ਤੁਰਕੀ ਵੱਲੋਂ ਸੀਰੀਆ ਦੇ ਖੇਤਰ ਵਿੱਚ ਕੁਰਦਿਸ਼ ਲੜਾਕਿਆਂ ਦੇ ਪ੍ਰਬੰਧ ਹੇਠਲੇ ਖੇਤਰ 'ਤੇ ਫੌਜ ਚਾੜ੍ਹਨ ਨਾਲ ਜੰਗ ਸ਼ੁਰੂ

ਤੁਰਕੀ ਵੱਲੋਂ ਸੀਰੀਆ ਦੇ ਖੇਤਰ ਵਿੱਚ ਕੁਰਦਿਸ਼ ਲੜਾਕਿਆਂ ਦੇ ਪ੍ਰਬੰਧ ਹੇਠਲੇ ਖੇਤਰ 'ਤੇ ਫੌਜ ਚਾੜ੍ਹਨ ਨਾਲ ਜੰਗ ਸ਼ੁਰੂ

ਚੰਡੀਗੜ੍ਹ: ਤੁਰਕੀ ਨੇ ਸੀਰੀਆ ਦੇ ਉੱਤਰਪੂਰਬੀ ਹਿੱਸੇ ਵਿੱਚ ਅੱਜ ਹਮਲਾ ਕਰ ਦਿੱਤਾ ਹੈ। ਬੀਤੇ ਦਿਨੀਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਇਸ ਹਿੱਸੇ ਤੋਂ ਅਮਰੀਕੀ ਫੌਜੀਆਂ ਨੂੰ ਵਾਪਿਸ ਬੁਲਾਉਣ ਮਗਰੋਂ ਇਸ ਹਮਲੇ ਦੀ ਸੰਭਾਵਨਾ ਬਣੀ ਹੋਈ ਸੀ। ਅਮਰੀਕੀ ਫੌਜ ਦੇ ਨਿਕਲਣ ਨੂੰ ਤੁਰਕੀ ਲਈ ਇਸ ਹਮਲੇ ਵਾਸਤੇ ਹਰੀ ਝੰਡੀ ਮਿਲਣਾ ਮੰਨਿਆ ਜਾ ਰਿਹਾ ਸੀ।

ਕਿਹਨਾਂ ਵਿੱਚ ਹੈ ਲੜਾਈ?
ਸੀਰੀਆ ਅਤੇ ਤੁਰਕੀ ਦੀ ਸਰਹੱਦ ਦੇ ਨੇੜੇ ਸੀਰੀਆ ਦੇ ਉੱਤਰ ਪੂਰਬੀ ਹਿੱਸੇ ਦੇ ਤਕਰੀਬਨ 400 ਕਿਲੋਮੀਟਰ ਖੇਤਰ ਵਿੱਚ ਕੁਰਦਿਸ਼ ਲੜਾਕਿਆਂ ਦਾ ਕਬਜ਼ਾ ਹੈ। ਇਹਨਾਂ ਕੁਰਦਿਸ਼ ਲੜਾਕਿਆਂ ਨੇ ਅਮਰੀਕੀ ਫੌਜਾਂ ਨਾਲ ਰਲ ਕੇ ਆਈਐੱਸਆਈਐੱਲ ਦੇ ਖਿਲਾਫ ਜੰਗ ਲੜੀ ਸੀ ਤੇ ਆਈਐੱਸਆਈਐੱਲ ਨੂੰ ਹਰਾਇਆ ਸੀ। 

ਪਰ ਤੁਰਕੀ ਇਹਨਾਂ ਕੁਰਦਿਸ਼ ਲੜਾਕਿਆਂ ਨੂੰ ਅੱਤਵਾਦੀ ਮੰਨਦਾ ਹੈ ਤੇ ਇਹਨਾਂ ਤੋਂ ਆਪਣੀ ਖੇਤਰੀ ਅਜ਼ਾਦੀ ਨੂੰ ਖਤਰਾ ਦੱਸਦਾ ਹੈ। ਤੁਰਕੀ ਦਾ ਕਹਿਣਾ ਹੈ ਕਿ ਉਸ ਦੇ ਦੇਸ਼ ਵਿੱਚ ਵੱਖਰੇ ਕੁਰਦਿਸ਼ਸਤਾਨ ਦੀ ਮੰਗ ਕਰਦਿਆਂ ਬਗਾਵਤ ਕਰਨ ਵਾਲੇ ਕੁਰਦਾਂ ਨਾਲ ਸੀਰੀਆ ਵਿੱਚ ਲੜ ਰਹੀ ਕੁਰਦਿਸ਼ ਜਥੇਬੰਦੀ ਵਾਈਪੀਜੀ ਦੇ ਸਬੰਧ ਹਨ। 

ਸੀਰੀਆ ਵਿੱਚ ਆਈਸੀਆਈਐੱਲ ਅਤੇ ਸੀਰੀਆ ਦੀ ਮੋਜੂਦਾ ਅਸਾਦ ਸਰਕਾਰ ਖਿਲਾਫ ਅਮਰੀਕੀ ਮਦਦ ਨਾਲ ਖੜ੍ਹੇ ਹੋਏ ਸੀਰੀਅਨ ਡੈਮੋਕਰੇਟਿਕ ਫੋਰਸਿਸ ਧੜੇ ਵਿੱਚ ਵਾਈਪੀਜੀ ਸਭ ਤੋਂ ਤਾਕਤਵਰ ਧੜਾ ਹੈ। 

ਜ਼ਿਕਰਯੋਗ ਹੈ ਕਿ ਤਕਰੀਬਨ 1970 ਤੋਂ ਤੁਰਕੀ ਦੇ ਦੱਖਣੀ ਖੇਤਰ ਵਿੱਚ ਕੁਰਦ ਲੋਕ ਆਪਣੇ ਅਜ਼ਾਦ ਖਿੱਤੇ ਕੁਰਦਿਸ਼ਸਤਾਨ ਦੀ ਪ੍ਰਾਪਤੀ ਲਈ ਲੜਾਈ ਲੜ ਰਹੇ ਹਨ। 

ਤੁਰਕੀ ਨੇ ਜ਼ਮੀਨ ਦੇ ਨਾਲ ਹਵਾਈ ਹਮਲੇ ਵੀ ਸ਼ੁਰੂ ਕੀਤੇ
ਬੀਤੇ ਕੱਲ੍ਹ ਤੁਰਕੀ ਦੇ ਰਾਸ਼ਟਰਪਤੀ ਏਰਡੋਗਨ ਨੇ ਭਾਸ਼ਣ ਕਰਕੇ ਇਸ ਜੰਗ ਦਾ ਐਲਾਨ ਕੀਤਾ ਤੇ ਤੁਰਕੀ ਦਾ ਤਰਕ ਹੈ ਕਿ ਉਹ ਇਸ ਖੇਤਰ ਵਿੱਚੋਂ ਕੁਰਦਿਸ਼ ਲੜਾਕਿਆਂ ਨੂੰ ਹਟਾ ਕੇ ਇੱਥੇ ਇੱਕ "ਸੁਰੱਖਿਅਤ ਖੇਤਰ" ਬਣਾਉਣਾ ਚਾਹੁੰਦਾ ਹੈ ਤਾਂ ਕਿ ਇਸ ਖੇਤਰ ਵਿੱਚ ਸੀਰੀਆ ਦੀ ਜੰਗ ਨਾਲ ਉੱਥੋਂ ਉੱਜੜ ਕੇ ਤੁਰਕੀ ਵਿੱਚ ਬੈਠੇ ਲੱਖਾਂ ਸੀਰੀਅਨਾਂ ਨੂੰ ਵਸਾਇਆ ਜਾ ਸਕੇ।

ਇਸ ਭਾਸ਼ਣ ਤੋਂ ਬਾਅਦ ਜਿੱਥੇ ਤੁਰਕੀ ਨੇ ਜ਼ਮੀਨ ਫੌਜੀ ਕਾਰਵਾਈ ਸ਼ੁਰੂ ਕੀਤੀ ਉਸ ਦੇ ਨਾਲ ਹੀ ਕੁਰਦ ਲੜਾਕਿਆਂ ਦੇ ਟਿਕਾਣਿਆਂ ਨੂੰ ਹਵਾਈ ਹਮਲਿਆਂ ਦਾ ਸ਼ਿਕਾਰ ਬਣਾਇਆ। ਇਸ ਹਵਾਈ ਗੋਲੀਬਾਰੀ ਵਿੱਚ ਵੱਡਾ ਨੁਕਸਾਨ ਹੋਣ ਦੀਆਂ ਖਬਰਾਂ ਹਨ।

ਕੁਰਦਿਸ਼ ਲੜਾਕਿਆਂ ਨੇ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੂੰ ਬੇਨਤੀ ਕੀਤੀ ਹੈ ਕਿ ਇਸ ਜੰਗ ਵਾਲੇ ਖੇਤਰ ਨੂੰ "ਨੋ ਫਲਾਈ ਜ਼ੋਨ" ਐਲਾਨਿਆ ਜਾਵੇ ਤਾਂ ਕਿ ਤੁਰਕੀ ਦੇ ਹਵਾਈ ਹਮਲੇ ਰੁੱਕ ਸਕਣ।

ਇਰਾਨ ਵੱਲੋਂ ਹਮਲਾ ਰੋਕਣ ਦੀ ਅਪੀਲ
ਇਰਾਨ ਨੇ ਤੁਰਕੀ ਨੂੰ ਕੁਰਦਿਸ਼ ਲੜਾਕਿਆਂ ਦੇ ਖੇਤਰ 'ਤੇ ਹਮਲਾ ਰੋਕਣ ਲਈ ਕਿਹਾ ਹੈ। ਇਰਾਨ ਦਾ ਕਹਿਣਾ ਹੈ ਕਿ ਤੁਰਕੀ ਦੇ ਹਮਲੇ ਵਿੱਚ ਆਮ ਲੋਕਾਂ ਦਾ ਵੱਡਾ ਨੁਕਸਾਨ ਹੋਵੇਗਾ।

ਇਰਾਨ ਨੇ ਤੁਰਕੀ ਦੀਆਂ ਫੌਜਾਂ ਨੂੰ ਹਮਲਾ ਰੋਕ ਕੇ ਸੀਰੀਅਨ ਖੇਤਰ ਤੋਂ ਬਾਹਰ ਜਾਣ ਲਈ ਕਿਹਾ ਹੈ।

ਇਟਲੀ ਵੱਲੋਂ ਤੁਰਕੀ ਦੇ ਹਮਲੇ ਦਾ ਵਿਰੋਧ
ਇਟਲੀ ਸਰਕਾਰ ਨੇ ਤੁਰਕੀ ਦੇ ਇਸ ਹਮਲੇ ਦਾ ਵਿਰੋਧ ਕੀਤਾ ਹੈ। ਇਟਲੀ ਦੇ ਵਿਦੇਸ਼ ਮੰਤਰੀ ਨੇ ਤੁਰਕੀ ਨੂੰ ਤੁਰੰਤ ਇਸ ਹਮਲੇ ਨੂੰ ਰੋਕਣ ਲਈ ਕਿਹਾ ਹੈ।