ਅਫਗਾਨਿਸਤਾਨ ਦੀਆਂ ਘੱਟ ਗਿਣਤੀਆਂ ਬਾਰੇ ਫਿਕਰਮੰਦੀ ਜ਼ਾਹਰ ਕਰਨ 'ਤੇ ਸਿੱਖਾਂ ਨੇ ਅਮਰੀਕੀ ਕਾਂਗਰਸ ਦਾ ਧੰਨਵਾਦ ਕੀਤਾ

ਅਫਗਾਨਿਸਤਾਨ ਦੀਆਂ ਘੱਟ ਗਿਣਤੀਆਂ ਬਾਰੇ ਫਿਕਰਮੰਦੀ ਜ਼ਾਹਰ ਕਰਨ 'ਤੇ ਸਿੱਖਾਂ ਨੇ ਅਮਰੀਕੀ ਕਾਂਗਰਸ ਦਾ ਧੰਨਵਾਦ ਕੀਤਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਮਰੀਕੀ ਸਿੱਖ ਆਗੂਆਂ ਨੇ , ਅਮਰੀਕੀ ਕਾਂਗਰਸ ਵਿੱਚ ਅਫ਼ਗਾਨਿਸਤਾਨ ਵਿੱਚ ਰਹਿ ਰਹੇ ਹਿੰਦੂ ਅਤੇ ਸਿੱਖ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਪੇਸ਼ ਕੀਤੇ ਗਏ ਇੱਕ ਮਤੇ ਤੇ ਅਮਰੀਕੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ।

ਅਮਰੀਕਾ ਦੇ ਪ੍ਰਤੀਨਿਧ ਸਦਨ ਵਿੱਚ ਅਮਰੀਕੀ ਕਾਂਗਰਸ ਵੁਮੈਨ ਜੈਕੀ ਸਪੀਅਰ ਅਤੇ ਉਨ੍ਹਾਂ ਦੇ ਨਾਲ ਹੋਰ ਸੱਤ ਕਾਂਗਰਸ ਮੈਂਬਰਾਂ ਵੱਲੋਂ ਪਿਛਲੇ ਹਫ਼ਤੇ ਪੇਸ਼ ਕੀਤੇ ਗਏ ਇੱਕ ਮਤੇ ਵਿੱਚ , ਅਫਗਾਨਿਸਤਾਨ 'ਚ ਮੁਸ਼ਕਿਲ ਭਰੇ ਹਾਲਾਤਾਂ ਵਿਚ ਰਹਿ ਰਹੇ ਸਿੱਖ ਅਤੇ ਹਿੰਦੂਆਂ ਲਈ ਨਾ ਸਿਰਫ ਸੁਰੱਖਿਆ ਦੀ ਮੰਗ ਕੀਤੀ ਹੈ ਬਲਕਿ ਉਨ੍ਹਾਂ ਨੂੰ ਸ਼ਰਨਾਰਥੀ ਕਾਨੂੰਨ ਤਹਿਤ ਅਮਰੀਕਾ ਲਿਆਉਣ ਦੀ ਹਮਾਇਤ ਵੀ ਕੀਤੀ ਹੈ।

ਅਮਰੀਕੀ ਮੈਂਬਰਾਂ ਵੱਲੋਂ ਪੇਸ਼ ਕੀਤੇ ਗਏ ਮਤੇ ਵਿੱਚ ਫਿਕਰ ਜ਼ਾਹਿਰ ਕਰਦੇ ਹੋਏ ਕਿਹਾ ਹੈ ਕਿ ਇਸ ਵੇਲੇ ਅਫਗਾਨਿਸਤਾਨ 'ਚ ਇੱਕ ਵਿਧੀਗਤ ਤਰੀਕੇ ਨਾਲ ਉੱਥੇ ਰਹਿ ਰਹੇ ਸਿੱਖ ਅਤੇ ਹਿੰਦੂ ਭਾਈਚਾਰੇ ਉੱਤੇ ਧਾਰਮਿਕ ਅੱਤਿਆਚਾਰ ਕੀਤਾ ਜਾ ਰਿਹਾ ਹੈ ਜਿਹੜਾ ਕਿ ਉਨ੍ਹਾਂ ਦੀ ਹੋਂਦ ਦੇ ਖ਼ਤਰੇ ਨੂੰ ਜ਼ਾਹਿਰ ਕਰਦਾ ਹੈ।

ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ ਦੇ ਬੁਲਾਰੇ ਹਰਜਿੰਦਰ ਸਿੰਘ ਅਤੇ ਕਾਰਡੀਨੇਟਰ ਹਿੰਮਤ ਸਿੰਘ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾ. ਪ੍ਰਿਤਪਾਲ ਸਿੰਘ ਨੇ ਅਮਰੀਕਨ ਕਾਂਗਰਸ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਅਫਗਾਨਿਸਤਾਨ 'ਚ ਰਹਿ ਰਹੇ ਘੱਟ ਗਿਣਤੀ ਭਾਈਚਾਰੇ ਦੇ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਅਤੇ ਹੋਰ ਕਾਂਗਰਸਮੈਨ ਲਗਾਤਾਰ ਕੋਸ਼ਿਸ਼ ਕਰ ਰਹੇ ਹਨ।

ਡਾ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਕੁਝ ਸਾਲ ਪਹਿਲਾਂ ਤੱਕ ਅਫਗਾਨਿਸਤਾਨ 'ਚ ਸਿੱਖਾਂ ਦੀ ਗਿਣਤੀ ਇੱਕ ਲੱਖ ਦੇ ਕਰੀਬ ਸੀ ਜਿਹੜੀ ਕਿ ਲਗਾਤਾਰ ਵੱਧ ਰਹੇ ਤਸ਼ੱਦਦ ਕਰਕੇ ਘਟਦੇ ਘਟਦੇ ਹੁਣ ਹਜ਼ਾਰ ਤੋਂ ਘੱਟ ਹੋ ਗਈ ਹੈ। ਉਨ੍ਹਾਂ ਨੇ ਫਿਕਰਮੰਦ ਹੁੰਦੇ ਹੋਏ ਦੱਸਿਆ ਕਿ ਪਿਛਲੇ ਦਿਨਾਂ ਵਿੱਚ ਕਾਬੁਲ ਸਥਿਤ ਇਤਿਹਾਸਕ ਗੁਰਦੁਆਰਾ ਸਾਹਿਬ 'ਤੇ ਹੋਏ ਇਕ ਅੱਤਵਾਦੀ ਹਮਲੇ ਵਿੱਚ ਸਤਾਈ ਤੋਂ ਵੱਧ ਸਿੱਖਾਂ ਦੀ ਜਾਨ ਚਲੀ ਗਈ ਸੀ। ਇਹਦੇ ਇਲਾਵਾ ਉੱਥੇ ਰਹਿ ਰਹੇ ਘੱਟ ਗਿਣਤੀ ਦੇ ਪਰਿਵਾਰਾਂ ਦੀਆਂ ਬੱਚੀਆਂ ਵੀ ਸੁਰੱਖਿਅਤ ਨਹੀਂ ਹਨ।

ਡਾ ਪ੍ਰਿਤਪਾਲ ਸਿੰਘ ਨੇ ਅਮਰੀਕਨ ਸਿੱਖ ਕਾਂਗਰੈਸ਼ਨਲ ਕਾਕਸ ਦੇ ਚੇਅਰਮੈਨ ਜੌਨ ਗਾਰਾਮੈਂਡੀ ਅਤੇ ਕੋ ਚੇਅਰਮੈਨ ਟੀ ਜੇ ਕੌਕਸ ਦਾ ਉੱਚੇਚੇ ਤੌਰ 'ਤੇ ਧੰਨਵਾਦ ਕਰਦੇ ਹੋਏ ਕਿਹਾ ਕੇ ਸਿੱਖ ਕਾਕਸ ਦੇ ਮੈਂਬਰ ਅਫਗਾਨਿਸਤਾਨ 'ਚ ਧਾਰਮਿਕ ਤਸ਼ੱਦਦ ਸਹਿੰਦੇ ਹੋਏ ਰਹਿ ਰਹੇ ਘੱਟ ਗਿਣਤੀਆਂ ਦੇ ਮਸਲੇ ਨੂੰ ਉੱਚੇਚੇ ਤੌਰ 'ਤੇ ਅਮਰੀਕੀ ਕਾਂਗਰਸ 'ਚ ਚੁੱਕ ਰਹੇ ਹਨ।

ਅਮਰੀਕੀ ਸਿੱਖ ਬੁਲਾਰੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪੇਸ਼ ਕੀਤੇ ਗਏ ਮਤੇ ਵਿੱਚ ਅਫਗਾਨਿਸਤਾਨ 'ਚ ਸਿੱਖਾਂ ਅਤੇ ਹਿੰਦੂਆਂ ਦੀ ਸੁਰੱਖਿਆ ਲਈ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਇਨ੍ਹਾਂ ਤੇ ਹੋ ਰਹੇ ਲਗਾਤਾਰ ਅੱਤਵਾਦੀ ਹਮਲਿਆਂ ਦੀ ਨਿੰਦਾ ਕੀਤੀ ਗਈ ਹੈ। ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਮਤੇ ਨੂੰ ਕਾਂਗਰਸ ਵੁਮੈਨ ਜੈਕੀ ਸਪੀਅਰ, ਕਾਂਗਰਸਮੈਨ ਜੌਨ ਗਾਰਾਮੈਂਡੀ, ਟੀ ਜੇ ਕੋਕਸ, ਜਿਮ ਕੋਸਟਾ, ਐਂਡਰੀ ਕਾਰਸਨ, ਜਿੰਮ ਮੈਕ ਗਵਰਨ, ਸ੍ਰੀਮਤੀ ਵੈਟਸਨ ਕੋਲਮੈਨ, ਕਾਂਗਰਸ ਵੁਮੈਨ ਜੋਏ ਲੋਫਗ੍ਰੇਨ ਅਤੇ ਕਾਂਗਰਸ ਮੈਨ ਜੇਮੀ ਰਸਕਿਨ ਨੇ ਪੇਸ਼ ਕੀਤਾ।

ਇਨ੍ਹਾਂ ਅਮਰੀਕੀ ਸਿੱਖ ਆਗੂਆਂ ਨੇ ਦੱਸਿਆ ਕਿ ਉਹ ਵਿਧੀਗਤ ਤੌਰ 'ਤੇ ਅਫ਼ਗਾਨਿਸਤਾਨ ਵਿੱਚ ਤਸ਼ੱਦਦ ਸਹਿ ਰਹੇ ਸਿੱਖ ਅਤੇ ਹਿੰਦੂ ਘੱਟ ਗਿਣਤੀ ਦੇ ਲੋਕਾਂ ਦੀ ਸੁਰੱਖਿਆ ਲਈ ਅਮਰੀਕੀ ਕਾਂਗਰਸ ਮੈਂਬਰਾਂ ਵੱਲੋਂ ਚੁੱਕੇ ਜਾ ਰਹੇ ਕਦਮਾਂ ਦੀ ਸ਼ਲਾਘਾ ਕਰਦੇ ਹਨ।