ਫਤਹਿਵੀਰ ਨੂੰ ਬਚਾਉਣ ਦੀ ਥਾਂ ਜ਼ਿਆਦਾ ਜ਼ੋਰ ਮਸ਼ਹੂਰੀਆਂ 'ਤੇ ਲੱਗਿਆ

ਫਤਹਿਵੀਰ ਨੂੰ ਬਚਾਉਣ ਦੀ ਥਾਂ ਜ਼ਿਆਦਾ ਜ਼ੋਰ ਮਸ਼ਹੂਰੀਆਂ 'ਤੇ ਲੱਗਿਆ

ਫਤਹਿਵੀਰ ਸਿੰਘ ਨੂੰ ਬੋਰ ਵਿੱਚ ਡਿਗਿਆਂ 5 ਦਿਨਾਂ ਦਾ ਸਮਾਂ ਬੀਤ ਚੁੱਕਿਆ ਹੈ ਤੇ ਇਸ ਘਟਨਾ ਨੂੰ ਮੈਂ ਨੇੜਿਓਂ ਤੱਕਦਾ ਰਿਹਾ ਹਾਂ। ਜਿੱਥੇ ਮੀਡੀਆ ਲਈ ਇਹ ਘਟਨਾ ਇੱਕ ਟੀਆਰਪੀ ਵਧਾਉਣ ਦਾ ਸਾਧਨ ਬਣ ਗਈ ਉੱਥੇ ਡੇਰਾ ਪ੍ਰੇਮੀਆਂ ਨੇ ਵੀ ਇਸ ਨੂੰ ਆਪਣੀ ਮਸ਼ਹੂਰੀ ਲਈ ਵਰਤਣ ਵਿੱਚ ਮੀਡੀਆ ਨਾਲੋਂ ਕੋਈ ਵੀ ਕਸਰ ਘੱਟ ਨਹੀਂ ਛੱਡੀ। ਇਸ ਸਭ ਕਾਸੇ ਦੌਰਾਨ ਸਭ ਤੋਂ ਸ਼ਰਮਨਾਕ ਵਤੀਰਾ ਪੰਜਾਬ ਦੇ ਮੁੱਖ ਮੰਤਰੀ ਅਤੇ ਉਸ ਦੇ ਵਜ਼ੀਰਾਂ ਦਾ ਰਿਹਾ ਜੋ ਸ਼ਾਇਦ ਸੱਤਾ ਦੇ ਹੰਕਾਰ ਵਿੱਚ ਇਸ ਪੱਧਰ ਤੱਕ ਗਲਤਾਨ ਹੋ ਚੁੱਕਿਆ ਹੈ ਕਿ ਉਸ ਨੂੰ ਆਪਣੇ ਸੱਜਣਾਂ ਤੋਂ ਵਿਹਲ ਹੀ ਨਹੀਂ ਤੇ ਉਹ ਕਿਸੇ ਹੈਂਕੜ ਬਾਜ਼ ਰਾਜੇ ਵਾਂਗ ਵਿਹਾਰ ਕਰ ਰਿਹਾ ਹੈ।

ਸਭ ਤੋਂ ਪਹਿਲਾਂ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਪੰਜਾਬ ਉਹ ਖਿੱਤਾ ਹੈ ਜਿੱਥੇ ਤੁਸੀਂ ਆਮ ਦੇਖ ਸਕਦੇ ਹੋ ਕਿ ਜਦੋਂ ਕੋਈ ਸਮੱਸਿਆ ਕਿਸੇ 'ਤੇ ਪਵੇ ਜਾਂ ਕੋਈ ਹਾਦਸਾ ਵਾਪਰੇ ਤਾਂ ਲੋਕ ਆਪ ਮੁਹਾਰੇ ਉਸ ਮੌਕੇ ਮਦਦ ਕਰਨ ਲਈ ਭੱਜਦੇ ਹਨ। ਇਹ ਉਹ ਲੋਕ ਹਨ ਜਿਹਨਾਂ ਨੇ ਜੰਗਾਂ ਵੇਲੇ ਵਰ੍ਹਦੇ ਗੋਲਿਆਂ ਵਿੱਚ ਫੌਜੀਆਂ ਦੀ ਮਦਦ ਕਰਨ ਤੋਂ ਪਾਸਾ ਨਹੀਂ ਵੱਟਿਆ, ਹਲਾਂਕਿ ਉਹ ਦੂਜੀ ਗੱਲ ਹੈ ਕਿ ਇਹਨਾਂ ਹੀ ਲੋਕਾਂ 'ਤੇ ਉਹੀ ਫੌਜਾਂ ਕੁੱਝ ਸਾਲਾਂ ਬਾਅਦ ਹਮਲਾਵਰ ਹੋ ਚੜ੍ਹ ਆਈਆਂ। ਜ਼ਿਆਦਾ ਦੂਰ ਕਿਉਂ ਜਾਣਾ ਆਮ ਦੇਖ ਸਕਦੇ ਹੋ ਕਿ ਭਾਰਤੀ ਨਿਜ਼ਾਮ ਦੇ ਕਰਿੰਦੇ ਇਹਨਾਂ ਲੋਕਾਂ ਦੇ ਲੰਗਰਾਂ ਵਿੱਚੋਂ ਪ੍ਰਸ਼ਾਦੇ ਛਕਣ ਮਗਰੋਂ ਇਹਨਾਂ ਲੋਕਾਂ 'ਤੇ ਹੀ ਡਾਂਗਾਂ ਚਲਾਉਂਦੇ ਹਨ ਪਰ ਇਹਨਾਂ ਲੋਕਾਂ ਨੇ ਕਦੇ ਪ੍ਰਸ਼ਾਦਾ ਛਕਾਉਣ ਤੋਂ ਇਨਕਾਰ ਨਹੀਂ ਕੀਤਾ। 

ਫਤਹਿਵੀਰ ਦੇ ਮਾਮਲੇ 'ਚ ਜਿੱਥੇ ਦਿਸ ਰਿਹਾ ਹੈ ਕਿ ਦੋ ਤਰ੍ਹਾਂ ਦੇ ਲੋਕ ਪਹਿਲੇ ਦਿਨ ਤੋਂ ਹੀ ਬਚਾਅ ਕਾਰਜ ਵਿੱਚ ਲੱਗੇ ਹੋਏ ਹਨ। ਚਲਦੀਆਂ ਵੀਡੀਓ ਵਿੱਚ ਆਮ ਦੇਖ ਸਕਦੇ ਹੋ ਇਕ ਕਤਾਰ ਆਮ ਕੱਪਿੜਆਂ ਵਿੱਚ ਖੜੇ ਲੋਕਾਂ ਦੀ ਹੈ ਜੋ ਰੱਸਾ ਖਿੱਚਦੇ ਨਜ਼ਰ ਆਉਂਦੇ ਹਨ ਤੇ ਇੱਕ ਕਤਾਰ ਡੇਰਾ ਸਿਰਸਾ ਨਾਲ ਸਬੰਧਿਤ ਲੋਕਾਂ ਦੀ ਹੈ ਜੋ ਆਪਣੀ ਪਛਾਣ ਨੂੰ ਚਿੰਨਤ ਕਰਦੀਆਂ ਵਰਦੀਆਂ ਪਾ ਕੇ ਖੜ੍ਹੇ ਹਨ। ਇਹ ਆਮ ਦੇਖਣ ਵਿੱਚ ਆਇਆ ਹੈ ਬੀਤੇ ਕੁੱਝ ਸਮੇਂ ਤੋਂ ਖਾਸ ਕਰਕੇ ਜਦੋਂ ਦਾ ਸੋਸ਼ਲ ਮੀਡੀਆ ਤੇਜ਼ ਹੋਇਆ ਹੈ ਕਿ ਸੇਵਾ ਵਿੱਚੋਂ ਹਉਮੇ ਮਾਰਨ ਦੀ ਥਾਂ ਅਸੀਂ ਸੇਵਾ ਵਿੱਚੋਂ ਨਵੀਂ ਤਰ੍ਹਾਂ ਦੀ ਹਉਮੇ ਨੂੰ ਜਨਮ ਦੇ ਲੈਂਦੇ ਹਾਂ ਜੋ ਸਾਡੀ ਸੇਵਾ ਨੂੰ ਸੇਵਾ ਨਹੀਂ ਰਹਿਣ ਦਿੰਦੀ। 

ਡੇਰਾ ਸਿਰਸਾ ਨੇ ਪੰਜਾਬ ਵਿੱਚ ਖਾਸ ਕਰਕੇ ਸਿੱਖਾਂ ਨਾਲ ਜੋ ਕੀਤਾ ਉਹ ਕਿਸੇ ਤੋਂ ਨਹੀਂ ਲੁਕਿਆ ਤੇ ਡੇਰੇ ਦੇ ਸਮਰਥਕ ਲੋਕਾਂ ਨੇ ਨਾ ਸਿਰਫ ਬਲਾਤਕਾਰੀ ਅਤੇ ਕਾਤਲ ਗੁਰਮੀਤ ਰਾਮ ਰਹੀਮ ਨੂੰ ਛੈਅ ਦਿੱਤੀ ਹੈ ਬਲਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਦੀ ਵੀ ਪੁਛਤਪਨਾਹੀ ਕੀਤੀ ਹੈ। ਅਜਿਹੇ ਵਿੱਚ ਬਿਪਤਾ 'ਚ ਘਿਰੇ ਇੱਕ 2 ਸਾਲਾਂ ਦੇ ਬਾਲ ਦੀ ਜ਼ਿੰਦਗੀ ਨੂੰ ਆਪਣੀ ਸ਼ੋਹਰਤ ਲਈ ਵਰਤਣਾ ਕਿੱਥੋਂ ਤੱਕ ਜਾਇਜ਼ ਕਿਹਾ ਜਾ ਸਕਦਾ ਹੈ। ਇਹ ਸ਼ੋਹਰਤ ਖੱਟਣ ਲਈ ਡੇਰਾ ਸਿਰਸਾ ਨੇ ਆਪਣੇ ਯੂਟਿਊਬ ਚੈਨਲ 'ਤੇ ਇਸ ਸਾਰੀ ਘਟਨਾ ਦਾ ਸਿੱਧਾ ਪ੍ਰਸਾਰਣ ਕਰਕੇ ਟੀਆਰਪੀ ਵਾਲੇ ਮੀਡੀਆ ਵਾਲਾ ਰੋਲ ਵੀ ਖੁਦ ਨਿਭਾਇਆ।

ਇਸ ਘਟਨਾ ਵਿੱਚ ਸਰਕਾਰ ਦਾ ਰੋਲ ਬੁਹੱਦ ਨਲਾਇਕੀ ਅਤੇ ਬੇਸ਼ਰਮੀ ਵਾਲਾ ਰਿਹਾ ਹੈ। ਇਹ ਕਿਹੋ ਜਿਹਾ ਵਿਕਾਸ ਹੈ ਜਿੱਥੇ ਅਜਿਹੀ ਘਟਨਾ ਨਾਲ ਨਜਿੱਠਣ ਲਈ ਅਸੀਂ ਅਮਲਾ ਤਿਆਰ ਨਹੀਂ ਕਰ ਸਕੇ। ਭਾਰਤ ਦੀ ਐੱਨਡੀਆਰਐੱਫ ਟੀਮ ਦੀ ਨਲਾਇਕੀ ਵੀ ਜੱਗ ਜਾਹਰ ਹੋ ਗਈ ਹੈ। ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਖਿਆਲ ਆਇਆ ਹੈ ਕਿ ਡਿਪਟੀ ਕਮਿਸ਼ਨਰਾਂ ਤੋਂ ਪੁੱਛੇ ਕਿ ਪੰਜਾਬ ਵਿੱਚ ਕਿੰਨ੍ਹੇ ਬੰਦ ਪਏ ਬੋਰਵੈੱਲ ਖੁੱਲ੍ਹੇ ਹਨ। ਹੁਣ ਤੱਕ ਵੀ ਸਰਕਾਰੀ ਪੱਧਰ 'ਤੇ ਫਤਹਿਵੀਰ ਸਿੰਘ ਨੂੰ ਬਚਾਉਣ ਦੇ ਕੋਈ ਕਾਰਗਰ ਯਤਨ ਨਹੀਂ ਕੀਤੇ ਗਏ ਹਨ। ਇਹਨਾਂ ਸਾਰੀਆਂ ਬੇਸ਼ਰਮੀ ਭਰੀਆਂ ਖੇਡਾਂ ਦਰਮਿਆਨ ਅਰਦਾਸ ਕਰਦਾ ਹਾਂ ਕਿ ਫਤਹਿਵੀਰ ਸਿੰਘ ਜਲਦ ਆਪਣੀ ਮਾਂ ਦੀ ਗੋਦੀ ਵਿੱਚ ਆ ਬੈਠੇ। 

ਜੰਗਵੀਰ ਸਿੰਘ

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ