ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਆਪਸੀ ਸਬੰਧ! 

ਬੰਦੀ ਛੋੜ ਦਿਵਸ ਤੇ ਦੀਵਾਲੀ ਦਾ ਆਪਸੀ ਸਬੰਧ! 

ਸਤਿਗੁਰੁ ਬੰਦੀਛੋੜੁ ਹੈ ਜੀਵਣ ਮੁਕਤਿ ਕਰੈ ਓਡੀਣਾ॥

  ਗੁਰਮੁਖਿ ਮਨ ਅਪਤੀਜੁ ਪਤੀਣਾ॥

(ਵਾਰਾਂ ਭਾਈ ਗੁਰਦਾਸ : ਵਾਰ ੨੬ ਪਉੜੀ ੨੦) 

ਬੰਦੀਛੋੜ ਦਿਵਸ, ਮੀਰੀ-ਪੀਰੀ ਦੇ ਮਾਲਕ, ਮਾਨਵਤਾ ਦੇ ਪਿਆਰੇ, ਮਜ਼ਲੂਮਾਂ ਦੇ ਰੱਖਿਅਕ, ਛੇਵੇਂ ਨਾਨਕ, ਸਾਹਿਬ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਨਾਲ ਸਬੰਧਤ ਹੈ ਜਿਸ ਨੂੰ ਹਰ ਸਾਲ ਸਿੱਖ ਸੰਗਤਾਂ ਸ਼ਰਧਾ ਭਾਵਨਾ ਨਾਲ ਮਨਾਉਂਦੀਆਂ ਹਨ। ਇਸ ਦਿਨ ਸਿੱਖ ਜਗਤ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਕਰਦਿਆਂ ਮਾਣ ਮਹਿਸੂਸ ਕਰਦਾ ਹੈ, ਕਿਉਂਕਿ ਸਿੱਖ ਧਰਮ ਅੰਦਰ ਇਸ ਦਿਨ ਦਾ ਆਪਣਾ ਖਾਸ ਮਹੱਤਵ ਹੈ।

ਸਿੱਖ ਹਵਾਲਿਆਂ ਅਨੁਸਾਰ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਗਵਾਲੀਆਰ ਦੇ ਕਿਲੇ ਵਿੱਚ ਕੈਦ ਕੀਤਾ ਹੋਇਆ ਸੀ ਪਰ ਸਿੱਖ ਸੰਗਤਾਂ ਦੇ ਰੋਹ ਨੂੰ ਦੇਖਦਿਆਂ ਹੋਇਆਂ ਉਸ ਨੇ ਗੁਰੂ ਸਾਹਿਬ ਨੂੰ ਆਜ਼ਾਦ ਕਰਨ ਦਾ ਫੈਸਲਾ ਕੀਤਾ ਪਰ ਗੁਰੂ ਸਾਹਿਬ ਨੇ ਕਿਹਾ ਕਿ ਪਹਿਲਾਂ ਸਾਰੇ ਕੈਦੀਆਂ ਨੂੰ ਆਜ਼ਾਦ ਕਰੋ ਤਾਂ ਹੀ ਅਸੀਂ ਜਾਵਾਂਗੇ। ਜਹਾਂਗੀਰ ਨੇ ਕਿਹਾ ਕਿ ਜਿੰਨੇ ਤੁਹਾਡਾ ਪਲਾ ਫੜ ਕੇ ਜਾ ਸਕਦੇ ਉਹ ਚਲੇ ਜਾਣ। ਗੁਰੂ ਸਾਹਿਬ ਨੇ ਵਿਸ਼ੇਸ਼ ਰੂਪ ਵਿੱਚ 52 ਕਲੀਆਂ ਵਾਲਾ ਚੋਲਾ ਪਾ ਕੇ ਜਹਾਂਗੀਰ ਦੀ ਚਲਾਕ ਬਿਰਤੀ ਦੀ ਰੱਖੀ ਸ਼ਰਤ ਨੂੰ ਪੂਰਾ ਕੀਤਾ ਤੇ ਗਵਾਲੀਅਰ ਦੇ ਕਿਲੇ ਵਿੱਚੋਂ ਸਾਰੇ ਕੈਦੀ 52 ਹਿੰਦੂ ਰਾਜਿਆਂ ਨੂੰ ਵੀ ਅਜ਼ਾਦ ਕਰਵਾਇਆ। ਇਸੇ ਕਰਕੇ ਹੀ ਆਪ ਜੀ ਨੂੰ ਬੰਦੀ ਛੋੜ ਦਾਤਾ ਵੀ ਆਖਿਆ ਜਾਂਦਾ ਹੈ। ਸਿੱਖ ਮਾਨਤਾ ਅਨੁਸਾਰ ਗਵਾਲੀਅਰ ਦੇ ਕਿਲੇ ਵਿਚੋਂ ਵਾਪਸ ਅੰਮ੍ਰਿਤਸਰ ਪਰਤਣ ਦੀ ਖੁਸ਼ੀ ਵਿੱਚ ਸਿੱਖਾਂ ਨੇ ਗੁਰੂ ਸਾਹਿਬ ਦਾ ਨਿੱਘਾ ਸਵਾਗਤ ਕੀਤਾ। ਉਦੋਂ ਤੋਂ ਹਰ ਵਰੇ ਇਸ ਦਿਨ ਨੂੰ ਬੰਦੀ ਛੋੜ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਸ ਵਰੇ ਵੀ ਸਿੱਖ ਸੰਗਤਾਂ ਇਸ ਦਿਨ ਨੂੰ ਬਹੁਤ ਹੀ ਉਤਸ਼ਾਹ ਤੇ ਸ਼ਰਧਾ ਨਾਲ ਮਨਾ ਰਹੀਆਂ ਹਨ। ਇਸ ਦਿਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਸਿੱਖ ਸੰਗਤਾਂ ਦਾ ਇਕੱਠ ਦੇਖਦਿਆਂ ਹੀ ਬਣਦਾ ਹੈ। ਵਿਸ਼ੇਸ਼ ਰੂਪ ਨਾਲ ਸ੍ਰੀ ਦਰਬਾਰ ਸਾਹਿਬ ਵਿਖੇ ਲਾਇਟਿੰਗ ਤੇ ਆਤਿਸ਼ਬਾਜੀ ਕੀਤੀ ਜਾਂਦੀ ਹੈ। ਇਹ ਦਿਹਾੜਾ ਸਿੱਖ ਜਗਤ ਵਿੱਚ ਵਿਸ਼ੇਸ਼ ਤੇ ਮੌਲਿਕ ਸਥਾਨ ਰੱਖਦਾ ਹੈ।

ਭਾਰਤ ਵਿੱਚ ਕੁਝ ਤਿਉਹਾਰ ਅਜਿਹੇ ਹਨ ਜਿਨ੍ਹਾਂ ਨੂੰ ਦੇਸ਼ ਵਿੱਚ ਵੱਡੇ ਪੱਧਰ ‘ਤੇ ਮਨਾਇਆ ਜਾਂਦਾ ਹੈ। ਹਰ ਇੱਕ ਤਿਉਹਾਰ ਨੂੰ ਮਨਾਉਣ ਦੀ ਇੱਕ ਆਪਣੀ ਪਰੰਪਰਾ ਹੈ ਜੋ ਸਦੀਆਂ ਤੋਂ ਚਲਦੀ ਆ ਰਹੀ ਹੈ। ਉਨ੍ਹਾਂ ਵਿਚੋਂ ਹੀ ਇੱਕ ਤਿਉਹਾਰ ਦੀਵਾਲੀ ਹੈ ਜਿਸ ਦਾ ਹਰ ਸਾਲ ਪੂਰਾ ਦੇਸ਼ ਬਹੁਤ ਹੀ ਬੇਸਬਰੀ ਨਾਲ ਇੰਤਜਾਰ ਕਰਦਾ ਹੈ ਤੇ ਉਤਸ਼ਾਹ ਨਾਲ ਮਨਾਉਂਦਾ ਹੈ। ਇਹ ਤਿਉਹਾਰ ਸਿੱਧੇ ਰੂਪ ਵਿੱਚ ਹਿੰਦੂ ਭਾਈਚਾਰੇ ਨਾਲ ਸਬੰਧਤ ਹੈ ਜੋ ਕਿ ਸ੍ਰੀ ਰਾਮ ਚੰਦਰ ਜੀ ਦੇ 14 ਸਾਲਾ ਬਨਵਾਸ ਕੱਟਣ ਤੋਂ ਬਾਅਦ ਆਯੋਧਿਆ ਵਾਪਸੀ ਦੀ ਖੁਸ਼ੀ ਵਿੱਚ ਮਨਾਇਆ ਜਾਂਦਾ ਹੈ। ਸਦੀਆਂ ਤੋਂ ਇਸ ਵਿਸ਼ੇਸ਼ ਦਿਨ ਦੀ ਰਾਤ ਨੂੰ ਮਿੱਟੀ ਦੇ ਦੀਵੇ ਜਗਾਉਣ ਅਤੇ ਆਤਿਸ਼ਬਾਜੀ ਕਰਨ ਦੀ ਰੀਤ ਚੱਲੀ ਆ ਰਹੀ ਹੈ। ਦੀਵੇ ਇੰਨੇ ਵੱਡੇ ਪੱਧਰ ‘ਤੇ ਬਾਲੇ ਜਾਂਦੇ ਨੇ ਕਿ ਇਸ ਦਿਨ ਦਾ ਨਾਮ ਹੀ ਦੀਵਾਲੀ ਪੈ ਗਿਆ। ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਵਿੱਚ ਦੀਵਾਲੀ ਦਾ ਜ਼ਿਕਰ ਕੁਝ ਇਸ ਤਰ੍ਹਾਂ ਕਰਦੇ ਨੇ :

ਦੀਵਾਲੀ ਕੀ ਰਾਤਿ ਦੀਵੇ ਬਾਲੀਅਨ।

ਤਾਰੇ ਜਾਤਿ ਸਨਾਤਿ ਅੰਬਰ ਭਾਲੀਅਨ।

(ਭਾਈ ਗੁਰਦਾਸ ਜੀ, ਵਾਰ ੧੯ ਪਉੜੀ ੬)

ਜਿਸ ਦੇ ਅਰਥ ਨੇ ਕਿ ਜਿਵੇਂ ਅੰਬਰ ਵਿੱਚ ਤਾਰੇ ਚਮਕਦੇ ਨੇ ਉਸੇ ਤਰ੍ਹਾਂ ਦੀਵਾਲੀ ਦੀ ਰਾਤ ਦੀਵੇ ਚਮਕਦੇ ਨੇ ਪਰ ਜਿਵੇਂ ਹੀ ਸੂਰਜ ਚੜਦਾ ਹੈ ਅੰਬਰ ਦੇ ਤਾਰੇ ਤੇ ਦਿਵਾਲੀ ਦੇ ਦੀਵਿਆਂ ਦੀ ਸਾਰੀ ਚਮਕ ਖਤਮ ਹੋ ਜਾਂਦੀ ਹੈ। ਗੁਰੂ ਦੀ ਬਾਣੀ ਤਾਂ ਅਜਿਹੇ ਸ਼ਬਦ ਰੂਪੀ ਦੀਵੇ ਬਾਲਣ ਦਾ ਉਪਦੇਸ਼ ਕਰਦੀ ਏ ਜਿਸ ਦਾ ਗਿਆਨ ਰੂਪੀ ਚਾਨਣ ਸਦਾ ਸਥਿਰ ਰਹਿਣ ਵਾਲਾ ਹੁੰਦਾ ਹੈ :

ਸਤਿਗੁਰ ਸਬਦਿ ਉਜਾਰੋ ਦੀਪਾ ॥ ॥੧॥

ਬਿਨਸਿਓ ਅੰਧਕਾਰ ਤਿਹ ਮੰਦਰਿ ਰਤਨ ਕੋਠੜੀ ਖੁਲੀੑ ਅਨੂਪਾ॥ ਰਹਾਉ ॥

(ਸ੍ਰੀ ਗੁਰੂ ਗ੍ਰੰਥ ਸਾਹਿਬ, 821)

ਵੈਸੇ ਵੀ ਗੁਰਮਤਿ ਦਾ ਸਿਧਾਂਤ ਤਾਂ ਹੈ ਹੀ ਨਿਰਾਲਾ। ਅੱਜ ਲੋੜ ਹੈ ਉਸ ਨੂੰ ਅਪਨਾਉਣ ਦੀ ਨਾ ਕਿ ਭੇਡ ਚਾਲ ਪਿੱਛੇ ਲੱਗਣ ਦੀ। ਅਜੋਕੇ ਸਮੇਂ ਜਦੋਂ ਪ੍ਰਦੂਸ਼ਣ ਹੱਦ ਤੋਂ ਜ਼ਿਆਦਾ ਹੋ ਚੁੱਕਾ ਹੈ ਅਜਿਹੇ ਵਿੱਚ ਸਾਨੂੰ ਇਸ ਤਿਉਹਾਰ ਵਾਲੇ ਦਿਨ ਕੀਤੀ ਜਾਂਦੀ ਆਤਿਸ਼ਬਾਜੀ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਇਸ ਪਾਸੇ ਸਾਡੇ ਧਾਰਮਿਕ ਅਦਾਰਿਆਂ ਤੇ ਸੰਸਥਾਵਾਂ ਨੂੰ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਕਿ ਕਾਦਰ ਦੀ ਸੋਹਣੀ ਕੁਦਰਤ ਦਾ ਧਿਆਨ ਰੱਖਿਆ ਜਾਵੇ। ਇਹ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ। ਅਸੀਂ ਸਾਰਿਆਂ ਨੂੰ ਬੰਦੀ ਛੋੜ ਦਿਵਸ ਅਤੇ ਦੀਵਾਲੀ ਦੀਆਂ ਮੁਬਾਰਕਾਂ ਦਿੰਦੇ ਹੋਏ ਸਭ ਦੀ ਸਿਹਤਯਾਬੀ ਦੀ ਕਾਮਨਾ ਕਰਦੇ ਹਾਂ।

 

 ਡਾ. ਗੁਰਦੇਵ ਸਿੰਘ