ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਲਈ ਤਾਨਾਸ਼ਾਹੀ ਰਵੱਈਆ ਅਪਨਾਉਣ ਲੱਗੀ ਮੋਦੀ ਸਰਕਾਰ

ਕਿਸਾਨੀ ਸੰਘਰਸ਼ ਨੂੰ ਖਤਮ ਕਰਨ ਲਈ ਤਾਨਾਸ਼ਾਹੀ ਰਵੱਈਆ ਅਪਨਾਉਣ ਲੱਗੀ ਮੋਦੀ ਸਰਕਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਕਿਸਾਨ ਸੰਘਰਸ਼ ਦੀ ਲੋਕ ਤਾਕਤ ਅੱਗੇ ਜਦੋਂ ਮੋਦੀ ਸਰਕਾਰ ਦੀਆਂ ਸਾਰੀਆਂ ਚਾਲਾਂ ਫੇਲ ਹੁੰਦੀਆਂ ਨਜ਼ਰ ਆ ਰਹੀਆਂ ਹਨ ਤਾਂ ਹੁਣ ਸਰਕਾਰ ਇਸ ਲੋਕ ਸੰਘਰਸ਼ ਨੂੰ ਤਾਕਤ ਨਾਲ ਦਬਾਉਣ ਦੀ ਤਿਆਰੀ ਕਰਦੀ ਨਜ਼ਰੀਂ ਪੈ ਰਹੀ ਹੈ। ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਰਤ ਸਰਕਾਰ ਨੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਕਿਸਾਨੀ ਮੋਰਚਿਆਂ ਵਾਲੀ ਥਾਂ ਅਤੇ ਨੇੜਲੇ ਇਲਾਕਿਆਂ ਵਿਚ ਇੰਟਰਨੈਟ ਸੇਵਾਵਾਂ ਬੰਦ ਕਰ ਦਿੱਤੀਆਂ ਹੋਈਆਂ ਹਨ ਉੱਥੇ ਹੁਣ ਸਰਕਾਰ ਮੋਰਚਿਆਂ ਦੇ ਰਾਹ ਬੰਦ ਕਰਨ ਲਈ ਵੱਡੀਆਂ ਕੰਧਾਂ ਉਸਾਰਨ ਲੱਗੀ ਹੈ। ਇਸ ਤੋਂ ਇਲਾਵਾ ਸਰਕਾਰ ਵੱਲੋਂ ਕਿਸਾਨਾਂ ਦੇ ਰਾਹ ਵਿਚ ਵੱਡੇ ਤਿੱਖੇ ਸੂਏ ਗੱਡੇ ਜਾ ਰਹੇ ਹਨ। 

ਸਰਕਾਰ ਨੇ ਟਵਿੱਟਰ ਨੂੰ ਕਹਿ ਕੇ ਕਿਸਾਨ ਸੰਘਰਸ਼ ਦੇ ਸਮਰਥਨ 'ਚ ਲਿਖਣ ਵਾਲੇ 100 ਤੋਂ ਵੱਧ ਖਾਤਿਆਂ ਨੂੰ ਬੰਦ ਕਰਵਾ ਦਿੱਤਾ ਹੈ। ਸਰਕਾਰ ਇੱਥੋਂ ਤਕ ਘਟੀਆ ਹਰਕਤਾਂ ਕਰ ਰਹੀ ਹੈ ਕਿ ਪੰਜਾਬ ਮੇਲ ਨਾਮੀਂ ਰੇਲਗੱਡੀ ਜੋ ਪੰਜਾਬ ਤੋਂ ਦਿੱਲੀ ਨੂੰ ਜਾਂਦੀ ਸੀ ਅਤੇ ਜਿਸ ਵਿਚ ਵੱਡੀ ਗਿਣਤੀ ਕਿਸਾਨ ਦਿੱਲੀ ਮੋਰਚਿਆਂ ਵੱਲ ਜਾਂਦੇ ਸੀ ਉਸਦਾ ਐਮਰਜੈਂਸੀ ਰੂਟ ਬਦਲ ਦਿੱਤਾ। 

ਸਰਕਾਰ ਦੀਆਂ ਲਗਾਤਾਰ ਕੋਸ਼ਿਸ਼ਾਂ ਦੇ ਬਾਵਜੂਦ ਵੀ ਕਿਸਾਨੀ ਸੰਘਰਸ਼ ਨਾਲੋਂ ਲੋਕਾਂ ਦਾ ਮੋਹ ਭੰਗ ਨਹੀਂ ਹੋ ਰਿਹਾ। ਸਰਕਾਰ ਨੇ ਹੁਣ ਸਖਤ ਰੁੱਖ ਦਿਖਾਉਣਾ ਸ਼ੁਰੂ ਕੀਤਾ ਹੈ ਕਿ ਲੋਕ ਸ਼ਾਇਦ ਸਰਕਾਰ ਦੇ ਇਸ ਸਖਤ ਰਵੱਈਏ ਤੋਂ ਘਬਰਾ ਜਾਣਗੇ ਅਤੇ ਘਰਾਂ ਨੂੰ ਵਾਪਸ ਚਲੇ ਜਾਣਗੇ। ਪਰ ਸੰਘਰਸ਼ ਵਿਚ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਜਦੋਂ ਤਕ ਸਰਕਾਰ ਕਿਸਾਨਾਂ ਦੀ ਮੰਗ ਨਹੀਂ ਮੰਨਦੀ ਉਹ ਘਰਾਂ ਨੂੰ ਵਾਪਸ ਨਹੀਂ ਜਾਣਗੇ। ਮੋਰਚਿਆਂ ਵਿਚ ਲੋਕਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ।