ਕੈਨੇਡਾ ਵਿਚ ਦਾਖਲ ਹੋਣ ਸਮੇਂ ਸਵਾਲਾਂ ਦੇ ਸਹੀ ਜਵਾਬ ਦੇਵੋ

ਕੈਨੇਡਾ ਵਿਚ ਦਾਖਲ ਹੋਣ ਸਮੇਂ ਸਵਾਲਾਂ ਦੇ ਸਹੀ ਜਵਾਬ ਦੇਵੋ

ਸਤਪਾਲ ਜੌਹਲ

ਹਵਾਈ ਅੱਡੇ ਅੰਦਰ ਲੋਕਾਂ ਦਾ ਵਾਹ ਇਮੀਗ੍ਰੇਸ਼ਨ ਅਫ਼ਸਰਾਂ ਤੋਂ ਪਹਿਲਾਂ ਮਸ਼ੀਨ ਨਾਲ ਪੈਂਦਾ ਹੈ। ਕੈਨੇਡਾ ਦੇ 9 ਮੁੱਖ ਹਵਾਈ ਅੱਡਿਆਂ ਅੰਦਰ 'ਪ੍ਰਾਇਮਰੀ ਇੰਸਪੈਕਸ਼ਨ ਕਿਓਸਕ' ਭਾਵ ਆਟੋਮੈਟਿਕ ਮਸ਼ੀਨਾਂ ਲੱਗ ਚੁੱਕੀਆਂ ਹਨ ਉਨ੍ਹਾਂ ਮਸ਼ੀਨਾਂ ਵਿਚ ਪੰਜਾਬੀ ਸਮੇਤ 15 ਭਾਸ਼ਾਵਾਂ ਤੱਕ ਦੀ ਪ੍ਰੋਗਰੈਮਿੰਗ ਕੀਤੀ ਹੋਈ ਹੈ। ਵੈਨਕੂਵਰ, ਐਡਮਿੰਟਨ, ਵਿੰਨੀਪੈਗ, ਟੋਰਾਂਟੋ, ਮਾਂਟਰੀਅਲ, ਕਿਊਬਕ ਸਿਟੀ ਅਤੇ ਹੈਲੀਫੈਕਸ ਵਿਖੇ ਹਵਾਈ ਅੱਡਿਆਂ ਅੰਦਰ ਇਮੀਗ੍ਰੇਸ਼ਨ ਤੇ ਕਸਟਮਜ਼ ਦੀ ਕਾਗਜ਼ੀ ਕਾਰਵਾਈ ਮਸ਼ੀਨਾਂ ਰਾਹੀਂ ਹੁੰਦੀ ਹੈ, ਜੋ ਪਾਸਪੋਰਟ ਅਤੇ ਪਰਮਾਨੈਂਟ ਰੈਜ਼ੀਡੈਂਟ (ਪੀ.ਆਰ.) ਕਾਰਡ ਦਾ ਡਾਟਾ ਪੜ੍ਹ ਸਕਦੀਆਂ ਹਨ। ਕੈਲਗਰੀ ਹਵਾਈ ਅੱਡੇ 'ਤੇ ਵੀ ਮਸ਼ੀਨਾਂ ਫਿੱਟ ਕੀਤੀਆਂ ਗਈਆਂ ਹਨ ਜੋ 22 ਮਈ, 2019 ਨੂੰ ਚਾਲੂ ਕਰ ਦਿੱਤੀਆਂ ਗਈਆਂ ਹਨ। ਇਕ ਪਰਿਵਾਰ ਦੇ ਪੰਜ ਜੀਅ ਤੱਕ ਜੇਕਰ ਇਕੱਠੇ ਸਫ਼ਰ ਕਰ ਰਹੇ ਹਨ ਤਾਂ ਉਹ ਇਕੱਠੇ ਆਪਣੇ ਡੈਕਲਾਰੇਸ਼ਨ ਦੀ ਕਾਰਵਾਈ ਪੂਰੀ ਕਰ ਸਕਦੇ ਹਨ। 

ਤਕਨੀਕੀ ਤੌਰ 'ਤੇ ਮਸ਼ੀਨ ਵਿਚ ਹਰੇਕ ਮੁਸਾਫ਼ਰ ਦੇ ਪਾਸਪੋਰਟ ਦਾ ਫੋਟੋ ਵਾਲਾ ਪੇਜ਼ ਸਕੈਨ ਕਰਨਾ ਹੁੰਦਾ ਹੈ। ਪਾਸਪੋਰਟ ਦਾ ਪੇਜ਼ ਸਕੈਨ ਹੋ ਜਾਵੇ ਤਾਂ ਮਸ਼ੀਨ ਉਸ ਮੁਸਾਫ਼ਰ ਦੀ ਫੋਟੋ ਖਿੱਚਦੀ ਹੈ। ਉਸ ਤੋਂ ਬਾਅਦ ਕੁਝ (ਡੈਕਲਾਰੇਸ਼ਨ ਕਾਰਡ ਵਾਲੇ) ਸਵਾਲਾਂ ਦੇ ਜਵਾਬ ਦੇਣੇ ਹੁੰਦੇ ਹਨ। ਅਖ਼ੀਰ 'ਤੇ ਮਸ਼ੀਨ ਵਿਚੋਂ ਇਕ ਰਸੀਦ ਨਿਕਲਦੀ ਹੈ। ਉਹ ਰਸੀਦ ਤੇ ਪਾਸਪੋਰਟ ਅੱਗੇ ਜਾ ਕੇ ਇਮੀਗ੍ਰੇਸ਼ਨ ਤੇ ਕਸਟਮਜ਼ ਅਫ਼ਸਰਾਂ ਨੇ ਚੈੱਕ ਕਰਨੇ ਹੁੰਦੇ ਹਨ। ਪਤਾ ਲੱਗਾ ਹੈ ਕਿ ਮਸ਼ੀਨਾਂ ਦੀ ਮਦਦ ਨਾਲ ਮੁਸਾਫ਼ਰਾਂ ਦਾ ਹਵਾਈ ਅੱਡੇ ਅੰਦਰ ਕਲੀਅਰੈਂਸ ਦਾ ਕੰਮ ਤੇਜ਼ ਹੋ ਗਿਆ ਹੈ ਜਿਸ ਨਾਲ ਪਹਿਲਾਂ ਦੇ ਮੁਕਾਬਲੇ ਮੁਸਾਫ਼ਰ ਅੱਧੇ ਸਮੇਂ ਵਿਚ ਹਵਾਈ ਅੱਡੇ ਤੋਂ ਬਾਹਰ ਨਿਕਲ ਜਾਂਦੇ ਹਨ ਪਰ ਜਿਸ ਵਿਅਕਤੀ ਨੇ ਡੈਕਲਾਰੇਸ਼ਨ ਵਿਚ (ਮਸ਼ੀਨ ਜਾਂ ਅਫ਼ਸਰ ਵਲੋਂ ਪੁੱਛੇ ਸਵਾਲਾਂ ਦੇ ਜਵਾਬਾਂ) ਗੜਬੜੀ ਕੀਤੀ ਹੋਵੇ ਉਸ ਨੂੰ ਬਾਹਰ ਨਿਕਲਣ ਵਿਚ ਘੰਟਿਆਂਬੱਧੀ ਸਮਾਂ ਲੱਗਣਾ ਤੈਅ ਹੋ ਜਾਂਦਾ ਹੈ। ਕੈਨੇਡਾ ਦੇ ਪੀ.ਆਰ. ਨੂੰ ਡਿਊਟੀ ਫ੍ਰੀ ਅਲਾਊਂਸ 800 ਡਾਲਰ ਤੱਕ ਦਾ ਹੈ, ਭਾਵ ਵਿਦੇਸ਼ ਤੋਂ ਖ਼ਰੀਦ ਕੇ ਲਿਆਂਦਾ ਜਾ ਰਿਹਾ ਨਵਾਂ ਸਾਮਾਨ ਇਸ ਤੋਂ ਵੱਧ ਕੀਮਤ ਦਾ ਨਹੀਂ ਹੋਣਾ ਚਾਹੀਦਾ। 

ਡੈਕਲਾਰੇਸ਼ਨ ਦੇ ਪਹਿਲੇ ਸਵਾਲ ਵਿਚ ਪੁੱਛਿਆ ਜਾਂਦਾ ਹੈ ਕਿ ਕੈਨੇਡਾ ਵਿਚ ਹਥਿਆਰ (ਪਿਸਤੌਲ, ਬੰਦੂਕ ਤੇਜ਼ਧਾਰ ਬਲੇਡ ਜਾਂ ਚੋਭਦਾਰ ਸੂਆ ਵਗੈਰਾ) ਲਿਆ ਰਹੇ ਹੋ? ਇਸ ਸਵਾਲ ਦਾ ਲਗਪਗ 100 ਫ਼ੀਸਦੀ ਲੋਕਾਂ ਦਾ ਜਵਾਬ 'ਨਾਂਹ' ਵਿਚ ਹੁੰਦਾ ਹੈ। ਦੂਜਾ ਸਵਾਲ ਕਾਰੋਬਾਰੀ ਮਕਸਦ ਲਈ ਲਿਆਂਦੇ ਜਾ ਰਹੇ ਸਾਮਾਨ ਬਾਰੇ ਹੈ, ਜਿਸ ਵਿਚ ਕਾਰੋਬਾਰੀ ਲੋਕਾਂ ਨੇ ਦੱਸਣਾ ਹੁੰਦਾ ਹੈ ਕਿ ਉਨ੍ਹਾਂ ਕੋਲ ਕੈਨੇਡਾ ਵਿਚ ਛੱਡ ਕੇ ਜਾਣ ਵਾਲੇ ਕੁਝ ਨਮੂਨੇ ਜਾਂ ਹੋਰ ਵਿਕਰੀ ਵਾਲਾ ਸਾਮਾਨ ਹੈ ਜਾਂ ਨਹੀਂ? ਤੀਜਾ ਸਵਾਲ ਕੁਝ ਵਿਸਥਾਰ ਵਿਚ ਹੈ ਜਿਸ ਨੂੰ ਪੜ੍ਹ ਕੇ ਦੱਸਣਾ ਹੁੰਦਾ ਹੈ ਕਿ ਕੈਨੇਡਾ ਵਿਚ (ਖਾਣ ਵਾਲੀ ਚੀਜ਼) ਮੀਟ, ਮੱਛੀ, ਆਂਡੇ, ਦੁੱਧ ਤੋਂ ਬਣੇ ਪਦਾਰਥ, ਫ਼ਲ, ਸਬਜ਼ੀਆਂ, ਬੀਜ, ਗਿਰੀਆਂ, ਬੂਟੇ, ਫੁੱਲ, ਲੱਕੜ, ਜਾਨਵਰ, ਪੰਛੀ, ਕੀੜੇ ਆਦਿਕ ਲਿਆਂਦੇ ਜਾ ਰਹੇ ਹਨ ਜਾਂ ਨਹੀਂ? ਇਸ ਤੋਂ ਅੱਗੇ ਮੁਸਾਫ਼ਰ ਲਈ ਇਹ ਦੱਸਣਾ ਜ਼ਰੂਰੀ ਹੈ ਕਿ ਉਸ ਕੋਲ 10,000 ਡਾਲਰ ਤੋਂ ਵੱਧ ਨਕਦੀ ਹੈ ਜਾਂ ਨਹੀਂ। ਅਗਲਾ ਸਵਾਲ ਨਵੇਂ ਲੈਂਡ ਹੋ ਰਹੇ ਇਮੀਗ੍ਰਾਂਟਾਂ ਵਾਸਤੇ ਜ਼ਰੂਰੀ ਹੈ ਕਿਉਂਕਿ ਜੇਕਰ ਉਹ ਆਪਣਾ ਸਾਰਾ ਸਾਮਾਨ ਨਾਲ ਲੈ ਕੇ ਜਹਾਜ਼ ਨਾ ਚੜ੍ਹ ਸਕੇ/ਸਕੀਆਂ ਹੋਣ ਤਾਂ ਹੋ ਸਕਦਾ ਹੈ ਕਿ ਉਨ੍ਹਾਂ ਨੇ ਪਿੱਛੇ ਰਹਿ ਗਿਆ ਸਾਮਾਨ ਡਾਕ ਜਾਂ ਕਾਰਗੋ ਰਾਹੀਂ ਬਾਅਦ ਵਿਚ ਮੰਗਵਾਉਣਾ ਹੋਵੇ। ਇਸ ਸਵਾਲ ਦਾ ਜਵਾਬ 'ਹਾਂ' ਵਿਚ ਦੇਣ ਨਾਲ ਇਮੀਗ੍ਰਾਂਟ ਦੇ ਬਾਅਦ ਵਿਚ ਮੰਗਵਾਏ ਸਾਮਾਨ ਉੱਪਰ ਕਸਟਮ ਡਿਊਟੀ ਬਚ ਸਕਦੀ ਹੈ। ਜਿਸ ਨੇ ਇਸ ਸਵਾਲ ਦਾ ਜਵਾਬ 'ਹਾਂ' ਵਿਚ ਦੇਣਾ ਹੋਵੇ ਉਸ ਕੋਲੋਂ ਉਸ ਪਿੱਛੇ ਰਹਿ ਗਏ ਸਾਮਾਨ ਦੀ ਸੂਚੀ ਨਾਲ ਲਿਆਂਦੀ ਹੋਣੀ ਚਾਹੀਦੀ ਹੈ। ਇਕ ਹੋਰ ਸਵਾਲ ਇਹ ਹੈ ਕਿ, ਕੀ ਕਿਸੇ ਖੇਤੀ ਵਾਲੇ ਫਾਰਮ 'ਤੇ ਗਏ ਸੀ ਤੇ ਕੈਨੇਡਾ ਵਿਚ ਫਾਰਮ 'ਤੇ ਜਾਣਾ ਹੈ ਕਿ ਨਹੀਂ। ਸ਼ਰਾਬ, ਤੰਬਾਕੂ 'ਤੇ ਭੰਗ ਬਾਰੇ ਵੀ ਸਵਾਲ ਹੈ। ਸ਼ਰਾਬ (ਵਿਸਕੀ/ਵਾਈਨ 1 ਬੋਤਲ) ਤੇ ਸਿਗਰਟਾਂ, ਤੰਬਾਕੂ ਦੀਆਂ ਸਿਗਰਟਾਂ 200 ਗ੍ਰਾਮ ਤੋਂ ਵੱਧ ਨਹੀਂ ਹੋਣੀਆਂ ਚਾਹੀਦੀਆਂ। ਇਸੇ ਤਰ੍ਹਾਂ ਜੇਕਰ ਕੈਨੇਡਾ ਵਿਚ ਕਿਸੇ ਨੂੰ ਦੇਣ ਲਈ 60 ਡਾਲਰ ਤੋਂ ਮਹਿੰਗਾ ਤੋਹਫ਼ਾ ਲਿਆਂਦਾ ਹੋਵੇ ਤਾਂ ਉਹ ਵੀ ਡਿਕਲੇਅਰ ਕਰਨਾ ਜ਼ਰੂਰੀ ਹੈ।
ਆਮ ਲੋਕ ਇਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਇਕ ਵਾਢਿਓਂ 'ਨਾਂਹ' ਵਿਚ ਦਿੰਦੇ ਹਨ। ਭਾਵ ਰਟਿਆ ਰਟਾਇਆ 'ਨੋ ਨੋ ਨੋ' ਆਖ ਦਿੱਤਾ ਜਾਂਦਾ ਹੈ ਪਰ ਯਾਦ ਰਹੇ ਕਿ ਇਮੀਗ੍ਰੇਸ਼ਨ ਅਤੇ ਕਸਟਮਜ਼ ਦੀ ਚੈਕਿੰਗ ਵੇਲੇ ਕਿਸੇ ਸਵਾਲ ਦਾ ਜਵਾਬ 'ਹਾਂ' ਦੀ ਬਜਾਏ ਨਾਂਹ ਵਿਚ ਸਾਬਿਤ ਹੋ ਜਾਵੇ ਤਾਂ ਸਖ਼ਤ ਕਾਨੂੰਨੀ ਪੇਚੀਦਗੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮਾਨ ਜ਼ਬਤ ਹੋ ਸਕਦਾ ਅਤੇ ਜੁਰਮਾਨਾ ਹੋ ਸਕਦਾ ਹੈ, ਜੇਲ੍ਹ ਯਾਤਰਾ ਵੀ ਕਰਨੀ ਪੈ ਸਕਦੀ ਹੈ।

ਅੰਗਰੇਜ਼ੀ/ਫਰੈਂਚ ਜਾਂ ਮਸ਼ੀਨ ਵਿਚ ਉਪਲਬਧ ਭਾਸ਼ਾ ਨਾ ਪੜ੍ਹ ਸਕਣ ਅਤੇ ਵੀਲ੍ਹਚੇਅਰਾਂ ਵਾਲੇ ਬਜ਼ੁਰਗ ਅਤੇ ਬੀਬੀਆਂ ਆਮ ਤੌਰ 'ਤੇ ਕਾਰਡ ਨੂੰ ਭਰੇ ਬਿਨਾਂ ਭਾਵ ਮਸ਼ੀਨ ਵਿਚ ਪਾਸਪੋਰਟ ਸਕੈਨ ਕੀਤੇ ਬਿਨਾਂ ਇਮੀਗ੍ਰੇਸ਼ਨ ਕਾਊਂਟਰ ਤੱਕ ਪੁੱਜਦੇ/ਪੁੱਜਦੀਆਂ ਹਨ ਤੇ ਇਮੀਗ੍ਰੇਸ਼ਨ ਅਫ਼ਸਰ ਉਨ੍ਹਾਂ ਦੀ ਮਦਦ ਕਰਦੇ ਹਨ। ਜੇਕਰ ਇਮੀਗ੍ਰੇਸ਼ਨ ਤੇ ਕਸਟਮਜ਼ ਕਲੀਅਰ ਕਰਵਾਉਣ ਦੀ ਮੁਸਾਫ਼ਰ ਨੇ ਤਿਆਰੀ ਕੀਤੀ ਹੋਵੇ ਤਾਂ ਕੁਝ ਪਲਾਂ ਵਿਚ ਕੰਮ ਨਿੱਬੜ ਜਾਂਦਾ ਹੈ। ਜੇਕਰ ਫਾਰਮ ਭਰਿਆ ਨਾ ਹੋਵੇ ਅਤੇ ਅਫ਼ਸਰ ਦੇ ਸਵਾਲਾਂ (ਕਿਉਂ ਕੈਨੇਡਾ ਆਏ ਹੋ?, ਕਿੱਥੇ ਠਹਿਰਨਾ, ਕੈਨੇਡਾ ਵਿਚ ਕਿੰਨੀ ਦੇਰ ਰਹਿਣਾ, ਪੈਸੇ ਕਿੰਨੇ ਲਿਆਂਦੇ, ਕੀ ਰਿਟਰਨ ਟਿਕਟ ਬਣੀ ਹੋਈ ਹੈ, ਸਮਾਨ ਵਿਚ ਮੀਟ, ਘਿਓ, ਫ਼ਲ ਆਦਿਕ ਤਾਂ ਨਹੀਂ ਵਗੈਰਾ, ਦੇ ਢੁਕਵੇਂ ਜਵਾਬ ਨਾ ਦਿੱਤੇ ਜਾਣ ਤਾਂ ਗਿੱਲਾ ਪੀਹਣ ਪਿਆ ਰਹਿੰਦਾ ਹੈ। ਸੁਪਰ ਵੀਜ਼ਾ ਵਾਲੇ ਲੋਕਾਂ ਕੋਲ ਇੰਸ਼ੋਰੈਂਸ ਦਾ ਸਬੂਤ (ਫੋਟੋ ਕਾਪੀ) ਹੋਣਾ ਅਤਿ ਜ਼ਰੂਰੀ ਹੈ। ਕੈਨੇਡਾ ਵਿਚ ਪਰਮਾਨੈਂਟ ਰੈਜ਼ੀਡੈਂਸੀ ਵਾਲੇ ਬਜ਼ੁਰਗ ਪਾਸਪੋਰਟ ਨਾਲ ਪੀ.ਆਰ. ਕਾਰਡ ਇਮੀਗ੍ਰੇਸ਼ਨ ਅਫ਼ਸਰ ਨੂੰ ਦੇਣਾ ਅਕਸਰ ਭੁੱਲ ਜਾਂਦੇ ਹਨ ਜਦ ਕਿ ਪਾਸਪੋਰਟ ਦੀ ਬਜਾਏ ਲੋੜ ਪੀ.ਆਰ. ਕਾਰਡ ਦੇਣ ਦੀ ਹੁੰਦੀ ਹੈ। ਅਟੈਚੀਆਂ ਵਿਚ ਆਪਣੀਆਂ ਦਵਾਈਆਂ ਪੈਕ ਕੀਤੀਆਂ ਹੋਣ ਤਾਂ ਨਾਲ ਡਾਕਟਰ ਦੀ ਪਰਚੀ ਹੋਣੀ ਚਾਹੀਦੀ ਹੈ ਜਿਸ ਸਦਕਾ ਕਸਟਮਜ਼ ਕਲੀਅਰ ਕਰਨ ਸਮੇਂ ਪ੍ਰੇਸ਼ਾਨੀ ਨਹੀਂ ਹੁੰਦੀ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ