ਅਯੁੱਧਿਆ ਵਿਵਾਦ: ਇਤਿਹਾਸ/ਮਿਥਿਹਾਸ ਅਤੇ ਭਾਰਤੀ ਨਿਆਂ-ਪ੍ਰਬੰਧ ਦੀ ਲਾਚਾਰਗੀ

ਅਯੁੱਧਿਆ ਵਿਵਾਦ: ਇਤਿਹਾਸ/ਮਿਥਿਹਾਸ ਅਤੇ ਭਾਰਤੀ ਨਿਆਂ-ਪ੍ਰਬੰਧ ਦੀ ਲਾਚਾਰਗੀ
ਬਾਬਰੀ ਮਸਜਿਦ

ਅਯੁੱਧਿਆ- ਇਕ ਬੇਹੱਦ ਪ੍ਰਾਚੀਨ ਨਗਰੀ।

ਏਨੀ ਪ੍ਰਾਚੀਨ ਕਿ ਭਾਰਤੀ ਮਿਥਿਹਾਸ ਦੀ ਇਕ ਪਰੰਪਰਾ ਇਸ ਦਾ ਸੰਬੰਧ ਆਦਿ ਮੰਨੂ ਨਾਲ਼ ਜੋੜਦੀ ਹੋਈ ਅੱਗੇ ਵੱਧਦੀ ਹੈ। ਇਸ ਪਰੰਪਰਾ ਅਨੁਸਾਰ ਜਿਸ ਵਕਤ ਪ੍ਰਿਥਵੀ ਉੱਪਰ ਮਹਾਂ-ਪਰਲੋ ਆਈ, ਉਸ ਵਕਤ ਆਦਿ ਮਨੂੰ ਜਿਸ ਸਥਾਨ ਉੱਪਰ ਆਪਣੇ ਸਮੇਤ ਪ੍ਰਿਥਵੀ ਦੇ ਹਰ ਇਕ ਜੀਵ ਨੂੰ ਲੈ ਕੇ ਪਰਲੋ ਤੋਂ ਬਚਣ ਲਈ ਗਏ ਸਨ, ਉਹ ਅਯੁੱਧਿਆ ਹੀ ਸੀ। ਕਿਹਾ ਜਾਂਦਾ ਹੈ ਕਿ ਸਰਯੂ ਤੱਟ ’ਤੇ ਸਥਿਤ ਅਯੁੱਧਿਆ ਨਗਰੀ ਕਾਫ਼ੀ ਜ਼ਿਆਦਾ ਉੱਚਾਈ ’ਤੇ ਹੋਣ ਕਾਰਨ ਮਨੂੰ ਦੁਆਰਾ ਇਸ ਦੀ ਚੋਣ ਕੀਤੀ ਗਈ ਤੇ ਪਰਲੋ ਤੋਂ ਬਾਅਦ ਮਨੂੰ ਨੇ ਹੀ ਇਸ ਨਗਰ ਦੀ ਸਥਾਪਨਾ ਕਰਦਿਆਂ ਇਸ ਨੂੰ “ਅਯੁੱਧਿਆ” ਅਰਥਾਤ- ਨਾ ਜਿੱਤੀ ਜਾ ਸਕਣ ਵਾਲੀ ਨਗਰੀ ਦਾ ਨਾਮ ਦਿੱਤਾ। ਹਾਲਾਂਕਿ ਭਾਰਤੀ ਸਾਹਿਤ ਵਿਚ ਇਸ ਦੇ ਕਈ ਹੋਰ ਨਾਮ ਵੀ ਸਾਨੂੰ ਪ੍ਰਾਪਤ ਹੁੰਦੇ ਹਨ, ਜਿਵੇਂਕਿ- ਅਯੋਜਝਾ, ਅਯੁਜਝਾਪੁਰ, ਅਜੋਦਹ, ਅ-ਯੁ-ਜ, ਉੱਝਾ, ਅਵਧ, ਸਾਕੇਤ, ਸੋਗੇਦ, ਵਿਨਿਤਾ, ਵਿਸ਼ਾਖਾ, ਕੋਸਲ, ਕੋਸਲ ਨਗਰ, ਕੋਸਲਪੁਰੀ, ਕੋਸਲਾ ਨਯਰੀ, ਇੱਖਾਗਭੂਮੀ, ਰਾਮਪੁਰੀ, ਪਦਮਪੁਰੀ ਆਦਿ। ਇਸ ਤੋਂ ਇਲਾਵਾ ‘ਮਹਾਭਾਰਤ’ ਵਿਚ ਇਸ ਨਗਰ ਨੂੰ ਪੁਸ਼ਯ, ਲਕਸ਼ਣਾ ਅਤੇ ਨੰਦਿਨੀ ਵੀ ਕਿਹਾ ਗਿਆ ਹੈ। ਪਰੰਪਰਾ ਅਨੁਸਾਰ ਆਦਿ ਮਨੂੰ ਨੇ ਮਹਾ-ਪਰਲੋ ਤੋਂ ਬਾਅਦ ਆਪਣੇ ਦੁਆਰਾ ਸਥਾਪਿਤ ਇਸ ਨਗਰ ਦਾ ਰਾਜਾ ਆਪਣੇ ਪੁੱਤਰ ਇੱਛਵਾਕੂ ਨੂੰ ਬਣਾਇਆ। ਇੱਛਵਾਕੂ ਤੋਂ ਬਾਅਦ ਸਾਨੂੰ ਇੱਥੇ ਕਾਕੁਸਥ ਤੇ ਪ੍ਰਿਥੂ, ਸ਼੍ਰਾਵਸਤ, ਕੁਵਲਯਾਸ਼ਵ, ਯੌਵਨਾਸ਼ਵ, ਮਾਂਧਾਤਾ, ਪੁਰੂਕੁਤਸੂ ਦੇ ਰਾਜ-ਸੱਤਾ ਸੰਭਾਲਣ ਦੇ ਜ਼ਿਕਰ ਵੀ ਪ੍ਰਾਪਤ ਹੁੰਦੇ ਹਨ। ਇਨ੍ਹਾਂ ਤੋਂ ਇਲਾਵਾ ਇਹ ਵੀ ਆਖਿਆ ਜਾਂਦਾ ਹੈ ਕਿ ਇੱਥੇ ਸਗਰ ਨਾਮੀਂ ਚੱਕਰਵਰਤੀ ਰਾਜਾ ਵੀ ਹੋਏ ਸਨ। ਜਿਸ ਤੋਂ ਬਾਅਦ ਅੰਸ਼ੂਮਨ ਤੇ ਭਗੀਰਥ ਰਾਹੀਂ ਹੁੰਦੀ ਇਹ ਰਾਜ-ਪਰੰਪਰਾ ਮਹਾਰਾਜਾ ਦਿਲੀਪ, ਰਘੂ, ਅਜ, ਦਸ਼ਰਥ ਅਤੇ ਰਾਮਚੰਦਰ ਤੱਕ ਪਹੁੰਚਦੀ ਹੈ, ਪਰ ਰਾਮਚੰਦਰ ਤੋਂ ਬਾਅਦ ਅਯੁੱਧਿਆ ਉੱਪਰ ਕਿਹੜੇ-ਕਿਹੜੇ ਸ਼ਾਸ਼ਕਾਂ ਦਾ ਰਾਜ ਰਿਹਾ, ਇਸ ਬਾਰੇ ਸਾਨੂੰ ਕੋਈ ਵੀ ਸੰਗਠਿਤ ਜਾਂ ਇਕਮੱਤ ਦੇ ਧਾਰਨੀ ਵਿਚਾਰ ਹਾਸਲ ਨਹੀਂ ਹੁੰਦੇ। ਇਸ ਲਈ ਇਤਿਹਾਸਕ/ਮਿਥਿਹਾਸਕ ਰੂਪ ਵਿਚ ਅਸੀਂ ਅਯੁੱਧਿਆ ਦੇ ਇਸ ਕਾਲ ਸੰਬੰਧੀ ਕੁਝ ਵੀ ਆਖਣ ਤੋਂ ਪੂਰੀ ਤਰ੍ਹਾਂ ਅਸਮਰੱਥ ਹਾਂ। 

ਅਯੁੱਧਿਆ ਸੰਬੰਧੀ ਦੂਸਰਾ ਮਹੱਤਵਪੂਰਨ ਵਿਚਾਰ ਸਾਨੂੰ ਇਹ ਪ੍ਰਾਪਤ ਹੁੰਦਾ ਹੈ ਕਿ ਉੱਪਰ ਦਿੱਤੀ ਕਥਾ ਭਾਰਤੀ ਇਤਿਹਾਸ ਦਾ ਇਕ ਅਧਿਆਇ ਨਾ ਹੋ ਕੇ ਮਹਿਜ਼ ਕਲਪਨਾਮਈ ਕਥਾ-ਕਹਾਣੀ ਤੋਂ ਵੱਧ ਕੁਝ ਨਹੀਂ ਹੈ, ਕਿਉਂਕਿ ਇਤਿਹਾਸਕ ਰੂਪ ਵਿਚ ਇਸ ਨਗਰ ਦੀ ਸਥਾਪਨਾ ਕਿਸੇ ਵੀ ਤਰ੍ਹਾਂ ਬੌਧ-ਕਾਲ ਤੋਂ ਪਹਿਲਾਂ ਦੀ ਸਵੀਕਾਰ ਨਹੀਂ ਕੀਤੀ ਜਾ ਸਕਦੀ। ਜਦੋਂਕਿ ਇਸ ਬਾਬਤ ਇਕ ਹੋਰ ਵਿਚਾਰ ਸਾਨੂੰ ਅਧਿਆਤਮ ਰਾਮਾਇਣ ਵਿਚ ਪ੍ਰਾਪਤ ਹੁੰਦਾ ਹੈ। ਅਧਿਆਤਮ ਰਾਮਾਇਣ ਵਿਚ ਦਰਜ਼ ਅਯੁੱਧਿਆ ਕਾਂਡ, ਸਰਗ 4, ਸ਼ਲੋਕ 78 ਅੰਦਰ ਸੀਤਾ ਰਾਮਚੰਦਰ ਨੂੰ ਜੰਗਲ ਵਿਚ ਚੱਲਣ ਦੀ ਗ਼ੁਜਾਰਿਸ਼ ਕਰਦੀ ਹੋਈ ਆਖਦੀ ਹੈ ਕਿ, “ਤੁਸੀਂ ਬ੍ਰਾਹਮਣਾਂ ਦੇ ਮੂੰਹੋਂ ਬਹੁਤ ਸਾਰੀਆਂ ਰਾਮਾਇਣਾਂ ਸੁਣੀਆਂ ਹੋਣਗੀਆਂ, ਦੱਸੋ, ਉਨ੍ਹਾਂ ਵਿਚੋਂ ਕਿਸੇ ਇਕ ਅੰਦਰ ਵੀ ਕੀ ਸੀਤਾ ਦੇ ਬਗ਼ੈਰ ਰਾਮ ਜੰਗਲ ਵਿਚ ਗਏ ਹਨ? ਇਹ ਸ਼ਲੋਕ ਇਸ ਗੱਲ ਦੀ ਗਵਾਹੀ ਦਿੰਦਾ ਹੈ ਕਿ ਰਾਮ-ਕਥਾ ਵਾਲਮੀਕੀ ਦੁਆਰਾ ਲਿਖਣ ਤੋਂ ਵੀ ਪਹਿਲਾਂ ਇਕ ਲੋਕ-ਕਥਾ ਦੇ ਰੂਪ ਵਿਚ ਜਨ-ਸਾਧਾਰਨ ਅੰਦਰ ਪ੍ਰਚੱਲਿਤ ਸੀ। ਵਾਲਮੀਕੀ ਨੇ ਉਸੇ ਲੋਕ-ਕਥਾ ਨੂੰ ਆਪਣੀ ਕਲਪਨਾ ਸਦਕਾ ਇਕ ਮਹਾਕਾਵਿਕ ਰੂਪ ਦਿੱਤਾ ਸੀ, ਜਿਸ ਦਾ ਬਾਅਦ ਵਿਚ ਮੱਧਕਾਲ ਦੌਰਾਨ ਪ੍ਰਸਿੱਧ ਰਾਮ ਭਗਤ ਤੁਲਸੀਦਾਸ ਜੀ ਨੇ ਅਨੇਕਾਂ ਹੋਰਨਾਂ ਘਟਨਾਵਾਂ ਦੇ ਜੋੜ ਰਾਹੀਂ ਇਤਿਹਾਸਕੀਕਰਨ ਕਰਦੇ ਹੋਏ, ਭਾਰਤੀ ਜਨ-ਸਾਧਾਰਨ ਵਿਚ ਇਸ ਨੂੰ ਡੂੰਘੀ ਤਰ੍ਹਾਂ ਸਥਾਪਿਤ ਕਰਨ ਵਿਚ ਇਕ ਮਹੱਤਵਪੂਰਨ ਰੋਲ ਅਦਾ ਕੀਤਾ। ਇਸ ਪ੍ਰਕਾਰ ਰਾਮਚੰਦਰ ਜੀ ਨੂੰ ‘ਈਸ਼ਵਰ’ ਅਤੇ ‘ਅਵਤਾਰ’ ਬਣਾਉਣ ਦਾ ਸਿਹਰਾ ਤੁਲਸੀਦਾਸ ਜੀ ਨੂੰ ਹੀ ਜਾਂਦਾ ਹੈ। ਉਨ੍ਹਾਂ ਤੋਂ ਪਹਿਲਾਂ ਤਾਂ ਭਾਰਤ ਵਿਚ ਕਿਧਰੇ ਵੀ ਸਾਨੂੰ ਰਾਮਚੰਦਰ ਜੀ ਦੇ ਕਿਸੇ ਮੰਦਿਰ ਆਦਿ ਦਾ ਜ਼ਿਕਰ ਤੱਕ ਪ੍ਰਾਪਤ ਨਹੀਂ ਹੁੰਦਾ। ਹਾਲਾਂਕਿ ਇੱਥੇ ਇਹ ਵੀ ਸਪਸ਼ਟ ਕਰਨਾ ਬੇਹੱਦ ਜ਼ਰੂਰੀ ਹੈ ਕਿ ਭਾਰਤੀ ਇਤਿਹਾਸ ਅਨੁਸਾਰ ਭਾਵੇਂਕਿ ਰਾਮਾਇਣ ਵਾਲਮੀਕੀ ਅਤੇ ਤੁਲਸੀਦਾਸ ਰਾਹੀਂ ਭਾਰਤੀ ਲੋਕ-ਮਨਾਂ ਅੰਦਰ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀ ਸੀ, ਪਰ ਇਹ ਸਵਾਮੀ ਰਾਮਾਨੰਦ ਹੀ ਸਨ, ਜਿਨ੍ਹਾਂ ਨੇ ਭਾਰਤੀ ਜਨਤਾ ਅੰਦਰ ਰਾਮ ਉਪਾਸ਼ਨਾ ਦੇ ਬੀਜ ਬੋਏ ਸਨ। ਸਵਾਮੀ ਰਾਮਾਨੰਦ ਜੀ ਅਤੇ ਤੁਲਸੀਦਾਸ ਜੀ ਤੋਂ ਬਾਅਦ ਰਾਮਚੰਦਰ ਜੀ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿਚ ਜਾਣੇ ਜਾਣ ਲੱਗੇ ਤੇ ਦੇਸ਼-ਵਿਦੇਸ਼ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਮੰਦਿਰਾਂ ਦੀ ਸਥਾਪਨਾ ਹੋਣ ਲੱਗੀ। ਇਹ ਉਹ ਕਾਲ ਸੀ, ਜਿਸ ਦੌਰਾਨ ਭਾਰਤ ਅੰਦਰ ਮੁਗ਼ਲ ਸਲਤਨਤ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕੀ ਸੀ। ਭਾਵੇਂਕਿ ਭਾਰਤੀ ਇਤਿਹਾਸ ਸਾਨੂੰ ਇਹ ਦੱਸਦਾ ਹੈ ਕਿ ਮੁਗ਼ਲਾਂ ਨੇ ਭਾਰਤ ਦੇ ਹਿੰਦੂ ਮੰਦਿਰਾਂ ਨੂੰ ਅੰਨ੍ਹੇਵਾਹ ਤੋੜਿਆ, ਪਰ ਇਸ ਸੰਬੰਧੀ ਵੀ ਸਾਨੂੰ ਅਨੇਕਾਂ ਹਵਾਲੇ ਪ੍ਰਾਪਤ ਹੁੰਦੇ ਹਨ ਕਿ ਮੁਗ਼ਲ ਸ਼ਾਸਕਾਂ ਨੇ ਅਨੇਕਾਂ ਥਾਵਾਂ ’ਤੇ ਮੰਦਿਰਾਂ ਨੂੰ ਨਾ ਸਿਰਫ਼ ਚੜ੍ਹਾਵੇ ਆਦਿ ਹੀ ਦਿੱਤੇ, ਸਗੋਂ ਉਨ੍ਹਾਂ ਦੀ ਸਥਾਪਨਾ ਵੀ ਕਰਵਾਈ ਸੀ। ਇਤਿਹਾਸਕ ਰੂਪ ਵਿਚ ਮਹਾਰਾਜਾ ਅਕਬਰ ਦੇ ਜ਼ਮਾਨੇ ’ਚ ਅਯੁੱਧਿਆ ਵਿਖੇ ਸਥਾਪਿਤ ਬਾਬਰੀ ਮਸਜਿਦ ਵਾਲੇ ਉਸ ਤਥਾਕਥਿਤ ਵਿਵਾਦਿਤ ਅਸਥਾਨ ਉੱਪਰ ਅਕਬਰ ਦੇ ਆਦੇਸ਼ ਰਾਹੀਂ ਇਕ ਚਬੂਤਰਾ ਬਣਵਾ ਕੇ, ਉਸ ਉੱਪਰ ਠਾਕੁਰ ਜੀ ਨੂੰ ਬਿਰਾਜਮਾਨ ਕੀਤਾ ਗਿਆ, ਜਿਸ ਸਥਾਨ ਉੱਪਰ ਹਿੰਦੂਆਂ ਦੀ ਮਾਨਤਾ ਹੈ ਕਿ ਬਾਦਸ਼ਾਹ ਬਾਬਰ ਦੇ ਅਹਿਮ ਅਹੁੱਦੇਦਾਰ ਮੀਰ ਬਾਕੀ ਦੁਆਰਾ ਬਾਬਰੀ ਮਸਜਿਦ ਦਾ ਨਿਰਮਾਣ ਕਰਵਾਇਆ ਗਿਆ ਸੀ। ਇਹ ਚਬੂਤਰਾ ਹਿੰਦੂ-ਮੁਸਲਿਮ ਦੋਵਾਂ ਤਰ੍ਹਾਂ ਦੇ ਧਾਰਮਿਕ ਵਿਸ਼ਵਾਸ਼ ਰੱਖਣ ਵਾਲਿਆਂ ਦਾ ਇਕ ਸਾਂਝਾ ਸਥਾਨ ਸੀ, ਪਰ ਸਾਲ 1855 ਵਿਚ ਜਿਸ ਵਕਤ ਕੁਝ ਕੱਟੜਪੰਥੀ ਹਿੰਦੂ-ਮੁਸਲਮਾਨ ਆਪਸ ਵਿਚ ਲੜੇ, ਉਸ ਵਕਤ ਇਸ ਦੀ ਸਾਂਝੀਵਾਲਤਾ ਨੂੰ ਇਕ ਵੱਡੀ ਸੱਟ ਵੱਜੀ 'ਤੇ ਇਸ ਦੇ ਉੱਪਰ ਉਸ ਸਮੇਂ ਹੀ ਮਸਜਿਦ ਤੇ ਚਬੂਤਰੇ ਨੂੰ ਵੱਖਰਾ ਕਰਨ ਵਾਲੀ ਇਕ ਪੱਕੀ ਕੰਧ ਬਣਾ ਦਿੱਤੀ ਗਈ। ਅਜਿਹਾ ਕਰਦਿਆਂ ਉਸ ਸਮੇਂ ਇਸ ਗੱਲ ਨੂੰ ਵੀ ਸਪਸ਼ਟ ਕੀਤਾ ਗਿਆ ਸੀ ਕਿ ਜਿਸ ਵਕਤ ਇਸ ਸਥਾਨ ਉੱਪਰ ਨਮਾਜ਼ ਅਦਾ ਕੀਤੀ ਜਾ ਰਹੀ ਹੋਵੇਗੀ, ਉਸ ਵਕਤ ਹਿੰਦੂ ਸ਼ਰਧਾਲੂ ਇੱਥੇ ਆਪਣੀ ਪੂਜਾ-ਅਰਚਨਾ ਆਦਿ ਨਹੀਂ ਕਰਨਗੇ ਅਤੇ ਨਾ ਹੀ ਜਿਸ ਵਕਤ ਇੱਥੇ ਹਿੰਦੂ ਆਪਣੇ ਇਸ਼ਟ ਦੀ ਪੂਜਾ ਕਰਨਗੇ, ਉਸ ਸਮੇਂ ਕੋਈ ਮੁਸਲਮਾਨ ਇੱਥੇ ਨਮਾਜ਼ ਅਦਾ ਕਰੇਗਾ। ਇਹ ਪਰੰਪਰਾ ਕਾਫ਼ੀ ਸਮੇਂ ਤੱਕ ਦੋਵੇਂ ਪ੍ਰਕਾਰ ਦੇ ਧਾਰਮਿਕ ਅਨੁਆਈਆਂ ਵੱਲੋਂ ਨਿਭਾਈ ਜਾਂਦੀ ਰਹੀ, ਪਰ ਫ਼ਿਰ ਇਸ ਮਾਮਲੇ ਨੇ ਇਕ ਤੀਬਰ ਮੋੜ ਕੱਟਿਆ ਤੇ ਹਿੰਦੂਆਂ ਵੱਲੋਂ ਇਸ ਨੂੰ ਰਾਮਚੰਦਰ ਜੀ ਦੇ ਜਨਮ-ਅਸਥਾਨ ਨਾਲ਼ ਜੋੜਨਾ ਸ਼ੁਰੂ ਕਰ ਦਿੱਤਾ ਗਿਆ। ਆਪਣੀ ਇਸ ਮਾਨਤਾ ਨੂੰ ਲੈ ਕੇ ਉਹ ਸੰਨ 1883 ਵਿਚ ਫ਼ੈਜਾਬਾਦ ਦੇ ਡਿਪਟੀ ਕਮਿਸ਼ਨਰ ਕੋਲ ਵੀ ਗਏ ਸਨ, ਪਰ ਡਿਪਟੀ ਕਮਿਸ਼ਨਰ ਨੇ ਹਿੰਦੂਆਂ ਨੂੰ ਇੱਥੇ ਕਿਸੇ ਪ੍ਰਕਾਰ ਦਾ ਕੋਈ ਮੰਦਿਰ ਆਦਿ ਬਣਾਉਣ ਦੀ ਇਜਾਜਤ ਨਾ ਦਿੱਤੀ। ਇਸ ਤਰ੍ਹਾਂ ਸਾਲ 1885 ਵਿਚ ਇਹ ਮਾਮਲਾ ਪਹਿਲੀ ਵਾਰ ਅਦਾਲਤ ਵਿਖੇ ਗਿਆ। ਹਾਲਾਂਕਿ ਇਹ ਮਾਮਾਲਾ ਨਾ ਤਾਂ ਮਸਜਿਦ ਦੇ ਖ਼ਿਲਾਫ਼ ਸੀ ਅਤੇ ਨਾ ਹੀ ਮੁਸਲਮਾਨਾਂ ਦੇ ਵਿਰੁੱਧ ਹੀ ਜਾਂਦਾ ਸੀ। ਇਸ ਮਾਮਲੇ ਵਿਚ ਮਾਤਰ ਇਹ ਆਖਿਆ ਗਿਆ ਸੀ ਕਿ ਠਾਕੁਰਜੀ ਨੂੰ ਸਰਦੀ-ਗਰਮੀ ਆਦਿ ਤੋਂ ਬਚਾਉਣ ਲਈ ਉਕਤ ਚਬੂਤਰੇ ਨੂੰ ਮੰਦਿਰ ਵਿਚ ਬਦਲਣ ਦੀ ਆਗਿਆ ਦਿੱਤੀ ਜਾਵੇ, ਪਰ ਅਵਧ ਚੀਫ਼ ਕੋਰਟ ਦੇ ਜੁਡੀਸ਼ੀਅਲ ਕਮਿਸ਼ਨਰ (ਜਿਸ ਨੂੰ ਹਾਈਕੋਰਟ ਦੇ ਸਾਰੇ ਅਧਿਕਾਰ ਪ੍ਰਾਪਤ ਸਨ) ਨੇ ਇਸ ਮੁਕੱਦਮੇ ਨੂੰ ਮੁੱਢੋਂ ਹੀ ਖ਼ਾਰਿਜ਼ ਕਰ ਦਿੱਤਾ। ਬੇਸ਼ੱਕ ਇਹ ਮਾਮਲਾ ਕਾਨੂੰਨੀ ਤੌਰ ’ਤੇ 1886 ਈਸਵੀ ਵਿਚ ਹੀ ਖ਼ਤਮ ਹੋ ਗਿਆ ਸੀ, ਪਰ ਉਸ ਵਕਤ ਤੱਕ ਹਿੰਦੂਆਂ ਦੇ ਇਕ ਵੱਡੇ ਹਿੱਸੇ ਦੇ ਮਨ ਅੰਦਰ ਇਹ ਗੱਲ ਪੂਰੀ ਤਰ੍ਹਾਂ ਘਰ ਕਰ ਚੁੱਕੀ ਸੀ ਕਿ ਮਸਜਿਦ ਵਾਲੀ ਥਾਂ ਹੀ ਭਗਵਾਨ ਰਾਮਚੰਦਰ ਜੀ ਦਾ ਜਨਮ-ਅਸਥਾਨ ਹੈ। ਇਸ ਲਈ ਮਸਜਿਦ ਦੀ ਥਾਂ ਰਾਮ ਮੰਦਿਰ ਦਾ ਹੋਣਾ ਬੇਹੱਦ ਜ਼ਰੂਰੀ ਹੈ। ਆਪਣੀ ਇਸ ਮਾਨਤਾ ਨੂੰ ਉਹ ਕਾਨੂੰਨੀ ਰੂਪ ਵਿਚ ਕਿਧਰੇ ਵੀ ਸਾਬਤ ਨਹੀਂ ਕਰ ਪਾ ਰਹੇ ਸਨ। ਇਸ ਲਈ ਜਿਸ ਵਕਤ ਭਾਰਤ ਆਜ਼ਾਦ ਹੋਇਆ, ਉਸ ਵਕਤ ਉਨ੍ਹਾਂ ਨੇ ਪੈਦਾ ਹੋਏ ਹਿੰਦੂ-ਮੁਸਲਿਮ ਝਗੜਿਆਂ ਦਾ ਫ਼ਾਇਦਾ ਉਠਾਉਂਦਿਆਂ ਇਸ ਥਾਂ ਨੂੰ ਮੰਦਿਰ ਵਿਚ ਤਬਦੀਲ ਕਰਨ ਦੀਆਂ ਰਣਨੀਤੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। 

ਹਿੰਦੂਆਂ ਦਾ ਇਕ ਤਬਕਾ ਇਸ ਗੱਲ ਦਾ ਲਗਾਤਾਰ ਪ੍ਰਚਾਰ ਕਰ ਰਿਹਾ ਸੀ ਕਿ ਮੁਸਲਮਾਨਾਂ ਦੁਆਰਾ ਪਾਕਿਸਤਾਨ ਵਿਚ ਰਹਿ ਗਏ ਹਿੰਦੂ ਮੰਦਿਰਾਂ ਨੂੰ ਲਗਾਤਾਰ ਤੋੜਿਆ ਜਾ ਰਿਹਾ ਹੈ, ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਭਾਰਤ ਵਿਚ ਇਕ ਵੀ ਮਸਜਿਦ ਨੂੰ ਸਲਾਮਤ ਨਾ ਰਹਿਣ ਦਈਏ। ਹਿੰਦੂਤਵੀ ਤੱਤਾਂ ਦੇ ਇਸ ਇਕਪਾਸੜ ਪ੍ਰਚਾਰ ਦਾ ਅਸਰ ਇਹ ਹੋਇਆ ਕਿ ਮਿਤੀ 22/23 ਦਸੰਬਰ 1949 ਦੀ ਅੱਧੀ ਰਾਤ ਨੂੰ ਬਾਬਰੀ ਮਸਜਿਦ ਦੇ ਸੁੰਨੇ ਵਿਹੜੇ ਅੰਦਰ ਤਕਰੀਬਨ 50-60 ਹਿੰਦੂਆਂ ਦੀ ਇਕ ਨਿਯੋਜਿਤ ਭੀੜ ਦੁਆਰਾ ਜ਼ਬਰਦਸਤੀ ਮਸਜਿਦ ਵਾਲੀ ਥਾਂ ਰਾਮਲੱਲਾ ਦੀਆਂ ਉਨ੍ਹਾਂ ਮੂਰਤੀਆਂ ਨੂੰ ਰੱਖ ਦਿੱਤਾ ਗਿਆ, ਜਿਨ੍ਹਾਂ ਦੇ ਰੱਖਣ ਨੂੰ ਗ਼ੈਰ-ਕਾਨੂੰਨੀ ਸਵੀਕਾਰਦੇ ਹੋਏ ਮਾਣਯੋਗ ਸੁਪਰੀਮ ਕੋਰਟ ਦੁਆਰਾ ਉਨ੍ਹਾਂ ਦੇ ਹੀ ਪੱਖ ਵਿਚ ਅਯੁੱਧਿਆ ਦਾ ਇਤਿਹਾਸਕ ਆਖਿਆ ਜਾਣ ਵਾਲਾ ਫ਼ੈਸਲਾ ਸੁਣਾਇਆ ਹੈ। ਹਾਲਾਂਕਿ ਅਯੁੱਧਿਆ ਅੰਦਰਲੀ ਬਾਬਰੀ ਮਸਜਿਦ ਵਾਲੀ ਥਾਂ ਰਾਮਲੱਲਾ ਦੇ ਕਥਿਤ ਰੂਪ ਵਿਚ ਪ੍ਰਗਟ ਹੋਣ ਤੋਂ ਬਾਅਦ ਹਿੰਦੂਤਵੀ ਤਾਕਤਾਂ ਵੱਲੋਂ ਲਾਊਡ-ਸਪੀਕਰਾਂ ਰਾਹੀਂ ਪ੍ਰਚਾਰ ਕਰਦੇ ਹੋਏ ਦੇਸ਼ ਦੇ ਹਿੰਦੂਆਂ ਨੂੰ ਅਯੁੱਧਿਆ ਪਹੁੰਚ ਕੇ ਭਗਵਾਨ ਸ਼੍ਰੀ ਰਾਮ ਚੰਦਰ ਜੀ ਦੇ ਦਰਸ਼ਨ ਕਰਨ ਲਈ ਤਿਆਰ ਕੀਤਾ ਜਾਂਦਾ ਰਿਹਾ ਸੀ, ਪਰ ਮੂਰਤੀਆਂ ਰੱਖੇ ਜਾਣ ਦੇ 24 ਘੰਟਿਆਂ ਬਾਅਦ ਵੀ ਅਯੁੱਧਿਆ ਵਿਚ ਨਾ ਤਾਂ ਕਿਧਰੇ ਕੋਈ ਜ਼ਿਆਦਾ ਤਣਾਅ ਸੀ ਤੇ ਨਾ ਹੀ ਮਸਜਿਦ ਦੇ ਕੋਲ ਏਨੀ ਭੀੜ ਕਿ ਪ੍ਰਸ਼ਾਸਨ ਇਸ ਅਨਿਆਂ ਨੂੰ ਉਸੇ ਵਕਤ ਸਹੀ ਨਾ ਕਰ ਪਾਉਂਦਾ। ਪਰ ਪ੍ਰਸ਼ਾਸਨ ਦੀ ਮਿਲੀਭੁਗਤ ਕਾਰਨ ਹੀ ਜਲਦੀ ਇਹ ਮਾਮਲਾ ਪੂਰੇ ਭਾਰਤ ਲਈ ਇਕ ਪ੍ਰਕਾਰ ਦੀ ਸਿਰਦਰਦੀ ਬਣ ਗਿਆ। ਭਾਵੇਂਕਿ ਜਵਾਹਰ ਲਾਲ ਨਹਿਰੂ ਅਤੇ ਸਰਦਾਰ ਪਟੇਲ ਜਿਹੇ ਨੇਤਾਵਾਂ ਨੇ ਵੀ ਇਸ ਘਟਨਾ ਨੂੰ ਗ਼ਲਤ ਸਵੀਕਾਰਦਿਆਂ ਮੂਰਤੀਆਂ ਰੱਖਣ ਦੀ ਘਟਨਾ ਨਾਲ਼ ਅਸਹਿਮਤੀ ਪ੍ਰਗਟਾਈ ਸੀ, ਪਰ ਗੋਬਿੰਦ ਵੱਲਭ ਪੰਤ ਜਿਹੇ ਨੇਤਾਵਾਂ ਉੱਪਰ ਨਹਿਰੂ-ਪਟੇਲ ਦੀਆਂ ਅਸਹਿਮਤੀਆਂ ਦਾ ਕੋਈ ਅਸਰ ਨਾ ਹੋਇਆ ਤੇ ਅਯੁੱਧਿਆ ਵਿਚ ਹਿੰਦੂਤਵੀਆਂ ਦੁਆਰਾ ਮੁਸਲਮਾਨਾਂ ਦੀਆਂ ਕਬਰਾਂ ਪੁੱਟ ਕੇ ਉੱਥੇ ਰਾਮਾਇਣ ਪਾਠ ਤੇ ਭੰਡਾਰੇ ਕੀਤੇ ਜਾਣੇ ਸ਼ੁਰੂ ਹੋ ਗਏ ਸਨ। ਹਿੰਦੂਆਂ ਦੀ ਇਕੱਠੀ ਭੀੜ ਇਸ ਗੱਲ ਨੂੰ ਵਾਰ-ਵਾਰ ਦੁਹਰਾ ਰਹੀ ਸੀ ਕਿ ਹੁਣ ਮੌਕਾ ਆ ਗਿਆ ਹੈ ਕਿ ਬਾਬਰੀ ਮਸਜਿਦ ਵਾਲੀ ਇਸ ਇਮਾਰਤ ਉੱਪਰ ਇਕ ਵਿਸ਼ਾਲ ਰਾਮ ਮੰਦਿਰ ਦੀ ਸਥਾਪਨਾ ਕੀਤੀ ਜਾਵੇ, ਕਿਉਂਕਿ ਇਹ ਮਸਜਿਦ ਹਿੰਦੂ ਮੰਦਿਰ ਨੂੰ ਹੀ ਤੋੜ ਕੇ ਬਣਾਈ ਗਈ ਹੈ, ਪਰ ਉਨ੍ਹਾਂ ਪਾਸ ਇਸ ਗੱਲ ਦਾ ਕੋਈ ਜੁਆਬ ਨਹੀਂ ਸੀ ਕਿ ਜੇਕਰ ਵਾਕਈ ਬਾਬਰੀ ਮਸਜਿਦ ਦਾ ਨਿਰਮਾਣ ਕਿਸੇ ਮੰਦਿਰ ਨੂੰ ਤੋੜ ਕੇ ਕੀਤਾ ਗਿਆ ਹੈ, ਤਾਂ ਉਸ ਵਕਤ ਅਯੁੱਧਿਆ ਹੀ ਰਹਿ ਰਹੇ ਭਗਵਾਨ ਸ਼੍ਰੀ ਰਾਮਚੰਦਰ ਜੀ ਦੇ ਸਭ ਤੋਂ ਵੱਡੇ ਭਗਤ ਆਖੇ ਜਾਣ ਵਾਲੇ ਤੁਲਸੀਦਾਸ ਜੀ ਨੇ ਆਪਣੀ ਕਿਸੇ ਰਚਨਾ ਅੰਦਰ ਇਸ ਗੱਲ ਦਾ ਜ਼ਿਕਰ ਕਿਉਂ ਨਹੀਂ ਕੀਤਾ? ਇਹੀ ਨਹੀਂ ਉਹ ਇਹ ਵੀ ਨਹੀਂ ਦੱਸ ਪਾ ਰਹੇ ਸਨ ਕਿ ਸਵਾਮੀ ਅਗ੍ਰਦਾਸ (1575), ਸਵਾਮੀ ਨਾਭਾਦਾਸ (1600) ਅਤੇ ਸਵਾਮੀ ਪ੍ਰਾਣਚੰਦ (1610) ਆਦਿ ਜਿਹੇ ਸਮਕਾਲੀ ਵੈਦਿਕ ਸਾਧਕਾਂ ਨੇ ਵੀ ਇਸ ਬਾਬਤ ਕਦੀ ਕੁਝ ਕਿਉਂ ਨਾ ਲਿਖਿਆ? ਇਹ ਬੜੀ ਹਾਸੋਹੀਣੀ ਪਰ ਦੁਖਦਾਈ ਗੱਲ ਹੈ ਕਿ ਹਿੰਦੂਤਵੀ ਤਾਕਤਾਂ ਦੁਆਰਾ ਅਯੁੱਧਿਆ ਸੰਬੰਧੀ ਸੁਪਰੀਮ ਕੋਰਟ ਵਿਚ ਜਿਸ ਗੁਰੂ ਨਾਨਕ ਸਾਹਿਬ ਨੂੰ ਰਾਮ ਦੇ ਹੱਕ ਵਿਚ ਜ਼ਬਰਦਸਤੀ ਭੁਗਤਾ ਕੇ ਇਹ ਆਖਿਆ ਗਿਆ ਹੈ ਕਿ ਉਹ ਵੀ ਰਾਮਚੰਦਰ ਜੀ ਦੇ ਅਸਥਾਨ ਉੱਪਰ ਦਰਸ਼ਨ ਕਰਨ ਹਿਤ ਗਏ ਸਨ, ਉਨ੍ਹਾਂ ਨੇ ਵੀ ਕਦੀ ਇਸ ਘਟਨਾ ਬਾਬਤ ਨਹੀਂ ਲਿਖਿਆ ਕਿ ਬਾਦਸ਼ਾਹ ਬਾਬਰ ਦੁਆਰਾ ਕਿਸੇ ਮੰਦਿਰ ਨੂੰ ਤੁੜਵਾ ਕੇ ਉੱਥੇ ਮਸਜਿਦ ਬਣਵਾਈ ਗਈ ਸੀ, ਜਦੋਂਕਿ ਸਾਨੂੰ ਉਨ੍ਹਾਂ ਦੀ ਬਾਣੀ ਅੰਦਰ ਬਾਬਰ ਦੇ ਸੈਦਪੁਰ ਵਿਖੇ ਕੀਤੇ ਗਏ ਜ਼ੁਲਮਾਂ ਦੀ ਭਲੀਭਾਂਤ ਗਵਾਹੀ ਪ੍ਰਾਪਤ ਹੁੰਦੀ ਹੈ। ਬੇਸ਼ੱਕ ਸਤਹੀ ਤੌਰ ’ਤੇ ਵੇਖਿਆਂ ਸਾਨੂੰ ਇਹ ਘਟਨਾ ਹਿੰਦੂ-ਮੁਸਲਿਮ ਲੋਕਾਂ ਦੇ ਆਪਸੀ ਸਹਿਚਾਰ ਪੂਰੀ ਤਰ੍ਹਾਂ ਖ਼ਤਮ ਹੋ ਜਾਣ, ਉਨ੍ਹਾਂ ਦੇ ਇਕ-ਦੂਸਰੇ ਦੇ ਧੁਰ ਵਿਰੋਧੀ ਬਣ ਜਾਣ ਜਾਂ ਅਜਿਹੀਆਂ ਹੀ ਕਈ ਸਾਰੀਆਂ ਹੋਰਨਾਂ ਗੱਲਾਂ ਦੇ ਸਾਹਮਣੇ ਆਉਣ ਦੀ ਗਵਾਹੀ ਦਿੰਦੀ ਜਾਪ ਸਕਦੀ ਹੈ, ਪਰ ਭਾਰਤ ਵਿਚ ਅਜੇ ਤੱਕ ਵੀ ਅਜਿਹਾ ਕੋਈ ਮਾਹੌਲ ਨਹੀਂ ਬਣਿਆ ਸੀ, ਜਿਸ ਨਾਲ਼ ਭਾਰਤ ਅੰਦਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਹੋਏ ਸਮਝੇ ਜਾਂਦੇ, ਜਿਸ ਤਰ੍ਹਾਂ ਦੇ ਹਾਲਾਤ ਸਾਨੂੰ ਇੱਥੇ 80ਵਿਆਂ ਤੋਂ ਬਾਅਦ ਪ੍ਰਾਪਤ ਹੁੰਦੇ ਹਨ। 

ਇਹ ਇਕ ਸਪਸ਼ਟ ਤੱਥ ਹੈ ਕਿ ਜਿਸ ਵਕਤ ਤੱਕ ਅਯੁੱਧਿਆ ਮਸਲੇ ਵਿਚ ਆਰ.ਐੱਸ.ਐੱਸ. ਦੀ ਇਕ ਜਥੇਬੰਧੀ ਵਿਸ਼ਵ ਹਿੰਦੂ ਪਰਿਸ਼ਦ ਦਾ ਦਾਖ਼ਲਾ ਨਹੀਂ ਹੋਇਆ ਸੀ, ਉਸ ਵਕਤ ਤੱਕ ਭਾਰਤ ਅੰਦਰ ਇਹ ਮਾਮਲਾ ਮਾਤਰ ਜ਼ਮੀਨ ਦੀ ਵੰਡਾਈ ਤੱਕ ਹੀ ਸੀਮਤ ਸੀ। ਇਹ ਵਿਸ਼ਵ ਹਿੰਦੂ ਪਰਿਸ਼ਦ ਹੀ ਸੀ, ਜਿਸ ਨੇ ਇਸ ਨੂੰ ਫ਼ਿਰਕੂ ਰੰਗਤ ਦਿੰਦਿਆਂ ਇਸ ਦੇ ਰਾਜਸੀ ਫ਼ਾਇਦੇ ਉਠਾਉਣ ਹਿਤ ਸਰਗਰਮਤਾ ਦਿਖਾਈ। ਬਾਅਦ ਵਿਚ ਵਿਸ਼ਵ ਹਿੰਦੂ ਪਰਿਸ਼ਦ ਦਾ ਹੀ ਅਨੁਸਰਣ ਕਾਂਗਰਸ ਪਾਰਟੀ ਦੁਆਰਾ ਕੀਤਾ ਜਾਣ ਲੱਗਾ ਤੇ ਇਸ ਪ੍ਰਕਾਰ ਇਹ ਸਾਰਾ ਮਸਲਾ ਹਿੰਦੂ-ਮੁਸਲਿਮ ਵਿਚ ਵਿਭਾਜਿਤ ਹੁੰਦਾ ਰਾਜਸੀ ਨੇਤਾਵਾਂ ਲਈ ਇਕ ਪ੍ਰਕਾਰ ਦਾ ਵੋਟ ਬੈਂਕ ਬਣ ਗਿਆ। ਭਾਵੇਂਕਿ ਇਸ ਮਸਲੇ ਉੱਪਰ ਭਾਰਤ ਦੀਆਂ ਸਾਰੀਆਂ ਹੀ ਰਾਜਸੀ ਧਿਰਾਂ ਨੇ ਆਪਣੇ-ਆਪਣੇ ਤਰੀਕੇ ਆਪਣੀਆਂ ਰਾਜਸੀ ਰੋਟੀਆਂ ਸੇਕੀਆਂ ਸਨ, ਪਰ ਇਹ ਭਾਜਪਾ ਹੀ ਸੀ, ਜਿਸ ਨੇ ਇਸ ਦਾ ਸਭ ਤੋਂ ਵੱਧ ਫ਼ਾਇਦਾ ਚੁੱਕਿਆ। ਭਾਜਪਾ ਨੇਤਾ ਲਾਲ ਕ੍ਰਿਸ਼ਨ ਅਡਵਾਨੀ ਨੇ ਆਪਣੀ ਰੱਥ-ਯਾਤਰਾ ਰਾਹੀਂ ਅਯੁੱਧਿਆ ਮਸਲੇ ਨੂੰ ਫ਼ਿਰਕੂ ਰੰਗਤ ਦਿੰਦਿਆਂ ਇਸ ਨੂੰ ਦੇਸ਼ ਭਰ ਵਿਚ ਪ੍ਰਸਾਰਿਤ ਕੀਤਾ। ਜਿਸ ਦਾ ਨਤੀਜ਼ਾ ਇਹ ਨਿੱਕਲਿਆ ਕਿ ਸਾਲ 1992 ਦੇ ਦਸੰਬਰ ਮਹੀਨੇ ਹਿੰਦੂਤਵੀ ਤਾਕਤਾਂ ਨੇ ਇਕ ਸੰਗਠਿਤ ਤਰੀਕੇ ਰਾਹੀਂ ਬਾਬਰੀ ਮਸਜਿਦ ਨੂੰ ਤੋੜ ਸੁੱਟਿਆ। ਇਹੀ ਨਹੀਂ ਉਨ੍ਹਾਂ ਦੁਆਰਾ ਫ਼ੈਲਾਈ ਗਈ ਹਿੰਸਾ ਵਿਚ ਦੇਸ਼ ਭਰ ਅੰਦਰ ਮੁਸਲਮਾਨਾਂ ਖ਼ਿਲਾਫ਼ ਹਿੰਦੂਆਂ ਨੂੰ ਲੜਨ ਲਈ ਤਿਆਰ ਕੀਤਾ ਗਿਆ। ਭਾਜਪਾ ਦੀ ਇਸ ਵਹਿਸ਼ੀ ਖੇਡ ਅੰਦਰ ਉਸ ਵਕਤ ਦੇ ਮੀਡੀਆ ਨੇ ਬਿਲਕੁਲ ਉਸੇ ਪ੍ਰਕਾਰ ਦੀ ਭੂਮਿਕਾ ਨਿਭਾਈ ਸੀ, ਜਿਸ ਪ੍ਰਕਾਰ ਦੀ ਭੂਮਿਕਾ ਉਹ ਅੱਜ ਨਿਭਾਅ ਰਿਹਾ ਹੈ। ਮੀਡੀਆ ਦੁਆਰਾ ਜਾਣ-ਬੁੱਝ ਕੇ ਅਨੇਕਾਂ ਉਨ੍ਹਾਂ ਲੋਕਾਂ ਨੂੰ ਮੁਸਲਮਾਨਾਂ ਦੁਆਰਾ ਜ਼ਬਰੀ ਕਤਲ ਕੀਤੇ ਗਏ ਵਿਖਾਇਆ ਗਿਆ, ਜਿਹੜੇ ਕਿ ਅਸਲੀਅਤ ਵਿਚ ਜਿਊਂਦੇ ਹੀ ਹੁੰਦੇ ਸਨ। ਪ੍ਰਸਿੱਧ ਪੱਤਰਕਾਰ ਸੀਤਲਾ ਸਿੰਘ ਨੇ ਆਪਣੀ ਕਿਤਾਬ “ਅਯੁੱਧਿਆ” ਅੰਦਰ ਮੀਡੀਆ ਦੇ ਇਸ ਕਰੂਪ ਚਿਹਰੇ ਨੂੰ ਭਲੀਭਾਂਤ ਉਜਾਗਰ ਕੀਤਾ ਹੈ। ਸੀਤਲਾ ਸਿੰਘ ਦਾ ਆਖਣਾ ਹੈ ਕਿ ਉਸ ਸਮੇਂ ਭਾਜਪਾ ਦੀ ਇਸ ਫ਼ਿਰਕੂ ਖੇਡ ਵਿਚ ਉੱਚ ਪੱਧਰ ਦੇ ਫੌਜੀ ਅਤੇ ਪੁਲਿਸ ਅਫਸਰ ਆਦਿ ਤੱਕ ਸ਼ਾਮਲ ਸਨ। ਕੋਈ ਵੀ ਸਾਧਾਰਨ ਪਾਠਕ ਇਸ ਕਰੂਰਮਈ ਵਰਤਾਰੇ ਨੂੰ ਇਸ ਗੱਲ ਤੋਂ ਹੀ ਸਮਝ ਸਕਦਾ ਹੈ ਕਿ ਸੁਪਰੀਮ ਕੋਰਟ ਦੁਆਰਾ ਹਿੰਦੂਆਂ ਦੇ ਹੱਕ ਵਿਚ ਅਯੁੱਧਿਆ ਮਸਲੇ ਦਾ ਫ਼ੈਸਲਾ ਸੁਣਾਉਂਦਿਆਂ ਹਿੰਦੂਤਵੀ ਤਾਕਤਾਂ ਵੱਲੋਂ 1992 ਵਿਚ ਕੀਤੇ ਗਏ ਘ੍ਰਿਣਿਤ ਵਿਵਹਾਰ ਦੀ ਆਲੋਚਨਾ ਵੀ ਕੀਤੀ ਹੈ। ਭਾਵੇਂਕਿ ਅਜਿਹੀ ਆਲੋਚਨਾ ਕਰਦਿਆਂ ਵੀ ਉਸ ਨੇ ਆਪਣਾ ਫ਼ੈਸਲਾ ਇਕ ਪ੍ਰਕਾਰ ਨਾਲ਼ ‘ਪੱਖਪਾਤੀ’ ਹੀ ਰੱਖਿਆ ਹੈ। ਬੇਸ਼ੱਕ ਹੁਣ ਸਾਰੀਆਂ ਧਿਰਾਂ ਸੁਪਰੀਮ ਕੋਰਟ ਦੁਆਰਾ ਦਿੱਤੇ ਗਏ ਫ਼ੈਸਲੇ ਨੂੰ ਪ੍ਰਵਾਨ ਕਰ ਚੁੱਕੀਆਂ ਹਨ, ਪਰ ਇਸ ਦਾ ਮਤਲਬ ਕਦੀ ਵੀ ਇਹ ਨਹੀਂ ਲਿਆ ਜਾਣਾ ਚਾਹੀਦਾ ਕਿ ਸੁਪਰੀਮ ਕੋਰਟ ਨੇ ਸਭ ਕੁਝ ਸਹੀ ਹੀ ਕੀਤਾ ਹੈ। ਮੈਂ ਸਮਝਦਾ ਹਾਂ ਕਿ ‘ਆਰਕਿਆਲੋਜਿਕਲ ਸਰਵੇ ਆਫ਼ ਇੰਡੀਆ’ ਦੀ ਜਿਸ ਰਿਪੋਰਟ ਨੂੰ ਸੁਪਰੀਮ ਕੋਰਟ ਨੇ ਆਪਣਾ ਆਧਾਰ ਬਣਾ ਕੇ ਇਹ ਫ਼ੈਸਲਾ ਦਿੱਤਾ ਹੈ, ਉਸ ਮੁਤਾਬਿਕ ਬਾਬਰੀ ਮਸਜਿਦ ਹੇਠਲੀਆਂ ਸੰਰਚਨਾਵਾਂ ਨੂੰ 12ਵੀਂ ਸਦੀ ਦਾ ਮੰਦਿਰ ਜਿਹਾ ਢਾਂਚਾ ਦੱਸਿਆ ਗਿਆ ਹੈ। ਪਰ ਇਹ ਵਾਕਈ ਮੰਦਿਰ ਹੀ ਸੀ, ਇਸ ਬਾਰੇ ਪੁਰਾਤਤਵ ਵਿਭਾਗ ਨੇ ਕੁਝ ਨਹੀਂ ਆਖਿਆ। ਇਸ ਸਥਿਤੀ ਵਿਚ ਇੱਥੇ ਮੰਦਿਰ ਨਿਰਮਾਣ ਕਰਨ ਦਾ ਫ਼ੈਸਲਾ ਦੇਣਾ ਆਪਣੇ-ਆਪ ਵਿਚ ਕਈ ਸਵਾਲ ਖੜ੍ਹੇ ਕਰਦਾ ਹੈ। ਸੁਪਰੀਮ ਕੋਰਟ ਵਿਚ ਹਿੰਦੂ ਪੱਖ ਮਾਤਰ ਇਹੀ ਸਾਬਤ ਕਰ ਪਾਇਆ ਹੈ ਕਿ ਸਾਲ 1858 ਤੋਂ ਲੈ ਕੇ ਵਿਵਾਦਿਤ ਢਾਂਚੇ ਦੇ ਬਾਹਰੀ ਚਬੂਤਰੇ ਉੱਪਰ ਉਨ੍ਹਾਂ ਦਾ ਕਬਜ਼ਾ ਹੈ, ਪਰ ਕੀ ਸੁਪਰੀਮ ਕੋਰਟ ਸੱਤਾ ਦੁਆਰਾ ਸਮਰਥਨ ਪ੍ਰਾਪਤ ਧਿਰਾਂ ਦੇ ਅਜਿਹੇ ਕਿਸੇ ਕਬਜ਼ੇ ਨੂੰ, ਜਿਹੜਾ ਕਿ ਪੂਰੀ ਤਰ੍ਹਾਂ ਨਾਜ਼ਾਇਜ਼ ਕਿਸਮ ਦਾ ਹੋਵੇ, ਮਾਨਤਾ ਪ੍ਰਦਾਨ ਕਰਦੀ ਹੈ? ਇਸ ਸਭ ਤੋਂ ਇਲਾਵਾ ਜੋ ਅਹਿਮ ਗੱਲ ਵੇਖਣ ਵਾਲੀ ਹੈ, ਉਹ ਇਹ ਹੈ ਕਿ ਅਦਾਲਤ ਖ਼ੁਦ ਇਹ ਸਵੀਕਾਰ ਕਰ ਕੇ ਚੱਲਦੀ ਹੈ ਕਿ ਇਸ ਮਾਮਲੇ ਦਾ ਫ਼ੈਸਲਾ ਸੁਣਾਉਂਦਿਆਂ ਉਸ ਨੇ ਮੂਲ ਤੱਥਾਂ ਤੇ ਤਰਕਾਂ ਦੇ ਨਾਲ਼-ਨਾਲ਼ ਆਸਥਾ ਨੂੰ ਵੀ ਆਪਣਾ ਕੇਂਦਰ ਬਣਾਇਆ ਹੈ। ਇਹ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਹੈ। ਭਾਰਤੀ ਸੰਵਿਧਾਨ ਜਾਂ ਦੰਡ ਸੰਹਿਤਾ ਅਨੁਸਾਰ ਆਸਥਾ ਕਦੀ ਵੀ ਕਾਨੂੰਨੀ ਰੂਪ ਵਿਚ ਵਿਚਾਰਨ ਯੋਗ ਮੁੱਦਾ ਨਹੀਂ ਹੈ। ਇਸ ਲਈ ਮਹਿਜ਼ ਇਹ ਵੇਖ ਕੇ ਫ਼ੈਸਲਾ ਲੈ ਲੈਣਾ ਕਿ ਇਕ ਧਿਰ ਕੋਲ ਕਬਜ਼ਾ ਹੈ ਤੇ ਉਸ ਦੀ ਉਸ ਕਬਜ਼ੇ ਉੱਪਰ ਧਾਰਮਿਕ ਮਾਨਤਾ ਹੈ, ਬੇਹੱਦ ਦੁਖਦਾਈ ਆਖਿਆ ਜਾ ਸਕਦਾ ਹੈ। ਸੁਪਰੀਮ ਕੋਰਟ ਜਦੋਂ ਖ਼ੁਦ ਇਹ ਮੰਨਦੀ ਹੈ ਕਿ ਉਸ ਕੋਲ ਇਸ ਗੱਲ ਦਾ ਕੋਈ ਸਬੂਤ ਨਹੀਂ ਕਿ ਮੰਦਿਰ ਤੋੜ ਕੇ ਹੀ ਮਸਜਿਦ ਬਣਾਈ ਗਈ ਸੀ, ਸਾਲ 1992 ਵਿਚ ਮਸਜਿਦ ਤੋੜਣੀ ਅਤੇ ਉਸ ਅੰਦਰ ਰਾਮਲੱਲਾ ਦੀ ਮੂਰਤੀ ਰੱਖਣਾ ਪੂਰੀ ਤਰ੍ਹਾਂ ਗ਼ਲਤ ਹੈ, ਫਿਰ ਮਾਤਰ ਆਸਥਾ ਅਤੇ ਪੁਰਾਤਤਵ ਵਿਭਾਗ ਦੇ ਅਧੂਰੇ ਦਾਅਵਿਆਂ ਦੇ ਆਧਾਰ ’ਤੇ ਰਾਮਲੱਲਾ ਨੂੰ ਕਾਨੂੰਨੀ ਪੱਖ ਮੰਨਦਿਆਂ ਆਪਣਾ ਫ਼ੈਸਲਾ ਦੇਣਾ ਬੜੀ ਹਾਸੋਹੀਣੀ ਜਿਹੀ ਗੱਲ ਹੈ। ਸੁਪਰੀਮ ਕੋਰਟ ਦਾ ਇਹ ਰਵੱਈਆ ਭਾਰਤੀ ਨਿਆਂ-ਪ੍ਰਬੰਧ ਦੀ ਗੰਭੀਰਤਾ ਉੱਪਰ ਇਕ ਵੱਡਾ ਪ੍ਰਸ਼ਨ-ਚਿੰਨ੍ਹ ਲਗਾਉਂਦਾ ਹੈ।

ਪਰਮਿੰਦਰ ਸਿੰਘ ਸ਼ੌਂਕੀ
ਸੰਪਰਕ: 94643-46677

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।