ਝੂਠੇ ਮੁਕਾਬਲੇ ਦੇ ਮਾਮਲੇ ਕਾਰਣ ਬੁਚੜ ਸਾਬਕਾ ਡੀਐਸਪੀ ਤੇ ਸਬ-ਇੰਸਪੈਕਟਰ ਨੂੰ ਹੋਈ ਉਮਰ ਕੈਦ

ਝੂਠੇ ਮੁਕਾਬਲੇ ਦੇ ਮਾਮਲੇ ਕਾਰਣ ਬੁਚੜ ਸਾਬਕਾ ਡੀਐਸਪੀ ਤੇ ਸਬ-ਇੰਸਪੈਕਟਰ ਨੂੰ ਹੋਈ ਉਮਰ ਕੈਦ

*ਮਾਮਲਾ1992 'ਵਿਚ ਤਿੰਨ ਨੌਜਵਾਨਾਂ ਨੂੰ ਮਾਰਨ ਦਾ ,ਅਦਾਲਤ ਦੇ ਫੈਸਲੇ ਤੋਂ ਪਰਿਵਾਰ ਸੰਤੁਸ਼ਟ

ਅੰਮ੍ਰਿਤਸਰ ਟਾਈਮਜ਼

ਐੱਸ. ਏ. ਐੱਸ. ਨਗਰ-  ਸੀ.ਬੀ.ਆਈ. ਅਦਾਲਤ ਦੇ ਵਿਸ਼ੇਸ਼ ਜੱਜ ਆਰ.ਕੇ. ਗੁਪਤਾ ਨੇ ਅਗਸਤ 1992 'ਵਿਚ ਪੁਲਿਸ ਵਲੋਂ ਸਾਹਿਬ ਸਿੰਘ (20), ਦਲਬੀਰ ਸਿੰਘ ਤੇ ਬਲਵਿੰਦਰ ਸਿੰਘ ਵਾਸੀ ਫੇਰੂਮਾਨ ਜ਼ਿਲ੍ਹਾ ਅੰਮਿ੍ਤਸਰ ਨੂੰ ਝੂਠੇ ਪੁਲਿਸ ਮੁਕਾਬਲੇ 'ਵਿਚ ਮਾਰਨ ਦੇ ਦੋਸ਼ ਹੇਠ ਸੇਵਾਮੁਕਤ ਡੀਐਸਪੀ. ਕਿਸ਼ਨ ਸਿੰਘ ਤੇ ਸਬ-ਇੰਸਪੈਕਟਰ ਤਰਸੇਮ ਲਾਲ ਨੂੰ ਉਮਰ ਕੈਦ ਦੀ ਸਜ਼ਾ ਅਤੇ 2-2 ਲੱਖ ਰੁ. ਜੁਰਮਾਨਾ, ਧਾਰਾ 201 ਵਿਚ 2-2 ਸਾਲਾਂ ਦੀ ਕੈਦ ਤੇ 15-15 ਹਜ਼ਾਰ ਰੁ. ਜੁਰਮਾਨਾ ਤੇ ਧਾਰਾ 218 ਵਿਚ 2-2 ਸਾਲਾਂ ਦੀ ਕੈਦ 20-20 ਹਜ਼ਾਰ ਰੁ. ਜੁਰਮਾਨੇ ਦੀ ਸਜ਼ਾ ਸੁਣਾਈ ਹੈ | ਅਦਾਲਤ ਵਲੋਂ ਦੋਵਾਂ ਦੋਸ਼ੀਆਂ ਨੂੰ ਬਤੌਰ ਮੁਆਵਜ਼ਾ 1-1 ਲੱਖ ਰੁ. ਪੀੜਤ ਪਰਿਵਾਰ ਨੂੰ ਦੇਣ ਦੇ ਵੀ ਹੁਕਮ ਸੁਣਾਏ ਗਏ ਹਨ ।ਇਸ ਮਾਮਲੇ ਵਿਚ ਨਾਮਜ਼ਦ ਉਸ ਸਮੇਂ ਦੇ ਥਾਣਾ ਮਹਿਤਾ ਦੇ ਮੁਖੀ ਰਜਿੰਦਰ ਸਿੰਘ ਦੀ ਅਦਾਲਤੀ ਸੁਣਵਾਈ ਦੌਰਾਨ ਮੌਤ ਹੋ ਚੁੱਕੀ ਹੈ । ਇਸ ਮਾਮਲੇ ਦੀ ਪੈਰਵਾਈ ਐਡਵੋਕੇਟ ਆਰ.ਐਸ. ਬੈਂਸ ਤੇ ਸੀ.ਬੀ.ਆਈ. ਦੇ ਵਕੀਲ ਅਸ਼ੋਕ ਕੁਮਾਰ ਬਗੋਰੀਆ ਨੇ ਕੀਤੀ । ਉਧਰ ਮਿ੍ਤਕ ਸਾਹਿਬ ਸਿੰਘ ਦੇ ਭਰਾ ਸਰਤਾਜ ਸਿੰਘ ਤੇ ਉਨ੍ਹਾਂ ਦੇ ਵਕੀਲਾਂ ਦਾ ਕਹਿਣਾ ਹੈ ਕਿ 2 ਅਗਸਤ, 1992 ਨੂੰ ਬਚਨ ਸਿੰਘ ਨਾਂਅ ਦੇ ਵਿਅਕਤੀ ਦਾ ਕਤਲ ਹੋਇਆ ਸੀ । ਇਸ ਕਤਲ ਮਾਮਲੇ 'ਚ ਥਾਣਾ ਮਹਿਤਾ, ਜ਼ਿਲ੍ਹਾ ਅੰਮਿ੍ਤਸਰ ਦੀ ਪੁਲਿਸ ਨੇ ਸਾਹਿਬ ਸਿੰਘ ਨੂੰ ਦੋਸ਼ੀ ਬਣਾ ਦਿੱਤਾ ਸੀ | ਇਸ ਤੋਂ ਬਾਅਦ ਪੰਜਾਬ ਪੁਲਿਸ ਅਗਸਤ 1992 'ਵਿਚ ਹੀ ਮੱਧ ਪ੍ਰਦੇਸ਼ ਤੋਂ ਸਾਹਿਬ ਸਿੰਘ, ਦਲਵੀਰ ਸਿੰਘ ਤੇ ਬਲਵਿੰਦਰ ਸਿੰਘ ਸਮੇਤ 7 ਜਣਿਆਂ ਨੂੰ ਟਰਾਂਜ਼ਿਟ ਰਿਮਾਂਡ 'ਤੇ ਅੰਮਿ੍ਤਸਰ ਲੈ ਆਈ ਸੀ । ਇਸ ਤੋਂ ਬਾਅਦ ਪੁਲਿਸ ਵਲੋਂ 7 ਜਣਿਆਂ ਦਾ ਅੰਮਿ੍ਤਸਰ ਦੀ ਅਦਾਲਤ ਵਿਚੋਂ ਰਿਮਾਂਡ ਹਾਸਲ ਕੀਤਾ ਗਿਆ ਤੇ 12 ਸਤੰਬਰ ਨੂੰ ਮੁੜ ਅਦਾਲਤ 'ਵਿਚ ਪੇਸ਼ ਕਰਕੇ 14 ਸਤੰਬਰ ਤੱਕ ਰਿਮਾਂਡ ਹਾਸਲ ਕੀਤਾ ਗਿਆ । ਇਸ ਦੌਰਾਨ ਪੰਜਾਬ ਪੁਲਿਸ ਵਲੋਂ ਆਪਣੀ ਬਣਾਈ ਗਈ ਕਹਾਣੀ 'ਵਿਚ ਦਰਸਾਇਆ ਗਿਆ ਕਿ ਸਾਹਿਬ ਸਿੰਘ, ਦਲਵੀਰ ਸਿੰਘ ਤੇ ਬਲਵਿੰਦਰ ਸਿੰਘ ਨੇ ਪੁਲਿਸ ਨੂੰ ਬਿਆਨ ਲਿਖਾਇਆ ਹੈ ਕਿ ਉਨ੍ਹਾਂ ਨੇ ਪਿੰਡ ਧਰਦਿਉ 'ਵਿਚ ਕੁਝ ਹਥਿਆਰ ਛੁਪਾ ਕੇ ਰੱਖੇ ਹਨ । ਪੁਲਿਸ ਦੀ ਕਹਾਣੀ ਮੁਤਾਬਿਕ ਉਹ ਜਦੋਂ ਤਿੰਨਾਂ ਨੂੰ ਹਥਿਆਰ ਬਰਾਮਦ ਕਰਵਾਉਣ ਲਈ ਲੈ ਕੇ ਜਾ ਰਹੀ ਸੀ ਤਾਂ ਰਸਤੇ 'ਵਿਚ ਪੁਲਿਸ ਪਾਰਟੀ 'ਤੇ ਖਾੜਕੂਆਂ ਨੇ ਹਮਲਾ ਕਰ ਦਿੱਤਾ । ਇਸ ਹਮਲੇ 'ਵਿਚ ਸਾਹਿਬ ਸਿੰਘ, ਦਲਵੀਰ ਸਿੰਘ ਤੇ ਬਲਵਿੰਦਰ ਸਿੰਘ ਦੀ ਮੌਤ ਹੋ ਗਈ, ਜਦਕਿ ਇਕ ਚੌਥੇ ਮਿ੍ਤਕ ਵਿਅਕਤੀ ਨੂੰ ਅਣਪਛਾਤਾ ਦੱਸਦੇ ਹੋਏ ਪੁਲਿਸ ਨੇ ਖ਼ੁਦ ਹੀ ਚਾਰਾਂ ਦਾ ਸਸਕਾਰ ਕਰ ਦਿੱਤਾ । ਇਸ ਤੋਂ ਬਾਅਦ ਸਾਹਿਬ ਸਿੰਘ ਦੇ ਪਿਤਾ ਕਾਹਨ ਸਿੰਘ ਨੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਤੇ ਸੁਪਰੀਮ ਕੋਰਟ ਦੇ ਹੁਕਮਾਂ 'ਤੇ ਸੀਬੀਆਈ. ਨੇ 28 ਫਰਵਰੀ 1997 ਨੂੰ ਡੀ.ਐਸ.ਪੀ. ਬਲਵੀਰ ਸਿੰਘ, ਸਬ-ਇੰਸਪੈਕਟਰ ਕਿਸ਼ਨ ਸਿੰਘ, ਥਾਣੇਦਾਰ ਰਾਮ ਲੁਭਾਇਆ ਸਮੇਤ ਕਈ ਪੁਲਿਸ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ ਤੇ 1 ਫਰਵਰੀ 1999 ਨੂੰ ਸੀ.ਬੀ.ਆਈ. ਵਲੋਂ ਥਾਣਾ ਮੁਖੀ ਰਜਿੰਦਰ ਸਿੰਘ, ਵਧੀਕ ਥਾਣਾ ਮੁਖੀ ਕਿਸ਼ਨ ਸਿੰਘ ਅਤੇ ਸਬ-ਇੰਸਪੈਕਟਰ ਤਰਸੇਮ ਲਾਲ ਦੇ ਖ਼ਿਲਾਫ਼  ਦੋਸ਼ਪੱਤਰ ਅਦਾਲਤ 'ਚ ਦਾਖ਼ਲ ਕੀਤਾ ਸੀ ।ਉਧਰ ਸਰਤਾਜ ਸਿੰਘ ਨੇ ਅਦਾਲਤ ਦੇ ਫ਼ੈਸਲੇ 'ਤੇ ਜਿਥੇ ਖੁਸ਼ੀ ਜ਼ਾਹਰ ਕੀਤੀ, ਉਥੇ ਹੀ 30 ਸਾਲਾਂ ਬਾਅਦ ਮਿਲੇ ਇਨਸਾਫ਼ 'ਤੇ ਪ੍ਰਸ਼ਨ ਚਿੰਨ੍ਹ ਲਗਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਪਿਤਾ ਇਸ ਲੜਾਈ ਨੂੰ ਲੜਦੇ-ਲੜਦੇ ਦੁਨੀਆ ਤੋਂ ਚਲੇ ਗਏ ਅਤੇ ਉਹ ਵੀ ਪੁਲਿਸ ਤੋਂ ਲੁਕ-ਛਿਪ ਕੇ ਸਿਰਫ 10ਵੀਂ ਤੱਕ ਪੜ੍ਹ ਸਕੇ ।

ਅਦਾਲਤ ਨੇ ਕਿਵੇਂ ਦੱਸਿਆ ਪੁਲਿਸ ਦੀ ਕਹਾਣੀ ਨੂੰ ਝੂਠਾ

ਅਦਾਲਤ ਨੇ ਦੋਸ਼ੀ ਪੱਖ ਨੂੰ ਪੁੱਛਿਆ ਕਿ ਜਦੋਂ 20 ਦੇ ਕਰੀਬ ਪੁਲਿਸ ਕਰਮਚਾਰੀ ਤਿੰਨਾਂ ਵਿਅਕਤੀਆਂ ਨੂੰ ਅਸਲ੍ਹਾ ਬਰਾਮਦ ਕਰਨ ਲਈ ਲੈ ਕੇ ਜਾ ਰਹੇ ਸਨ ਤਾਂ ਰਸਤੇ 'ਵਿਚ ਹੋਏ ਮੁਕਾਬਲੇ 'ਵਿਚ ਸਿਰਫ਼ 3 ਉਹ ਵਿਅਕਤੀ ਹੀ ਕਿਉਂ ਮਰੇ ਜੋ ਕਿ ਹਿਰਾਸਤ 'ਵਿਚ ਸਨ, ਜਦਕਿ ਇਸ ਮੁਕਾਬਲੇ 'ਵਿਚ ਇਕ ਵੀ ਪੁਲਿਸ ਕਰਮਚਾਰੀ ਦੇ ਝਰੀਟ ਤੱਕ ਨਹੀਂ ਆਈ । ਇਸੇ ਤਰ੍ਹਾਂ ਪੁਲਿਸ ਦੀ ਕਹਾਣੀ ਮੁਤਾਬਕ 16 ਨੰ. ਰਜਿਸਟਰ 'ਵਿਚ ਮੁੁਕਾਬਲੇ ਦੌਰਾਨ ਵਰਤੇ ਹਥਿਆਰਾਂ ਦੀ ਕਿਤੇ ਵੀ ਐਂਟਰੀ ਨਹੀਂ ਪਾਈ ਗਈ ਅਤੇ 19 ਨੰ. ਰਜਿਸਟਰ ਵਿਚ ਕੇਸ ਪ੍ਰਾਪਰਟੀ ਬਾਰੇ ਵੀ ਕੋਈ ਜ਼ਿਕਰ ਤੱਕ ਨਹੀਂ ਕੀਤਾ ਗਿਆ.

 ਸ਼ਮਸ਼ਾਨਘਾਟ ਦੇ ਰਜਿਸਟਰ ਤੋਂ ਹੋਈ ਸੀ ਮਿ੍ਤਕਾਂ ਦੀ ਪਛਾਣ

ਪੁਲਿਸ ਨੇ ਉਸ ਸਮੇਂ ਸਾਹਿਬ ਸਿੰਘ, ਦਲਵੀਰ ਸਿੰਘ ਤੇ ਬਲਵਿੰਦਰ ਸਿੰਘ ਸਮੇਤ 4 ਜਣਿਆਂ ਨੂੰ ਅਣਪਛਾਤੀਆਂ ਲਾਸ਼ਾਂ ਦੱਸ ਕੇ ਉਨ੍ਹਾਂ ਦਾ ਸਸਕਾਰ ਕਰ ਦਿੱਤਾ ਸੀ ।ਜਾਂਚ ਟੀਮ ਨੇ ਜਦੋਂ ਸ਼ਮਸ਼ਾਨਘਾਟ 'ਚ ਜਾ ਕੇ ਰਜਿਸਟਰ ਦੀ ਜਾਂਚ ਕੀਤੀ ਤਾਂ ਪਤਾ ਚੱਲਿਆ ਕਿ ਉਸ 'ਵਿਚ ਤਿੰਨ ਜਣਿਆਂ ਦੇ ਨਾਂਅ ਅਤੇ ਪਤੇ ਲਿਖੇ ਹੋਏ ਸਨ ਅਤੇ ਭਗਵੰਤ ਸਿੰਘ ਨਾਂਅ ਦੇ ਪੁਲਿਸ ਕਰਮਚਾਰੀ ਨੇ ਸਸਕਾਰ ਕਰਨ ਸਮੇਂ ਰਜਿਸਟਰ 'ਵਿਚ ਦਸਤਖ਼ਤ ਕੀਤੇ ਹੋਏ ਸਨ, ਜਦਕਿ ਚੌਥੇ ਵਿਅਕਤੀ ਦੀ ਪਛਾਣ ਹੁਣ ਤੱਕ ਜ਼ਾਹਰ ਨਹੀਂ ਹੋ ਸਕੀ ਅਤੇ ਨਾ ਹੀ ਕਿਸੇ ਨੇ ਉਸ ਸੰਬੰਧੀ ਦਾਅਵਾ ਪੇਸ਼ ਕੀਤਾ ਹੈ ।

 ਪਰਿਵਾਰਕ ਮੈਂਬਰਾਂ ਵਲੋਂ ਅਦਾਲਤ ਦੇ ਫੈਸਲੇ ਉਪਰ ਤਸੱਲੀ

  ਆਪਣੇ 30 ਸਾਲਾਂ ਦਾ ਦਰਦ ਬਿਆਨ ਕਰਦੇ ਹੋਏ ਸਾਹਿਬ ਸਿੰਘ ਦੇ ਭਰਾ ਸਰਤਾਜ ਸਿੰਘ ਨੇ ਦੱਸਿਆ ਕਿ ਕਿਸ ਤਰ੍ਹਾਂ ਉਨ੍ਹਾਂ 30 ਸਾਲਾਂ ਦਾ ਸੰਤਾਪ ਹੰਢਾਇਆ ਹੈ ਅਤੇ ਉਨ੍ਹਾਂ ਦਾ ਪਿਤਾ ਵੀ ਪੁਲਿਸ ਜਬਰ ਦਾ ਸੰਤਾਪ ਝੱਲਦਿਆਂ ਕੇਸ ਦੌਰਾਨ ਇਸ ਜਹਾਨ ਤੋਂ ਤੁਰ ਗਿਆ । ਪਿੰਡ ਭੱਲਾ ਦੇ ਰਹਿਣ ਵਾਲੇ ਬਲਵਿੰਦਰ ਸਿੰਘ ਦੇ ਭਤੀਜੇ ਸ਼ਮਸ਼ੇਰ ਸਿੰਘ ਨੇ ਦੱਸਿਆ ਕਿ ਇਨਸਾਫ ਲੈਂਦਿਆਂ ਲੈਂਦਿਆਂ ਉਨ੍ਹਾਂ ਦੀਆਂ ਦੋ ਪੀੜ੍ਹੀਆਂ ਇਸ ਜਹਾਨ ਤੋਂ ਚਲੀਆਂ ਗਈਆਂ ਅਤੇ ਹੁਣ ਉਨ੍ਹਾਂ ਦੇ ਚਾਚਾ ਬਲਵਿੰਦਰ ਸਿੰਘ ਨੂੰ ਹੁਣ ਇਨਸਾਫ਼ ਮਿਲਿਆ ਹੈ । ਇਸ ਦੌਰਾਨ ਵਕੀਲ ਜਗਜੀਤ ਸਿੰਘ ਬਾਜਵਾ ਨੇ ਕਿਹਾ ਕਿ ਲੰਮਾ ਸਮਾਂ ਕੇਸ ਚਲਿਆ ਪਰ ਫ਼ੈਸਲਾ ਤਸਲੀਜਨਕ ਰਿਹਾ ।

ਸਾਹਿਬ ਸਿੰਘ ਦਾ ਪਰਿਵਾਰ ਸੰਤੁਸ਼ਟ

ਪਿੰਡ ਚੂੰਗ ਜਿਸ ਪਿੰਡ ਦਾ ਉਸ ਝੂਠੇ ਮੁਕਾਬਲੇ ਦਾ ਸ਼ਿਕਾਰ ਹੋਇਆ ਨੌਜਵਾਨ ਸਾਹਿਬ ਸਿੰਘ ਪੁੱਤਰ ਜਥੇ: ਕਾਹਨ ਸਿੰਘ ਸੀ, ਦੀ ਬਜ਼ੁਰਗ ਮਾਤਾ ਦਲਬੀਰ ਕੌਰ ਨੇ ਇਸ ਪੱਤਰਕਾਰ ਨੂੰ ਸਮਾਂ ਯਾਦ ਕਰਦਿਆਂ ਭਰੀਆਂ ਅੱਖਾਂ ਨਾਲ ਦੱਸਿਆ ਕਿ ਉਸ ਦੇ ਪੁੱਤਰ ਸਾਹਿਬ ਸਿੰਘ ਨੇ ਬੀ. ਏ. ਪਾਸ ਕੀਤੀ ਹੋਈ ਸੀ ਅਤੇ ਉਹ ਮੱਧ ਪ੍ਰਦੇਸ਼ ਵਿਚ ਡਰਾਈਵਰੀ ਕਰਦਾ ਸੀ, ਜਦ ਪੰਜਾਬ ਦੀ ਪੁਲਿਸ ਨੇ ਉਸ ਨੂੰ ਓਥੋਂ ਗਿ੍ਫਤਾਰ ਕਰਕੇ ਇਥੇ ਲਿਆ ਕੇ ਉਸ ਦਾ ਝੂਠਾ ਮੁਕਾਬਲਾ ਬਣਾਕੇ ਮਾਰ ਦਿੱਤਾ । ਪੁਲਿਸ ਨੇ ਉਨ੍ਹਾਂ ਨੌਜਵਾਨਾਂ ਦੀਆਂ ਲਾਸ਼ਾਂ ਦਾ ਸਸਕਾਰ ਕਰਨ ਤੋਂ ਬਾਅਦ ਹੀ ਸਾਨੂੰ ਇਸ ਬਾਰੇ ਸੂਚਨਾ ਦਿੱਤੀ । ਇਸ ਤੋਂ ਬਾਅਦ ਮੇਰੇ ਪਤੀ ਜਥੇਦਾਰ ਕਾਹਨ ਸਿੰਘ ਨੇ ਅਦਾਲਤ 'ਵਿਚ ਪਹੁੰਚ ਕੇ ਕਾਨੂੰਨੀ ਲੜਾਈ ਦੀ ਸ਼ੁਰੂਆਤ ਕੀਤੀ ਅਤੇ ਉਨ੍ਹਾਂ ਦੇ ਗੁਜ਼ਰ ਜਾਣ ਤੋਂ ਬਾਅਦ ਮੇਰੇ ਛੋਟੇ ਪੁੱਤਰ ਸਰਤਾਜ ਸਿੰਘ ਨੇ ਤੀਹ ਸਾਲਾਂ ਦੀ ਲੰਬੀ ਲੜਾਈ ਲੜ ਕੇ ਇਹ ਇਨਸਾਫ ਲਿਆ ਹੈ | ਇਸ ਮੌਕੇ ਮਾਤਾ ਦਲਬੀਰ ਕੌਰ ਦੇ ਨਾਲ ਬੀਬੀ ਨਰਿੰਦਰ ਕੌਰ ਅਤੇ ਕੁਲਵੰਤ ਕੌਰ ਵੀ ਮੌਜੂਦ ਸਨ ।

ਮੁਹਾਲੀ ਦੀ ਇਕ ਵਿਸ਼ੇਸ਼ ਅਦਾਲਤ ਦੇ ਫ਼ੈਸਲੇ ਨੇ ਮਨੁੱਖੀ ਹੱਕਾਂ ਦੇ ਕਾਰਕੁਨ ਜਸਵੰਤ ਸਿੰਘ ਖਾਲੜਾ ਦਾ ਕੇਸ ਇਸ ਪ੍ਰਸੰਗ ’ਵਿਚ ਮਹੱਤਵਪੂਰਨ ਹੈ। ਉਸ ਨੇ ਅੰਮ੍ਰਿਤਸਰ ਦੀਆਂ ਤਿੰਨ ਸ਼ਮਸ਼ਾਨਘਾਟਾਂ ਅੰਦਰ ਬੇਪਛਾਣ ਕਹਿ ਕੇ ਜਲਾਈਆਂ ਗਈਆਂ ਲਾਸ਼ਾਂ ਬਾਰੇ ਤੱਥ ਇਕੱਠੇ ਕਰਨੇ ਸ਼ੁਰੂ ਕੀਤੇ ਸਨ। ਸਤੰਬਰ 1995 ਵਿਚ ਖਾਲੜਾ ਗਾਇਬ ਹੋਇਆ ਅਤੇ ਬਾਅਦ ਵਿਚ ਸੀਬੀਆਈ ਜਾਂਚ ਦੌਰਾਨ ਉਸ ਦੀ ਪੁਲੀਸ ਹਿਰਾਸਤ ਵਿਚ ਹੋਈ ਮੌਤ ਦੀ ਪੁਸ਼ਟੀ ਹੋਈ।ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਕਾਨੂੰਨ ਦੀ ਪਾਲਣਾ ਕਰਨ ਲਈ ਪ੍ਰਤੀਬੱਧ ਹਨ। ਪੁਲੀਸ ਤੇ ਤਫ਼ਤੀਸ਼ ਕਰਨ ਵਾਲੀਆਂ ਹੋਰ ਏਜੰਸੀਆਂ ਦੁਆਰਾ ਕਾਨੂੰਨ ਦੀ ਪਾਲਣਾ ਨਾ ਕਰਨ ਦੇ ਵਰਤਾਰੇ ਜਮਹੂਰੀਅਤ ਨੂੰ ਠੇਸ ਪਹੁੰਚਾਉਂਦੇ ਹਨ। ਇਹ ਸਵਾਲ ਪੁੱਛਿਆ ਜਾਣਾ ਸੁਭਾਵਿਕ ਹੈ ਕਿ ਆਜ਼ਾਦੀ ਮਿਲਣ ਦੇ ਬਾਅਦ ਵੀ ਨਾਗਰਿਕਾਂ ਨੂੰ ਨਿਆਂ ਦੇਣ ਵਿਚ ਆਉਂਦੀਆਂ ਅੜਚਣਾਂ ਦੂਰ ਕਿਉਂ ਨਹੀਂ ਕੀਤੀਆਂ ਗਈਆਂ? ਸੰਵਿਧਾਨਕ ਦਾਇਰੇ ਵਿਚ ਰਹਿੰਦੇ ਹੋਏ ਇਨਸਾਫ਼ ਦੀ ਗਰੰਟੀ ਦੇਸ਼ ਦੇ ਹਰ ਨਾਗਰਿਕ ਦਾ ਹੱਕ ਹੈ। ਇਸ ਮੌਕੇ ਵੀ ਬਹੁਤ ਸਾਰੀਆਂ ਜਾਂਚ ਏਜੰਸੀਆਂ ਉੱਤੇ ਕਾਨੂੰਨ ਦੀ ਬਜਾਇ ਸਰਕਾਰੀ ਹੁਕਮ ਵਜਾਉਣ ਦੇ ਦੋਸ਼ ਲੱਗ ਰਹੇ ਹਨ। ਅਜਿਹੇ ਹਾਲਾਤ ਲੋਕਾਂ ਦਾ ਕਾਨੂੰਨ ਵਿਚ ਭਰੋਸਾ ਘਟਾਉਂਦੇ ਹਨ ਤੇ ਗੁਲਾਮੀ ਦਾ ਅਹਿਸਾਸ ਕਰਵਾਉਂਦੇ ਹਨ।।