ਸਰਕਾਰੀ ਅੱਤਵਾਦ: ਭਾਰਤੀ ਫੌਜੀਆਂ ਨੇ ਕਤਲ ਕੀਤੇ ਸੀ 17 ਨਿਰਦੋਸ਼ ਪੇਂਡੂ, ਜਾਂਚ ਵਿੱਚ ਹੋਇਆ ਖੁਲਾਸਾ

ਸਰਕਾਰੀ ਅੱਤਵਾਦ: ਭਾਰਤੀ ਫੌਜੀਆਂ ਨੇ ਕਤਲ ਕੀਤੇ ਸੀ 17 ਨਿਰਦੋਸ਼ ਪੇਂਡੂ, ਜਾਂਚ ਵਿੱਚ ਹੋਇਆ ਖੁਲਾਸਾ

ਬੀਜਾਪੁਰ, (ਅੰਮ੍ਰਿਤਸਰ ਟਾਈਮਜ਼ ਬਿਊਰੋ): ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ ਦੇ ਇਲਾਕੇ ਸਰਕੇਗੁਡਾ ਵਿੱਚ ਜੂਨ 2012 'ਚ 17 ਲੋਕਾਂ ਨੂੰ ਮੁਕਾਬਲੇ ਵਿੱਚ ਕਤਲ ਕਰਨ ਦੇ ਮਾਮਲੇ ਦੀ ਜਾਂਚ ਲਈ ਬਣਾਏ ਗਏ ਇੱਕ ਮੈਂਬਰੀ ਨਿਆਇਕ ਕਮਿਸ਼ਨ ਨੇ ਭਾਰਤੀ ਸੁਰੱਖਿਆ ਬਲਾਂ ਨੂੰ ਦੋਸ਼ੀ ਮੰਨਦਿਆਂ ਪਾਇਆ ਹੈ ਕਿ ਇਸ ਮੁਕਾਬਲੇ 'ਚ ਪਿੰਡ ਵਾਲਿਆਂ ਵੱਲੋਂ ਕੋਈ ਗੋਲੀ ਨਹੀਂ ਚਲਾਈ ਗਈ, ਨਾ ਹੀ ਕੋਈ ਅਜਿਹਾ ਸਬੂਤ ਸੀ ਜਿਸ ਤੋਂ ਸਾਬਿਤ ਹੁੰਦਾ ਹੋਵੇ ਕਿ ਉਹ ਲੋਕ ਮਾਓਵਾਦੀ ਸਨ, ਪਿੰਡ ਦੇ ਲੋਕਾਂ ਨੂੰ ਬੜੀ ਨੇੜਿਓਂ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। 

ਇਸ ਤੋਂ ਇਲਾਵਾ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਿੱਥੇ ਬਾਕੀ ਲੋਕਾਂ ਨੂੰ ਰਾਤ ਵੇਲੇ ਕਤਲ ਕਰ ਦਿੱਤਾ ਗਿਆ ਸੀ ਇੱਕ ਨੂੰ ਸਵੇਰੇ ਕਤਲ ਕੀਤਾ ਗਿਆ। ਜਾਂਚ ਵਿੱਚ ਭਾਰਤੀ ਸੁਰੱਖਿਆ ਬਲਾਂ ਦੇ ਪੱਖ ਵਿੱਚ ਇੱਕ ਟਿੱਪਣੀ ਸ਼ਾਮਿਲ ਕਰਦਿਆਂ ਕਹਿ ਦਿੱਤਾ ਗਿਆ ਹੈ ਕਿ ਹੋ ਸਕਦਾ ਹੈ ਕਿ ਸੁਰੱਖਿਆ ਬਲਾਂ ਨੇ ਘਬਰਾਹਟ ਵਿੱਚ ਆ ਕੇ ਗੋਲੀਆਂ ਚਲਾਈਆਂ ਹੋਣ। 

ਪਰ ਇਸ ਜਾਂਚ ਤੋਂ ਇਹ ਸਾਫ ਹੋ ਗਿਆ ਹੈ ਕਿ ਭਾਰਤੀ ਫੌਜ ਜੋ ਕਿ ਅਜਿਹੇ ਕਤਲੇਆਮਾਂ ਲਈ ਦੁਨੀਆ ਭਰ 'ਚ ਬਦਨਾਮ ਹੈ ਉਸ ਨੇ ਆਪਣੇ ਬਦਨਾਮੀ ਦੇ ਕਾਰਨਾਮਿਆਂ 'ਚ ਇੱਕ ਹੋਰ ਫੀਤੀ ਟੰਗ ਲਈ ਹੈ। 

ਮੱਧ ਪ੍ਰਦੇਸ਼ ਹਾਈ ਕੋਰਟ ਦੇ ਸਾਬਕਾ ਜੱਜ ਵੀਕੇ ਅਗਰਵਾਲ ਵੱਲੋਂ ਕੀਤੀ ਇਸ ਜਾਂਚ ਦੀ ਰਿਪੋਰਟ ਸੂਬਾ ਸਰਕਾਰ ਨੂੰ ਦੇ ਦਿੱਤੀ ਗਈ ਹੈ। 

ਇੰਡੀਅਨ ਐਕਸਪ੍ਰੈਸ ਅਖਬਾਰ ਵੱਲੋਂ ਇਸ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਭਾਰਤੀ ਫੌਜੀਆਂ ਨੇ ਇਸ ਮੁਕਾਬਲੇ ਨੂੰ ਸੱਚਾ ਸਾਬਿਤ ਕਰਨ ਲਈ ਖੁਦ ਹੀ ਆਪਣੇ ਗੋਲੀਆਂ ਮਾਰ ਲਈਆਂ ਸਨ। 

ਭਾਰਤੀ ਸੁਰੱਖਿਆ ਬਲਾਂ ਵੱਲੋਂ ਘੜੀ ਕਹਾਣੀ ਮੁਤਾਬਿਕ 28 ਜੂਨ, 2012 ਦੀ ਰਾਤ ਸੀਆਰਪੀਐਫ ਅਤੇ ਛੱਤੀਸਗੜ੍ਹ ਪੁਲਿਸ ਦੀਆਂ ਟੀਮਾਂ ਸੂਹ ਦੇ ਅਧਾਰ 'ਤੇ ਮਾਓਵਾਦੀਆਂ ਖਿਲਾਫ ਕਾਰਵਾਈ ਲਈ ਪਿੰਡ ਗਈਆਂ ਸਨ। ਉੱਥੇ ਮਾਓਵਾਦੀਆਂ ਦੀ ਬੈਠਕ ਹੋ ਰਹੀ ਸੀ ਜਿੱਥੇ ਮੋਜੂਦ ਪਿੰਡ ਵਾਲਿਆਂ ਨੇ ਸੁਰੱਖਿਆ ਬਲਾਂ 'ਤੇ ਗੋਲੀਆਂ ਚਲਾ ਦਿੱਤੀਆਂ ਤੇ ਉੱਥੇ ਇਹ ਮੁਕਾਬਲਾ ਹੋ ਗਿਆ। 

ਪਰ ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਆਪਣੇ ਤਿਓਹਾਰ ਬੀਜ ਪੁੰਡਮ ਦੀਆਂ ਤਿਆਰੀਆਂ ਲਈ ਸਲਾਹ ਕਰਨ ਵਾਸਤੇ ਇਕੱਠੇ ਹੋਏ ਸਨ। ਜਿੱਥੇ ਪਹੁੰਚੇ ਭਾਰਤੀ ਸੁਰੱਖਿਆ ਬਲਾਂ ਨੇ ਉਹਨਾਂ ਨੂੰ ਘੇਰਾ ਪਾ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਉਹਨਾਂ ਦੱਸਿਆ ਕਿ ਇਰਪਾ ਰਮੇਸ਼ ਨਾਮੀਂ ਇੱਕ ਵਿਅਕਤੀ ਨੂੰ ਸਵੇਰੇ ਉਸ ਦੇ ਘਰੋਂ ਕੱਢ ਕੇ ਮਾਰ ਦਿੱਤਾ ਗਿਆ।

11 ਜਲਾਈ 2012 ਨੂੰ ਸੂਬੇ ਦੀ ਸਰਕਾਰ ਨੇ ਇਸ ਘਟਨਾ ਦੀ ਨਿਆਇਕ ਜਾਂਚ ਦੇ ਹੁਕਮ ਦਿੱਤੇ ਸਨ। 

ਧਿਆਨ ਦਿਓ: ਆਪਣੇ ਵਟਸਐਪ ਨੰਬਰ ਤੋਂ ਸਾਡੇ ਵਟਸਐਪ ਨੰਬਰ +91-90413-95718 'ਤੇ ਸਤਿਸ਼੍ਰੀਅਕਾਲ ਬੁਲਾਓ, ਅਸੀਂ ਤੁਹਾਨੂੰ ਹਰ ਤਾਜ਼ਾ ਖ਼ਬਰ ਤੁਹਾਡੇ ਵਟਸਐਪ ਨੰਬਰ 'ਤੇ ਪਹੁੰਚਦੀ ਕਰਾਂਗੇ।