ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ  ਬਾਅਦ ਪਾਕਿਸਤਾਨ ਸੁਲਗਿਆ,ਮਾਰਸ਼ਲ ਲਾਅ ਲੱਗਣ ਦੀ ਸੰਭਾਵਨਾ

ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ  ਬਾਅਦ ਪਾਕਿਸਤਾਨ ਸੁਲਗਿਆ,ਮਾਰਸ਼ਲ ਲਾਅ ਲੱਗਣ ਦੀ ਸੰਭਾਵਨਾ

 *ਮਿਗ ਜਹਾਜ਼, ਫ਼ੌਜ ਦੇ ਹੈੱਡਕੁਆਰਟਰ ਨੂੰ ਲਾਈ ਅੱਗ, ਸੋਸ਼ਲ ਮੀਡੀਆ ਬੰਦ
*  ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ ਪਾਕਿਸਤਾਨੀ ਫੌਜ ਵਿਚ ਫੁੱਟ ਪਈ।
*ਗਿ੍ਫਤਾਰੀ ਲਈ ਰਾਵਲਪਿੰਡੀ ਵਿਚ ਫੌਜ ਨੇ ਕੀਤੀ ਸੀ ਗੁਪਤ ਮੀਟਿੰਗ 

ਅੰਮ੍ਰਿਤਸਰ ਟਾਈਮਜ਼ ਬਿਊਰੋ 


ਇਸਲਾਮਾਬਾਦ - ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਗ੍ਰਿਫ਼ਤਾਰ ਕਰਨ ਲਈ ਕਈ ਮਹੀਨਿਆਂ ਤੋਂ ਕੋਸ਼ਿਸ਼ ਵਿਚ ਲੱਗੀ ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਬੀਤੇ ਮੰਗਲਵਾਰ ਨੂੰ ਆਪਣਾ ਮਕਸਦ ਪੂਰਾ ਕਰਦਿਆਂ ਉਨ੍ਹਾਂ ਨੂੰ ਉਸ ਸਮੇਂ ‘ਧੋਖੇ ਨਾਲ’ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਆਪਣੇ ਖ਼ਿਲਾਫ਼ ਦਰਜ ਕਈ ਕੇਸਾਂ ਵਿਚ ਇਸਲਾਮਾਬਾਦ ਹਾਈ ਕੋਰਟ ਤੋਂ ਜ਼ਮਾਨਤ ਲੈਣ ਆਏ ਸਨ।ਇਮਰਾਨ ਖ਼ਾਨ ਦੀ ਗਿ੍ਫ਼ਤਾਰੀ ਅਜਿਹੇ ਸਮੇਂ ਹੋਈ ਹੈ ਜਦੋਂ ਉਨ੍ਹਾਂ ਹਾਲ ਹੀ ਵਿਚ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈ.ਐਸ.ਆਈ. ਦੇ ਅਧਿਕਾਰੀ ਮੇਜਰ ਜਨਰਲ ਫੈਜ਼ਲ ਨਸੀਰ 'ਤੇ ਗੰਭੀਰ ਦੋਸ਼ ਲਗਾਏ ਸਨ ਕਿ ਮੇਜਰ ਜਨਰਲ ਫ਼ੈਜ਼ਲ ਨਸੀਰ ਨੇ ਉਨ੍ਹਾਂ ਨੂੰ ਦੋ ਵਾਰ ਮਾਰਨ ਦੀ ਕੋਸ਼ਿਸ਼ ਕੀਤੀ। ਇਮਰਾਨ ਖ਼ਾਨ ਦੇ ਇਸ ਬਿਆਨ ਲਈ ਪਾਕਿਸਤਾਨੀ ਫ਼ੌਜ ਨੇ ਉਨ੍ਹਾਂ ਨੂੰ ਤਾੜਨਾ ਕਰਦਿਆਂ ਸਾਫ਼ ਤੌਰ 'ਤੇ ਕਿਹਾ ਸੀ ਕਿ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ । ਇਸ ਤੋਂ ਬਾਅਦ ਇਮਰਾਨ ਖ਼ਾਨ ਨੇ ਇਸਲਾਮਾਬਾਦ ਹਾਈ ਕੋਰਟ ਲਈ ਰਵਾਨਾ ਹੋਣ ਤੋਂ ਪਹਿਲਾਂ ਫਿਰ ਤੋਂ ਇਕ ਵੀਡੀਓ ਜਾਰੀ ਕਰ ਕੇ ਕਿਹਾ ਸੀ ਕਿ ਪਾਕਿਸਤਾਨ ਸਿਰਫ਼ ਫ਼ੌਜ ਦਾ ਨਹੀਂ ਹੈ । ਇਕ ਫ਼ੌਜੀ ਅਫ਼ਸਰ ਨੇ ਮੈਨੂੰ ਮਾਰਨ ਦੀ ਦੋ ਵਾਰ ਸਾਜਿਸ਼ ਰਚੀ, ਪਰ ਮੈਂ ਮੌਤ ਤੋਂ ਨਹੀਂ ਡਰਦਾ । ਇਸ ਤੋਂ ਬਾਅਦ ਜਿਵੇਂ ਹੀ ਉਹ ਹਾਈਕੋਰਟ ਪਹੁੰਚੇ, ਪਾਕਿਸਤਾਨੀ ਰੇਂਜਰਾਂ ਨੇ ਉਨ੍ਹਾਂ ਨੂੰ ਗਿ੍ਫ਼ਤਾਰ ਕਰ ਲਿਆ । ਯਾਦ ਰਹੇ ਕਿ ਇਮਰਾਨ ਖਾਨ ਨੂੰ ਗ੍ਰਿਫਤਾਰ ਕੀਤੇ ਜਾਣ ਤੋਂ ਕੁਝ ਘੰਟੇ ਪਹਿਲਾਂ ਅੱਤਵਾਦ ਰੋਕੂ ਅਦਾਲਤ ਨੇ ਕਈ ਮਾਮਲਿਆਂ ਵਿਚ ਉਨ੍ਹਾਂ ਦੀ ਅੰਤਰਿਮ ਜ਼ਮਾਨਤ ਅਰਜ਼ੀ ਮਨਜ਼ੂਰ ਕਰ ਲਈ ਸੀ।

ਪੈਰਾ-ਮਿਲਟਰੀ ਰੇਂਜਰਾਂ ਵੱਲੋਂ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੀ ਨਾਟਕੀ ਗ੍ਰਿਫ਼ਤਾਰੀ ਮਗਰੋਂ ਸਰਕਾਰ ਤੇ ਪੁਲੀਸ ਦੇ ਸਿਖਰਲੇ ਅਧਿਕਾਰੀਆਂ ਨੂੰ ਸੰਮਨ ਕਰਨ ਵਾਲੀ ਇਸਲਾਮਾਬਾਦ ਹਾਈ ਕੋਰਟ ਨੇ ਖ਼ਾਨ ਦੀ ਗਿ੍ਫ਼ਤਾਰੀ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਕਰਾਰ ਦਿੱਤਾ ਹੈ। 
 ਦੱਸਿਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਨੂੰ ਅਲ-ਕਾਦਿਰ ਟਰੱਸਟ ਭਿ੍ਸ਼ਟਾਚਾਰ ਮਾਮਲੇ ਵਿਚ ਗਿ੍ਫ਼ਤਾਰ ਕੀਤਾ ਗਿਆ ਹੈ । ਇਹ ਯੂਨੀਵਰਸਿਟੀ ਨਾਲ ਸੰਬੰਧਿਤ ਮਾਮਲਾ ਹੈ । ਦੋਸ਼ ਲਾਇਆ ਜਾ ਰਿਹਾ ਹੈ ਕਿ ਇਮਰਾਨ ਖ਼ਾਨ ਨੇ ਪ੍ਰਧਾਨ ਮੰਤਰੀ ਹੁੰਦਿਆਂ ਇਸ ਯੂਨੀਵਰਸਿਟੀ ਨੂੰ ਕਰੋੜਾਂ ਰੁਪਏ ਦੀ ਜ਼ਮੀਨ ਗ਼ੈਰ-ਕਾਨੂੰਨੀ ਢੰਗ ਨਾਲ ਦਿੱਤੀ ਸੀ । ਇਸ ਮਾਮਲੇ ਦਾ ਖ਼ੁਲਾਸਾ ਪਾਕਿ ਦੇ ਸਭ ਤੋਂ ਅਮੀਰ ਵਿਅਕਤੀ ਮਲਿਕ ਰਿਆਜ਼ ਨੇ ਕੀਤਾ ਸੀ । ਉਸ ਨੇ ਦੋਸ਼ ਲਾਇਆ ਸੀ ਕਿ ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਨੇ ਗਿ੍ਫ਼ਤਾਰੀ ਦਾ ਡਰ ਵਿਖਾ ਕੇ ਅਰਬਾਂ ਰੁਪਏ ਦੀ ਜ਼ਮੀਨ ਆਪਣੇ ਨਾਂਅ ਕਰਵਾ ਲਈ ਸੀ । ਖ਼ਾਸ ਗੱਲ ਇਹ ਹੈ ਕਿ ਅਲ-ਕਾਦਿਰ ਯੂਨੀਵਰਸਿਟੀ ਦੇ ਸਿਰਫ਼ ਦੋ ਟਰੱਸਟੀ ਹਨ, ਇਮਰਾਨ ਖ਼ਾਨ ਤੇ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ । ਲਗਭਗ 90 ਕਰੋੜ ਦੀ ਲਾਗਤ ਵਾਲੀ ਇਸ ਯੂਨੀਵਰਸਿਟੀ ਵਿਚ 6 ਸਾਲਾਂ ਵਿਚ ਸਿਰਫ਼ 32 ਵਿਦਿਆਰਥੀ ਹੀ ਦਾਖ਼ਲ ਹੋਏ ਹਨ । ਪੀ.ਟੀ.ਆਈ. ਪਾਰਟੀ ਦੇ ਆਗੂ ਮੁਸੱਰਤ ਚੀਮਾ ਨੇ ਇਕ ਵੀਡੀਓ ਸੰਦੇਸ਼ ਜਾਰੀ ਕਰ ਕੇ ਕਿਹਾ ਹੈ ਕਿ ਇਮਰਾਨ ਖ਼ਾਨ 'ਤੇ ਇਸ ਸਮੇਂ ਤਸ਼ੱਦਦ ਕੀਤਾ ਜਾ ਰਿਹਾ ਹੈ । ਪੀ.ਟੀ.ਆਈ. ਦੇ ਟਵਿੱਟਰ ਹੈਂਡਲ ਤੋਂ ਜਾਰੀ ਕੀਤੀ ਗਈ ਇਕ ਵੀਡੀਓ ਵਿਚ ਇਮਰਾਨ ਖ਼ਾਨ ਦੇ ਵਕੀਲ ਨੂੰ ਅਦਾਲਤ ਦੇ ਅਹਾਤੇ ਵਿਚ ਬੁਰੀ ਤਰ੍ਹਾਂ ਜ਼ਖ਼ਮੀ ਕੀਤਾ ਵਿਖਾਇਆ ਗਿਆ ਹੈ ।ਚੀਮਾ ਮੁਤਾਬਿਕ ਪਾਰਟੀ ਨੇ ਆਪਣੇ ਸਮਰਥਕਾਂ ਨੂੰ ਦੇਸ਼ ਭਰ ਤੋਂ ਇਕੱਠੇ ਹੋਣ ਲਈ ਕਿਹਾ ਹੈ । ਦੱਸਣਯੋਗ ਹੈ ਕਿ ਸਾਲ 2018 ਵਿਚ ਇਮਰਾਨ ਖ਼ਾਨ ਨੂੰ ਫ਼ੌਜ ਨੇ ਹੀ ਪ੍ਰਧਾਨ ਮੰਤਰੀ ਬਣਾਇਆ ਸੀ । ਬਾਅਦ 'ਚ ਆਈ.ਐਸ.ਆਈ. ਚੀਫ਼ ਲੈਫ਼ਟੀਨੈਂਟ ਜਨਰਲ ਫ਼ੈਜ਼ ਹਮੀਦ ਦੇ ਤਬਾਦਲੇ ਨੂੰ ਲੈ ਕੇ ਉਨ੍ਹਾਂ ਦਾ ਤਤਕਾਲੀ ਫ਼ੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨਾਲ ਵਿਵਾਦ ਹੋ ਗਿਆ, ਜਿਸ ਤੋਂ ਬਾਅਦ ਫ਼ੌਜ ਨੇ ਸ਼ਹਿਬਾਜ਼ ਸ਼ਰੀਫ਼ ਦਾ ਸਾਥ ਦਿੱਤਾ ਤੇ ਪਿਛਲੇ ਸਾਲ ਅਪ੍ਰੈਲ 'ਚ ਇਮਰਾਨ ਖ਼ਾਨ ਦੀ ਸਰਕਾਰ ਨੂੰ ਡੇਗ ਦਿੱਤਾ ਸੀ ।ਇਸ ਤੋਂ ਬਾਅਦ ਖ਼ਾਨ ਨੇ ਫ਼ੌਜ ਖ਼ਿਲਾਫ਼ ਬਿਆਨ ਦੇਣੇ ਸ਼ੁਰੂ ਕਰ ਦਿੱਤੇ ਸਨ । ਉਨ੍ਹਾਂ ਜਨਰਲ ਬਾਜਵਾ ਨੂੰ ਗ਼ਦਾਰ ਵੀ ਕਿਹਾ ਸੀ।

ਪਾਕਿਸਤਾਨ ਸੁਲਗਿਆ

ਇਮਰਾਨ ਦੇ ਗ੍ਰਿਫ਼ਤਾਰ ਹੁੰਦਿਆਂ ਹੀ ਪਾਕਿਸਤਾਨ ਸੁਲਗ ਉੱਠਿਆ।ਹਾਲਾਤ ਵਿਗੜਨ ’ਤੇ ਫ਼ੌਜ ਨੂੰ ਸੜਕਾਂ ’ਤੇ ਉਤਾਰਿਆ ਗਿਆ। ਵੱਖ-ਵੱਖ ਥਾਵਾਂ ’ਤੇ ਫ਼ੌਜ ਦੀ ਫਾਇਰਿੰਗ ਵਿਚ 80 ਲੋਕਾਂ ਨੂੰ ਗੋਲੀਆਂ ਲੱਗੀਆਂ, ਜਿਨ੍ਹਾਂ ਵਿਚੋਂ 25 ਦੀ ਮੌਤ ਹੋ ਗਈ। ਮਰਨ ਵਾਲਿਆਂ ਵਿਚ ਇਕ ਬੱਚਾ ਵੀ ਹੈ। ਇਮਰਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਇਸਲਾਮਾਬਾਦ ਵਿਚ ਧਾਰਾ 144 ਲਾਗੂ ਕਰ ਦਿੱਤੀ ਗਈ।
ਇਮਰਾਨ ਦੀ ਤਹਿਰੀਕ-ਏ-ਇਨਸਾਫ਼ ਪਾਰਟੀ (ਪੀ.ਟੀ.ਆਈ.) ਦੇ ਵਰਕਰਾਂ ਨੇ ਪੂਰੇ ਦੇਸ਼ ਵਿਚ ਸੜਕਾਂ ’ਤੇ ਉੱਤਰ ਕੇ ਗ੍ਰਿਫ਼ਤਾਰੀ ਦੇ ਵਿਰੋਧ ਵਿਚ ਪ੍ਰਦਰਸ਼ਨ ਸ਼ੁਰੂ ਕਰ ਦਿੱਤੇ, ਖਾਸ ਤੌਰ ’ਤੇ ਇਸਲਾਮਾਬਾਦ, ਲਾਹੌਰ, ਕਵੇਟਾ ਤੇ ਕਰਾਚੀ ਵਿਚ ਹਿੰਸਾ ਨੇ ਬੇਹੱਦ ਭਿਆਨਕ ਰੂਪ ਲੈ ਲਿਆ। ਪਾਰਟੀ ਵਰਕਰਾਂ ਨੇ ਫ਼ੌਜ ਦੇ ਹੈੱਡਕੁਆਰਟਰ ਤੇ ਇਕ ਕੋਰ ਕਮਾਂਡਰ ਦੇ ਘਰ ਨੂੰ ਅੱਗ ਲਾ ਦਿੱਤੀ, ਇਕ ਲੜਾਕੂ ਮਿਗ ਜਹਾਜ਼ ਨੂੰ ਵੀ ਫੂਕ ਦਿੱਤਾ, ਪਾਕਿ ਦੀ  ਖੁਫੀਆ ਏਜੰਸੀ ਦੇ ਦਫ਼ਤਰ ਵਿਚ ਭੰਨਤੋੜ ਕੀਤੀ, ਪੁਲਸ ਮੁਲਾਜ਼ਮਾਂ ਦੀ ਕੁੱਟ-ਮਾਰ ਕੀਤੀ, ਟੈਂਕਰਾਂ ਸਮੇਤ ਵਾਹਨਾਂ, ਰੇਡੀਓ ਦਫ਼ਤਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਅਤੇ ਲਾਹੌਰ ਵਿਚ ਇਕ ਪੁਲਸ ਚੌਕੀ ਨੂੰ ਅੱਗ ਲਾ ਦਿੱਤੀ ਤੇ ਬੈਂਕ ਵੀ ਲੁਟੇ ਗਏ।ਇਮਰਾਨ ਖਾਨ ਦੇ ਸਮਰਥਕਾਂ ਨੇ ਬੀਤੀ ਰਾਤ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਨਿੱਜੀ ਰਿਹਾਇਸ਼ ਨੂੰ ਅੱਗ ਲਗਾ ਦਿੱਤੀ।  ਹਿੰਸਾ ਵਿਚ 15 ਪੁਲਸ ਮੁਲਾਜ਼ਮ ਜ਼ਖ਼ਮੀ ਹੋਏ। ਇਮਰਾਨ ਖਾਨ ਦੇ ਵਕੀਲ ਨੂੰ ਵੀ ਹਿੰਸਾ ਵਿਚ ਸੱਟਾਂ ਲੱਗੀਆਂ ਸਨ।
ਸਾਦੀ ਵਰਦੀ ਵਿਚ ਮੌਜੂਦ ਪੁਲਸ ਮੁਲਾਜ਼ਮਾਂ ਨੇ ਪੀ.ਟੀ.ਆਈ. ਵਰਕਰਾਂ ਦੀ ਕੁੱਟ-ਮਾਰ ਕੀਤੀ ਅਤੇ ਸੁਰੱਖਿਆ ਬਲਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਤਿੱਤਰ-ਬਿੱਤਰ ਕਰਨ ਲਈ ਹੰਝੂ ਗੈਸ ਦੇ ਗੋਲ਼ੇ ਛੱਡੇ। ਸਰਕਾਰੀ ਦਫ਼ਤਰਾਂ ਵਿਚ ਭੰਨਤੋੜ ਰੋਕਣ ਲਈ ਫ਼ੌਜ ਅਤੇ ਅਰਧ-ਸੈਨਿਕ ਬਲਾਂ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਕਰਾਚੀ ਸਮੇਤ ਕਈ ਵੱਡੇ ਸ਼ਹਿਰਾਂ ਵਿਚ ਬਿਜਲੀ ਬੰਦ ਹੋਣ ਨਾਲ ਬਲੈਕਆਊਟ ਹੋ ਗਿਆ ਅਤੇ ਇੰਟਰਨੈੱਟ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਹਨ।ਪਾਕਿਸਤਾਨ ਦੂਰਸੰਚਾਰ ਅਥਾਰਟੀ ਨੇ ਅੰਦਰੂਨੀ ਮਾਮਲਿਆਂ ਦੇ ਮੰਤਰਾਲੇ ਦੀ ਸਿਫਾਰਸ਼ ’ਤੇ ਫੇਸਬੁੱਕ, ਟਵਿੱਟਰ ਅਤੇ ਯੂ-ਟਿਊਬ ਸਮੇਤ ਲੋਕਪ੍ਰਿਯ ਸੋਸ਼ਲ ਮੀਡੀਆ ਪਲੇਟਫਾਰਮਾਂ ਨੂੰ ਅਸਥਾਈ ਰੂਪ ਵਿਚ ਬੰਦ ਕਰ ਦਿੱਤਾ ਹੈ।  ਹੁਣ ਪੂਰੇ ਪਾਕਿਸਤਾਨ ਵਿਚ ਸਕੂਲ-ਕਾਲਜ ਬੰਦ ਕਰ ਦਿਤੇ ਗਏ ਹਨ।ਹਸਪਤਾਲਾਂ ਦੇ ਡਾਕਟਰਾਂ ਨੂੰ ਅਲਰਟ ’ਤੇ ਰੱਖਿਆ ਗਿਆ ਹੈ। ਸੰਸਦ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਓਧਰ, ਪੀ.ਟੀ.ਆਈ. ਨੇ ਇਮਰਾਨ ਖਾਨ ਦੀ ਗ੍ਰਿਫ਼ਤਾਰੀ ਨੂੰ ਅਗਵਾ ਕਰਾਰ ਦਿੱਤਾ ਹੈ। ਆਪਣੇ ਟਵੀਟ ਵਿਚ ਪੀ.ਟੀ.ਆਈ. ਨੇ ਲਿਖਿਆ, ‘‘ਪਾਕਿਸਤਾਨ ਰੇਂਜਰਾਂ ਨੇ ਪੀ.ਟੀ.ਆਈ. ਦੇ ਪ੍ਰਧਾਨ ਇਮਰਾਨ ਖਾਨ ਨੂੰ ਅਗਵਾ ਕਰ ਲਿਆ ਹੈ।’’ਇਮਰਾਨ ਦੇ ਵਕੀਲ ਨੇ ਕਿਹਾ ਕਿ ਐੱਨ.ਏ.ਬੀ. ਦੇ ਰਿਮਾਂਡ ਵਿਚ ਇਮਰਾਨ ਖਾਨ ਦੀ ਜਾਨ ਨੂੰ ਖ਼ਤਰਾ ਹੈ।ਪਾਕਿਸਤਾਨ ਦੇ ਮਾਮਲਿਆਂ ਦੇ ਮਾਹਿਰਾਂ ਦਾ ਕਹਿਣਾ ਹੈ ਕਿ  ਇਮਰਾਨ ਖਾਨ ਨੂੰ ਰੇਂਜਰਸ ਨੇ ਗ੍ਰਿਫਤਾਰ ਕੀਤਾ, ਇਸਦਾ ਕੁਝ ਮਤਲਬ ਹੈ। ਉਥੇ ਮਾਰਸ਼ਲ ਲਾਅ ਲਾਗੂ ਹੋਣਾ ਕੋਈ ਵੱਡੀ ਗੱਲ ਨਹੀਂ ਹੈ। ਪਹਿਲਾਂ ਵੀ ਕਈ ਵਾਰ ਅਜਿਹਾ ਹੋ ਚੁੱਕਾ ਹੈ। ਮਾਰਸ਼ਲ ਲਾਅ ਤੋਂ ਬਾਅਦ ਸਭ ਕੁਝ ਫੌਜ ਦੇ ਕੰਟਰੋਲ ਵਿਚ ਆ ਜਾਂਦਾ ਹੈ। ਹੁਣ ਮਾਰਸ਼ਲ ਲਾਅ ਦਾ ਸ਼ੱਕ ਵਧ ਗਿਆ ਹੈ।

ਗਿ੍ਫਤਾਰੀ ਲਈ ਫੌਜ ਨੇ ਇਕ ਦਿਨ ਪਹਿਲਾਂ ਲਿਆ ਫੈਸਲਾ

ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਬੀਤੇ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਗ੍ਰਿਫਤਾਰ ਕਰ ਲਏ ਜਾਣਗੇ, ਇਸਦਾ ਫੈਸਲਾ ਬੀਤੇ ਸੋਮਵਾਰ ਸ਼ਾਮ ਹੀ ਰਾਵਲਪਿੰਡੀ ਵਿਚ ਹੋਈ ਫੌਜ ਦੀ ਉੱਚ ਪੱਧਰੀ ਮੀਟਿੰਗ ਵਿਚ ਤੈਅ ਕਰ ਲਿਆ ਗਿਆ ਸੀ। ਇਸ ਮੀਟਿੰਗ ਵਿਚ ਪਾਕਿਸਤਾਨ ਦੀ ਫੌਜ ਦੇ ਇੰਟਰ ਸਵਰਿਸ ਪਬਲਿਕ ਰਿਲੇਸ਼ਨ, ਡਾਇਰੈਕਟਰ ਜਨਰਲ ਕਾਊਂਟਰ ਇੰਟੈਲੀਜੈਂਸ ਅਤੇ ਆਈ. ਐੱਸ. ਆਈ. ਦੇ 3 ਵੱਡੇ ਅਧਿਕਾਰੀ ਬੈਠੇ। ਸੂਤਰਾਂ ਦਾ ਕਹਿਣਾ ਹੈ ਕਿ ਤਿੰਨੇ ਅਧਿਕਾਰੀਆਂ ਦੀ ਮੀਟਿੰਗ ਤੋਂ ਬਾਅਦ ਤੈਅ ਹੋਇਆ ਕਿ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਹੋਣ ਵਾਲੀ ਇਮਰਾਨ ਖਾਨ ਦੀ ਪੇਸ਼ੀ ਦੌਰਾਨ ਉਨ੍ਹਾਂ ਦੀ ਗ੍ਰਿਫਤਾਰੀ ਕਰ ਲਈ ਜਾਏਗੀ। ਮੀਟਿੰਗ ਦੌਰਾਨ ਹੀ ਪਾਕਿਸਤਾਨੀ ਫੌਜ ਦੇ ਹੈੱਡਕੁਆਰਟਰ ਤੋਂ ਪਾਕਿਸਤਾਨ ਦੇ ਵਜ਼ੀਰੇ-ਆਜ਼ਮ ਅਤੇ ਫੌਜ ਮੁਖੀ ਨੂੰ ਮੰਗਲਵਾਰ ਨੂੰ ਹੋਣ ਵਾਲੀ ਇਮਰਾਨ ਖਾਨ ਦੀ ਗ੍ਰਿਫਤਾਰੀ ਬਾਰੇ ਸੂਚਿਤ ਕਰ ਦਿੱਤਾ ਗਿਆ ਸੀ। 
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਆਪਣੀ ਗ੍ਰਿਫਤਾਰੀ ਦੀ ਭਿਣਕ ਰਾਤ ਦੌਰਾਨ ਲੱਗ ਗਈ ਸੀ। ਇਹੋ ਕਾਰਨ ਹੈ ਕਿ ਜਦੋਂ ਇਮਰਾਨ ਖਾਨ ਬੀਤੇ ਮੰਗਲਵਾਰ ਨੂੰ ਇਸਲਾਮਾਬਾਦ ਵਿਚ ਪੇਸ਼ੀ ਲਈ ਜਾ ਰਹੇ ਸਨ ਤਾਂ ਉਨ੍ਹਾਂ ਨੇ ਪਾਕਿਸਤਾਨ ਦੀ ਫੌਜ ਦੇ ਅਧਿਕਾਰੀਆਂ ਨੂੰ ਰੱਜ ਕੇ ਨਿਸ਼ਾਨੇ ’ਤੇ ਲਿਆ ਅਤੇ ਆਪਣੀ ਗ੍ਰਿਫਤਾਰੀ ਦੀ ਗੱਲ ਵੀ ਕਹੀ। ਇਮਰਾਨ ਖਾਨ ਆਈ. ਐੱਸ. ਆਈ. ਅਤੇ ਫੌਜ ਦੇ ਵੱਡੇ ਅਧਿਕਾਰੀ ਫੈਸਲ ਨਸੀਰ ’ਤੇ ਨਾ ਸਿਰਫ ਆਪਣੀ ਹੱਤਿਆ ਕਰਾਉਣ ਦਾ ਦੋਸ਼ ਲਗਾਉਂਦੇ ਰਹੇ ਸਗੋਂ ਪਾਕਿਸਤਾਨ ਦੇ ਇਕ ਪੱਤਰਕਾਰ ਦੀ ਹੱਤਿਆ ਕਰਾਉਣ ਦਾ ਦੋਸ਼ ਵੀ ਉਨ੍ਹਾਂ ਦੇ ਸਿਰ ਲਗਾਇਆ ਹੈ।
   
ਸਿਆਸੀ ਫ਼ਾਇਦੇ ਲਈ ਫ਼ੌਜ ਤੇ ਖ਼ੁਫ਼ੀਆ ਏਜੰਸੀ ਨੂੰ ਬਦਨਾਮ ਕਰਨਾ ਨਿੰਦਣਯੋਗ-ਸ਼ਹਿਬਾਜ਼ ਸ਼ਰੀਫ਼
ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਕਿਹਾ ਹੈ ਕਿ ਇਮਰਾਨ ਖ਼ਾਨ ਦਾ ਸਿਆਸੀ ਫ਼ਾਇਦੇ ਲਈ ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀਆਂ ਨੂੰ ਨਿਯਮਿਤ ਤੌਰ 'ਤੇ ਬਦਨਾਮ ਕਰਨ ਤੇ ਧਮਕੀਆਂ ਦੇਣ ਦਾ ਕੰਮ ਬੇਹੱਦ ਨਿੰਦਣਯੋਗ ਹੈ । ਉਨ੍ਹਾਂ ਕਿਹਾ ਕਿ ਜਨਰਲ ਫ਼ੈਜ਼ਲ ਨਸੀਰ ਤੇ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਦੇ ਅਧਿਕਾਰੀਆਂ 'ਤੇ ਬਿਨਾਂ ਕਿਸੇ ਸਬੂਤ ਦੇ ਦੋਸ਼ ਲਗਾਉਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਤੇ ਨਾ ਹੀ ਅਜਿਹੇ ਦੋਸ਼ਾਂ ਨੂੰ ਬਰਦਾਸ਼ਤ ਕੀਤਾ ਜਾਵੇਗਾ ।

ਇਮਰਾਨ ਨੂੰ ਦੇਸ਼ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵਾਂਗੇ -ਜ਼ਰਦਾਰੀ


ਸਾਬਕਾ ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਕਿਹਾ ਕਿ ਪੀ. ਟੀ. ਆਈ. ਮੁਖੀ ਇਮਰਾਨ ਖ਼ਾਨ ਨੇ ਪਾਕਿਸਤਾਨੀ ਫ਼ੌਜ ਤੇ ਖ਼ੁਫ਼ੀਆ ਏਜੰਸੀ ਆਈ.ਐੱਸ.ਆਈ. ਨੂੰ ਬਦਨਾਮ ਕਰਨ ਲਈ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ, ਜਿਸ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਜ਼ਰਦਾਰੀ ਨੇ ਇਹ ਵੀ ਕਿਹਾ ਕਿ ਇਮਰਾਨ ਖ਼ਾਨ ਝੂਠ ਤੇ ਧੋਖੇ ਨਾਲ ਆਪਣੇ ਭੋਲੇ-ਭਾਲੇ ਵਰਕਰਾਂ ਨੂੰ ਮੂਰਖ ਬਣਾ ਰਹੇ ਹਨ ਤੇ ਮੈਂ ਸਾਬਕਾ ਪ੍ਰਧਾਨ ਮੰਤਰੀ ਦਾ ਪਤਨ ਵੇਖ ਰਿਹਾ ਹਾਂ ।ਉਨ੍ਹਾਂ ਇਹ ਵੀ ਕਿਹਾ ਕਿ ਅਸੀਂ ਖ਼ਾਨ ਨੂੰ ਸਾਡੀਆਂ ਕਦਰਾਂ-ਕੀਮਤਾਂ ਤੇ ਸਾਡੇ ਦੇਸ਼ ਨਾਲ ਖੇਡਣ ਦੀ ਇਜਾਜ਼ਤ ਨਹੀਂ ਦੇਵਾਂਗੇ ।

ਇਮਰਾਨ ਦੀ ਗਿ੍ਫਤਾਰੀ ਨੂੰ ਲੈਕੇ ਪਾਕਿ ਫੌਜ ਵਿਚ ਫੁਟ
ਪਾਕਿਸਤਾਨ ਦੇ ਪ੍ਰਮਾਣੂ ਬੰਬ  ਅੱਤਵਾਦੀਆਂ ਦੇ ਕਬਜ਼ੇ ਵਿਚ ਆਉਣ ਦਾ ਖੱਤਰਾ ਮੰਡਰਾਇਆ

ਦੱਸਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਫੌਜ ਦੇ ਡਾਇਰੈਕਟਰ ਜਨਰਲ ਮਿਲਟਰੀ ਆਪਰੇਸ਼ਨ ਨੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੂੰ ਮਾਰਸ਼ਲ ਲਾਅ ਦੀ ਸਿਫਾਰਿਸ਼ ਕੀਤੀ ਹੈ।
ਪਾਕਿਸਤਾਨੀ ਫੌਜ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਵੰਡੀ ਗਈ ਹੈ। ਫੌਜ ਵਿਚ ਫੁੱਟ ਪੈ ਗਈ ਹੈ। ਫੌਜ ਨੇ ਕਈ ਥਾਵਾਂ 'ਤੇ ਪੀਟੀਆਈ ਸਮਰਥਕਾਂ 'ਤੇ ਤਾਕਤ ਦੀ ਵਰਤੋਂ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਫੌਜ ਦੇ ਹੈੱਡਕੁਆਰਟਰ 'ਤੇ ਵੀ ਹਮਲੇ ਦੌਰਾਨ ਡਿਊਟੀ 'ਤੇ ਤਾਇਨਾਤ ਸੈਨਿਕ ਪਿੱਛੇ ਹਟ ਗਏ ਸਨ। ਲਾਹੌਰ ਵਿੱਚ ਵੀ ਪਾਕਿਸਤਾਨੀ ਫੌਜ ਦੇ ਕੋਰ ਕਮਾਂਡਰ ਦੇ ਘਰ ਦੇ ਪਿੱਛੇ ਤਾਇਨਾਤ ਸੈਨਿਕਾਂ ਨੇ ਭੀੜ ਅੱਗੇ ਆਤਮ ਸਮਰਪਣ ਕਰ ਦਿੱਤਾ ਸੀ। ਕਈ ਹੋਰ ਥਾਵਾਂ 'ਤੇ ਵੀ ਫੌਜੀ ਅਫਸਰਾਂ ਨੇ ਇਮਰਾਨ ਖਾਨ ਪ੍ਰਤੀ ਆਪਣੀ ਵਫਾਦਾਰੀ ਦਾ ਪ੍ਰਗਟਾਵਾ ਕੀਤਾ ਸੀ।

ਪਾਕਿਸਤਾਨੀ ਖੁਫੀਆ ਏਜੰਸੀ ਲੈਫਟੀਨੈਂਟ ਜਨਰਲ ਫੈਜ਼ ਹਾਮਿਦ ਦਾ ਧੜਾ ਇਮਰਾਨ ਖਾਨ ਦਾ ਸਮਰਥਨ ਕਰ ਰਿਹਾ ਹੈ। ਫੈਜ਼ ਹਾਮਿਦ ਫਿਲਹਾਲ ਪਾਕਿਸਤਾਨੀ ਫੌਜ ਤੋਂ ਸੇਵਾਮੁਕਤ ਹਨ। ਸੇਵਾਮੁਕਤੀ ਦੇ ਸਮੇਂ ਉਹ ਪਿਸ਼ਾਵਰ ਕੋਰ ਕਮਾਂਡਰ ਸਨ। ਇਮਰਾਨ ਖਾਨ ਜਨਰਲ ਕਮਰ ਜਾਵੇਦ ਬਾਜਵਾ ਦੇ ਸੇਵਾਮੁਕਤ ਹੋਣ ਤੋਂ ਬਾਅਦ ਉਨ੍ਹਾਂ ਨੂੰ ਫੌਜ ਮੁਖੀ ਬਣਾਉਣਾ ਚਾਹੁੰਦੇ ਸਨ ਪਰ ਇਸ ਤੋਂ ਪਹਿਲਾਂ ਹੀ ਉਨ੍ਹਾਂ ਦੀ ਸਰਕਾਰ ਡਿੱਗ ਗਈ। ਬਾਅਦ ਵਿੱਚ ਸ਼ਾਹਬਾਜ਼ ਸ਼ਰੀਫ ਸਰਕਾਰ ਨੇ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਫੌਜ ਮੁਖੀ ਬਣਾਇਆ। ਆਸਿਮ ਮੁਨੀਰ ਨੂੰ ਸ਼ਾਹਬਾਜ਼ ਸ਼ਰੀਫ ਦਾ ਖਾਸ ਮੰਨਿਆ ਜਾਂਦਾ ਹੈ। ਫੌਜ ਮੁਖੀ ਬਣਦੇ ਹੀ ਫੈਜ਼ ਹਾਮਿਦ ਖਿਲਾਫ ਕਈ ਅੰਦਰੂਨੀ ਜਾਂਚਾਂ ਵੀ ਸ਼ੁਰੂ ਹੋ ਗਈਆਂ ਸਨ।ਪਾਕਿਸਤਾਨੀ ਫੌਜ ਦੀ ਹੰਗਾਮੀ ਮੀਟਿੰਗ ਦੌਰਾਨ ਫੌਜ ਵਿੱਚ ਫੁੱਟ ਦਾ ਮੁੱਦਾ ਵੀ ਉਠਾਇਆ ਗਿਆ। ਫੌਜੀ ਅਫਸਰਾਂ ਵੱਲੋਂ ਇਮਰਾਨ ਖਾਨ ਪ੍ਰਤੀ ਵਫ਼ਾਦਾਰੀ ਦਾ ਵਾਅਦਾ ਨਿਭਾਉਣ 'ਤੇ ਕਈ ਸ਼ਹਿਰਾਂ ਵਿੱਚ ਚਿੰਤਾ ਪ੍ਰਗਟ ਕੀਤੀ ਗਈ ਸੀ। ਪਾਕਿਸਤਾਨੀ ਫ਼ੌਜ ਦੇ ਡੀਜੀਐਮਓ ਨੇ ਵੀ ਧਾਰਾ 245 ਤਹਿਤ ਪਾਕਿਸਤਾਨੀ ਪ੍ਰਧਾਨ ਮੰਤਰੀ ਦਫ਼ਤਰ ਨੂੰ ਮਾਰਸ਼ਲ ਲਾਅ ਦੀ ਸਿਫ਼ਾਰਸ਼ ਭੇਜੀ ਸੀ, ਹਾਲਾਂਕਿ ਇਸ 'ਤੇ ਹਾਲੇ ਕੋਈ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।

ਪਾਕਿਸਤਾਨ ਦੇ ਸਿਆਸੀ ਮਾਹਿਰ ਸਵਾਲ ਉਠਾਉਣ ਲੱਗੇ ਹਨ ਕਿ ਇਨ੍ਹਾਂ ਹਾਲਾਤਾਂ ਵਿੱਚ ਪਾਕਿਸਤਾਨ ਕੋਲ ਜੋ ਪ੍ਰਮਾਣੂ ਬੰਬ ਹਨ, ਉਨ੍ਹਾਂ ਦਾ ਕੀ ਬਣੇਗਾ? ਪਾਕਿ ਕੋਲ ਇਸ ਸਮੇਂ ਕੁੱਲ 165 ਪ੍ਰਮਾਣੂ ਹਥਿਆਰ ਹਨ। ਦੁਨੀਆ ਪਹਿਲਾਂ ਹੀ ਡਰ ਰਹੀ ਸੀ ਕਿ ਜੇਕਰ ਇਹ ਹਥਿਆਰ ਅੱਤਵਾਦੀਆਂ ਦੇ ਹੱਥ ਲੱਗ ਗਏ ਤਾਂ ਕੀ ਹੋਵੇਗਾ। ਹੁਣ ਜਦੋਂ ਜਨਤਾ ਫੌਜ ਦੇ ਹੈੱਡਕੁਆਰਟਰ ਨੂੰ ਵੀ ਨਿਸ਼ਾਨਾ ਬਣਾ ਰਹੀ ਹੈ ਤਾਂ ਇਹ ਡਰ ਵੀ ਦੁੱਗਣਾ ਹੋ ਗਿਆ ਹੈ।
 ਦੂਜੇ ਪਾਸੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਕ ਟਵੀਟ ਵਿਚ ਕਿਹਾ ਕਿ ਪਾਕਿਸਤਾਨ ਦੇ ਪਰਮਾਣੂ ਅਤੇ ਮਿਜ਼ਾਈਲ ਪ੍ਰੋਗਰਾਮ ਨੂੰ ਲੈ ਕੇ ਗਲਤ ਗੱਲਾਂ ਫੈਲਾਈਆਂ ਜਾ ਰਹੀਆਂ ਹਨ ਅਤੇ ਇਹ ਬਹੁਤ ਮੰਦਭਾਗਾ ਹੈ। ਪਾਕਿਸਤਾਨੀ ਫੌਜ, ਜਿਸ ਬਾਰੇ ਅਕਸਰ ਕਿਹਾ ਜਾਂਦਾ ਹੈ ਕਿ ਅੱਤਵਾਦੀਆਂ ਨਾਲ ਮਿਲੀਭੁਗਤ ਹੈ, ਸਥਿਤੀ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੰਦੀ ਹੈ ਜਦੋਂ ਉਸ ਦੇ ਆਪਣੇ ਹੈੱਡਕੁਆਰਟਰ 'ਤੇ ਹਮਲੇ ਹੋ ਰਹੇ ਹਨ।ਇਸ ਦੌਰਾਨ ਭਾਰਤ ਨੇ ਪਾਕਿਸਤਾਨ ਨਾਲ ਲੱਗਦੀ ਸਰਹੱਦ ’ਤੇ ਸੁਰੱਖਿਆ ਵਧਾ ਦਿੱਤੀ ਹੈ।