ਭਾਰਤ ਦੀ ਜਨਸੰਖਿਆ ਅਨੁਸਾਰ ਮਾਨਸਿਕ ਸਿਹਤ ਦੀਆਂ ਸਹੂਲਤਾਂ ਨਾਕਾਫ਼ੀ

ਭਾਰਤ ਦੀ ਜਨਸੰਖਿਆ ਅਨੁਸਾਰ ਮਾਨਸਿਕ ਸਿਹਤ ਦੀਆਂ ਸਹੂਲਤਾਂ ਨਾਕਾਫ਼ੀ

ਸਿਹਤ ਦਾ ਅਰਥ ਨਿਰੋਗ ਰਹਿਣਾ ਹੀ ਨਹੀਂ ਹੈ ਬਲਕਿ ਉਸ ਵਿਚ ਸਰੀਰਕ, ਮਾਨਸਿਕ ਅਤੇ ਰੂਹਾਨੀ ਹਾਂ-ਪੱਖੀ ਸੋਚਣੀ ਵੀ ਸ਼ਾਮਲ ਹੈ।

ਸਿਹਤਮੰਦ ਵਿਅਕਤੀ ਤੋਂ ਆਤਮਬੋਧ, ਆਤਮ-ਪ੍ਰੀਖਣ ਦੇ ਨਾਲ-ਨਾਲ ਸਰਗਰਮ ਕਰਮਸ਼ੀਲ ਜੀਵਨ ਦੀ ਉਮੀਦ ਹੁੰਦੀ ਹੈ। ਭਾਰਤੀ ਚਿੰਤਨ ਵਿਚ ਸਿਹਤ ‘ਮੇਰੇ’ ਤੇ ‘ਤੇਰੇ’ ਦੇ ਫ਼ਰਕ ਤੋਂ ਉੱਪਰ ਉੱਠ ਕੇ ਸਭ ਦੇ ਸੁੱਖ ਦੀ ਕਾਮਨਾ ਵਿਚ ਸ਼ੁਮਾਰ ਮੰਨੀ ਗਈ ਹੈ। ਗੀਤਾ ਅਨੁਸਾਰ ਨਿਡਰ, ਸ਼ਾਂਤ, ਤਣਾਅ ਰਹਿਤ ਅਤੇ ਇੱਛਾਵਾਂ ਦੇ ਦਬਾਅ ਤੋਂ ਮੁਕਤ ਵਿਅਕਤੀ ਪ੍ਰਸੰਨ ਅਤੇ ਸਿਹਤਮੰਦ ਰਹਿੰਦਾ ਹੈ। ਅੱਜ-ਕੱਲ੍ਹ ਡਿਪ੍ਰੈਸ਼ਨ, ਫੋਬੀਆ, ਪੈਨਿਕ, ਆਬਸੇਸਿਵ ਕੰਪਲਸਿਵ ਡਿਸਆਰਡਰ, ਚਿੰਤਾ ਅਤੇ ਤਾਲਮੇਲ ਦੀ ਕਮੀ ਜਿਹੇ ਮਨੋਰੋਗਾਂ ਨੂੰ ਆਮ ਸ਼੍ਰੇਣੀ ਵਿਚ ਰੱਖਿਆ ਜਾਣ ਲੱਗਾ ਹੈ। ਇਨ੍ਹਾਂ ਦੇ ਰੋਗੀ ਆਪਣੇ ਵਿਚ ਸਰੀਰਕ ਪਰੇਸ਼ਾਨੀ ਵੀ ਦੱਸਦੇ ਹਨ। ਇਲਾਜ ਨਾ ਮਿਲਣ ’ਤੇ ਇਨ੍ਹਾਂ ਕਾਰਨ ਲੋਕ ਆਪਣੇ ਕੰਮ ਕਰਨ ਵਿਚ ਨਾਕਾਮ ਹੁੰਦੇ ਜਾਂਦੇ ਹਨ ਅਤੇ ਇਲਾਜ ਵੀ ਕਾਫ਼ੀ ਖ਼ਰਚੀਲਾ ਹੁੰਦਾ ਹੈ।

ਇਕ ਅਨੁਮਾਨ ਮੁਤਾਬਕ ਮੁੱਢਲੇ ਸਿਹਤ ਕੇਂਦਰਾਂ ਵਿਚ ਆਉਣ ਵਾਲੇ ਰੋਗੀਆਂ ਵਿਚ 20 ਤੋਂ 45 ਫ਼ੀਸਦੀ ਇਸੇ ਤਰ੍ਹਾਂ ਦੇ ਹੁੰਦੇ ਹਨ। ਇਹ ਮਨੋਰੋਗ ਅਨਪੜ੍ਹਤਾ, ਬਿਰਧ ਅਵਸਥਾ ਅਤੇ ਗ਼ਰੀਬੀ ਨਾਲ ਜੁੜੇ ਹੋਏ ਮਿਲਦੇ ਹਨ। ਨਾਲ ਹੀ ਔਰਤਾਂ ਵਿਚ ਵੀ ਇਹ ਮਨੋਰੋਗ ਉਮੀਦ ਨਾਲੋਂ ਕਿਤੇ ਜ਼ਿਆਦਾ ਮਿਲਦੇ ਹਨ ਅਤੇ ਉਹ ਕਈ ਦੂਜੇ ਰੋਗਾਂ ਨੂੰ ਵੀ ਜਨਮ ਦਿੰਦੇ ਹਨ। ਇੱਥੇ ਤ੍ਰਾਸਦੀ ਮਗਰੋਂ ਹੋਣ ਵਾਲੇ ਤਣਾਅ ਦਾ ਵੀ ਜ਼ਿਕਰ ਕਰਨਾ ਵਾਜਬ ਹੋਵੇਗਾ ਜੋ ਭੂਚਾਲ, ਹੜ੍ਹ, ਸੁਨਾਮੀ ਅਤੇ ਜ਼ਮੀਨ ਖਿਸਕਣ ਆਦਿ ਭਿਆਨਕ ਤ੍ਰਾਸਦੀਆਂ ਵਿਚ ਜਿਊਂਦੇ ਬਚੇ ਲੋਕਾਂ ਵਿਚ ਮਿਲਦਾ ਹੈ। ਅੱਜ ਤਣਾਅ ਪੂਰੇ ਵਿਸ਼ਵ ਵਿਚ ਸਭ ਤੋਂ ਵੱਧ ਮਾਤਰਾ ਵਿਚ ਹੋਣ ਵਾਲਾ ਮਨੋਰੋਗ ਹੋ ਗਿਆ ਹੈ। ਤਣਾਅਗ੍ਰਸਤ ਰੋਗੀਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ। ਬਿਰਧਾਂ ਅਤੇ ਨੌਜਵਾਨ ਵਰਗ ਦਾ ਇਕ ਵੱਡਾ ਹਿੱਸਾ ਇਸ ਦੀ ਲਪੇਟ ਵਿਚ ਆ ਰਿਹਾ ਹੈ। ਤਣਾਅ ਦਾ ਵਾਧਾ ਮੁੱਖ ਤੌਰ ’ਤੇ ਸਮਾਜਿਕ-ਸੱਭਿਆਚਾਰਕ ਬਦਲਾਅ ਦੇ ਕਾਰਨ ਹੈ। ਆਰਥਿਕ ਤੰਗੀਆਂ-ਤੁਰਸ਼ੀਆਂ, ਰਿਸ਼ਤਿਆਂ ਦੀ ਕੁੜੱਤਣ, ਕਲੇਸ਼ ਅਤੇ ਦਬਾਅ ਇਸ ਦੇ ਪਿੱਛੇ ਵਿਸ਼ੇਸ਼ ਕਾਰਨ ਮੰਨੇ ਗਏ ਹਨ। ਆਮ ਮਨੋਰੋਗਾਂ ਲਈ ਇਲਾਜ ਅਤੇ ਜ਼ਰੂਰੀ ਵਿਵਸਥਾ ਨੂੰ ਲਾਗੂ ਕਰਨਾ ਔਖੀ ਚੁਣੌਤੀ ਬਣ ਚੁੱਕੀ ਹੈ।

ਮਨੋਰੋਗ ਨਾਲ ਜੁੜੀਆਂ ਲਾਹਨਤਾਂ ਇਲਾਜ ਵਿਚ ਰੋੜਾ ਬਣਦੀਆਂ ਹਨ। ਇਕੱਲੇ ਦੀ ਜਗ੍ਹਾ ਸਮੂਹ ਵਿਚ ਲੋਕ ਖੁੱਲ੍ਹ ਕੇ ਸਾਹਮਣੇ ਆ ਸਕਦੇ ਹਨ। ਸਥਾਨਕ ਸੰਸਕ੍ਰਿਤੀ ਮੁਤਾਬਕ ਇਲਾਜ ਅਤੇ ਪ੍ਰਬੰਧਨ ਜ਼ਿਆਦਾ ਅਸਰਦਾਰ ਮੰਨਿਆ ਗਿਆ ਹੈ। ਇਹ ਜ਼ਿਆਦਾ ਜ਼ਰੂਰੀ ਹੋ ਗਿਆ ਹੈ ਕਿ ਮਨੋਰੋਗਾਂ ਤੋਂ ਬਚਾਅ ਦੇ ਤਰੀਕਿਆਂ ’ਤੇ ਧਿਆਨ ਦਿੱਤਾ ਜਾਵੇ। ਇਸ ਵਿਸ਼ੇ ਵਿਚ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਕਿ ਬੇਰੋਕ-ਟੋਕ ਕਸਰਤ, ਯੋਗਾ ਦਾ ਅਭਿਆਸ ਅਤੇ ਧਿਆਨ ਆਦਿ ਸਿਹਤ ਦੀ ਰੱਖਿਆ ਵੀ ਕਰਦੇ ਹਨ ਅਤੇ ਢਾਲ਼ ਵਾਂਗ ਰੋਗ ਤੋਂ ਬਚਾਅ ਵੀ ਕਰਦੇ ਹਨ। ਦੂਜੇ ਪਾਸੇ ਮੁੱਢਲੀਆਂ ਸਿਹਤ ਸੇਵਾਵਾਂ ਦੀ ਉਪਲੱਬਧਤਾ ਅਤੇ ਉਨ੍ਹਾਂ ਦੀ ਗੁਣਵੱਤਾ ਰੋਗ ਤੋਂ ਬਚਾਅ ਅਤੇ ਸਿਹਤਮੰਦ ਰਹਿਣ ਵਿਚ ਖ਼ਾਸ ਮਹੱਤਵ ਰੱਖਦੇ ਹਨ। ਮਾਨਸਿਕ ਸਿਹਤ ਲਈ ਜ਼ਰੂਰੀ ਤਰੀਕਿਆਂ ਨੂੰ ਵਿਅਕਤੀ ਅਤੇ ਭਾਈਚਾਰਾ, ਦੋਵਾਂ ਪੱਧਰਾਂ ’ਤੇ ਸ਼ਾਮਲ ਕਰਨਾ ਬੇਹੱਦ ਜ਼ਰੂਰੀ ਹੋ ਗਿਆ ਹੈ। ਇਸ ਨਜ਼ਰੀਏ ਨਾਲ ਸਥਾਨਕ ਸੋਮਿਆਂ ਨਾਲ ਤਾਲਮੇਲ ਕਾਇਮ ਕਰਨਾ ਲਾਭਦਾਇਕ ਹੁੰਦਾ ਹੈ। ਧਿਆਨ, ਪ੍ਰਾਰਥਨਾ ਅਤੇ ਸੇਵਾ ਵਰਗੇ ਰੂਹਾਨੀ ਤਰੀਕੇ ਕਾਫ਼ੀ ਕਾਰਗਰ ਸਿੱਧ ਹੁੰਦੇ ਹਨ। ਇਨ੍ਹਾਂ ਨਾਲ ਮਨੋਰੋਗੀਆਂ ਵਿਚ ਸੰਤੁਲਨ, ਸ਼ਾਂਤੀ, ਤਾਲਮੇਲ ਅਤੇ ਆਪਸੀ ਸਹਿਯੋਗ ਵਧਦਾ ਹੈ। ਤਾਲਮੇਲ ਅਤੇ ਆਤਮ-ਚੇਤਨਾ ਲਿਆਉਂਦੇ ਹੋਏ ਆਦਮੀ ਵਿਚ ਨਿਰਸਵਾਰਥ ਭਾਵ ਨਾਲ ਸਮਾਜਿਕ ਕੰਮ ਵਿਚ ਯੋਗਦਾਨ ਦੀ ਪ੍ਰੇਰਨਾ ਜਾਗਦੀ ਹੈ। ਨਾਲ ਹੀ ਮਨ ਵਿਚ ਹਾਂ-ਪੱਖੀ ਭਾਵਨਾਵਾਂ ਦਾ ਸੰਚਾਰ ਹੁੰਦਾ ਹੈ। ਇਹ ਪਹਿਲਾਂ ਤੋਂ ਹੀ ਮਨ ਵਿਚ ਬੈਠੇ ਨਾਂਹ-ਪੱਖੀ ਪ੍ਰਭਾਵਾਂ ਨੂੰ ਦੂਰ ਕਰਦੇ ਹਨ।

ਇਸ ਤੋਂ ਇਲਾਵਾ ਮਾਨਸਿਕ ਸਿਹਤ-ਕਰਮੀਆਂ ਨੂੰ ਰੋਗੀਆਂ ਦੇ ਪਰਿਵਾਰ ਨੂੰ ਸਿਖਲਾਈ ਦੇਣ ਵਿਚ ਵੀ ਮੁਹਾਰਤ ਹਾਸਲ ਹੋਣੀ ਚਾਹੀਦੀ ਹੈ। ਸਮੂਹਕ ਪੱਧਰ ’ਤੇ ਸਿਹਤ ਚੇਤਨਾ ਅਤੇ ਸਿੱਖਿਆ ਦੇ ਦਖ਼ਲ ਜ਼ਿਆਦਾ ਕਾਰਗਰ ਸਿੱਧ ਹੋਏ ਹਨ ਪਰ ਮਾਨਸਿਕ ਰੋਗਾਂ ਨਾਲ ਜੁੜੇ ਡਾਕਟਰਾਂ ਅਤੇ ਸਿਖਲਾਈ ਹਾਸਲ ਹੈਲਥ ਵਰਕਰਾਂ ਦੀ ਵੱਡੀ ਕਮੀ ਹੈ। ਸਿਖਲਾਈ ਦੇ ਸੋਮੇ ਨਾਕਾਫ਼ੀ ਹਨ ਅਤੇ ਸਿਖਲਾਈ ਦਾ ਸੰਚਾਲਨ ਵੀ ਠੀਕ ਤਰ੍ਹਾਂ ਨਹੀਂ ਹੋ ਰਿਹਾ ਹੈ। ਆਧੁਨਿਕ ਸਰੋਕਾਰਾਂ ਅਤੇ ਤਬਦੀਲੀਆਂ ਦੇ ਮੱਦੇਨਜ਼ਰ ਸਿਖਲਾਈ ਦੀ ਵਿਵਸਥਾ ਨੂੰ ਤਰਜੀਹ ਦੇਣੀ ਪਵੇਗੀ। ਸਿਖਲਾਈ ਦੇ ਮੌਕੇ ਵਧਾਉਂਦੇ ਸਮੇਂ ਤਤਕਾਲੀ ਤਕਨੀਕੀ ਤਰੱਕੀ ਅਤੇ ਸੱਭਿਆਚਾਰਕ ਸੰਦਰਭਾਂ ’ਤੇ ਧਿਆਨ ਦੇਣਾ ਹੋਵੇਗਾ। ਸਿਖਲਾਈ ਵਿਚ ਮਾਨਸਿਕ ਸਿਹਤ-ਕਰਮੀਆਂ ਨੂੰ ਕਿੱਤਾਮੁਖੀ ਨੈਤਿਕਤਾ ਨੂੰ ਵੀ ਸਿੱਖਣਾ ਪਵੇਗਾ ਤਾਂ ਜੋ ਮਨੋਰੋਗੀਆਂ ਦੀ ਮਨੁੱਖੀ ਮਾਣ-ਮਰਿਆਦਾ ਦਾ ਆਦਰ ਹੋਵੇ।

ਭਾਰਤ ਦੀ ਜਨਸੰਖਿਆ ਨੂੰ ਦੇਖਦੇ ਹੋਏ ਮਾਨਸਿਕ ਸਿਹਤ ਦੀਆਂ ਸਹੂਲਤਾਂ ਅਤੇ ਮਨੁੱਖੀ ਸੋਮੇ ਨਾਕਾਫ਼ੀ ਹਨ। ਸਰਕਾਰ ਅਤੇ ਨਿੱਜੀ ਖੇਤਰ ਦੁਆਰਾ ਵਿਚਾਰ-ਵਟਾਂਦਰਾ ਅਤੇ ਮਨੋ-ਚਕਿਤਸਾ ਦੀ ਦਿਸ਼ਾ ਵਿਚ ਠੋਸ ਕਦਮ ਚੁੱਕੇ ਜਾਣ ਦੀ ਜ਼ਰੂਰਤ ਹੈ। ਇਸ ਲਈ ਨਵੀਆਂ ਤਕਨੀਕਾਂ ਦਾ ਇਸਤੇਮਾਲ ਅਤੇ ਸਿਖਲਾਈ ਦੇ ਵਿਆਪਕ ਪ੍ਰਬੰਧ ਕਰਨੇ ਪੈਣਗੇ। ਮਾਨਸਿਕ ਸਿਹਤ-ਕਰਮੀਆਂ ਦੀ ਭੂਮਿਕਾ ਨੂੰ ਵੀ ਮੁੜ ਪਰਿਭਾਸ਼ਤ ਕਰਨ ਦੀ ਲੋੜ ਹੈ। ਇਸ ਮਨੋਰਥ ਲਈ ਵੱਖ-ਵੱਖ ਸੰਗਠਨਾਂ ਨੂੰ ਇਕਜੁੱਟ ਕਰਨ ਦੇ ਯਤਨ ਕਰਨੇ ਪੈਣਗੇ। ਨਾਲ ਹੀ ਮਨੋਰੋਗਾਂ ਦੀ ਰੋਕਥਾਮ ਅਤੇ ਇਲਾਜ ਦੇ ਯਤਨਾਂ ਨੂੰ ਸਮਾਵੇਸ਼ੀ ਬਣਾਉਣਾ ਪਵੇਗਾ ਤਾਂ ਕਿ ਗ਼ਰੀਬ, ਅਨਪੜ੍ਹ ਅਤੇ ਦਿਹਾਤੀ ਲੋਕ ਵੀ ਉਨ੍ਹਾਂ ਤੋਂ ਵਿਰਵੇ ਨਾ ਰਹਿਣ।

 

ਗਿਰੀਸ਼ਵਰ ਮਿਸ਼ਰ

-(ਲੇਖਕ ਦਿੱਲੀ ਯੂਨੀਵਰਸਿਟੀ ’ਚ ਮਨੋਵਿਗਿਆਨ ਦਾ ਪ੍ਰੋਫੈਸਰ ਰਿਹਾ ਹੈ)