ਪੀਸੀਐੱਸ ਸ਼ਿਕਾਗੋ ਨੇ 84ਵੀਂ ਮੈਕਡੋਨਲ ਥੈਂਕਸ ਗਿਵਿੰਗ ਪਰੇਡ ‘ਚ ਹਿੱਸਾ ਲਿਆ

ਪੀਸੀਐੱਸ ਸ਼ਿਕਾਗੋ ਨੇ 84ਵੀਂ ਮੈਕਡੋਨਲ ਥੈਂਕਸ ਗਿਵਿੰਗ ਪਰੇਡ ‘ਚ ਹਿੱਸਾ ਲਿਆ

ਸ਼ਿਕਾਗੋ/ਬਿਊਰੋ ਨਿਊਜ਼:
ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ (ਪੀ ਸੀ ਐਸ) ਨੇ ਆਪਣੀ ਪਿਛਲੀ ਰਵਾਇਤ ਜਾਰੀ ਰਖਦਿਆਂ, 23 ਨਵੰਬਰ ਨੂੰ ਸ਼ਿਕਾਗੋ ‘ਚ ਹੋਈ 84ਵੀਂ ਮੈਕਡੋਨਲ ਥੈਂਕਸ ਗਿਵਿੰਗ ਪਰੇਡ ਵਿਚ ਆਪਣੇ ਰਵਾਇਤੀ ਤਰੀਕੇ ਨਾਲ ਸ਼ਿਰਕਤ ਕੀਤੀ ਅਤੇ ਸ਼ਹਿਰ ਦੀ ਸਭ ਤੋਂ ਸ਼ਾਨਦਾਰ ਅਤੇ ਵੱਡੀ ਪਰੇਡ ਦਾ ਹਿੱਸਾ ਬਣੀ।
ਕਾਂਗਰਸ ਤੇ ਰੈਨੋਡਲਫ ਤੱਕ ਹੋਈ ਇਸ ਪਰੇਡ ਵਿਚ ਕੋਈ 5000 ਪੇਸ਼ਕਾਰਾਂ, ਬੈਂਡ ਪਾਰਟੀਆਂ ਅਤੇ ਕਮਿਊਨਿਟੀ ਆਗੂਆਂ ਨੇ ਹਿੱਸਾ ਲਿਆ। ਇਹ ਪਰੇਡ ਸਵੇਰੇ 8 ਵਜੇ ਸ਼ੁਰੂ ਹੋਈ। ਇਸ ਪਰੇਡ ਵਿਚ ਸ਼ਿਕਾਗੋ ਰੈਪਰ ਟਵਿਸਟਾ, ਮਿਸ ਇਲੀਨੋਇ ਐਬੀ ਫੋਸਟਰ, ਮੰਨੇ ਪ੍ਰਮੰਨੇ ਸ਼ੈਫ ਗ੍ਰਾਹਮ ਈਲੀਅਟ ਅਤੇ ਹੋਰ ਉਘੀਆਂ ਹਸਤੀਆਂ ਸ਼ਾਮਲ ਹੋਈਆਂ ਇਸ ਸਾਲ ਦੇ ਗਰੈਂਡ ਮਾਰਸ਼ਲ ਰੇਨਾਲਡ ਮੈਕਡੋਨਲ ਸਨ। ਮੈਕਡੋਨਲ ਥੈਂਕਸ ਗਿਵਿੰਗ ਪਰੇਡ 84 ਸਾਲ ਤੋਂ ਹੋ ਰਹੀ ਹੈ।
ਪੰਜਾਬੀ ਕਲਚਰਲ ਸੋਸਾਇਟੀ ਸ਼ਿਕਾਗੋ 2005 ਤੋਂ ਇਸ ਸ਼ਾਨਦਾਰ ਪਰੇਡ ਵਿਚ ਹਿੱਸਾ ਲੈ ਰਹੀ ਹੈ। ਇਹ ਸਿੱਖ ਭਾਈਚਾਰੇ ਨੂੰ ਮੁੱਖ ਧਾਰਾ ਵਿਚ ਆਪਣਾ ਸਥਾਨ ਬਣਾਉਣ ਲਈ ਵਧੀਆ ਮੌਕਾ ਹੈ ਅਤੇ ਅਮਰੀਕੀ ਉਤਸਵਾਂ ਵਿਚ ਸਾਡੀ ਸ਼ਮੂਲੀਅਤ ਲਈ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਇਸ ਪਰੇਡ ਵਿਚ ਇਸ ਵਾਰ ਪੀ ਸੀ ਐਸ ਦਾ ਕੇਂਦਰੀ ਵਿਸ਼ਾ (ਥੀਮ) ਮਹਾਰਾਜ ਦਾ ਵਿਆਹ (ਬਰਾਤ) ਸੀ ਜਿਸ ਵਿਚ ਪੰਜਾਬੀ ਪੁਸ਼ਾਕਾਂ ਵਿਚ ਲਾੜਾ ਅਤੇ ਲਾੜੀ ਸੁਭਾਇਮਾਨ ਸਨ। ਢੋਲ ਦੀ ਤਾਲ ਤੇ ਬਰਾਤੀ ਭੰਗੜਾ ਪਾ ਰਹੇ ਸਨ।
ਪੀ ਸੀ ਐਸ ਦੇ ਪ੍ਰਧਾਨ ਸੁਖਮੇਲ ਸਿੰਘ ਅਟਵਾਲ ਨੇ ਕਿਹਾ ਕਿ ਪੀ ਸੀ ਐਸ ਦੇ ਫਲੋਟ ਦਾ ਦਰਸ਼ਕਾਂ ਉਪਰ ਬਹੁਤ ਗੂੜ੍ਹਾ ਪ੍ਰਭਾਵ ਪਿਆ। ਕੇਵਿਨ ਅਟਵਾਲ ਅਤੇ ਅਜੇ ਰੰਧਾਵਾ ਨੇ ਢੋਲ ਵਾਦਕ ਕੀਤਾ। ਯੂ ਓ ਸੀ ਭੰਗੜਾ ਟੀਮ ਨੇ ਆਪਣੇ ਲੋਕ ਨਾਚ ਦੇ ਜੌਹਰ ਵਿਖਾਏ।