ਵਿਆਪਮ ਅਦਿਕ ਵੱਡੇ ਘੁਟਾਲਿਆਂ ਦਾ ਸ਼ਿਕਾਰ ਹੋ ਚੁੱਕੀ ਹੈ, ਦੇਸ਼ ਦੀਆਂ ਵੱਡੀਆਂ ਸੰਵਿਧਾਨਕ ਸੰਸਥਾਵਾਂ ਜਿਵੇਂ ਕਿ ਜੁਡੀਸ਼ਰੀ, ਸੀਬੀਆਈ ਦਾ ਵਕਾਰ ਡੇਗਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਭਾਵੇਂ ਕਿ ਇਸ ਪੱਖੋਂ ਦੁੱਧ ਧੋਤੀ ਕੋਈ ਵੀ ਸਿਆਸੀ ਪਾਰਟੀ  ਨਹੀਂ ਹੈ ਪਰ ਸਭ ਤੋਂ ਵੱਡੀ ਪਾਰਟੀ ਭਾਜਪਾ ਇਸ ਘਟੀਆ ਕਿਰਦਾਰ ਲਈ ਵੀ ਸਭ ਤੋਂ ਮੋਹਰੀ ਸਥਾਨ ਹਾਸਲ ਕਰ ਚੁੱਕੀ ਹੈ।

ਕੀ ਹੈ ਪੰਜਾਬ ਦੀ ਸਮੱਸਿਆ -
ਉਪਰੋਕਤ ਸਾਰੀਆਂ ਸਮੱਸਿਆਵਾਂ ਤੋਂ ਇਲਾਵਾ ਪੰਜਾਬ ਦੀ ਸਮੱਸਿਆ ਆਪਣਾ ਸੱਭਿਆਚਾਰ, ਭਾਸ਼ਾ ਤੇ ਕੁਦਰਤੀ ਸਾਧਨ ਦਰਿਆਈ ਪਾਣੀ ਬਚਾਉਣ ਦੀ ਵੀ ਹੈ। ਇਹ ਸਮੱਸਿਆ ਕੇਵਲ ਪੰਜਾਬ ਦੀ ਨਹੀਂ ਬਲਕਿ ਗੈਰ ਹਿੰਦੀ ਭਾਸ਼ਾਈ ਤਾਮਿਲਨਾਡੂ, ਆਂਧਰਾਪ੍ਰਦੇਸ਼, ਬੰਗਾਲ, ਅਸਾਮ ਸਮੇਤ ਹੋਰ ਉੱਤਰ ਪੂਰਬੀ ਸੂਬਿਆਂ ਦੀ ਵੀ ਹੈ; ਜਿਹੜੀ ਕਿ ਸੰਘੀ ਢਾਂਚੇ  ਤੋਂ ਬਿਨਾਂ ਹੱਲ ਨਹੀਂ ਸਕਦੀ। ਪੰਜਾਬ ਦੀ ਖੇਤੀ ਵਿਕਾਊ ਹੈ, ਪੰਜਾਬੀ ਭਾਸ਼ਾ ਖਤਮ ਹੈ, ਸਿਹਤ ਸੇਵਾਵਾਂ ਤੇ ਵਿਦਿਆ ਖੇਤਰ ਨਿੱਜੀ ਹੱਥਾਂ ਵਿਚ ਹੈ, ਬੇਰੁਜ਼ਗਾਰੀ ਕਾਰਣ ਪੰਜਾਬ ਵਿਦੇਸ਼ਾਂ ਵਲ ਪ੍ਰਵਾਸ ਕਰ ਰਿਹਾ ਹੈ। ਮੁੱਖ ਮੰਤਰੀ ਤੇ ਸਿਆਸਤਦਾਨ ਪੰਜਾਬ ਦੇ ਰਾਖੇ ਬਣਨ ਦੀ ਬਜਾਏ ਕੇਂਦਰ ਦੇ ਕਲਰਕ ਬਣ ਚੁੱਕੇ ਹਨ। ਕੇਂਦਰ ਸਰਕਾਰ ਖੇਤੀ ਸੈਕਟਰ ਨੂੰ ਦੇਸੀ-ਵਿਦੇਸ਼ੀ ਕਾਰਪੋਰੇਟਾਂ ਅਤੇ ਮੰਡੀ ਦੇ ਹਵਾਲੇ ਕਰਨਾ ਚਾਹੁੰਦੀ ਹੈ। ਅਗਲੇ ਪੰਜ ਸਾਲ ਤੱਕ ਪੰਜਾਬ ਦੇ 75 ਪ੍ਰਤੀਸ਼ਤ ਨੌਜਵਾਨ ਦੇਸ਼ ਛੱਡ ਜਾਣਗੇ ਤੇ ਇਸ ਦੇ ਨਾਲ ਹੀ ਕੁਝ ਸਾਲਾਂ ਬਾਅਦ ਮਾਪੇ ਵੀ ਜਾਣਗੇ ਹੀ। ਪੰਜਾਬ ਦਾ ਜ਼ਹਿਰੀਲਾ ਪਾਣੀ, ਪ੍ਰਦੂਸ਼ਤ ਹਵਾ ਅਤੇ ਧਰਤੀ ਵਿਚ ਕੀਟਨਾਸ਼ਕਾਂ ਦੀ ਬਹੁਤਾਤ ਕਾਰਨ ਜ਼ਹਿਰੀਲੇ ਖਾਣੇ ਨੇ ਪੰਜਾਬੀਆਂ ਨੂੰ ਨਿਪੁੰਸਕ ਅਤੇ ਬਿਮਾਰ ਬਣਾ ਦਿੱਤਾ ਹੈ। ਪੰਜਾਬ ਵਿਚ ਧੜਾਧੜ ਖੁੱਲ੍ਹ ਹਸਪਤਾਲ, ਫਰਟਿਲਿਟੀ ਇਸ ਗਲ ਦੇ ਗਵਾਹ ਹਨ। ਇਨ੍ਹਾਂ ਸਾਰੇ ਨੁਕਤਿਆਂ ਨੂੰ ਧਿਆਨ ਵਿਚ ਰੱਖ ਕੇ ਪੰਜਾਬ ਵਿੱਚ ਤੀਜੇ ਬਦਲ ਦੀ ਸਖਤ ਜਰੂਰਤ ਹੈ ਪਰ ਸੰਭਵ ਸਿਰਫ ਤਾਂ ਹੀ ਹੋ ਸਕਦਾ ਹੈ ਜੇਕਰ ਸੁਖਪਾਲ ਸਿੰਘ ਖਹਿਰਾ, ਸਿਮਰਨਜੀਤ ਸਿੰਘ ਬੈਂਸ, ਧਰਮਵੀਰ ਗਾਂਧੀ, ਬਸਪਾ, ਅਕਾਲੀ ਦਲ ਟਕਸਾਲੀ ਤੇ 'ਆਪ' ਨਿੱਜੀ ਸੁਆਰਥਾਂ ਤੋਂ ਉੱਪਰ ਉੱਠ ਕੇ ਇੱਕ ਮੰਚ 'ਤੇ ਇਕੱਤਰ ਹੋ ਜਾਣ ਬਲਕਿ ਸੁੱਚਾ ਸਿੰਘ ਛੋਟਾਪੁਰ ਨੂੰ ਵੀ ਪੀਡੀਏ ਵਿੱਚ ਸ਼ਾਮਲ ਕਰਕੇ ਸੀਟਾਂ ਲਈ ਕੋਟਾ ਵੰਡ ਦੀ ਥਾਂ ਸਾਂਝੇ ਤੌਰ 'ਤੇ  ਜਿੱਤਣ ਦੀ ਸੰਭਾਵਨਾ ਰੱਖਣ ਵਾਲੇ ਯੋਗ ਉਮੀਦਵਾਰਾਂ ਦੀ ਚੋਣ ਕਰ ਲੈਣ। ਜਿੱਥੋਂ ਤੱਕ ਹੁਣ ਪੰਜਾਬ ਦੀ ਰਾਜਨੀਤਕ ਸਥਿਤੀ ਬਣੀ ਹੋਈ ਹੈ, ਉਸ ਦੀ ਸੰਭਾਵਨਾ ਕਾਂਗਰਸ ਵੱਲ ਭੁਗਤਦੀ ਦਿਖਾਈ ਦੇ ਰਹੀ ਹੈ। ਰਾਜਨੀਤਕ ਮਾਹਿਰਾਂ ਦਾ ਮੰਨਣਾ ਹੈ ਕਿ ਕਾਂਗਰਸ 13 ਵਿਚੋਂ 11 ਸੀਟਾਂ ਲਿਜਾ ਸਕਦੀ ਹੈ ਤੇ ਇਕ ਸੀਟ ਅਕਾਲੀ-ਭਾਜਪਾ ਗੱਠਜੋੜ ਨੂੰ ਵੀ ਮਿਲ ਸਕਦੀ ਹੈ। ਸੰਗਰੂਰ ਲੋਕ ਸਭਾ ਸੀਟ ਉਤੇ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਦੀ ਸਥਿਤੀ ਹਾਲ ਦੀ ਘੜੀ ਬਿਹਤਰ ਦਿਖਾਈ ਦੇ ਰਹੀ ਹੈ। ਪੰਜਾਬ ਪੱਖੀ ਰਾਜਸੀ ਮਾਹਰਾਂ ਦਾ ਮੰਨਣਾ ਹੈ ਕਿ ਇਹ ਪੰਜਾਬ ਦੇ ਚੰਗੇ ਭਵਿੱਖ ਦੇ ਹੱਕ ਵਿਚ ਨਹੀਂ ਹੈ, ਕਿਉਂਕਿ ਕਾਂਗਰਸ ਕੇਂਦਰੀ ਪਾਰਟੀ ਹੈ, ਜੋ ਫੈਡਰਲ ਢਾਂਚੇ ਦੇ ਹੱਕ ਵਿਚ ਨਹੀਂ ਹੈ। ਫੈਡਰਲ ਢਾਂਚੇ ਵਾਲੀ ਪਾਰਟੀ ਉਸਾਰਨ ਤੋਂ ਬਿਨਾਂ ਪੰਜਾਬ ਦਾ ਭਵਿੱਖ ਨਹੀਂ ਉਸਰ ਸਕਦਾ।