ਪੂਰਾ ਭਾਰਤ ਨਸ਼ਿਆਂ ਦੀ ਲਪੇਟ 'ਚ ਆਇਆ

ਪੂਰਾ ਭਾਰਤ ਨਸ਼ਿਆਂ ਦੀ ਲਪੇਟ 'ਚ ਆਇਆ

n ਗਲੋਬਲ ਐਡਲਟ ਟੋਬੈਕੋ ਸਰਵੇਖਣ ਦੀ ਤਾਜ਼ਾ ਰਿਪੋਰਟ ਮੁਤਾਬਕ ਭਾਰਤ ਦੀ ਕੁੱਲ 130 ਕਰੋੜ ਆਬਾਦੀ ਵਿੱਚੋਂ 28.6 ਫੀਸਦੀ ਲੋਕ ਕਰਦੇ ਨੇ ਤੰਬਾਕੂ ਦਾ ਸੇਵਨ
n 18.4 ਫੀਸਦੀ ਨੌਜਵਾਨ ਨਾ ਸਿਰਫ ਤੰਬਾਕੂ, ਬਲਕਿ ਸਿਗਰੇਟ, ਬੀੜੀ, ਖੈਣੀ, ਬੀਟਲ, ਅਫ਼ੀਮ ਤੇ ਗਾਂਜਾ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦਾ ਸ਼ਿਕਾਰ 
n ਹਾਈਕੋਰਟ ਵਲੋਂ ਡਰੱਗ ਕੇਸਾਂ ਦੇ ਭਗੌੜੇ ਅਪਰਾਧੀਆਂ ਦੀ ਹਵਾਲਗੀ ਬਾਰੇ ਸੰਜੀਦਾ ਕਾਰਵਾਈ ਦੀਆਂ ਹਦਾਇਤਾਂ 
n ਜੇਲ੍ਹਾਂ 'ਚ ਕੈਦੀ ਮੋਬਾਇਲਾਂ ਰਾਹੀਂ ਚਲਾ ਰਹੇ ਨੇ ਡਰੱਗ ਦਾ ਧੰਦਾ

ਜਲੰਧਰ/ਬਿਉਰੋ ਨਿਊਜ਼ :
ਅਕਸਰ ਪੰਜਾਬ ਦੀ 80 ਫੀਸਦੀ ਨੌਜਵਾਨੀ ਨਸ਼ਿਆਂ ਦੇ ਜਾਲ ਵਿੱਚ ਫਸੀ ਹੋਣ ਦੇ ਦਾਅਵਾ ਕੀਤੇ ਜਾਂਦੇ ਹਨ ਪਰ ਤਾਜ਼ਾ ਅੰਕੜਿਆਂ ਵਿੱਚ ਪਤਾ ਲੱਗਾ ਹੈ ਕਿ ਪੰਜਾਬ ਹੀ ਨਹੀਂ ਪੂਰੇ ਦੇਸ਼ ਦੇ ਨੌਜਵਾਨਾਂ 'ਤੇ ਨਸ਼ਿਆਂ ਦਾ ਕਹਿਰ ਹੈ। ਗਲੋਬਲ ਐਡਲਟ ਟੋਬੈਕੋ ਸਰਵੇਖਣ ਦੀ ਤਾਜ਼ਾ ਰਿਪੋਰਟ ਮੁਤਾਬਕ, ਭਾਰਤ ਦੀ ਕੁੱਲ 130 ਕਰੋੜ ਆਬਾਦੀ ਵਿੱਚੋਂ 28.6 ਫੀਸਦੀ ਲੋਕ ਤੰਬਾਕੂ ਦਾ ਸੇਵਨ ਕਰਦੇ ਹਨ। ਹੈਰਾਨ ਕਰਨ ਵਾਲਾ ਤੱਥ ਇਹ ਹੈ ਕਿ ਕਰੀਬ 18.4 ਫੀਸਦੀ ਨੌਜਵਾਨ ਨਾ ਸਿਰਫ ਤੰਬਾਕੂ, ਬਲਕਿ ਸਿਗਰੇਟ, ਬੀੜੀ, ਖੈਣੀ, ਬੀਟਲ, ਅਫ਼ੀਮ ਤੇ ਗਾਂਜਾ ਵਰਗੇ ਖ਼ਤਰਨਾਕ ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦੇ ਹਨ। ਬੀਤੇ ਸਾਲ ਆਈ  ਡਬਲਯੂ ਐਚ ਓ ਦੀ ਗਲੋਬਲ ਸਟੇਟਸ ਰਿਪੋਰਟ ਵਿੱਚ ਵੀ ਕੁਝ ਅਜਿਹੇ ਹੀ ਚਿੰਤਾਜਨਕ ਅੰਕੜੇ ਸਾਹਮਣੇ ਆਏ ਸੀ। 2017 ਵਿੱਚ ਆਈ ਇਸ ਰਿਪੋਰਟ ਮੁਤਾਬਕ ਭਾਰਤ ਵਿੱਚ ਬੀਤੇ 11 ਸਾਲਾਂ ਵਿੱਚ ਪ੍ਰਤੀ ਵਿਅਕਤੀ ਸ਼ਰਾਬ ਦੀ ਖਪਤ ਦੁੱਗਣੀ ਹੋ ਗਈ ਸੀ। 11 ਸਾਲ ਪਹਿਲਾਂ ਪਹਿਲਾਂ ਜਿੱਥੇ ਇੱਕ ਵਿਅਕਤੀ 3 ਲੀਟਰ ਸ਼ਰਾਬ ਪੀਂਦਾ ਸੀ, ਉੱਥੇ ਇਹ ਖਪਤ ਵਧ ਕੇ 6 ਲੀਟਰ ਹੋ ਗਈ ਹੈ। ਰਿਪੋਰਟ ਮੁਤਾਬਕ ਇਸ ਦਹਾਕੇ ਵਿੱਚ ਭਾਰਤੀ ਨੌਜਵਾਨਾਂ ਵਿੱਚ ਤੰਬਾਕੂ ਤੇ ਸ਼ਰਾਬ ਦੇ ਇਲਾਵਾ ਇੱਕ ਹੋਰ ਨਸ਼ੀਲੇ ਪਦਾਰਥ ਦੀ ਆਦਤ ਤੇਜ਼ੀ ਨਾਲ ਵਧ ਰਹੀ ਹੈ। ਸੁਪਰਫੂਡ ਤੋਂ ਲੈ ਕੇ ਜੰਕ ਫੂਡ ਨਾ ਸਿਰਫ ਸ਼ਹਿਰਾਂ, ਬਲਕਿ ਪੇਂਡੂ ਇਲਾਕਿਆਂ ਵਿੱਚ ਵੀ ਆਪਣੇ ਪੈਰ ਪਸਾਰ ਰਹੇ ਹਨ। 2018 ਵਿੱਚ ਆਈ ਕਲਿੰਟ ਦੀ ਰਿਪੋਰਟ ਮੁਤਾਬਕ 35 ਫੀਸਦੀ ਭਾਰਤੀ ਹਫ਼ਤੇ ਤੋਂ ਵੀ ਘੱਟ ਸਮੇਂ ਵਿੱਚ ਇੱਕ ਵਾਰ ਫਾਸਟ ਫੂਡ ਖਾਂਦੇ ਹਨ। ਇੰਡੀਅਨ ਜਨਰਲ ਆਫ਼ ਪਬਲਿਕ ਹੈਲਥ ਦੇ ਸਰਵੇਖਣ ਮੁਤਾਬਕ 14 ਫੀਸਦੀ ਸਕੂਲੀ ਬੱਚੇ ਮੋਟਾਪੇ ਦਾ ਸ਼ਿਕਾਰ ਹਨ। ਜੰਕ ਫੂਡ ਵਿੱਚ ਜ਼ਰੂਰੀ ਪੋਸ਼ਣ ਤੱਤਾਂ ਦੀ ਕਮੀ ਦੇ ਕਰਕੇ ਮੋਟਾਪਾ ਵਧਦਾ ਹੈ। ਬਦਲਦੇ ਤੌਰ-ਤਰੀਕੇ ਤੇ ਸ਼ਹਿਰੀ ਲਾਈਫਸਟਾਈਲ ਘੱਟ ਨੀਂਦ ਦਾ ਮੁੱਖ ਕਾਰਨ ਹੈ। ਦਰਅਸਲ ਭੱਜ ਦੌੜ ਵਾਲੇ ਜੀਵਨ, ਕੰਮ ਦਾ ਬੋਝ ਤੇ ਮਾਨਸਿਕ ਤਣਾਓ ਹੋਣ ਦੇ ਨਾਲ-ਨਾਲ ਮੌਜੂਦਾ ਦੌਰ ਵਿਚ ਮਾੜੀਆਂ ਆਦਤਾਂ ਲੋਕਾਂ ਦੀਆਂ ਪ੍ਰੇਸ਼ਾਨੀਆਂ ਹੋਰ ਵਧਾ ਸਕਦੀਆਂ ਹਨ, ਕਿਉਂਕਿ ਇਸ ਨਾਲ ਉਨ੍ਹਾਂ ਦੀ ਸਰੀਰਕ ਊਰਜਾ ਘਟਦੀ ਜਾਂਦੀ ਹੈ। 
ਨਸ਼ਿਆਂ ਬਾਰੇ ਪੰਜਾਬ ਹਾਈਕੋਰਟ ਸਖ਼ਤ : ਪੰਜਾਬ ਹਰਿਆਣਾ ਹਾਈ ਕੋਰਟ ਨੇ ਸਪਸ਼ਟ ਕੀਤਾ ਹੈ ਕਿ ਭਾਰਤ ਵਿਚ ਨਸ਼ਿਆਂ ਦੇ ਕੇਸਾਂ ਵਿਚ ਅਪਰਾਧ ਕਰ ਕੇ ਵਿਦੇਸ਼ ਦੌੜ ਜਾਣ ਵਾਲੇ ਮੁਲਜ਼ਮਾਂ ਅਤੇ ਉਨ੍ਹਾਂ ਨਾਲ ਗੰਢਤੁਪ ਕਰਨ ਤੇ ਮਦਦ ਕਰਨ ਵਾਲਿਆਂ ਨੂੰ ਦੇਸ਼ ਵਾਪਸ ਲੈ ਕੇ ਆਉਣਾ ਚਾਹੀਦਾ ਹੈ। ਜਸਟਿਸ ਰਾਜੀਵ ਸ਼ਰਮਾ ਅਤੇ ਜਸਟਿਸ ਹਰਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠਲੇ ਬੈਂਚ ਨੇ ਆਖਿਆ ਕਿ ਪੰਜਾਬ ਅਤੇ ਕੁਝ ਹੋਰ ਰਾਜਾਂ ਵਿਚ ਨਸ਼ਿਆਂ ਦੀ ਵਰਤੋਂ ਦੀ ਸਮੱਸਿਆ ਬਹੁਤ ਗੰਭੀਰ ਹੁੰਦੀ ਜਾ ਰਹੀ ਹੈ। ਇਨ੍ਹਾਂ ਗਰੋਹਾਂ ਦੇ ਸਰਗਣੇ ਅਕਸਰ ਵਿਦੇਸ਼ ਵਿਚ ਬੈਠ ਕੇ ਧੰਦਾ ਚਲਾਉਂਦੇ ਹਨ ਅਤੇ ਜੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਸੰਜੀਦਾ ਯਤਨ ਨਹੀਂ ਕਰਦੀਆਂ ਤਾਂ ਉਨ੍ਹਾਂ ਤੱਕ ਅੱਪੜਨਾ ਆਸਾਨ ਨਹੀਂ ਹੁੰਦਾ। ਬੈਂਚ ਨੇ ਆਖਿਆ ਕਿ ਮੁਲਜ਼ਮਾਂ ਨੂੰ ਭਗੌੜੇ ਐਲਾਨੇ ਜਾਣ ਤੋਂ ਬਾਅਦ ਉਨ੍ਹਾਂ ਦੀਆਂ ਸੰਪਤੀਆਂ ਜ਼ਬਤ ਤੇ ਕੁਰਕ ਕਰ ਕੇ ਕਾਨੂੰਨ ਨੂੰ ਅੰਜਾਮ ਤੱਕ ਪਹੁੰਚਾਉਣ ਦੀ ਲੋੜ ਹੈ।
ਅਦਾਲਤ ਦੀਆਂ ਇਹ ਹਦਾਇਤਾਂ ਇਕ ਕੇਸ ਦੀ ਸੁਣਵਾਈ ਦੌਰਾਨ ਦਿੱਤੀਆਂ ਗਈਆਂ ਹਨ ਜਿਸ ਵਿਚ ਤਿੰਨ ਮੁਲਜ਼ਮਾਂ ਰਣਜੀਤ ਸਿੰਘ, ਹਰਦੀਪ ਸਿੰਘ ਸੰਧੂ ਅਤੇ ਗੁਰਵਿੰਦਰ ਸਿੰਘ ਨੂੰ ਮਾਰਚ 2010 ਵਿਚ ਇਸ਼ਤਿਹਾਰੀ ਮੁਜਰਮ ਐਲਾਨਿਆ ਗਿਆ ਸੀ। ਬੈਂਚ ਨੇ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ ਦੀ ਤਰਫੋਂ ਪੇਸ਼ ਹੋਏ ਵਕੀਲ ਤੋਂ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਗਈ ਕਾਰਵਾਈ ਬਾਰੇ ਵੀ ਪੁੱਛਿਆ। ਇਸ 'ਤੇ ਵਕੀਲ ਨੇ ਜਵਾਬ ਦਿੱਤਾ ਕਿ ਇਸ਼ਤਿਹਾਰੀ ਮੁਜਰਮਾਂ ਦੀ ਚੱਲ ਅਤੇ ਅਚੱਲ ਸੰਪਤੀ ਜ਼ਬਤ ਕਰਨ ਦੀ ਕਾਰਵਾਈ ਲਈ ਕਈ ਕਦਮ ਚੁੱਕੇ ਗਏ ਹਨ। ਅਦਾਲਤੀ ਸੁਣਵਾਈ ਦੌਰਾਨ ਦੱਸਿਆ ਗਿਆ ਸੀ ਕਿ ਮੁਲਜ਼ਮ ਕੈਨੇਡਾ ਵਿਚ ਰਹਿ ਰਹੇ ਹਨ। ਜਦੋਂ ਉਨ੍ਹਾਂ ਦੀ ਸਪੁਰਦਗੀ ਲਈ ਕੀਤੇ ਗਏ ਯਤਨਾਂ ਬਾਰੇ ਪੁੱਛਿਆ ਗਿਆ ਤਾਂ ਵਕੀਲ ਨੇ ਦੱਸਿਆ ਕਿ ਇਸ ਸਬੰਧੀ ਸਿਰਫ ਲੁੱਕਆਊਟ ਨੋਟਿਸ ਭੇਜੇ ਗਏ ਸਨ।

ਜੇਲ੍ਹਾਂ 'ਚ ਮੋਬਾਇਲ ਤੇ ਡਰੱਗ : ਸਾਡੀਆਂ ਜੇਲ੍ਹਾਂ ਵਰ੍ਹਿਆਂ ਤੋਂ ਘੋਰ ਮਾੜੇ ਪ੍ਰਬੰਧਾਂ ਦੀਆਂ ਸ਼ਿਕਾਰ ਹਨ। ਕਿਰਿਆਤਮਕ ਤੌਰ 'ਤੇ ਅਪਰਾਧੀ ਅਨਸਰਾਂ ਵਲੋਂ ਆਪਣੀਆਂ ਨਜਾਇਜ਼ ਸਰਗਰਮੀਆਂ ਚਲਾਉਣ ਦਾ ਸਰਕਾਰੀ ਹੈਡਕੁਆਰਟਰ ਅਤੇ ਐਸ਼ਗਾਹ ਬਣ ਕੇ ਰਹਿ ਗਈਆਂ ਹਨ। ਪਿਛਲੇ ਇਕ ਮਹੀਨੇ ਦੀਆਂ ਤਾਜ਼ਾਂ ਮਿਸਾਲਾਂ ਤੋਂ ਸਪੱਸ਼ਟ ਹੈ ਕਿ ਸਾਡੀਆਂ ਜੇਲ੍ਹਾਂ ਕਿਸ ਤਰ੍ਹਾਂ ਮਾੜੇ ਪ੍ਰਬੰÎਧਾਂ ਦੀਆਂ ਸ਼ਿਕਾਰ ਹੋ ਚੁੱਕੀਆਂ ਹਨ।
d 30 ਦਸੰਬਰ ਦੀ ਰਾਤ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿਚ 5 ਵਿਚਾਰ ਅਧੀਨ ਕੈਦੀਆਂ ਦੇ ਕਬਜ਼ੇ ਵਿਚੋਂ ਬਿਸਤਰੇ ਵਿਚ ਲੁਕੋ ਕੇ ਰੱਖੇ ਮੋਬਾਇਲ ਫੋਨ ਬਰਾਮਦ ਹੋਣ ਤੋਂ ਇਲਾਵਾ ਜੇਲ ਕੰਪਲੈਕਸ ਵਿਚ ਵੱਖ-ਵੱਖ ਥਾਵਾਂ 'ਤੇ ਲਾਵਾਰਿਸ ਪਏ ਚਾਰ ਮੋਬਾਇਲ ਫੋਨ ਮਿਲੇ।
d 05 ਜਨਵਰੀ ਨੂੰ ਪਟਿਆਲਾ ਅਤੇ ਨਾਭਾ ਜੇਲ੍ਹ ਵਿਚ ਬੰਦ ਨਾਈਜੀਰੀਅਨਾਂ, ਜਿਨ੍ਹਾਂ ਵਿਚ ਦੋ ਔਰਤਾਂ ਹਨ, ਤੋਂ 14 ਮੋਬਾਇਲ ਫੋਨ ਬਰਾਮਦ ਹੋਏ।
d 10 ਜਨਵਰੀ ਨੂੰ ਲੁਧਿਆਣਾ ਸੈਂਟਰਲ ਜੇਲ੍ਹ ਵਿਚ ਨਸ਼ਾ ਤਸਕਰੀ ਦੇ ਦੋਸ਼ ਹੇਠ ਇਕ ਸਾਲ ਤੋਂ ਬੰਦ ਯੁਗਾਂਡਾ ਦੀ ਔਰਤ ਤੋਂ ਮੋਬਾਇਲ ਫੋਨ, ਬੀੜੀਆਂ ਦਾ ਬੰਡਲ, ਤੰਬਾਕੂ ਦਾ ਪੈਕੇਟ ਅਤੇ ਹੋਰ ਸਾਮਾਨ ਬਰਾਮਦ ਕੀਤਾ ਗਿਆ।
d 13 ਜਨਵਰੀ ਨੂੰ ਹੀ ਕਪੂਰਥਲਾ ਦੀ ਮਾਡਰਨ ਜੇਲ੍ਹ ਵਿਚ ਇਕ ਕੈਦੀ ਸਮੇਤ 2 ਵਿਅਕਤੀਆਂ ਵਿਰੁੱਧ ਨਜਾਇਜ਼ ਤੌਰ 'ਤੇ ਜੇਲ੍ਹ ਵਿਚ ਹੋਰ ਕੈਦੀਆਂ ਨੂੰ ਨਕਦ ਰਕਮ ਦੀ ਸਪਲਾਈ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ। ਇਹ ਲੋਕ ਅਜਿਹਾ ਕਰਨ ਲਈ ਕੈਦੀਆਂ ਦੇ ਪਰਿਵਾਰ ਵਾਲਿਅਆਂ ਤੋਂ 10 ਫੀਸਦੀ ਕਮਿਸ਼ਨ ਵਸੂਲ ਰਹੇ ਸਨ।
d 13 ਜਨਵਰੀ ਨੂੰ ਹੀ ਲੁਧਿਆਣਾ ਸੈਂਟਰਲ ਜੇਲ੍ਹ ਵਿਚ 4 ਹਵਾਲਾਤੀਆਂ ਦੇ ਕਬਜ਼ੇ ਵਿਚੋਂ 6 ਮੋਬਾਇਲ ਫੋਨ ਜ਼ਬਤ ਕੀਤੇ ਗਏ।
d 17 ਜਨਵਰੀ ਦੀ ਰਾਤ ਨੂੰ ਫਤਿਹਪੁਰ ਜੇਲ੍ਹ ਵਿਚ 3 ਹਵਾਲਾਤੀ ਆਪਣੀ ਬੈਰਕ ਵਿਚ ਮੋਬਾਇਲ ਫੋਨ ਚਲਾਉਂਦੇ ਫੜੇ ਗਏ। ਜਦੋਂ ਵਾਰਡਨ ਨੇ ਮੋਬਾਇਲ ਫੋਨ ਕਬਜ਼ੇ ਵਿਚ ਲੈਣਾ ਚਾਹਿਆਂ ਤਾਂ ਉਨ੍ਹਾਂ ਨੇ ਉਸ ਨੂੰ ਬੰਧਕ ਬਣਾ ਲਿਆ, ਜਿਸ ਨੂੰ ਜੇਲ੍ਹ ਅਧਿਕਾਰੀਆਂ ਨੇ ਬੜੀ ਮੁਸ਼ਕਿਲ ਨਾਲ ਛੁਡਾਇਆ।
d 19 ਜਨਵਰੀ ਨੂੰ ਸੈਂਟਰਲ ਜੇਲ ਫਿਰੋਜ਼ਪੁਰ ਵਿਚ ਬੰਦ ਆਪਣੇ ਦਿਓਰ ਨੂੰ ਨਸ਼ਾ ਪਹੁੰਚਾਉਣ ਪਹੁੰਚੀ ਔਰਤ ਨੂੰ ਜੇਲ੍ਹ ਮੁਲਾਜ਼ਮਾਂ ਨੇ ਗ੍ਰਿਫ਼ਤਾਰ ਕਰ ਲਿਆ। ਔਰਤ ਨੇ ਆਪਣੇ ਪ੍ਰਾਈਵੇਟ ਪਾਰਟ ਵਿਚ ਨਸ਼ੇ ਵਾਲੀਆਂ 234 ਗੋਲੀਆਂ ਲੁਕੋਈਆਂ ਹੋਈਆਂ ਸਨ। 
d 20 ਜਨਵਰੀ ਨੂੰ ਕਪੂਰਥਲਾ ਦੀ ਮਾਡਰਨ ਜੇਲ੍ਹ ਦੀ ਤਲਾਸ਼ੀ ਦੌਰਾਨ 3 ਕੈਦੀਆਂ ਤੋਂ 2 ਮੋਬਾਇਲ ਫੋਨ, 2 ਬੈਟਰੀਆਂ ਤੇ ਸਿਮ ਕਾਰਡ ਜ਼ਬਤ ਕੀਤਾ ਗਿਆ।
d 22 ਜਨਵਰੀ ਨੂੰ ਹਿੰਸਾ ਤੋਂ ਪ੍ਰਭਾਵਿਤ ਜੰਮੂ-ਕਸ਼ਮੀਰ ਦੀ ਕੋਟ ਭਲਵਾਲ ਜੇਲ੍ਹ, ਜਿੱਥੇ ਕਈ ਨਾਮੀ ਦੇਸੀ ਵਿਦੇਸ਼ੀ ਖਾੜਕੂ ਰੱਖੇ ਗਏ ਹਨ, ਤੋਂ 2 ਮੋਬਾਇਲ ਫੋਨ ਅਤੇ 3 ਪੈਨ ਡ੍ਰਾਈਵਾਂ ਤੋਂ ਇਲਾਵਾ 1 ਚਾਕੂ ਜ਼ਬਤ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਕੋਟ ਭਲਵਾਲ ਜੇਲ੍ਹ ਪਹਿਲਾਂ ਵੀ ਕਈ ਵਿਵਾਦਾਂ ਵਿਚ ਰਹਿ ਚੁੱਕੀ ਹੈ ਤੇ ਇਥੇ ਦੋ ਵਾਰ ਖਤਰਨਾਕ ਅਪਰਾਧੀ ਫਰਾਰ ਹੋ ਚੁੱਕੇ ਹਨ।
d 23 ਜਨਵਰੀ ਨੂੰ ਨਾਭਾ ਜੇਲ੍ਹ ਦੀ ਬਹੁਤ ਜ਼ਿਆਦਾ ਸੁਰੱਖਿਆ ਵਾਲੀ ਜੇਲ ਵਿਚ ਤਲਾਸ਼ੀ ਦੌਰਾਨ 12 ਮੋਬਾਇਲ ਫੋਨ, ਚਾਰਜਰ, ਸਿਮ, ਇਕ ਇੰਟਰਨੈਟ ਡੋਂਗਲ, 2 ਈਅਰ ਫੋਨ ਅਤੇ ਫਰੀਦਕੋਟ ਜੇਲ੍ਹ ਵਿਚੋਂ 6 ਸਮਾਰਟਫੋਨ ਜ਼ਬਤ ਕੀਤੇ ਗਏ।
ਨਾਭਾ ਜੇਲ੍ਹ ਵਿਚ ਥ੍ਰੀ-ਜੀ ਦਾ ਜੈਮਰ ਲੱਗਾ ਹੋਇਆ ਹੈ, ਜਦਕਿ ਕੈਦੀ 4-ਜੀ ਨੈਟਵਰਕ ਵਾਲੇ ਮੋਬਾਇਲ ਫੋਨ ਇਸਤੇਮਾਲ ਕਰਕੇ ਨਾ ਸਿਰਫ ਆਪਣੀ ਫੇਸਬੁੱਕ ਅਪਡੇਟ ਕਰਦੇ ਹਨ, ਸਗੋਂ ਜੇਲ੍ਹ ਤੋਂ ਬਾਹਰ ਆਪਣੇ ਸਾਥੀਆਂ ਨਾਲ ਵੀ ਸੰਪਰਕ ਬਣਾਈ ਰੱਖਦੇ ਹਨ ਅਤੇ ਨਸ਼ਿਆਂ ਦੀ ਤਸਕਰੀ ਆਦਿ ਦਾ ਆਪਣਾ ਨੈਟਵਰਕ ਚਲਾਉਂਦੇ ਹਨ।
d ਇਸੇ ਦਿਨ ਸੈਂਟਰਲ ਜੇਲ੍ਹ ਫਿਰੋਜ਼ਪੁਰ ਵਿਚ ਕੈਦੀਆਂ ਤੋਂ 6 ਮੋਬਾਇਲ ਫੋਨ ਤੇ ਨਸ਼ੇ ਵਾਲੇ ਪਦਾਰਥ ਫੜੇ ਗਏ।
ਸਾਡੀਆਂ ਜੇਲ੍ਹਾਂ ਵਿਚ ਪ੍ਰਬੰਧਾਂ ਦਾ ਇੰਨਾ ਬੁਰਾ ਹਾਲ ਹੈ ਕਿ ਉੱਥੇ ਮੋਬਾਇਲ ਫੋਨ, ਬਾਹਰਲੀ ਦੁਨੀਆਂ ਨਾਲ ਸੰਪਰਕ ਕਰਨ ਵਿਚ ਸਹਾਇਕ ਹੋਰ ਇਲੈਕਟਰਾਨਿਕ ਯੰਤਰ, ਨਸ਼ੇ ਵਾਲੇ ਪਦਾਰਥ, ਚਾਕੂ, ਛੁਰੀਆਂ ਅਤੇ ਹੋਰ ਚੀਜ਼ਾਂ ਬਰਾਮਦ ਹੋ ਰਹੀਆਂ ਹਨ।
ਜੇਲ੍ਹਾਂ ਵਿਚ ਬੰਦ ਕੈਦੀ 4-ਜੀ ਨੈਟਵਰਕ ਦੇ ਮੋਬਾਇਲ ਇਸਤੇਮਾਲ ਕਰ ਰਹੇ ਹਨ, ਜਿਨ੍ਹਾਂ ਨੂੰ ਕੰਮ ਕਰਨ ਤੋਂ ਰੋਕਣ ਵਿਚ ਜੇਲ੍ਹਾਂ ਵਿਚ ਲੱਗੇ ਜੈਮਰ ਨਕਾਮ ਸਿੱਧ ਹੋ ਰਹੇ ਹਨ।
ਸਪੱਸ਼ਟ ਹੈ ਕਿ ਜਦੋਂ ਤੱਕ ਜੇਲ੍ਹਾਂ ਵਿਚ ਸੁਰੱਖਿਆ ਪ੍ਰਣਾਲੀ ਮਜ਼ਬੂਤ ਨਹੀਂ ਬਣਾਈ ਜਾਂਦੀ, ਉਥੋਂ ਦਾ ਮਾਹੌਲ ਅਤੇ ਅਨੁਸ਼ਾਸ਼ਨ ਨਹੀਂ ਸੁਧਾਰਿਆ ਜਾਂਦਾ, ਪ੍ਰਸ਼ਾਸ਼ਨ ਨੂੰ ਚੁਸਤ ਅਤੇ ਜੁਆਬਦੇਹ ਨਹੀਂ ਬਣਾਇਆ ਜਾਂਦਾ, ਉਦੋਂ ਤੱਕ ਉਥੇ ਸਭ ਹੁੰਦਾ ਹੀ ਰਹੇਗਾ, ਜਿਸ ਨੂੰ ਰੋਕਣ ਲਈ ਫੌਰਨ ਕਦਮ ਚੁੱਕਣ ਦੀ ਲੋੜ ਹੈ।