ਕੀ ਮਾਹੌਲ ਸੀ ਜਦੋਂ ਪਹਿਲੀ ਵਾਰ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ

ਕੀ ਮਾਹੌਲ ਸੀ ਜਦੋਂ ਪਹਿਲੀ ਵਾਰ ਧੁਰ ਕੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ

ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੀ ਸੰਪਾਦਨਾ ਦਾ ਮਹਾਨ ਕਾਰਜ ਸੰਮਤ 1661 ਬਿਕ੍ਰਮੀ (1604 ਈ:) ਨੂੰ ਸੰਪੂਰਨ ਹੋਇਆ ਸੀ। ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਇਸੇ ਸਾਲ ਹੀ ਭਾਦਰੋਂ ਸੁਦੀ ਏਕਮ ਵਾਲੇ ਦਿਨ ਬਾਬਾ ਬੁੱਢਾ ਜੀ ਦੇ ਸੀਸ ਉੱਪਰ ਬਿਰਾਜਮਾਨ ਕਰ ਨਗਰ ਕੀਰਤਨ ਦੇ ਰੂਪ ਵਿਚ ਸੰਗਤਾਂ ਦੀ ਸ਼ਮੂਲੀਅਤ ਨਾਲ ਸਤਿਨਾਮੁ-ਵਾਹਿਗੁਰੂ ਦਾ ਜਾਪ ਕਰਦਿਆਂ, ਫੁੱਲਾਂ ਦੀ ਵਰਖਾ ਕਰਦੇ ਹੋਏ, ਪੂਰਨ ਸ਼ਰਧਾ, ਸਤਿਕਾਰ ਅਤੇ ਪਿਆਰ ਨਾਲ ਸੁੰਦਰ ਪੀੜ੍ਹੇ ’ਤੇ ਸੁਭਾਇਮਾਨ ਕੀਤਾ ਗਿਆ। ਫਿਰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਹਾਜ਼ਰੀ ਵਿਚ ਸਮੂਹ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਬਿਰਾਜਮਾਨ ਹੋ ਗਈਆਂ। ਬਾਬਾ ਬੁੱਢਾ ਜੀ ਪਹਿਲੇ ਗ੍ਰੰਥੀ ਥਾਪੇ ਗਏ। ਬਾਬਾ ਬੁੱਢਾ ਜੀ ਨੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਥਮ ਪ੍ਰਕਾਸ਼ ਕਰਕੇ ਉਪਰੰਤ ਹੁਕਮਨਾਮਾ ਲਿਆ। ਇਸ ਸਮੇਂ ਨੂੰ ਭਾਈ ਸੰਤੋਖ ਸਿੰਘ ਜੀ ਲਿਖਤ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚ ਇਸ ਤਰ੍ਹਾਂ ਚਿਤਰਿਆ ਗਿਆ ਹੈ। 

“ਬੁੱਢਾ ਨਿਜ ਸਿਰ ਪਰ ਧਰਿ ਗ੍ਰਿੰਥ। ਆਗੇ ਚਲਹੁ ਸੁਧਾਸਰ ਪੰਥ।
ਮਾਨਿ ਬਾਕ ਲ ਭਯੋ ਅਗਾਰੇ। ਚਮਰ ਗੁਰੂ ਅਰਜਨ ਕਰ ਧਾਰੇ।29॥
ਸੰਖ ਅਨਿਕ ਲਘੁ ਦੁੰਦਭਿ ਬਾਜੇ। ਜੈ ਜੈ ਕਾਰ ਊਚ ਸੁਰ ਗਾਜੇ।
ਸੁੰਦਰ ਸ਼੍ਰੀ ਹਰਿ ਗੋਵਿੰਦ ਚੰਦ। ਸੰਗ ਚਲਤਿ ਹੁਇ ਸੋਭ ਬਿਲੰਦ॥30॥
ਹਰਿ ਮੰਦਿਰ ਮਹਿ ਜਾਇ ਪਹੂੰਚੇ। ਰਾਗੀ ਰਾਗ ਕਰਤਿ ਸੁਰ ਊਚੇ।
ਮੰਜੀ ਸਹਤ ਗ੍ਰਿੰਥ ਤਹਿ ਥਾਪਿ। ਬੈਠੇ ਨਿਕਟ ਗੁਰੂ ਤਬਿ ਆਪਿ॥31॥
ਵਾਰ ਭੋਗ ਕੋ ਸੁਨਿ ਮਨ ਲਾਈ। ਸ਼੍ਰੀ ਅਰਜਨ ਪੁਨ ਗਿਰਾ ਅਲਾਈ।
ਬੁੱਢਾ ਸਾਹਿਬ ਖੋਲਹੁ ਗ੍ਰਿੰਥ। ਲੇਹੁ ਅਵਾਜ਼ ਸੁਨਹਿ ਸਭਿ ਪੰਥ॥32॥
ਸੁਨਿ ਗੁਰ ਬਚਨ ਰੁਚਿਰ ਮਨਲਾਯਕ। ਸੱਤ ਬਾਕ ਮੁਖ ਜਲਜ ਅਲਾਇਕ।
ਅਦਬ ਸੰਗ ਤਬਿ ਗ੍ਰਿੰਥ ਸੁ ਖੋਲਾ। ਲੇ ਅਵਾਜ਼ ਬੁੱਢਾ ਮੁਖ ਬੋਲਾ॥33॥

ਸੂਹੀ ਮਹਲਾ ੫।।
ਸੰਤਾ ਕੇ ਕਾਰਜਿ ਆਪਿ ਖਲੋਇਆ
ਹਰਿ ਕੰਮ ਕਰਾਵਣਿ ਆਇਆ ਰਾਮ॥
ਧਰਤਿ ਸੁਹਾਵੀ ਤਾਲੁ ਸੁਹਾਵਾ
ਵਿਚਿ ਅੰਮ੍ਰਿਤ ਜਲੁ ਛਾਇਆ ਰਾਮ॥
ਅੰਮ੍ਰਿਤ ਜਲੁ ਛਾਇਆ ਪੂਰਨ
ਸਾਜੁ ਕਰਾਇਆ ਸਗਲ ਮਨੋਰਥ ਪੂਰੇ॥
ਜੈ ਜੈ ਕਾਰੁ ਭਇਆ ਜਗ ਅੰਤਰਿ
ਲਾਥੇ ਸਗਲ ਵਿਸੂਰੇ॥
ਪੂਰਨ ਪੁਰਖ ਅਚੁਤ ਅਬਿਨਾਸੀ
ਜਸੁ ਵੇਦ ਪੁਰਾਣੀ ਗਾਇਆ॥
ਅਪਨਾ ਬਿਰਦੁ ਰਖਿਆ ਪਰਮੇਸਰਿ
ਨਾਨਕ ਨਾਮੁ ਧਿਆਇਆ॥੧॥

ਚੌਪਈ॥
ਸੁਨਿ ਸਭਿਹੂੰ ਤਬਿ ਸੀਸ ਨਿਵਾਯੋ। ਦੀਨ ਬੰਧੁ ਪ੍ਰਭ ਤਿਨ ਲਖਿ ਪਾਯੋ।
ਸ਼੍ਰੀ ਗੁਰ ਕਰ ਤੇ ਚਮਰ ਫਿਰੰਤਾ। ਬੁੱਢਾ ਜਪੁਜੀ ਪਾਠ ਕਰੰਤਾ॥34॥
ਸੰਗਤਿ ਧੰਨ ਧੰਨ ਸੁਨਿ ਕਹੈ। ਅਧਿਕ ਅਨੰਦ ਪ੍ਰੇਮ ਤੇ ਲਹੈ।
ਜਪੁਜੀ ਭੋਗ ਪਾਇ ਜੈਕਾਰਾ। ਸੀਸ ਨਿਵਾਵਤਿ ਸਭਿਨਿ ਉਚਾਰਾ॥35॥”

(ਹਵਾਲਾ: ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਜਿਲਦ ਛੇਵੀਂ ਕਵਿ ਚੂੜਾਮਣਿ ਭਾਈ ਸੰਤੋਖ ਸਿੰਘ ਜੀ, ਸੰਪਾਦਕ ਭਾਈ ਵੀਰ ਸਿੰਘ ਜੀ, ਭਾਸ਼ਾ ਵਿਭਾਗ ਪੰਜਾਬ, ਚੰਡੀਗੜ੍ਹ, 1990)