ਆਈਏਐਸ ਅਧਿਕਾਰੀ ਸੰਜੇ ਪੋਪਲੀ ਭ੍ਰਿਸ਼ਟਾਚਾਰ ਕੇਸ ਵਿਚ ਗ੍ਰਿਫ਼ਤਾਰ                         

 ਆਈਏਐਸ ਅਧਿਕਾਰੀ ਸੰਜੇ ਪੋਪਲੀ ਭ੍ਰਿਸ਼ਟਾਚਾਰ ਕੇਸ ਵਿਚ ਗ੍ਰਿਫ਼ਤਾਰ                         

 ਅੰਮ੍ਰਿਤਸਰ ਟਾਈਮਜ਼    

 ਚੰਡੀਗੜ੍ਹ : ਵਿਜੀਲੈਂਸ ਬਿਊਰੋ  ਵੱਲੋਂ  ਗ੍ਰਿਫ਼ਤਾਰ ਕੀਤੇ ਗਏ 2008 ਬੈਚ ਦੇ ਆਈਏਐਸ ਅਧਿਕਾਰੀ ਸੰਜੇ ਪੋਪਲੀ ਇਸ ਤੋਂ ਪਹਿਲਾਂ ਵੀ ਵਿਵਾਦਾਂ ਵਿਚ ਰਹਿ ਚੁੱਕੇ ਹਨ। ਅਕਾਲੀ-ਭਾਜਪਾ ਸਰਕਾਰ  ਦੇ ਸਮੇਂ ਉਹ ਉਨ੍ਹਾਂ ਚਾਰ ਪੀਸੀਐੱਸ ਅਫਸਰਾਂ ਵਿਚੋਂ ਇਕ ਸਨ ਜਿਨ੍ਹਾਂ ਨੂੰ ਸਰਕਾਰ ਨੇ ਜਬਰੀ ਸੇਵਾ-ਮੁਕਤ ਕਰਨ ਦੀ ਤਿਆਰੀ ਕਰ ਲਈ ਸੀ ਪਰ ਸੂਤਰ ਦੱਸਦੇ ਹਨ ਕਿ ਇਕ ਸੀਨੀਅਰ ਭਾਜਪਾ ਮੰਤਰੀ ਦੇ ਕਹਿਣ ’ਤੇ ਪਹਿਲਾਂ ਉਨ੍ਹਾਂ ਨੂੰ ਛੇ ਮਹੀਨੇ ਦਿੱਤੇ ਗਏ ਤਾਂ ਕਿ ਉਹ ਆਪਣੇ ਕੰਮ-ਕਾਜ ਵਿਚ ਸੁਧਾਰ ਕਰ ਲੈਣ।

ਸੰਜੇ ਪੋਪਲੀ, ਪਹਿਲੇ ਅਜਿਹੇ ਆਈਏਐੱਸ ਅਫਸਰ ਹਨ ਜਿਨ੍ਹਾਂ ਖ਼ਿਲਾਫ਼ ਕਾਰਵਾਈ ਹੋਈ ਹੈ। ਹਾਲਾਂਕਿ ਇਸ ਤੋਂ ਪਹਿਲਾਂ ਭਗਵੰਤ ਮਾਨ ਸਰਕਾਰ  ਨੇ ਸਾਬਕਾ ਅਤੇ ਮੌਜੂਦਾ ਮੰਤਰੀਆਂ ਨੂੰ ਵੀ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਗ੍ਰਿਫਤਾਰ ਕੀਤਾ ਹੈ।ਇਹੀ ਨਹੀਂ, ਸਿੱਖਿਆ ਵਿਭਾਗ ਵਿਚ ਰਹਿੰਦਿਆਂ ਪੋਪਲੀ ਨੇ ਇਕ ਬਰਖਾਸਤ ਕਰਮਚਾਰੀ ਨੂੰ ਬਹਾਲ ਕਰ ਦਿੱਤਾ ਸੀ ਹਾਲਾਂਕਿ ਅਜਿਹਾ ਕਰਨ ਦੇ ਉਹ ਕਾਬਲ ਨਹੀਂ ਸਨ। ਵਿਭਾਗ ਨੇ ਉਨ੍ਹਾਂ ਨੂੰ ਚਾਰਜਸ਼ੀਟ ਜਾਰੀ ਕਰ ਦਿੱਤੀ ਸੀ। ਇਹੀ ਚਾਰਜਸ਼ੀਟ ਉਨ੍ਹਾਂ ਦੇ ਪੀਸੀਐੱਸ ਤੋਂ ਆਈਏਐੱਸ ਅਫਸਰ ਬਣਨ ਵਿਚ ਸਭ ਤੋਂ ਵੱਡਾ ਅਡ਼ਿੱਕਾ ਬਣੀ ਸੀ। ਇਸ ਲਈ ਪੋਪਲੀ ਨੇ ਸਾਰੀ ਤਾਕਤ ਲਗਾ ਦਿੱਤੀ ਕਿ ਉਹ ਇਹ ਚਾਰਜਸ਼ੀਟ ਕਿਸੇ ਨਾ ਕਿਸੇ ਤਰ੍ਹਾਂ ਰੱਦ ਹੋ ਜਾਵੇ ਅਤੇ ਅਜਿਹਾ ਹੀ ਹੋਇਆ।

ਇਕ ਸੀਨੀਅਰ ਸਾਬਕਾ ਅਧਿਕਾਰੀ ਟੀਆਰ ਸਾਰੰਗਲ ਨੇ ਆਪਣੇ ਇੰਟਰਨੈੱਟ ਮੀਡੀਆ ’ਤੇ ਪੋਪਲੀ ਖ਼ਿਲਾਫ਼ ਤਿੱਖੀ ਟਿੱਪਣੀ ਕਰਦਿਆਂ ਲਿਖਿਆ ਕਿ ਪੋਪਲੀ ਖ਼ਿਲਾਫ਼ ਤਾਂ ਬਹੁਤ ਪਹਿਲਾਂ ਅਜਿਹੀ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ। ਉਨ੍ਹਾਂ ਲਿਖਿਆ ਕਿ ਜਦੋਂ ਉਹ ਡਾਇਰੈਕਟਰ ਇੰਡਸਟਰੀਜ਼ ਸਨ, ਤਦ ਪੋਪਲੀ ਉਨ੍ਹਾਂ ਦੇ ਅਧੀਨ ਹੀ ਕੰਮ ਕਰਦੇ ਸਨ। ਉਹ ਕਿਸੇ ਵੀ ਜੌਬ ਦੇ ਯੋਗ ਨਹੀਂ ਹਨ। ਉਹ ਹੈਰਾਨ ਹਨ ਕਿ ਉਹ ਆਈਏਐੱਸ ਕਿਵੇਂ ਬਣ ਗਏ। ਪੋਪਲੀ ਦੇ ਗ੍ਰਿਫ਼ਤਾਰ ਹੋਣ ਨਾਲ ਆਈਏਐੱਸ ਲਾਬੀ ’ਚ ਤਰਥੱਲੀ ਮਚੀ ਹੋਈ ਹੈ। ਪਿਛਲੀ ਸਰਕਾਰ ਦੌਰਾਨ ਜਿੰਨੇ ਵੀ ਭ੍ਰਿਸ਼ਟਾਚਾਰ ਦੇ ਕੇਸਾਂ ਵਿਚ ਆਈਏਐੱਸ ਅਫਸਰਾਂ ਦਾ ਨਾਂ ਆਇਆ ਹੈ, ਸਰਕਾਰ ਜਲਦ ਹੀ ਉਨ੍ਹਾਂ ਦੀ ਫਾਈਲ ਖੁੱਲ੍ਹਵਾਉਣ ਜਾ ਰਹੀ ਹੈ। ਅਜਿਹੇ ਵਿਚ ਪੋਪਲੀ ਦੇ ਮਾਮਲੇ ਨੂੰ ਲੈ ਕੇ ਜ਼ਿਆਦਾਤਰ ਆਈਏਐੱਸ ਅਫਸਰਾਂ ਨੇ ਅਜਿਹੀ ਚੁੱਪੀ ਸਾਧੀ ਹੈ ਕਿ ਉਹ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।