ਜੇਐਨਯੂ ਹਿੰਸਾ: ਚਾਰ ਐਫਆਈਆਰ ਦਰਜ; ਕੁੱਟਮਾਰ ਦੀ ਸ਼ਿਕਾਰ ਵਿਦਿਆਰਥੀ ਕਾਉਂਸਲ ਦੀ ਪ੍ਰਧਾਨ ਨੂੰ ਵੀ ਨਾਮਜ਼ਦ ਕੀਤਾ

ਜੇਐਨਯੂ ਹਿੰਸਾ: ਚਾਰ ਐਫਆਈਆਰ ਦਰਜ; ਕੁੱਟਮਾਰ ਦੀ ਸ਼ਿਕਾਰ ਵਿਦਿਆਰਥੀ ਕਾਉਂਸਲ ਦੀ ਪ੍ਰਧਾਨ ਨੂੰ ਵੀ ਨਾਮਜ਼ਦ ਕੀਤਾ
ਅਇਸ਼ੇ ਘੋਸ਼

ਨਵੀਂ ਦਿੱਲੀ: ਜੇਐਨਯੂ ਹਿੰਸਾ ਦੇ ਮਾਮਲੇ 'ਚ ਦਿੱਲੀ ਪੁਲਿਸ ਨੇ ਐਫਆਰੀਆਰ ਦਰਜ ਕੀਤੀ ਹੈ। ਇਸ ਹਿੰਸਾ 'ਚ ਜ਼ਖਮੀ ਹੋਈ ਜੇਐਨਯੂ ਵਿਦਿਆਰਥੀ ਕੋਂਸਲ ਦੀ ਪ੍ਰਧਾਨ ਵਿਦਿਆਰਥਣ ਅਇਸ਼ੇ ਘੋਸ਼ ਨੂੰ ਵੀ ਦੋਸ਼ੀ ਵਜੋਂ ਨਾਮਜ਼ਦ ਕੀਤਾ ਗਿਆ ਹੈ। ਆਈਸ਼ੇ ਘੋਸ਼ ਅਤੇ 19 ਹੋਰਾਂ ਖਿਲਾਫ ਯੂਨੀਵਰਸਿਟੀ ਦੇ ਇੰਟਰਨੈੱਟ ਸਰਵਰ ਕਮਰੇ ਵਿੱਚ ਭੰਨਤੋੜ ਦਾ ਦੋਸ਼ ਲਾਇਆ ਗਿਆ ਹੈ। 

ਆਇਸ਼ੇ ਘੋਸ਼ ਖਿਲਾਫ ਭਾਰਤੀ ਪੈਨਲ ਕੋਡ ਦੀ ਧਾਰਾ 341, 323 ਅਤੇ 506 ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਲੋਕ ਸੰਪੱਤੀ ਨੂੰ ਨੁਕਸਾਨ ਪਹੁੰਚਾਉਣ ਦੀਆਂ ਕਈ ਧਾਰਾਵਾਂ ਵੀ ਸ਼ਾਮਲ ਕੀਤੀਆਂ ਗਈਆਂ ਹਨ। 

ਦੱਸ ਦਈਏ ਕਿ ਜੇਐਨਯੂ ਵਿੱਚ ਐਤਵਾਰ ਰਾਤ ਨੂੰ ਹੋਈ ਹਿੰਸਾ ਦੇ ਮਾਮਲੇ 'ਚ ਹੁਣ ਤੱਕ ਪੁਲਿਸ ਨੇ ਚਾਰ ਐਫਆਈਆਰ ਦਰਜ ਕੀਤੀਆਂ ਹਨ। ਇੱਕ ਐਫਆਈਆਰ 4 ਜਨਵਰੀ ਨੂੰ ਜੇਐਨਯੂ ਪ੍ਰਸ਼ਾਸਨ ਦੀ ਸ਼ਿਕਾਇਤ 'ਤੇ ਰਜਿਸਟ੍ਰੇਸ਼ਨ ਪ੍ਰਣਾਲੀ 'ਚ ਵਿਘਨ ਪਾਉਣ ਦੇ ਦੋਸ਼ਾਂ ਅਧੀਨ ਦਰਜ ਕੀਤੀ ਗਈ। ਜਾਣਕਾਰੀ ਮੁਤਾਬਿਕ ਇਹ ਰਜਿਸਟ੍ਰੇਸ਼ਨ ਵਿਦਿਆਰਥੀਆਂ ਦੀ ਅਗਲੀ ਛਿਮਾਹੀ ਲਈ ਦਾਖਲੇ ਵਜੋਂ ਕਰਵਾਈ ਜਾ ਰਹੀ ਸੀ। ਦੋਸ਼ ਲਾਇਆ ਗਿਆ ਹੈ ਕਿ ਕੁੱਝ ਵਿਦਿਆਰਥੀਆਂ ਨੇ ਇਸ ਕਾਰਵਾਈ ਨੂੰ ਰੋਕ ਦਿੱਤਾ। 
ਦੂਜੀ ਅਤੇ ਤੀਜੀ ਐਫਆਈਆਰ 4 ਜਨਵਰੀ ਨੂੰ ਰਜਿਸਟ੍ਰੇਸ਼ਨ ਕਾਰਵਾਈ ਵਿੱਚ ਵਿਘਨ ਪਾਉਣ ਮੌਕੇ ਹੋਈ ਹੱਥੋਪਾਈ ਬਾਰੇ ਦਰਜ ਕੀਤੀ ਗਈ ਸੀ।

ਚੌਥੀ ਐਫਆਈਆਰ ਜੇਐਨਯੂ ਵਿੱਚ ਐਤਵਾਰ ਰਾਤ ਨੂੰ ਹੋਈ ਹਿੰਸਾ ਸਬੰਧੀ ਦਰਜ ਕੀਤੀ ਗਈ ਹੈ। ਇਹ ਐਫਆਈਆਰ ਅਣਪਛਾਤਿਆਂ ਖਿਲਾਫ ਦਰਜ ਕੀਤੀ ਗਈ ਹੈ।

ਹਿੰਸਾ ਸਬੰਧੀ ਐਫਆਈਆਰ ਵਿੱਚ ਕੀ ਕਿਹਾ ਗਿਆ:
ਹਿੰਸਾ ਸਬੰਧੀ ਵਸੰਤ ਕੁੰਜ ਥਾਣੇ ਵਿਖੇ ਦਰਜ ਐਫਆਈ ਆਰ ਵਿੱਚ ਇੰਸਪੈਕਟਰ ਅਨੰਦ ਯਾਦਵ ਨੇ ਬਿਆਨ ਦਿੱਤਾ ਹੈ ਕਿ ਪਿਛਲੇ ਕੁੱਝ ਦਿਨਾਂ ਤੋਂ ਯੂਨੀਵਰਸਿਟੀ ਵਿੱਚ ਫੀਸ ਵਾਧੇ ਅਤੇ ਹੋਰ ਮਸਲਿਆਂ ਨੂੰ ਲੈ ਕੇ ਵਿਦਿਆਰਥੀਆਂ ਦਾ ਪ੍ਰਦਰਸ਼ਨ ਚੱਲ ਰਿਹਾ ਸੀ ਅਤੇ ਦਿੱਲੀ ਹਾਈ ਕੋਰਟ ਦੇ ਨਿਰਦੇਸ਼ਾਂ ਮੁਤਾਬਿਕ ਪ੍ਰਸ਼ਾਸਨਿਕ ਬਲਾਕ ਦੇ 100 ਮੀਟਰ ਘੇਰੇ ਦੇ ਅੰਦਰ ਪ੍ਰਦਰਸ਼ਨ ਕਰਨ 'ਤੇ ਰੋਕ ਲਾਈ ਗਈ ਸੀ। ਇਸ ਲਈ ਪੁਲਿਸ ਉੱਥੇ ਪੱਕੇ ਤੌਰ 'ਤੇ ਤੈਨਾਤ ਸੀ। 

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਸ਼ਾਮ 3.34 ਦੇ ਕਰੀਬ ਉਹਨਾਂ ਨੂੰ ਜਾਣਕਾਰੀ ਮਿਲੀ ਕਿ ਪੈਰੀਅਰ ਹੋਸਟਲ ਅੰਦਰ ਭੰਨਤੋੜ ਹੋ ਰਹੀ ਹੈ। ਯਾਦਵ ਨੇ ਬਿਆਨ ਦਿੱਤਾ ਕਿ ਜਦੋਂ ਉਹ ਉਸ ਥਾਂ ਪਹੁੰਚੇ ਤਾਂ ਉੱਥੇ 40 ਤੋਂ 50 ਨਕਾਬਪੋਸ਼ ਲੋਕ ਹੱਥਾਂ ਵਿੱਚ ਲੋਹੇ ਦੀਆਂ ਰਾੜਾਂ ਅਤੇ ਡਾਂਗਾਂ ਲੈ ਕੇ ਹੋਸਟਲ ਵਿੱਚ ਅਤੇ ਬਾਹਰ ਵਿਦਿਆਰਥੀਆਂ ਨਾਲ ਕੁੱਟਮਾਰ ਕਰ ਰਹੇ ਸਨ। ਉਹਨਾਂ ਕਿਹਾ ਕਿ ਜਦੋਂ ਉਹ ਪੁਲਿਸ ਪਾਰਟੀ ਨਾਲ ਉੱਥੇ ਪਹੁਮਚੇ ਤਾਂ ਇਹ ਲੋਕ ਉੱਥੋਂ ਦੌੜ ਗਏ।

ਉਹਨਾਂ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਕੋਲੋਂ ਪ੍ਰਵਾਨਗੀ ਮਿਲਣ ਮਗਰੋਂ ਹੋਰ ਪੁਲਿਸ ਯੂਨੀਵਰਸਿਟੀ ਅੰਦਰ ਦਾਖਲ ਹੋਈ। ਉਹਨਾਂ ਕਿਹਾ ਕਿ ਪੁਲਿਸ ਨੂੰ 7 ਵਜੇ ਜਾਣਕਾਰੀ ਮਿਲੀ ਕਿ ਇਹ 40 ਤੋਂ 50 ਹਮਲਾਵਰ ਸਾਬਰਮਤੀ ਹੋਸਟਲ 'ਚ ਦਾਖਲ ਹੋ ਕੇ ਵਿਦਿਆਰਥੀਆਂ ਨਾਲ ਕੁੱਟਮਾਰ ਕਰ ਰਹੇ ਹਨ। ਉਹਨਾਂ ਦੇ ਦੱਸਣ ਮੁਤਾਬਿਕ ਪੁਲਿਸ ਦੇ ਸਾਹਮਣੇ ਵੀ ਉਹ ਹੋਸਟਲਾਂ ਦੀ ਭੰਨਤੋੜ ਕਰਦੇ ਰਹੇ। 

ਐਫਆਈਆਰ ਵਿੱਚ ਕਿਹਾ ਗਿਆ ਹੈ ਕਿ ਬੇਕਾਬੂ ਭੀੜ ਨੇ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਉਹ ਉੱਥੋਂ ਫਰਾਰ ਹੋ ਗਏ। 
 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।