ਇਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹਕੀਕਤ-ਏ-ਸਿੱਖਾਂ

ਇਕ ਮਹੱਤਵਪੂਰਨ ਇਤਿਹਾਸਕ ਦਸਤਾਵੇਜ਼ ਹਕੀਕਤ-ਏ-ਸਿੱਖਾਂ

*ਡਾ. ਪਰਮਵੀਰ ਸਿੰਘ 

‘ਹਕੀਕਤ-ਏ-ਬਿਨਾ-ਵ-ਉਰੂਜ਼-ਏ ਫ਼ਿਰਕਾ-ਏ-ਸਿੱਖਾਂ’ ਫ਼ਾਰਸੀ ਭਾਸ਼ਾ ਦਾ ਇੱਕ ਅਜਿਹਾ ਸਰੋਤ ਹੈ, ਜਿਹੜਾ ਸਿੱਖ ਇਤਿਹਾਸ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦਾ ਹੈ। ਇਹ ਰਚਨਾ ਅਠਾਰਵੀਂ ਸਦੀ ਦਾ ਇੱਕ ਮਹੱਤਵਪੂਰਨ ਦਸਤਾਵੇਜ਼ ਹੈ, ਜਿਹੜਾ ਸਿੱਖ ਧਰਮ ਦੀ ਸਥਾਪਨਾ ਤੋਂ ਅਠਾਰਵੀਂ ਸਦੀ ਤਕ ਦੇ ਸਿੱਖ ਇਤਿਹਾਸ ਦੀਆਂ ਕੁਝ ਝਲਕਾਂ ਪੇਸ਼ ਕਰਦਾ ਹੈ। ਕੁਝ ਸਿੱਖ ਇਤਿਹਾਸਕਾਰਾਂ ਦੀਆਂ ਇਸ ਰਚਨਾ ਸਬੰਧੀ ਮਹੱਤਵਪੂਰਨ ਟਿੱਪਣੀਆਂ ਮਿਲਦੀਆਂ ਹਨ। ਬਾਬਾ ਬੰਦਾ ਸਿੰਘ ਬਹਾਦਰ ਉੱਤੇ ਖੋਜ ਕਰਦਿਆਂ ਡਾ. ਗੰਡਾ ਸਿੰਘ ਨੇ ਇਸ ਰਚਨਾ ਦੀ ਪਰਖ-ਪੜਚੋਲ ਕਰ ਕੇ ਇਸ ਦੇ ਰਚਨਾਕਾਲ ਤੇ ਮਹੱਤਵ ਨੂੰ ਖੋਜੀਆਂ ਦੇ ਸਨਮੁਖ ਪੇਸ਼ ਕੀਤਾ ਹੈ। ਮੌਜੂਦਾ ਸਮੇਂ ਇਸ ਸਰੋਤ ਪ੍ਰਤੀ ਵਿਧੀਵਤ ਚਿੰਤਨ ਡਾ. ਬਲਵੰਤ ਸਿੰਘ ਢਿੱਲੋਂ ਰਾਹੀਂ ਸਾਹਮਣੇ ਆਇਆ ਹੈ, ਜਿਨ੍ਹਾਂ ਨੇ ਇਸ ਰਚਨਾ ਦੇ ਮੂਲ ਪਾਠ ਦਾ ਫ਼ਾਰਸੀ ਤੋਂ ਪੰਜਾਬੀ ਭਾਸ਼ਾ ਵਿੱਚ ਅਨੁਵਾਦ ਤੇ ਸੰਪਾਦਿਤ ਕਰ ਕੇ ਪਾਠਕਾਂ ਦੇ ਸਨਮੁਖ ਪੇਸ਼ ਕੀਤਾ ਹੈ।

ਇਸ ਰਚਨਾ ਸਬੰਧੀ ਜਾਣਕਾਰੀ ਦਿੰਦਿਆਂ ਸੰਪਾਦਕ ਦੱਸਦਾ ਹੈ ਕਿ ਇਸ ਦੇ ਦੋ ਹੱਥ ਲਿਖਤ ਨੁਸਖੇ ਹਾਲੇ ਵੀ ਮੌਜੂਦ ਹਨ, ਜਿਹੜੇ ਰਾਇਲ ਏਸੀਐਟਿਕ ਸੁਸਾਇਟੀ ਆਫ ਗ੍ਰੇਟ ਬ੍ਰਿਟੇਨ ਐਂਡ ਆਇਰਲੈਂਡ, ਲੰਦਨ ਵਿੱਚ ਸੁਰੱਖਿਅਤ ਹਨ ਤੇ ਇਨ੍ਹਾਂ ਦੀਆਂ ਕਾਪੀਆਂ ਖ਼ਾਲਸਾ ਕਾਲਜ ਅੰਮ੍ਰਿਤਸਰ ਵਿੱਚ ਰੱਖੀਆਂ ਹੋਈਆਂ ਹਨ। ਇਹ ਸੰਖਿਪਤ ਜਿਹੀ ਰਚਨਾ ਇਤਿਹਾਸਕ ਤੱਥਾਂ ਸਬੰਧੀ ਮਹੱਤਵਪੂਰਨ ਜਾਣਕਾਰੀ ਪ੍ਰਦਾਨ ਕਰਦੀ ਹੈ। ਇਸ ਰਚਨਾ ਦਾ ਮੁੱਖ ਉਦੇਸ਼ ਸਿੱਖਾਂ ਸਬੰਧੀ ਜਾਣਕਾਰੀ ਪ੍ਰਦਾਨ ਕਰਨਾ ਹੈ। ਇਹ ਰਚਨਾ ਕਦੋਂ ਅਤੇ ਕਿਸ ਨੇ ਲਿਖੀ ਹੈ, ਇਸ ਸਬੰਧੀ ਕੋਈ ਪ੍ਰਮਾਣਿਕ ਜਾਣਕਾਰੀ ਨਹੀਂ ਹੈ। ਡਾ. ਗੰਡਾ ਸਿੰਘ ਨੇ ਇਸ ਰਚਨਾ ਦੇ ਅੰਦਰੂਨੀ ਤੱਥਾਂ ਦੇ ਹਵਾਲੇ ਨਾਲ ਇਹ ਸਿੱਧ ਕੀਤਾ ਹੈ ਕਿ ਇਸ ਰਚਨਾ ਦਾ ਰਚਨਾਕਾਲ 1783-85 ਦੇ ਵਿਚਕਾਰਲਾ ਹੈ। ਇਸ ਪੁਸਤਕ ਦੇ ਅਨੁਵਾਦਕ-ਸੰਪਾਦਕ ਡਾ. ਬਲਵੰਤ ਸਿੰਘ ਢਿੱਲੋਂ ਨੇ ਵੀ ਇਸੇ ਤੱਥ ਦੀ ਪ੍ਰੋੜਤਾ ਕੀਤੀ ਹੈ। ਸੰਪਾਦਕ ਦੱਸਦਾ ਹੈ ਕਿ ਥੋੜ੍ਹੇ ਜਿਹੇ ਫ਼ਰਕ ਨਾਲ ਇਸੇ ਤਰ੍ਹਾਂ ਦੇ ਸਿਰਲੇਖ ਨਾਲ ਮਿਲਦੀਆਂ ਜੁਲਦੀਆਂ ਕੁਝ ਹੋਰ ਰਚਨਾਵਾਂ ਵੀ ਮੌਜੂਦ ਹਨ ਜਿਵੇਂ ਹਕੀਕਤ-ਏ-ਬਿਨਾ-ਵ-ਉਰੂਜ਼-ਏ-ਦੌਲਤ-ਏ-ਰਾਜਾਹਾਇ-ਸਿਤਾਰਾ, ਹਕੀਕਤ-ਏ-ਰਾਜਾਹਾਇ ਉਜੈਨ। ਇਨ੍ਹਾਂ ਸਮੂਹ ਰਚਨਾਵਾਂ ਦਾ ਸੰਗ੍ਰਹਿ ਕਰਤਾ ਸਰ ਚਾਰਲਸ ਮਾਲੇ ਬਾਰਟ ਸੀ। ਇਸ ਤੋਂ ਇਸ ਗੱਲ ਦਾ ਸੰਕੇਤ ਮਿਲਦਾ ਹੈ ਕਿ ਇਹ ਰਚਨਾਵਾਂ ਕਿਸੇ ਵਿਸ਼ੇਸ਼ ਉਦੇਸ਼ ਨਾਲ ਲਿਖਵਾਈਆਂ ਗਈਆਂ ਸਨ ਤੇ ਸੰਭਵ ਹੈ ਕਿ ਅੰਗਰੇਜ਼ਾਂ ਨੇ ਵਿਭਿੰਨ ਰਾਜਾਂ ਜਾਂ ਕੌਮਾਂ ਸਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਇਹ ਰਚਨਾਵਾਂ ਲਿਖਵਾਈਆਂ ਹੋਣ।

ਹਕੀਕਤ-ਏ-ਸਿੱਖਾਂ ਰਚਨਾ ਦੇ ਲੇਖਕ ਬਾਰੇ ਰਚਨਾ ਵਿੱਚੋਂ ਕੋਈ ਜਾਣਕਾਰੀ ਨਹੀਂ ਮਿਲਦੀ। ਅੰਦਰੂਨੀ ਗਵਾਹੀ ਦੇ ਆਧਾਰ ’ਤੇ ਇਹ ਸਮਝਿਆ ਜਾ ਰਿਹਾ ਹੈ ਕਿ ਇਸ ਰਚਨਾ ਦਾ ਲੇਖਕ ਪੰਜਾਬ ਨਾਲ ਸਬੰਧਿਤ ਕੋਈ ਮੁਸਲਮਾਨ ਹੈ ਤੇ ਉਹ ਮੁਗ਼ਲਾਂ ਦੇ ਰਾਜ ਅਧੀਨ ਲਾਹੌਰ ਦੇ ਸੂਬੇਦਾਰਾਂ ਜ਼ਕਰੀਆ ਖ਼ਾਨ ਤੇ ਮੀਰ ਮਨੂੰ ਦਾ ਪ੍ਰਸ਼ੰਸਕ ਸੀ।

ਰਚਨਾ ਦਾ ਵਿਸ਼ਾ-ਵਸਤੂ ਜਿੰਨਾ ਵਿਸਤ੍ਰਿਤ ਹੈ, ਘਟਨਾਵਾਂ ਦਾ ਵਿਸਤਾਰ ਉਨਾ ਹੀ ਸੰਖਿਪਤ ਹੈ, ਜਿਸ ਕਰਕੇ ਬਹੁਤ ਸਾਰੇ ਭਰਮ-ਭੁਲੇਖੇ ਪੈਦਾ ਹੁੰਦੇ ਹਨ। ਸਿੱਖ ਇਤਿਹਾਸ ਦੇ ਆਰੰਭ ਤੋਂ ਲੈ ਕੇ ਮਿਸਲਾਂ ਦੇ ਸਮੇਂ ਤਕ ਚਾਰ ਸਦੀਆਂ ਦੇ ਸਿੱਖ ਇਤਿਹਾਸ ਨੂੰ 40 ਤੋਂ ਵੀ ਘੱਟ ਪੰਨਿਆਂ ਵਿੱਚ ਸਮੇਟਿਆ ਗਿਆ ਹੈ।

ਹਕੀਕਤ-ਏ-ਸਿੱਖਾਂ ਸਿਰਲੇਖ ਅਧੀਨ ਰਚਨਾ ਬਹੁਤ ਸਾਰੇ ਸਿੱਖ ਸਿਧਾਂਤਾਂ ਤੇ ਪਰੰਪਰਾਵਾਂ ਨੂੰ ਸਹੀ ਰੂਪ ਵਿੱਚ ਉਜਾਗਰ ਕਰਦੀ ਹੈ ਜਿਵੇਂ ਗੁਰੂ ਨਾਨਕ ਦੇ ਧਰਮ ਵਿੱਚ ਨਿਮਰਤਾ ਨੂੰ ਪਹਿਲ ਦਿੱਤੀ ਗਈ ਹੈ, ਸਿੱਖ ਅਰਦਾਸ ਕਰਦੇ ਹਨ, ਸਿਰ ਅਤੇ ਦਾੜ੍ਹੀ ਦੇ ਵਾਲ ਨਹੀਂ ਕਟਵਾਉਂਦੇ, ਸਿਰ ’ਤੇ ਦਸਤਾਰ ਸਜਾਉਂਦੇ ਹਨ, ਖੰਡੇ ਦੀ ਪਾਹੁਲ ਗ੍ਰਹਿਣ ਕਰਦੇ ਹਨ ਆਦਿ। ਇਸ ਦੇ ਨਾਲ ਹੀ ਇਸ ਰਚਨਾ ਦਾ ਲੇਖਕ ਦੱਸਦਾ ਹੈ ਕਿ ਮਿਸਲਾਂ ਦੇ ਸਮੇਂ ਸਿੱਖ ਪੂਰਨ ਤੌਰ ’ਤੇ ਸਰਦਾਰ ਸਥਾਪਿਤ ਹੋ ਗਏ ਸਨ, ‘‘ਹਰੇਕ ਸਿੱਖ ਆਪਣੀ ਥਾਂ ਮੁਖਤਾਰ ਹੈ। ਜੇ ਕਿਸੇ ਕੋਲ ਦੋ ਘੋੜੇ ਤੇ ਆਪਣੀ ਜਾਗੀਰ ਵਿੱਚ ਇੱਕ ਪਿੰਡ ਹੈ ਤਾਂ ਉਹ ਕਿਸੇ ਦੇ ਸਲਾਮ ਦਾ ਮੁਥਾਜ ਨਹੀਂ।’’ ਇਨ੍ਹਾਂ ਸਮੂਹ ਗੁਣਾਂ ਦੇ ਬਾਵਜੂਦ ਲੇਖਕ ਇਸ ਗੱਲ ਵੱਲ ਸੰਕੇਤ ਕਰ ਜਾਂਦਾ ਹੈ ਕਿ ਮਿਸਲਾਂ ਦੀ ਸਥਾਪਤੀ ਪਿੱਛੋਂ ਸਿੱਖਾਂ ਵਿੱਚ ਮਰਯਾਦਾ ਸਬੰਧੀ ਢਿੱਲੜਪੁਣਾ ਪੈਦਾ ਹੋਣ ਲੱਗਾ ਸੀ। ਭਾਵੇਂ ਇਸ ਰਚਨਾ ਦਾ ਲੇਖਕ ਮੁਸਲਮਾਨ ਜਾਪਦਾ ਹੈ ਪਰ ਉਹ ਮੁਗ਼ਲ ਹਾਕਮਾਂ ਵੱਲੋਂ ਸਿੱਖਾਂ ’ਤੇ ਕੀਤੇ ਗਏ ਜ਼ੁਲਮਾਂ ਨੂੰ ਨਜ਼ਰ-ਅੰਦਾਜ਼ ਨਹੀਂ ਕਰਦਾ। ਸਿੱਖਾਂ ’ਤੇ ਕੀਤੇ ਜਾਣ ਵਾਲੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਉਹ ਕਹਿੰਦਾ ਹੈ, ‘‘ਫਿਰ ਉਸ (ਸ਼ਾਹ ਨਵਾਜ਼ ਖ਼ਾਨ) ਨੇ ਸਿੱਖਾਂ ਦੀਆਂ ਜੜ੍ਹਾਂ ਪੁੱਟਣ ਵੱਲ ਵਾਹ ਲਾਈ। ਜਿਸ ਸਮੇਂ ਕਿਸੇ ਸਿੱਖ ਨੂੰ ਫੜ ਕੇ ਲਿਆਉਂਦੇ ਸਨ, ਉਹ ਆਪਣੇ ਸਾਹਮਣੇ ਉਸ ਦਾ ਪੇਟ ਪਾੜਦਾ ਸੀ ਤੇ ਕਦੇ ਉਹ ਮੇਖਾਂ ਠੋਕਣ ਵਾਲੀ (ਹਥੌੜੀ) ਮਾਰ ਕੇ ਉਸ ਦੇ ਸਿਰ ਦਾ ਭੇਜਾ ਬਾਹਰ ਕੱਢ ਦਿੰਦਾ ਸੀ ਤੇ ਉਸ ਭੇਜੇ ਨੂੰ ਆਪਣੇ ਸਾਹਮਣੇ ਰੱਖ ਲੈਂਦਾ ਸੀ। ਉਹ ਅਕਸਰ ਖਾਣਾ ਖਾਣ ਵਿਚ ਰੁੱਝਿਆ ਰਹਿੰਦਾ ਸੀ। ਜਿਉਂ ਹੀ ਕਿਸੇ ਸਿੱਖ ਨੂੰ ਕੈਦੀ ਬਣਾ ਕੇ ਲਿਆਂਦਾ ਜਾਂਦਾ, ਉਹ ਹੁਕਮ ਦਿੰਦਾ ਸੀ ਕਿ ਇਸ ਦਾ ਪਿੱਤਾ ਬਾਹਰ ਕੱਢੋ। ਸੋ ਹਾਜ਼ੀ ਕਾਫ਼ਿਰ ਉਸ ਦਾ ਪਿੱਤਾ ਬਾਹਰ ਕੱਢ ਦਿੰਦਾ ਸੀ। ਉਹ ਉਸ ਪਿੱਤੇ ਨੂੰ ਆਪਣੇ ਦਸਤਰਖਾਨ ’ਤੇ ਰੱਖ ਲੈਂਦਾ ਤੇ ਅਤਿਅੰਤ ਪ੍ਰਸੰਨ ਹੋ ਕੇ ਭੋਜਨ ਛਕਦਾ ਸੀ।’’

ਇਸ ਰਚਨਾ ਵਿੱਚ ਬੰਦਾ ਸਿੰਘ ਬਹਾਦਰ ਦੇ ਸਸਕਾਰ ਅਸਥਾਨ ਸਬੰਧੀ ਸਭ ਤੋਂ ਮਹੱਤਵਪੂਰਨ ਸਰੋਤ ਸਾਹਮਣੇ ਆਇਆ ਹੈ। ਹੁਣ ਤਕ ਜਿੰਨੇ ਵੀ ਫ਼ਾਰਸੀ ਸਰੋਤ ਗੁਰਮੁਖੀ ਜਾਂ ਅੰਗਰੇਜ਼ੀ ਭਾਸ਼ਾ ਵਿੱਚ ਮਿਲਦੇ ਹਨ, ਉਹ ਸਾਰੇ ਬੰਦਾ ਸਿੰਘ ਬਹਾਦਰ ਦੇ ਜੰਗਜੂ ਕਾਰਨਾਮਿਆਂ, ਉਸ ਦੀ ਗ੍ਰਿਫ਼ਤਾਰੀ, ਉਸ ਦੇ ਸਾਥੀਆਂ ਦੀ ਸ਼ਹਾਦਤ, ਉਸ ਨੂੰ ਤਸੀਹੇ ਦੇਣ ਦਾ ਵਿਸਤਾਰ ਵਰਣਨ ਕਰਦੇ ਹਨ ਪਰ ਉਸ ਨੂੰ ਸ਼ਹੀਦ ਕਰਨ ਪਿੱਛੋਂ ਉਸ ਦੇ ਸਰੀਰ ਦੀਆਂ ਅੰਤਿਮ ਰਸਮਾਂ ਸਬੰਧੀ ਮੌਨ ਹਨ। ਇਸ ਰਚਨਾ ਵਿੱਚ ਬੰਦਾ ਸਿੰਘ ਬਹਾਦਰ ਦੇ ਸਸਕਾਰ ਦਾ ਵਰਣਨ ਮਿਲਦਾ ਹੈ, ਜਿਸ ਸਬੰਧੀ ਉਲੇਖ ਕਰਦਿਆਂ ਲੇਖਕ ਦੱਸਦਾ ਹੈ, ‘‘ਜਿਹੜੇ ਸਿੱਖ ਸ਼ਹਿਰ ਵਿੱਚ ਦੁਕਾਨਦਾਰੀ ਕਰਦੇ ਸਨ ਤੇ ਪਰਚੂਨੀਏ ਸਨ, ਉਨ੍ਹਾਂ ਨੇ ਪ੍ਰਵਾਨਗੀ ਲੈ ਕੇ, ਉਸ ਦੀ ਲਾਸ਼ ਨੂੰ ਚੁੱਕ ਕੇ ਸ਼ਹਿਰੋਂ ਬਾਹਰ ਲਿਜਾ ਕੇ ਬਾਰਾਂ-ਪੁਲਾ ਦੇ ਅਸਥਾਨ ’ਤੇ ਉਸ   ਕਾਲੇ ਦਿਲ ਵਾਲੇ ਦਾ ਦਾਹ ਸਸਕਾਰ  ਕਰ ਦਿੱਤਾ।’’

ਇਸ ਰਚਨਾ ਨੂੰ ਪੜ੍ਹਨ ਪਿੱਛੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਜੇ ਰਚਨਾ ਵਿੱਚ ਘਟਨਾਵਾਂ ਦੀ ਤਰਤੀਬ ਸਹੀ ਹੋਵੇ ਤਾਂ ਤੱਥਾਂ ਨੂੰ ਸਮਝਣ ਵਿੱਚ ਸੌਖ ਹੁੰਦੀ ਹੈ। ਜੇ ਘਟਨਾਵਾਂ ਅੱਗੇ-ਪਿੱਛੇ ਹੋ ਜਾਣ ਤਾਂ ਤੱਥਾਂ ਨੂੰ ਸਮਝਣ ਲਈ ਹੋਰਨਾਂ ਸਰੋਤਾਂ ਦੀ ਲੋੜ ਪੈਂਦੀ ਹੈ। ਇਸ ਵਿੱਚ ਉਕਾਈ ਇਹ ਹੈ ਕਿ ਜੇ ਸਾਧਾਰਨ ਪਾਠਕ ਅਜਿਹੀ ਰਚਨਾ ਪੜ੍ਹ ਰਿਹਾ ਹੈ ਤਾਂ ਉਹ ਭਰਮ-ਭੁਲੇਖਿਆਂ ਦਾ ਸ਼ਿਕਾਰ ਹੋ ਸਕਦਾ ਹੈ।

ਸਿੱਖ ਇਤਿਹਾਸ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਇਹ ਇੱਕ ਮਹੱਤਵਪੂਰਨ ਦਸਤਾਵੇਜ਼ ਹੈ। ਆਸ ਹੈ ਕਿ ਇਸ ਵਿਚਲੇ ਬਿਰਤਾਂਤ ਖੋਜ ਦੀਆਂ ਹੋਰ ਪਰਤਾਂ ਖੋਲ੍ਹਣ ਵਿੱਚ ਸਹਾਈ ਹੋਣਗੇ।

*ਸਿੱਖ ਵਿਸ਼ਵਕੋਸ਼ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ