ਖੱਟਰ ਨੇ ਬਾਦਲ ਨੂੰ ਕਿਹਾ, "ਐੱਸਵਾਈਐੱਲ ਦਾ ਪਾਣੀ ਦਿਓ ਤੇ ਦੋ-ਤਿੰਨ ਸੀਟਾਂ ਉਂਝ ਹੀ ਛੱਡ ਦਿਆਂਗੇ"

ਖੱਟਰ ਨੇ ਬਾਦਲ ਨੂੰ ਕਿਹਾ,

ਕਾਲਾਂਵਾਲੀ: ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ ਦੇ ਮਾਹੌਲ ਦਰਮਿਆਨ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਾ ਸਿਆਸੀ ਗਠਜੋੜ ਟੁੱਟਣ ਮਗਰੋਂ ਹੁਣ ਦੋਵੇਂ ਧਿਰਾਂ ਦੇ ਆਗੂ ਇਕ ਦੂਜੇ ਖਿਲਾਫ ਸਖਤ ਬਿਆਨਬਾਜ਼ੀ ਕਰ ਰਹੇ ਹਨ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਹਰਿਆਣਾ ਨੂੰ ਐੱਸਵਾਈਐੱਲ ਦਾ ਪਾਣੀ ਦਿਵਾਉਣ 'ਚ ਮਦਦ ਕਰੇ ਤਾਂ ਉਹ ਦੋ-ਤਿੰਨ ਸੀਟਾਂ ਉਨ੍ਹਾਂ ਨੂੰ ਵੈਸੇ ਹੀ ਦੇ ਦੇਣਗੇ।

ਦੱਸ ਦਈਏ ਕਿ ਖੱਟਰ ਨੇ ਇਹ ਬਿਆਨ ਭਾਜਪਾ ਉਮੀਦਵਾਰ ਬਲਕੌਰ ਸਿੰਘ ਦੇ ਹੱਕ ਵਿੱਚ ਚੋਣ ਰੈਲੀ ਦੌਰਾਨ ਦਿੱਤਾ। ਬਲਕੌਰ ਸਿੰਘ ਪਹਿਲਾਂ ਬਾਦਲ ਦਲ ਵੱਲੋਂ ਵਿਧਾਇਕ ਸੀ ਪਰ ਪਿਛਲੇ ਦਿਨੀਂ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਸੀ। ਇਸੇ ਕਾਰਨ ਸ਼੍ਰੋਮਣੀ ਅਕਾਲੀ ਦਲ ਨੇ ਭਾਜਪਾ ਨਾਲੋਂ ਹਰਿਆਣਾ ਵਿੱਚ ਗਠਜੋੜ ਤੋੜਨ ਦਾ ਐਲਾਨ ਕੀਤਾ ਸੀ ਤੇ ਬਾਦਲ ਦਲ ਇਸ ਵਾਰ ਇਨੈਲੋ ਨਾਲ ਮਿਲ ਕੇ ਹਰਿਆਣਾ ਦੀਆਂ ਚੋਣਾਂ ਲੜ ਰਿਹਾ ਹੈ।

ਖੱਟਰ ਨੇ ਕਿਹਾ ਕਿ ਬਾਦਲ ਦਲ ਸਮਝੌਤੇ ਲਈ ਉਹਨਾਂ ਦੇ ਅੱਗੇ-ਪਿੱਛੇ ਫਿਰਦਾ ਰਿਹਾ ਪਰ ਉਹਨਾਂ ਸਮਝੌਤਾ ਨਹੀਂ ਕੀਤਾ। ਅਸੀਂ ਉਹਨਾਂ ਨੂੰ ਇੱਕ ਵੀ ਸੀਟ ਇਸ ਲਈ ਨਹੀਂ ਦਿਤੀ ਕਿਉਂਕਿ ਐੱਸਵਾਈਐੱਲ ਨਹਿਰ ਦੇ ਮੁੱਦੇ 'ਤੇ ਸ਼੍ਰੋਮਣੀ ਅਕਾਲੀ ਦਲ ਨੇ ਜੋ ਅੜਚਨਾਂ ਪਾਈਆਂ ਸਨ, ਉਹ ਸੂਬੇ ਦੇ ਲੋਕਾਂ ਨੂੰ ਪਤਾ ਹਨ।"

ਖੱਟਰ ਨੇ ਕਿਹਾ ਕਿ ਜੇ ਬਾਦਲ ਦਲ ਐੱਸਵਾਈਐੱਲ ਦੀ ਪਟਾਈ ਵਿੱਚ ਰੋਕਾਂ ਨਾ ਲਾਉਣ ਦਾ ਬਿਆਨ ਜਾਰੀ ਕਰਦਾ ਹੈ ਤਾਂ ਭਾਜਪਾ ਕਾਲਾਂਵਾਲੀ ਹਲਕੇ ਨੂੰ ਛੱਡ ਕੇ ਬਾਦਲ ਦਲ ਦੇ ਉਮੀਦਵਾਰਾਂ ਖਿਲਾਫ ਚੋਣ ਲੜ ਰਹੇ ਆਪਣੇ ਉਮੀਦਵਾਰਾਂ ਨੂੰ ਵਾਪਸ ਸੱਦ ਲਵੇਗੀ। 

ਇਸ ਵਾਰ ਕਾਲਾਂਵਾਲੀ ਤੋਂ ਬਾਦਲ ਦਲ ਦੀ ਟਿਕਟ ਤੋਂ ਚੋਣ ਲੜ ਰਹੇ ਉਮੀਦਵਾਰ ਰਜਿੰਦਰ ਸਿੰਘ ਦੇਸੂਜੋਧਾ 'ਤੇ ਇਲਜ਼ਾਮ ਲਾਉਂਦਿਆਂ ਖੱਟਰ ਨੇ ਕਿਹਾ ਕਿ ਉਸ ਦਾ ਖਾਨਦਾਨ ਕਥਿਤ ਤੌਰ 'ਤੇ ਨਸ਼ੇ ਦੇ ਕਾਰੋਬਾਰ ਵਿੱਚ ਫਸੇ ਹੋਏ ਹਨ ਜਿਸ ਕਰਕੇ ਪਾਰਟੀ ਨੇ ਉਸ ਨੂੰ ਟਿਕਟ ਨਹੀਂ ਦਿੱਤੀ। ਦੱਸ ਦਈਏ ਕਿ ਦੇਸੂਜੋਧਾ ਪਿਛਲੀਆਂ ਚੋਣਾਂ ਵਿੱਚ ਭਾਜਪਾ ਦਾ ਉਮੀਦਵਾਰ ਸੀ।

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।