ਇਨਸਾਨੀ ਸੋਚ ਵਿਚ ਬਦਲਾਅ, ਤੰਦਰੁਸਤ ਜੀਵਨ ਦੀ ਸ਼ੁਰੂਆਤ .

ਇਨਸਾਨੀ ਸੋਚ ਵਿਚ ਬਦਲਾਅ, ਤੰਦਰੁਸਤ ਜੀਵਨ ਦੀ ਸ਼ੁਰੂਆਤ .

ਮਨੁੱਖੀ ਆਦਤਾਂ ਬਦਲੀਆਂ ਜਾ ਸਕਦੀਆਂ ਹਨ ...                                                             

  ਡਾ. ਸੁਖਦੇਵ ਸਿੰਘ ਝੰਡ

ਇਹ ਆਮ ਧਾਰਨਾ ਹੈ ਕਿ ਮਨੁੱਖ ਲਈ ਆਪਣੀਆਂ ਆਦਤਾਂ ਨੂੰ ਬਦਲਣਾ ਆਸਾਨ ਨਹੀਂ ਹੈ, ਬਚਪਨ ਅਤੇ ਜਵਾਨੀ ਦੀਆਂ ਆਦਤਾਂ ਬੁਢਾਪੇ ਤਕ ਨਾਲ ਹੀ ਜਾਂਦੀਆਂ ਹਨ। ਪੰਜਾਬੀਆਂ ਦਾ ਹਰਮਨ-ਪਿਆਰਾ ਮਹਾਂਕਾਵਿ ‘ਹੀਰ’ ਜੋ ਹੀਰ ਅਤੇ ਰਾਂਝੇ ਦੀ ਪ੍ਰੇਮ-ਗਾਥਾ ਨੂੰ ਬਾਖ਼ੂਬੀ ਬਿਆਨਦਾ ਹੈ, ਦੇ ਰਚਣਹਾਰੇ ਮੀਆਂ ਵਾਰਸ ਸ਼ਾਹ ਜੀ ਆਪਣੇ ਇਸ ਸ਼ਾਹਕਾਰ ਵਿੱਚ ਫ਼ਰਮਾਉਂਦੇ ਹਨ:

“ਵਾਰਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ।”

ਵਾਰਸ ਸ਼ਾਹ ਹੋਰਾਂ ਦੇ ਇਸ ਕਥਨ ਦਾ ਸਾਰ-ਅੰਸ਼ ਹੈ ਕਿ ਮਨੁੱਖੀ ਆਦਤਾਂ ਨੂੰ ਬਦਲਣਾ ਮੁਸ਼ਕਲ ਹੀ ਨਹੀਂ, ਸਗੋਂ ਇਹ ਅਸੰਭਵ ਹੈ ਅਤੇ ਇਹ ਮਨੁੱਖ ਦੇ ਨਾਲ ਹੀ ਉਸ ਦੇ ਅੰਤ ਤਕ ਨਿਭਦੀਆਂ ਹਨ। ਉਨ੍ਹਾਂ ਦੇ ਇਸ ਕਥਨ ਦੀ ਪ੍ਰੋੜ੍ਹਤਾ ਪ੍ਰਚੱਲਤ ਲੋਕ-ਅਖਾਣ “ਵਾਦੜੀਆਂ ਸਜਾਦੜੀਆਂ ਨਿਭਣ ਸਿਰਾਂ ਦੇ ਨਾਲ” ਵੀ ਪੂਰੀ ਤਰ੍ਹਾਂ ਕਰਦਾ ਹੈ। ਆਦਤਾਂ ਦੋ ਤਰ੍ਹਾਂ ਦੀਆਂ ਹਨ, ਚੰਗੀਆਂ ਅਤੇ ਮਾੜੀਆਂ। ਇਹ ਵੀ ਹੋ ਸਕਦਾ ਹੈ ਕਿ ਵਾਰਸ ਸ਼ਾਹ ਹੋਰਾਂ ਨੇ ਇਹ ਗੱਲ ਮਾੜੀਆਂ ਆਦਤਾਂ ਦੇ ਨਾ਼ਲ-ਨਾਲ ਚੰਗੀਆਂ ਆਦਤਾਂ ਲਈ ਵੀ ਆਖੀ ਹੋਵੇ। ਵੈਸੇ, ਆਮ ਲੋਕਾਂ ਦਾ ਮਾੜੀਆਂ ਆਦਤਾਂ ਬਾਰੇ ਖ਼ਿਆਲ ਹੈ ਕਿ ਮਨੁੱਖ ਲਈ ਬਚਪਨ ਜਾਂ ਜਵਾਨੀ ਵਿੱਚ ਪਈਆਂ ਮਾੜੀਆਂ ਆਦਤਾਂ ਨੂੰ ਬਦਲਣਾ ਬੜਾ ਮੁਸ਼ਕਲ ਹੈ ਅਤੇ ਇਹ ਉਸ ਦੇ ਨਾਲ ਜੀਵਨ-ਭਰ ਚੱਲਦੀਆਂ ਹਨ। ਉਨ੍ਹਾਂ ਅਨੁਸਾਰ ਝੂਠ ਬੋਲਣ, ਲੜਨ- ਝਗੜਨ, ਲੋਭ, ਲਾਲਚ, ਈਰਖਾ ਜਾਂ ਸਾੜਾ ਕਰਨ ਵਰਗੀਆਂ ਆਦਤਾਂ ਮਨੁੱਖ ਦੇ ਮਰਨ ਤਕ ਉਸ ਦਾ ਪਿੱਛਾ ਨਹੀਂ ਛੱਡਦੀਆਂ ਅਤੇ ਇਹ ਉਸ ਦੇ ਨਾਲ ਹੀ ਨਿਭਦੀਆਂ ਹਨ।

ਕਰੋਨਾ ਦੇ ਇਸ ਚੱਲ ਰਹੇ ਅਜੋਕੇ ਪ੍ਰਕੋਪ ਦੌਰਾਨ ਮਹੀਨਾ ਕੁ ਪਹਿਲਾਂ ਮੈਂ ਮਨੁੱਖੀ ਆਦਤਾਂ ਬਾਰੇ ਜੇਮਜ਼ ਕਲੀਅਰ ਦੀ 306 ਪੰਨਿਆਂ ਦੀ ਵੱਡ-ਆਕਾਰੀ ਪੁਸਤਕ ‘ਐਟੌਮਿਕ ਹੈਬਿਟਸ’  ‘ਐਮਾਜ਼ੋਨ’ ਵਾਲਿਆਂ ਕੋਲੋਂ ਡਾਕ ਰਾਹੀਂ ਮੰਗਵਾ ਕੇ ਅੱਖਰ-ਅੱਖਰ ਪੜ੍ਹੀ ਹੈ। ਇਸ ਪੁਸਤਕ ਦਾ ਸਬ-ਟਾਈਟਲ ਹੈ - An Easy & Proven Way to Build Good Habits & Break Bad Ones - ਇਸ ਵਿੱਚ ਚੰਗੀਆਂ ਆਉਣ ਅਤੇ ਮਾੜੀਆਂ ਆਦਤਾਂ ਛੁਡਵਾਉਣ ਬਾਰੇ ਇਸ ਵਿੱਚ ਦਰਸਾਏ ਗਏ ਢੰਗਾਂ-ਤਰੀਕਿਆਂ ਦੀ ਖ਼ੂਬਸੂਰਤ ਝਲਕ ਪਵਾਉਂਦਾ ਹੈ। ਲੇਖਕ ਨੇ ਜਿੱਥੇ ਇਸ ਪੁਸਤਕ ਵਿੱਚ ਮਨੁੱਖ ਦੀਆਂ ਛੋਟੀਆਂ-ਛੋਟੀਆਂ ਆਦਤਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਉੱਥੇ ਇਸ ਵਿੱਚ ਚੰਗੀਆਂ ਆਦਤਾਂ ਨੂੰ ਅਪਨਾਉਣ ਅਤੇ ਮਾੜੀਆਂ ਨੂੰ ਛੱਡਣ ਦੇ ਢੰਗ-ਤਰੀਕਿਆਂ ਬਾਰੇ ਵੀ ਵੱਡਮੁੱਲੀ ਜਾਣਕਾਰੀ ਦਰਜ ਕੀਤੀ ਹੈ। ਉਸ ਦਾ ਕਹਿਣਾ ਕਿ ਮਨੁੱਖੀ ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ। ਇਸਦੇ ਲਈ ਮਨੁੱਖ ਨੂੰ ਆਪਣਾ ਮਨ ਪੱਕਾ ਕਰਨ ਅਤੇ ਲੋੜੀਂਦਾ ਫ਼ੈਸਲਾ ਲੈ ਕੇ ਉਸ ਨੂੰ ਦੁਹਰਾਉਣ ਅਤੇ ਫਿਰ ਉਸ ਨੂੰ ਆਪਣੇ ਉੱਪਰ ਲਾਗੂ ਕਰਨ ਲਈ ਅਭਿਆਸ ਕਰਨ ਦੀ ਲੋੜ ਹੈ। ਇੱਥੇ ਇਹ ਜ਼ਿਕਰਯੋਗ ਹੈ ਕਿ ਪੁਸਤਕ ਦੇ ਲੇਖਕ ਜੇਮਜ਼ ਕਲੀਅਰ ਦੇ ਆਰਟੀਕਲ ਸੰਸਾਰ ਪ੍ਰਸਿੱਧ ਰਿਸਾਲਿਆਂ ‘ਟਾਈਮ’, ‘ਐਂਟਰਪ੍ਰੀਨੀਅਰ’ ਅਤੇ ‘ਨਿਊ ਯੌਰਕ ਟਾਈਮਜ਼’ ਵਰਗੀਆਂ ਮਿਆਰੀ ਅਖ਼ਬਾਰਾਂ ਵਿੱਚ ਅਕਸਰ ਛਪਦੇ ਰਹਿੰਦੇ ਹਨ, ਅਤੇ ਉਸ ਨੂੰ ਵੱਡੇ-ਵੱਡੇ ਪਲੇਟਫ਼ਾਰਮਾਂ ’ਤੇ ਵੱਖ-ਵੱਖ ਵਿਸ਼ਿਆਂ ਉੱਪਰ ਬੋਲਣ ਦੀ ਮੁਹਾਰਤ ਹਾਸਲ ਹੈ।

ਜੇਮਜ਼ ਕਲੀਅਰ ਅਨੁਸਾਰ ‘ਆਦਤ’ ਇੱਕ ਅਜਿਹਾ ਵਰਤਾਰਾ ਹੈ ਜਿਸ ਨੂੰ ਮਨੁੱਖ ਜਾਂ ਕਿਸੇ ਜੀਵ ਵੱਲੋਂ ਬਾਰ-ਬਾਰ ਦੁਹਰਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਚੱਲਦਾ ਚੱਲਦਾ ਇਹ ਵਰਤਾਰਾ ‘ਸਵੈਚਾਲਕ’  ਹੋ ਜਾਂਦਾ ਹੈ। ਮਨੁੱਖੀ ਆਦਤਾਂ ਚੰਗੀਆਂ ਵੀ ਹੋ ਸਕਦੀਆਂ ਅਤੇ ਮਾੜੀਆਂ ਵੀ। ਇਹ ‘ਦੋ-ਧਾਰੀ ਤਲਵਾਰ’ ਹਨ। ਉਦਾਹਰਣ ਵਜੋਂ, ਸਿਗਰਟ-ਨੋਸ਼ੀ ਜਾਂ ਤੰਮਾਕੂ ਪੀਣ ਦੀ ਆਦਤ ਦਮੇ ਦੀ ਬੀਮਾਰੀ ਦੇ ਮਰੀਜ਼ ਲਈ ਉਸ ਨੂੰ ਸਾਹ ਸੌਖੀ ਤਰ੍ਹਾਂ ਲੈਣ ਵਿੱਚ ਮਦਦਗਾਰ ਸਾਬਤ ਹੋ ਸਕਦੀ ਹੈ ਪਰ ਇਸਦੇ ਨਾਲ ਹੀ ਇਹ ਉਸ ਦੇ ਫੇਫੜਿਆਂ ਉੱਪਰ ਬਹੁਤ ਬੁਰਾ ਅਸਰ ਪਾ ਸਕਦੀ ਹੈ ਜੋ ਫੇਫੜਿਆਂ ਦੇ ਕੈਂਸਰ ਦਾ ਰੂਪ ਵੀ ਧਾਰਨ ਕਰ ਸਕਦਾ ਹੈ। ਚੰਗੀਆਂ ਆਦਤਾਂ ਮਨੁੱਖ ਦੇ ਸੁਧਾਰ ਰੂਪੀ ਮੂਲਧੰਨ ਵਿੱਚ ਇਨ੍ਹਾਂ ਦੇ ਵਿਆਜ ਨੂੰ ਜਮ੍ਹਾਂ ਕਰਕੇ ਉਸ ਨੂੰ ਵਧੀਆ ਜੀਵਨ-ਜਾਚ ਦੇ ‘ਮਿਸ਼ਰ ਧਨ’ ਵਿੱਚ ਬਦਲ ਦਿੰਦੀਆਂ ਹਨ ਅਤੇ ਮਾੜੀਆਂ ਆਦਤਾਂ ਦੇ ਸੰਦਰਭ ਵਿੱਚ ਇਹ ਉਸ ਦੇ ‘ਵਿਗਾੜਾਂ ਦਾ ਮਿਸ਼ਰ ਧਨ’ ਵੀ ਬਣ ਜਾਂਦੀਆਂ ਹਨ। ਮਨੁੱਖੀ ਮਨ ਮਾੜੀਆਂ ਆਦਤਾਂ ਨੂੰ ਬੜੀ ਜਲਦੀ ਸਵੀਕਾਰਦਾ ਹੈ, ਜਦਕਿ ਚੰਗੀਆਂ ਆਦਤਾਂ ਅਪਨਾਉਣ ਲਈ ਉਸ ਨੂੰ ਕਾਫ਼ੀ ਸਮਾਂ ਲੱਗ ਜਾਂਦਾ ਹੈ।

ਵੱਡੇ-ਵੱਡੇ ਫ਼ੈਸਲਿਆਂ ਦੀ ਸ਼ੁਰੂਆਤ ਛੋਟੀਆਂ-ਛੋਟੀਆਂ ਗੱਲਾਂ ਤੋਂ ਹੀ ਹੁੰਦੀ ਹੈ। ਹਰੇਕ ਆਦਤ ਦਾ ਬੀਜ ਸਾਡੇ ਮਨ ਦੇ ਨਿੱਕੇ ਜਿਹੇ ਫ਼ੈਸਲੇ ਵਿੱਚ ਛੁਪਿਆ ਹੁੰਦਾ ਹੈ। ਇਹ ਫ਼ੈਸਲਾ ਸਾਡੇ ਵੱਲੋਂ ਆਪਣੇ ਮਨ ਵਿੱਚ ਅੰਦਰੇ ਅੰਦਰ ਦੁਹਰਾਇਆ ਜਾਂਦਾ ਹੈ ਅਤੇ ਹੌਲੀ-ਹੌਲੀ ਇਹ ਮਜ਼ਬੂਤ ਹੁੰਦਾ ਜਾਂਦਾ ਹੈ। ਕਿਸੇ ਮਾੜੀ ਆਦਤ ਨੂੰ ਛੱਡਣਾ ਮਨ ਵਿੱਚੋਂ ‘ਵੱਡੇ ਰੁੱਖ’ (ਬੋਹੜ ਜਾਂ ਓਕ) ਨੂੰ ਜੜ੍ਹੋਂ ਪੁੱਟਣ ਵਾਂਗ ਹੈ ਅਤੇ ਚੰਗੀ ਆਦਤ ਨੂੰ ਮਨ ਵਿੱਚ ਵਸਾਉਣਾ ਕੋਈ ਖ਼ੂਬਸੂਰਤ ਖ਼ੁਸ਼ਬੂਦਾਰ ਫੁੱਲ ਉਗਾਉਣਾ ਹੈ। ਇਹ ਸਾਡੀ ਆਪਣੀ ਮਰਜ਼ੀ ਹੈ ਕਿ ਅਸੀਂ ਕੀ ਕਰਨਾ ਚਾਹੁੰਦੇ ਹਾਂ। ਕੀ ਅਸੀਂ ਮਾੜੀ ਆਦਤ ਨੂੰ ਛੱਡ ਕੇ ਕਿਸੇ ਚੰਗੀ ਆਦਤ ਨੂੰ ਅਪਣਾਉਣਾ ਚਾਹੁੰਦੇ ਹਾਂ ਜਾਂ ਫਿਰ ਉਸੇ ਤਰ੍ਹਾਂ ਉਸੇ ਹੀ ਹਾਲਤ ਵਿੱਚ ਜਿਊਣਾ ਚਾਹੁੰਦੇ ਹਾਂ। ਉਦਾਹਰਣ ਵਜੋਂ, ਲੇਖਕ ਬਣਨ ਲਈ ਕਿਸੇ ਵਿਅਕਤੀ ਨੂੰ ਰੋਜ਼ ਕੁਝ ਨਾ ਕੁਝ, ਭਾਵੇਂ ਇੱਕ ਸਫ਼ਾ ਹੀ ਸਹੀ, ਲਿਖਣਾ ਜ਼ਰੂਰੀ ਹੈ ਅਤੇ ਖਿਡਾਰੀ ਬਣਨ ਦੇ ਇੱਛਕ ਨੂੰ ਆਪਣੀ ਮਨ-ਪਸੰਦ ਖੇਡ ਦੀ ਹਰ ਰੋਜ਼ ਪ੍ਰੈਕਟਿਸ ਕਰਨੀ ਜ਼ਰੂਰੀ ਹੈ। ਇਸੇ ਤਰ੍ਹਾਂ ਕਿਸੇ ਮਾੜੀ ਆਦਤ ਨੂੰ ਛੱਡਣ ਲਈ ਉਸ ਦੇ ਲਈ ਪਹਿਲਾਂ ਆਪਣਾ ਮਨ ਪੱਕਾ ਬਣਾਉਣਾ ਅਤੀ ਜ਼ਰੂਰੀ ਹੈ ਕਿ ਮੈਂ ਇਹ ਹਰ ਹਾਲਤ ਵਿੱਚ ਛੱਡਣੀ ਹੀ ਹੈ ਅਤੇ ਫਿਰ ਇਸ ਛੱਡੀ ਹੋਈ ਆਦਤ ਆਪਣੇ ਤੋਂ ਪਰੇ ਰੱਖਣਾ ਵੀ ਜ਼ਰੂਰੀ ਹੈ। ਆਦਤਾਂ ਸਾਡੇ ਜੀਵਨ ਵਿੱਚ ਛੋਟੇ-ਛੋਟੇ ‘ਅਣੂਆਂ’  ਵਾਂਗ ਹਨ ਜੋ ਵਿਖਾਈ ਨਹੀਂ ਦਿੰਦੀਆਂ ਪਰ ਇਹ ਸਾਡੀ ਸ਼ਖ਼ਸੀਅਤ ਉੱਪਰ ਡੂੰਘਾ ਅਸਰ ਪਾਉਂਦੀਆਂ ਹਨ। ਅਣੂ ਮਿਲ ਕੇ ਜਿਵੇਂ ਇੱਕ ਵੱਡੇ ਯੂਨਿਟ ‘ਮੌਲੀਕਿਊਲ’  ਦਾ ਰੂਪ ਧਾਰਨ ਕਰ ਲੈਂਦੇ ਹਨ, ਇਸੇ ਤਰ੍ਹਾਂ ਸਾਡੀਆਂ ਆਦਤਾਂ ਵੀ ਮਿਲ ਕੇ ਸਾਡੀ ਸਮੁੱਚੀ ਸ਼ਖ਼ਸੀਅਤ ਦਾ ਪ੍ਰਤੀਕ ਬਣ ਜਾਂਦੀਆਂ ਹਨ। ਜੇਮਜ਼ ਕਲੀਅਰ ਨੇ ਛੋਟੀਆਂ-ਛੋਟੀਆਂ ਆਦਤਾਂ ਨੂੰ ‘ਐਟੌਮਿਕ ਹੈਬਿਟਸ’  ਦਾ ਨਾਂ ਦਿੱਤਾ ਹੈ। ਉਸ ਦੇ ਅਨੁਸਾਰ ਇਹ ਅਣੂ-ਆਦਤਾਂ  ਬੜੀਆਂ ਹੀ ਸੂਖ਼ਮ ਪਰ ਬੜੀਆਂ ਤਾਕਤਵਰ ਹੁੰਦੀਆਂ ਹਨ। ਸ਼ੁਰੂ-ਸ਼ੁਰੂ ਵਿੱਚ ਇਹ ਬੜੀਆਂ ਮਾਮੂਲੀ ਜਿਹੀਆਂ ਲੱਗਦੀਆਂ ਹਨ ਅਤੇ ਕਾਫ਼ੀ ਕਮਜ਼ੋਰ ਜਾਪਦੀਆਂ ਹਨ, ਪਰ ਫਿਰ ਇਹ ਆਪਸ ਵਿੱਚ ਜਮ੍ਹਾਂ ਅਤੇ ਜ਼ਰਬ (ਗੁਣਾ) ਹੋ ਕੇ ਕਈ ਗੁਣਾਂ ਸ਼ਕਤੀਸ਼ਾਲੀ ਹੋ ਜਾਂਦੀਆਂ ਹਨ ਅਤੇ ਮਨੁੱਖ ਦੇ ਸੁਭਾਅ ਅਤੇ ਉਸ ਦੀ ਸ਼ਖ਼ਸੀਅਤ ਦਾ ਅਹਿਮ ਅੰਗ ਬਣ ਜਾਂਦੀਆਂ ਹਨ।

ਮਨੁੱਖੀ ਆਦਤਾਂ ਨੂੰ ਬਦਲਣ ਲਈ ਚਾਰ ਨਿਯਮ:

ਮਨੁੱਖੀ ਆਦਤਾਂ ਨੂੰ ਬਦਲਣ ਲਈ ਜਿਨ੍ਹਾਂ ਵਿੱਚ ਚੰਗੀਆਂ ਆਦਤਾਂ ਨੂੰ ਅਪਣਾਉਣਾ ਅਤੇ ਮਾੜੀਆਂ ਆਦਤਾਂ ਨੂੰ ਤਿਆਗਣਾ ਸ਼ਾਮਲ ਹੈ, ਦੇ ਲਈ ਜੇਮਜ਼ ਕਲੀਅਰ ਨੇ ਚਾਰ ਨਿਯਮ ਦੱਸੇ ਹਨ ਅਤੇ ਇਹ ਚਾਰੇ ਹੀ ਬੜੇ ਮਹੱਤਵਪੂਰਨ ਹਨ। ਪਹਿਲਾ ਨਿਯਮ ਹੈ, ਕੋਈ ਵੀ ਕੰਮ ਕਰਨ ਲਈ ਮਨ ਬਣਾਉਣਾ ਅਤੇ ਇਸ ਪਹਿਲੇ ਨਿਯਮ ਨੂੰ ਉਸ ਨੇ ਚਾਰ ਪੜਾਵਾਂ ਵਿੱਚ ਵੰਡਿਆ ਹੈ:

1. ਕਿਸੇ ਖ਼ਿਆਲ ਦਾ ਮਨ ਵਿੱਚ ਆਉਣਾ।

2. ਮਨ ਵਿੱਚ ਚਾਹਤ ਪੈਦਾ ਹੋਣੀ।

3. ਚਾਹਤ ਦਾ ਮਨ ਅਤੇ ਸਰੀਰ ’ਤੇ ਅਸਰ ਹੋਣਾ।

4. ਹੋਏ ਅਸਰ ਦਾ ਇਨਾਮ ਮਿਲਣਾ।

ਕੋਈ ਵੀ ਚੰਗਾ ਜਾਂ ਮਾੜਾ ਕੰਮ ਕਰਨ ਲਈ ਸਭ ਤੋਂ ਪਹਿਲਾਂ ਇਸਦਾ ਖ਼ਿਆਲ ਸਾਡੇ ਮਨ (ਦਿਮਾਗ਼) ਵਿੱਚ ਆਉਂਦਾ ਹੈ ਕਿ ਮੈਂ ਇਹ ਕੰਮ ਕਰਨਾ ਹੈ। ਆਮ ਪ੍ਰਚੱਲਤ ਭਾਸ਼ਾ ਵਿੱਚ ਇਸ ਨੂੰ ‘ਫ਼ੁਰਨਾ’ ਵੀ ਕਿਹਾ ਜਾ ਸਕਦਾ ਹੈ। ਅੰਗਰੇਜ਼ੀ ਭਾਸ਼ਾ ਵਿੱਚ ਇਸਦਾ ਸਮਾਨੰਤਰ ਸ਼ਬਦ ‘ਕਿਊ’  ਹੈ ਜਿਸ ਨੂੰ ਵਿਗਿਆਨਕ ਭਾਸ਼ਾ ਵਿੱਚ ‘ਸਟਿਮੂਲੱਸ’  ਕਿਹਾ ਜਾਂਦਾ ਹੈ ਅਤੇ ਮਨੋਵਿਗਿਆਨਕ ਭਾਸ਼ਾ ਵਿੱਚ ‘ਉਤਸ਼ਾਹੀ-ਇਸ਼ਾਰੇ’  ਦਾ ਨਾਂ ਵੀ ਦਿੱਤਾ ਜਾ ਸਕਦਾ ਹੈ। ਸਾਡਾ ਦਿਮਾਗ਼ ਸੋਚਾਂ ਦੀ ਮਸ਼ੀਨ ਹੈ। ਇਸ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਜਨਮ ਲੈਂਦੀਆਂ ਹਨ। ਰਾਤ ਨੂੰ ਸੁੱਤੇ ਪਿਆਂ ਵੀ ਸੁਪਨਿਆਂ ਵਿੱਚ ਅਚੇਤ ਮਨ ਵਿੱਚ ਘੁੰਮਦੀਆਂ ਰਹਿੰਦੀਆਂ ਹਨ। ਇਸ ਖ਼ਿਆਲ ਦਾ ਚਾਹਤ ਵਿੱਚ ਬਦਲਣਾ ਸਾਡੇ ਦਿਮਾਗ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਚੱਲ ਰਹੇ ਵੱਖ-ਵੱਖ ਹਾਰਮੋਨਾਂ ਅਤੇ ਰਸਾਇਣ-ਪਦਾਰਥਾਂ  ਦੇ ਕਾਰਨ ਹੈ।

ਦੂਸਰੇ ਨਿਯਮ ਵਿੱਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਦਿਲਕਸ਼ ਭਾਵ ਮਨ-ਭਾਉਂਦੀਆਂ ਬਣਾਉਣ ਅਤੇ ਮਾੜੀਆਂ ਆਦਤਾਂ ਨੂੰ ਨਫ਼ਰਤਯੋਗ ਬਣਾਉਣ ਦੀ ਗੱਲ ਕੀਤੀ ਗਈ ਹੈ। ਆਦਤ ਜਿੰਨੀ ਮਨ-ਭਾਉਂਦੀ ਹੋਵੇਗੀ, ਉਸ ਨੂੰ ਅਪਨਾਉਣ ਵਿੱਚ ਉੰਨਾ ਹੀ ਘੱਟ ਸਮਾਂ ਲੱਗੇਗਾ। ਮਾੜੀ ਆਦਤ ਛੱਡਣ ਲਈ ਇਸਦਾ ਉੰਨਾ ਹੀ ਨਫ਼ਰਤਯੋਗ ਹੋਣਾ ਜ਼ਰੂਰੀ ਹੈ। ਸਾਡੇ ਦਿਮਾਗ਼ ਵਿੱਚ ਖ਼ਾਸ ਕਿਸਮ ਦੇ ਰਸਾਇਣ ‘ਡੋਪਾਮੀਨ’ ਦੀ ਵੱਧ ਜਾਂ ਘੱਟ ਮਾਤਰਾ ਦਾ ਰਿਸਣਾ ਇਨ੍ਹਾਂ ਆਦਤਾਂ ਦੇ ਜਲਦੀ ਜਾਂ ਦੇਰੀ ਨਾਲ ਅਪਨਾਉਣ ਜਾਂ ਛੱਡਣ ਵਿੱਚ ਆਪਣਾ ਭਰਪੂਰ ਯੋਗਦਾਨ ਪਾਉਂਦਾ ਹੈ।

ਆਦਤਾਂ ਨੂੰ ਬਦਲਣ ਵਿੱਚ ਪਰਿਵਾਰ ਦਾ ਵੀ ਵੱਡਾ ਯੋਗਦਾਨ ਹੈ। ਇਸ ਦੁਨੀਆਂ ਦੇ ਛੋਟੇ ਜਿਹੇ ਦੇਸ਼ ਹੰਗਰੀ ਦੇ ਇੱਕ ਵੱਡੇ ਵਿਦਵਾਨ ਲੈਜ਼ਲੋ ਪੋਲਗਰ ਦਾ ਕਹਿਣਾ ਹੈ, “ਕੋਈ ਵੀ ਵਿਦਵਾਨ ਉਸ ਦੇ ਜਨਮ ਤੋਂ ਨਹੀਂ ਹੁੰਦਾ, ਪ੍ਰੰਤੂ ਇੰਜ ਦਾ ਉਸ ਨੂੰ ਪੜ੍ਹਾ-ਲਿਖਾ ਕੇ ਅਤੇ ਸਿਖਲਾਈ ਦੇ ਕੇ ਬਣਾਇਆ ਜਾਂਦਾ ਹੈ। ((A genius is not born, but is educated and trained )। ... ਤੇ ਇਸ ਸਾਰੇ ਕੁਝ ਵਿੱਚ ਉਸ ਦੇ ਪਰਿਵਾਰ ਦੀ ਬੜੀ ਵੱਡੀ ਭੂਮਿਕਾ ਹੁੰਦੀ ਹੈ ਜਿੱਥੇ ਉਸ ਦੀ ਪੜ੍ਹਾਈ ਦਾ ਅਤੇ ਅਗਲੇਰੀ ਲੋੜੀਂਦੀ ਟ੍ਰੇਨਿੰਗ ਦਾ ਪ੍ਰਬੰਧ ਕੀਤਾ ਜਾਂਦਾ ਹੈ। ਜਿਸ ਵਾਤਾਵਰਣ ਅਤੇ ਸੱਭਿਆਚਾਰ ਵਿੱਚ ਉਹ ਵਿਚਰਦਾ ਹੈ, ਉਸ ਦਾ ਵੀ ਉਸ ਦੇ ਮਨ ’ਤੇ ਡੂੰਘਾ ਅਸਰ ਹੁੰਦਾ ਹੈ, ਕਿਉਂਕਿ ਉਹ ਸਮਾਜ ਵਿੱਚ ਰਹਿੰਦਿਆਂ ਹੋਇਆਂ ਦੋਸਤਾਂ-ਮਿੱਤਰਾਂ, ਗਵਾਂਢੀਆਂ ਅਤੇ ਆਲੇ-ਦੁਆਲੇ ਤੋਂ ਬੜਾ ਕੁਝ ਸਿੱਖਦਾ ਹੈ। ਆਸੇ-ਪਾਸੇ ਦਾ ਮਾਹੌਲ ਅਤੇ ਵਾਤਾਵਰਣ ਇਸ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਉਂਦਾ ਹੈ। ਮਨੁੱਖ ਆਲੇ-ਦੁਆਲੇ ਦੀ ਸੰਗਤ ਤੋਂ ਬੜਾ ਕੁਝ ਸਿੱਖਦਾ ਹੈ। ਪੰਜਾਬੀ ਵਿੱਚ ਆਮ ਕਹਾਵਤ ਪ੍ਰਚੱਲਤ ਹੈ, “ਜਿਹੀ ਸੰਗਤ, ਤਿਹੀ ਰੰਗਤ”, ਭਾਵ ਜਿਨ੍ਹਾਂ ਲੋਕਾਂ ਨਾਲ ਮਨੁੱਖ ਦਾ ਮੇਲ-ਜੋਲ ਹੈ, ਉਸ ਦਾ ਅਸਰ ਉਸ ਮਨੁੱਖ ’ਤੇ ਜ਼ਰੂਰ ਹੁੰਦਾ ਹੈ ਅਤੇ ਇਹ ਸੰਗਤ ਚੰਗੀ ਅਤੇ ਮਾੜੀ ਦੋਹਾਂ ਤਰ੍ਹਾਂ ਦੀ ਹੀ ਹੋ ਸਕਦੀ ਹੈ। ਫਿਰ ਸੰਗਤ ਜ਼ਰੂਰੀ ਨਹੀਂ ਕਿ ਮਨੁੱਖੀ ਰੂਪ ਵਿੱਚ ਹੀ ਹੋਵੇ, ਇਹ ਆਲੇ-ਦੁਆਲੇ ਪਈਆਂ ਚੀਜ਼ਾਂ-ਵਸਤਾਂ, ਪੁਸਤਕਾਂ, ਖੇਡਣ-ਮੱਲ੍ਹਣ ਦੇ ਸਮਾਨ ਅਤੇ ਮਨੋਰੰਜਨ ਦੇ ਸਾਧਨਾਂ ਦੇ ਰੂਪ ਵਿੱਚ ਵੀ ਹੋ ਸਕਦੀ ਹੈ। ਵੇਖਣ ਵਿੱਚ ਆਇਆ ਹੈ ਕਿ ਚੰਗੀ ਸੰਗਤ ਨਾਲੋਂ ਮਾੜੀ ਸੰਗਤ ਦਾ ਅਸਲ ਬੜੀ ਜਲਦੀ ਹੁੰਦਾ ਅਤੇ ਇਹ ਹੁੰਦਾ ਵੀ ਵਧੇਰੇ ਤੀਬਰਤਾ ਨਾਲ ਹੈ। ਚੰਗੀਆਂ ਆਦਤਾਂ ਸਿੱਖਣ ਲਈ ਆਲੇ-ਦੁਆਲੇ ਦਾ ਮਾਹੌਲ ਖੁਸ਼ਗੁਆਰ ਹੋਣਾ ਚਾਹੀਦਾ ਹੈ, ਕਿਉਂਕਿ ਮਾੜਾ ਮਾਹੌਲ ਹਮੇਸ਼ਾ ਮਾੜੀਆਂ ਆਦਤਾਂ ਨੂੰ ਹੀ ਜਨਮ ਦਿੰਦਾ ਹੈ। ਮਨ ਵਿੱਚ ਉਪਜੀ ਕਿਸੇ ਵੀ ਚਾਹਤ ਦਾ ਸਾਡੇ ਸਰੀਰ ਉੱਤੇ ਡੂੰਘਾ ਅਸਰ ਹੁੰਦਾ ਹੈ ਅਤੇ ਉਹ ਅੱਗੋਂ ਉਸ ਚਾਹਤ ਨੂੰ ਅਮਲੀ ਜਾਮਾ ਪਹਿਨਾਉਣ ਦੀ ਕੋਸ਼ਿਸ਼ ਕਰਦਾ ਹੈ। ਮਨ ਅਤੇ ਸਰੀਰ ਉੱਪਰ ਹੋਏ ਇਸ ਅਸਰ ਦਾ ਇਨਾਮ (ਪ੍ਰਭਾਵ) ਵੀ ਉਸ ਨੂੰ ਮਿਲਣ ਦੀ ਪੂਰੀ ਸੰਭਾਵਨਾ ਬਣਦੀ ਹੈ।

ਤੀਸਰੇ ਨਿਯਮ ਵਿੱਚ ਜੇਮਜ਼ ਨੇ ਮਨੁੱਖ ਨੂੰ ਚੰਗੀਆਂ ਆਦਤਾਂ ਨੂੰ ਆਸਾਨ ਬਣਾਉਣ ਅਤੇ ਮਾੜੀਆਂ ਨੂੰ ਮੁਸ਼ਕਲ ਕਰਾਰ ਦੇਣ ਦੀ ਗੱਲ ਕੀਤੀ ਹੈ। ਇਸਦੇ ਲਈ ਉਹ ਆਪਣੀ ਮੰਜ਼ਲ ਵੱਲ ਹੌਲੀ-ਹੌਲੀ ਅੱਗੇ ਵਧਣ ਅਤੇ ਪਿੱਛੇ ਮੁੜ ਕੇ ਨਾ ਵੇਖਣ ਦੀ ਸਲਾਹ ਦਿੰਦਾ ਹੈ। ਮਨੁੱਖ ਦਾ ਕੇਂਦਰ-ਬਿੰਦੂ ‘ਕਰਮ’  ਹੋਣਾ ਚਾਹੀਦਾ ਹੈ, ਨਾ ਕਿ ‘ਚੱਲਣ ਦੀ ਤਿਆਰੀ ਵਿੱਚ’ । ਕਿਸੇ ਵੀ ਚੰਗੀ ਆਦਤ ਨੂੰ ਅਪਨਾਉਣ ਤੋਂ ਬਾਅਦ ਇਸਦੇ ਲਈ ਅਭਿਆਸ ਜ਼ਰੂਰੀ ਹੈ। ਬਾਰ-ਬਾਰ ਅਭਿਆਸ ਕਰਨ ਤੋਂ ਬਾਅਦ ਹੀ ਉਹ ਆਦਤ ਪੱਕ ਜਾਂਦੀ ਹੈ ਅਤੇ ਸਾਡੇ ਸੁਭਾਅ ਦਾ ਅੰਗ ਬਣ ਜਾਂਦੀ ਹੈ। ਮਨੁੱਖੀ ਸੁਭਾਅ ਹੈ ਕਿ ਉਹ ਥੋੜ੍ਹੀ ਜਿਹੀ ਮਿਹਨਤ ਨਾਲ ਬਹੁਤਾ ਕੁਝ ਹਾਸਲ ਕਰਨਾ ਚਾਹੁੰਦਾ ਹੈ ਅਤੇ ਇਸਦੇ ਲਈ ਉਹ ‘ਛੋਟੇ-ਰਸਤੇ’ ਅਪਨਾਉਂਦਾ ਹੈ। ਪਰ ਜ਼ਰੂਰੀ ਨਹੀਂ ਕਿ ਇਹ ਛੋਟੇ ਰਸਤੇ ਉਸ ਨੂੰ ਸਫ਼ਲਤਾ ਵੱਲ ਲਿਜਾਣ ਵਿੱਚ ਸਹਾਈ ਹੋਣ ਅਤੇ ਬਹੁਤੀ ਵਾਰ ਇਹ ਸਹੀ ਸਾਬਤ ਨਹੀਂ ਹੁੰਦੇ। ਆਪਣੇ ਨਿੱਜੀ ਤਜਰਬੇ ਤੋਂ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਹੌਲੀ-ਹੌਲੀ ਅੱਗੇ ਵਧ ਕੇ ਹੀ ਸਫ਼ਲਤਾ ਦੀ ਪੌੜੀ ਦੇ ਉੱਪਰਲੇ ਡੰਡੇ ਵੱਲ ਵਧਿਆ ਜਾ ਸਕਦਾ ਹੈ। ਮੈਂ ਆਪਣੀ ਸਵੇਰ ਦੀ ਸੈਰ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਕਈ ਮਹੀਨੇ ਇਹ ਦੋ ਕਿਲੋਮੀਟਰ ਹੀ ਚੱਲਦੀ ਰਹੀ। ਫਿਰ ਆਪਣੇ ਮਨ ਨਾਲ ਫ਼ੈਸਲਾ ਕਰਕੇ ਮੈਂ ਇਸ ਨੂੰ ਪਹਿਲਾਂ ਚਾਰ ਅਤੇ ਫਿਰ ਪੰਜ ਕਿਲੋਮੀਟਰ ਤਕ ਵਧਾਇਆ। ਹੌਲੀ-ਹੌਲੀ ਇਸ ਨੂੰ ਹੋਰ ਵਧਾ ਕੇ ਮੈਂ ਇਸ ਸੈਰ ਤੇ ਹਲਕੀ ਦੌੜ ਨੂੰ 10 ਕਿਲੋਮੀਟਰ ਤਕ ਲਿਜਾਣ ਵਿੱਚ ਸਫ਼ਲ ਹੋਇਆ ਹਾਂ। ਬੇਸ਼ਕ, ਇਸ ਵਿੱਚ ਮੇਰੇ ਆਪਣੇ ਫ਼ੈਸਲਿਆਂ ਦੇ ਨਾਲ ਇੱਥੇ ਬਰੈਂਪਟਨ ਵਿੱਚ ਪਿਛਲੇ 6-7 ਸਾਲਾਂ ਤੋਂ ਵਿਚਰ ਰਹੀ ਰਨਰਜ਼ ਕਲੱਬ ‘ਟੀ.ਪੀ.ਏ.ਆਰ. ਕਲੱਬ’ (ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ) ਦੇ ਕੁਝ ਮੈਂਬਰ-ਦੋਸਤਾਂ ਵੱਲੋਂ ਮਿਲੀ ਹੱਲਾਸ਼ੇਰੀ ਅਤੇ ਹੌਸਲਾ-ਅਫ਼ਜ਼ਾਈ ਦਾ ਵੀ ਪੂਰਾ ਹੱਥ ਹੈ ਜਿਨ੍ਹਾਂ ਵਿੱਚੋਂ ਕਈਆਂ ਨੇ ਇਹ ਸੈਰ ਤੇ ਦੌੜ ਮੇਰੇ ਵਾਂਗ ਦੋ ਕਿਲੋਮੀਟਰ ਤੋਂ ਸ਼ੁਰੂ ਕੀਤੀ ਅਤੇ ਉਹ ਇਸ ਨੂੰ ‘ਹਾਫ-ਮੈਰਾਥਨ’ ਤਕ ਲੈ ਗਏ।

ਚੌਥੇ ਨਿਯਮ ਵਿੱਚ ਜੇਮਜ਼ ਕਲੀਅਰ ਵੱਲੋਂ ਚੰਗੀਆਂ ਆਦਤਾਂ ਨੂੰ ਤਸੱਲੀ-ਪੂਰਵਕ ਬਣਾਉਣ ਅਤੇ ਮਾੜੀਆਂ ਨੂੰ ਤਸੱਲੀ-ਰਹਿਤ ਕਰਾਰ ਦੇਣ ਦੀ ਗੱਲ ਕੀਤੀ ਗਈ ਹੈ। ਮਾੜੀਆਂ ਆਦਤਾਂ ਸ਼ੁਰੂ-ਸ਼ੁਰੂ ਵਿੱਚ ਸਾਨੂੰ ਬੜੀਆਂ ਚੰਗੀਆਂ ਲੱਗਦੀਆਂ ਹਨ ਪਰ ਅੱਗੇ ਜਾ ਕੇ ਕੁਝ ਸਮੇਂ ਬਾਅਦ ਇਨ੍ਹਾਂ ਦਾ ਮਾੜਾ ਪੱਖ ਸਾਡੇ ਸਾਹਮਣੇ ਆਉਣ ਲੱਗਦਾ ਹੈ ਅਤੇ ਫਿਰ ਇਹ ਸਾਨੂੰ ਭੈੜੀਆਂ ਲੱਗਣ ਲੱਗਦੀਆਂ ਹਨ। ਅਸੀਂ ਮਾੜੀਆਂ ਆਦਤਾਂ ਨੂੰ ਕਿਉਂ ਦੁਹਰਾਉਂਦੇ ਹਾਂ? ਉਹ ਇਸ ਲਈ ਕਿ ਸਾਨੂੰ ਇਨ੍ਹਾਂ ਵਿੱਚੋਂ ਵਕਤੀ ਖ਼ੁਸ਼ੀ ਹਾਸਲ ਹੁੰਦੀ ਹੈ। ਇਹ ਸਦੀਵੀ ਨਹੀਂ ਹੈ। ਚੰਗੀਆਂ ਆਦਤਾਂ ਦਾ ਵਰਤਾਰਾ ਇਸਦੇ ਉਲਟ ਹੈ। ਇਹ ਸ਼ੁਰੂ ਵਿੱਚ ਸਾਨੂੰ ਔਖੀਆਂ ਜਾਪਦੀਆਂ ਹਨ ਪਰ ਬਾਅਦ ਵਿੱਚ ਜਦੋਂ ਇਨ੍ਹਾਂ ਦੀ ਚੰਗਿਆਈ ਸਾਡੇ ਸਾਹਮਣੇ ਆਉਣ ਲਗਦੀ ਹੈ ਤਾਂ ਹੌਲੀ-ਹੌਲੀ ਇਹ ਸਾਡੇ ਜੀਵਨ ਦਾ ਅੰਗ ਬਣ ਜਾਂਦੀਆਂ ਹਨ। ਮਿਸਾਲ ਵਜੋਂ, ਕਾਰ ਵਿੱਚ ਸਫ਼ਰ ਕਰਨ ਲਈ ਸੀਟ-ਬੈੱਲਟ ਪਹਿਨਣ ਦਾ ਨਿਯਮ ਸਭ ਤੋਂ ਪਹਿਲਾਂ ਅਮਰੀਕਾ ਦੇ ਸ਼ਹਿਰ ਨਿਊ ਯੌਰਕ ਵਿੱਚ 1 ਦਸੰਬਰ 1984 ਨੂੰ ਪਾਸ ਕੀਤਾ ਗਿਆ ਅਤੇ ਉਦੋਂ ਅਮਰੀਕਾ ਵਿੱਚ ਕੇਵਲ਼ 14% ਲੋਕਾਂ ਨੇ ਇਸਦੀ ਪਾਲਣਾ ਕੀਤੀ। ਲੋਕ ਇਸ ਨੂੰ ਵਾਧੂ ਜਿਹਾ ਵਰਤਾਰਾ (ਝੰਜਟ) ਹੀ ਸਮਝਦੇ ਸਨ। ਪੰਜਾਂ ਸਾਲਾਂ ਬਾਅਦ ਅਮਰੀਕਾ ਦੀ ਅੱਧੀ ਤੋਂ ਵਧੇਰੇ ਵਸੋਂ ਨੇ ਇਸ ਨੂੰ ਸਹੀ ਸਮਝਦਿਆਂ ਹੋਇਆਂ ਮੰਨਣਾ ਸ਼ੁਰੂ ਕਰ ਦਿੱਤਾ। ਹੁਣ ਇਹ ਨਿਯਮ ਦੁਨੀਆਂ-ਭਰ ਦੇ ਦੇਸ਼ਾਂ ਵਿੱਚ ਸਖ਼ਤੀ ਨਾਲ ਲਾਗੂ ਕੀਤਾ ਜਾਂਦਾ ਹੈ ਅਤੇ ਇਸ ਨੂੰ ਨਾ ਮੰਨਣ ਵਾਲਿਆਂ ਨੂੰ ਭਾਰੀ ਜੁਰਮਾਨੇ ਕੀਤੇ ਜਾਂਦੇ ਹਨ। ਮਨੁੱਖ ਵਿੱਚ ਚੰਗੀਆਂ ਆਦਤਾਂ ਦਾ ਹੋਣਾ ਜ਼ਰੂਰੀ ਹੈ ਪਰ ਇਹ ਸਭ ਕੁਝ ਨਹੀਂ ਹੈ, ਸਗੋਂ ਇਨ੍ਹਾਂ ਵਿੱਚ ਮੁਹਾਰਤ ਹਾਸਲ ਕਰਨਾ ਵਧੇਰੇ ਮਹੱਤਵਪੂਰਨ ਹੈ। ਉਂਜ ਵੀ ਕਿਸੇ ਵੀ ਕੰਮ ਵਿੱਚ ਮੁਹਾਰਤ ਹਾਸਲ ਕਰਨ ਲਈ ਉਸ ਦੀ ਆਦਤ ਪਾਉਣਾ ਅਤੇ ਉਸ ਦਾ ਅਭਿਆਸ ਕਰਨਾ, ਦੋਵੇਂ ਹੀ ਮਹੱਤਵਪੂਰਨ ਪੱਖ ਹਨ। ਇਨ੍ਹਾਂ ਦੋਹਾਂ ਦਾ ਸੁਮੇਲ ਮੁਹਾਰਤ ਵੱਲ ਪੁੱਟੇ ਜਾ ਰਹੇ ਕਦਮਾਂ ਦੀ ਗਵਾਹੀ ਭਰਦਾ ਹੈ।

ਆਦਤਾਂ + ਲੋੜੀਂਦਾ ਅਭਿਆਸ = ਮੁਹਾਰਤ

ਮਨੁੱਖ ਦੀਆਂ ਚੰਗੀਆਂ ਅਤੇ ਮਾੜੀਆਂ ਆਦਤਾਂ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਗੁਰਬਾਣੀ ਵਿੱਚ ਗੁਣ ਅਤੇ ਅਵਗੁਣ ਸ਼ਬਦਾਂ ਦਾ ਜ਼ਿਕਰ ਆਉਂਦਾ ਹੈ। ਗੁਰੂ ਸਾਹਿਬਾਨ ਅਤੇ ਕਈ ਮਹਾਂ-ਪੁਰਖ਼ਾਂ ਨੇ ਸਾਨੂੰ ਚੰਗੀਆਂ ਆਦਤਾਂ ਨੂੰ ‘ਗੁਣ ’ਤੇ ਮਾੜੀਆਂ ਨੂੰ ‘ਅਵਗੁਣ’ ਦਾ ਦਰਜਾ ਦਿੱਤਾ ਹੈ ਅਤੇ ਸਾਨੂੰ ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਵਰਗੇ ਔਗੁਣਾਂ ਤੋਂ ਦੂਰ ਰਹਿ ਕੇ ਨੇਕੀ ਕਰਨ, ਸਰਬੱਤ ਦਾ ਭਲਾ ਚਾਹੁਣ ਅਤੇ ਪ੍ਰਮਾਤਮਾ ਦਾ ਨਾਂ ਲੈਣ ਵਾਲੇ ਗੁਣ ਅਪਨਾਉਣ ਦੀ ਪ੍ਰੇਰਨਾ ਕੀਤੀ ਹੈ।

ਗੁਰਵਾਕ ਹਨ:

ਅਵਗੁਣ ਛੋਡਿ ਗੁਣਾ ਕਓ ਧਾਵਹੁ ਕਰ ਅਵਗੁਣ ਪਛਤਾਹੀ ਜੀਉ। (ਸ੍ਰੀ ਰਾਗ, ਮਹਲਾ ਪਹਿਲਾ, ਅੰਗ 598)

ਲੋਕ ਅਵਗੁਣਾ ਕੀ ਬੰਨੈ ਗੰਠੜੀ ਗੁਣ ਨਾ ਵਿਹਾਝੇ ਕੋਇ।

ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ। (ਮਹਲਾ ਤੀਜਾ, ਅੰਗ 1092)

ਇਸਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਕੌੜਾ ਬੋਲਣ ਵਰਗੀ ਮਾੜੀ ਆਦਤ ਬਾਰੇ ਫ਼ਰਮਾਉਂਦੇ ਹਨ:

ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ। (ਆਸਾ ਦੀ ਵਾਰ, ਮਹਲਾ ਪਹਿਲਾ, ਅੰਗ 473)

ਬਾਬਾ ਫ਼ਰੀਦ ਜੀ ਵੀ ਆਪਣੇ ਇੱਕ ਸਲੋਕ ਵਿੱਚ ਮਾੜੀਆਂ ਆਦਤਾਂ (ਕੰਮ) ਤਿਆਗਣ ਲਈ ਕਹਿੰਦੇ ਹਨ:

ਫ਼ਰੀਦਾ ਜਿਨੀ ਕੰਮੀ ਨਾਹਿ ਗੁਣ ਤੇ ਕਮੜੇ ਵਿਸਾਰਿ।

ਮਤੁ ਸਰਮਿੰਦਾ ਥੀਵਹੀ ਸਾਂਈ ਦੈ ਦਰਬਾਰਿ। (ਸਲੋਕ 59, ਫਰੀਦ ਜੀ, ਅੰਗ 1381)

ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਮਨ ਵਿੱਚ ਇੱਛਾ ਸ਼ਕਤੀ ਪੈਦਾ ਕਰਕੇ ਜੇਕਰ ਅਸੀਂ ਆਪਣੀ ਕੋਈ ਆਦਤ ਬਦਲਣੀ ਚਾਹੀਏ ਅਤੇ ਉਸ ਦੇ ਲਈ ਲੋੜੀਂਦਾ ਅਭਿਆਸ ਕਰੀਏ ਤਾਂ ਉਸ ਨੂੰ ਬਦਲਿਆ ਵੀ ਜਾ ਸਕਦਾ ਹੈ। ਗੁਰਬਾਣੀ ਅਤੇ ਕਈ ਮਹਾਂ-ਪੁਰਖਾਂ ਦੇ ਕਥਨ ਵੀ ਇਸਦੇ ਲਈ ਸਾਡੀ ਅਗਵਾਈ ਕਰਦੇ ਹਨ। ਇਹ ਵੀ ਵੇਖਣ ਵਿੱਚ ਆਇਆ ਹੈ ਕਿ ਜਵਾਨੀ ਵੇਲੇ ਕਈ ਕਿਸਮ ਦਾ ਨਸ਼ਾ ਕਰਨ ਵਾਲੇ ਕਈ ਮਨੁੱਖ ਮਗਰਲੀ ਉਮਰੇ ਜਾ ਕੇ ਆਪਣੀ ਇੱਛਾ ਸ਼ਕਤੀ ਨਾਲ ਇਹ ਨਸ਼ੇ ਤਿਆਗ ਵੀ ਦਿੰਦੇ ਹਨ ਅਤੇ ਉਨ੍ਹਾਂ ਵਿੱਚੋਂ ਬਹੁਤ ਸਾਰੇ ਪ੍ਰਭੂ-ਭਗਤੀ ਵਾਲੇ ਮਾਰਗ ਵੱਲ ਤੁਰ ਪੈਂਦੇ ਹਨ। ਇਸ ਲਈ ਇਹ ਕਿਹਾ ਜਾ ਸਕਦਾ ਹੈ ਕਿ ਮੀਆਂ ਵਾਰਸ ਸ਼ਾਹ ਹੋਰਾਂ ਦਾ ਇਸ ਆਰਟੀਕਲ ਦੇ ਆਰੰਭ ਵਿੱਚ ਦਿੱਤਾ ਗਿਆ ਕਥਨ ‘ਭਾਵੇਂ ਕੱਟੀਏ ਪੋਰੀਆਂ-ਪੋਰੀਆਂ ਜੀ’ ਹਰੇਕ ਮਨੁੱਖ ਉੱਪਰ ਲਾਗੂ ਨਹੀਂ ਹੁੰਦਾ, ਸਗੋਂ ਇਸਦੇ ਉਲਟ ਜੇਮਜ਼ ਕਲੀਅਰ ਦੇ ਆਦਤਾਂ ਬਦਲਣ ਲਈ ਦਿੱਤੇ ਗਏ ਚਾਰ ਨਿਯਮ ਵੀ ਸਾਰਥਿਕ ਸਾਬਤ ਹੋ ਸਕਦੇ ਹਨ। ਫਿਰ ਤਾਂ ਇਹ ਵੀ ਕਿਹਾ ਜਾ ਸਕਦਾ ਹੈ: ਮਨੁੱਖੀ ਆਦਤਾਂ ਬਦਲੀਆਂ ਜਾ ਸਕਦੀਆਂ ਹਨ, ਜੇਕਰ ਬਦਲਣ ਦੀ ਇੱਛਾ ਤੇ ਲਗਨ ਹੋਵੇ।