ਜੇ ਹਾਕੀ ਜਿਊਂਦੀ ਰੱਖਣੀ ਏ ਘਾਹ ਦੇ  ਚੰਗੇ ਮੈਦਾਨਾਂ ਦੀ ਲਹਿਰ ਚਲਾਓ 

ਜੇ ਹਾਕੀ ਜਿਊਂਦੀ ਰੱਖਣੀ ਏ ਘਾਹ ਦੇ  ਚੰਗੇ ਮੈਦਾਨਾਂ ਦੀ ਲਹਿਰ ਚਲਾਓ 

ਕੌਮਾਂਤਰੀ ਹਾਕੀ ਫੈਡਰੇਸ਼ਨ

1980 ਦੇ ਨੇੜੇ-ਤੇੜੇ ਦੇ ਸਾਲਾਂ ਵਿਚ ਭਾਰਤ 'ਵਿਚ ਹਾਕੀ ਖੇਡ ਦੀ ਲੋਕਪ੍ਰਿਅਤਾ ਸਿਖਰਾਂ 'ਤੇ ਸੀ। ਕਾਰਨ ਸਿਰਫ਼ ਇਹ ਹੀ ਨਹੀਂ ਸੀ ਕਿ ਤੱਦ ਤੱਕ ਭਾਰਤ ਦੀ ਝੋਲੀ ਉਲੰਪਿਕ ਤਗਮਿਆਂ ਨਾਲ ਭਰੀ ਹੋਈ ਸੀ ਜਾਂ 1975 ਦੇ ਵਿਸ਼ਵ ਕੱਪ ਦੀ ਜਿੱਤ ਦੀ ਖੁਮਾਰੀ ਸਿਰਾਂ ਨੂੰ ਚੜ੍ਹੀ ਹੋਈ ਸੀ। ਠੋਸ ਤੇ ਵਜ਼ਨਦਾਰ ਕਾਰਨ ਇਹ ਸੀ ਕਿ ਹਾਕੀ ਘਾਹ ਦੇ ਮੈਦਾਨਾਂ 'ਤੇ ਖੇਡੀ ਜਾਂਦੀ ਸੀ। ਸ਼ਹਿਰਾਂ ਵਿਚ ਹਾਕੀ ਦੇ ਘਾਹ ਵਾਲੇ ਮੈਦਾਨ ਸਨ, ਪਿੰਡ ਤੇ ਕਸਬਿਆਂ 'ਵਿਚ ਵੀ ਘਾਹ ਵਾਲੇ ਹਾਕੀ ਮੈਦਾਨਾਂ ਦੀ ਭਰਮਾਰ ਸੀ। ਫਿਰ ਸੰਸਾਰ ਪੱਧਰ 'ਤੇ ਬਨਾਉਟੀ ਘਾਹ ਵਾਲੇ ਮੈਦਾਨਾਂ ਨੇ ਹੋਂਦ 'ਚ ਆਉਣਾ ਕਰ ਦਿੱਤਾ। ਐਸਟਰੋਟਰਫ ਮੈਦਾਨਾਂ ਤੋਂ ਬਗੈਰ ਹਾਕੀ ਖੇਡਣ ਦਾ ਸੰਕਲਪ ਹੀ ਖਤਮ ਹੋਣ ਲੱਗ ਪਿਆ। ਸਾਡੇ ਵਰਗੇ ਹੋਰ ਦੇਸ਼ਾਂ 'ਵਿਚ ਜਿਵੇਂ ਪਾਕਿਸਤਾਨ ਵਿਚ ਵੀ ਇਹੀ ਆਲਮ ਵੇਖਣ ਨੂੰ ਮਿਲਿਆ। ਹਾਕੀ ਜਾਦੂਗਰਾਂ ਦੇ ਦੇਸ਼ ਬਨਾਉਟੀ ਘਾਹ ਵਾਲੇ ਮੈਦਾਨਾਂ ਦੇ ਮੁਥਾਜ ਹੋ ਕੇ ਰਹਿ ਗਈ। ਮੇਜਰ ਧਿਆਨ ਚੰਦ ਦੀ, ਸ. ਬਲਬੀਰ ਸਿੰਘ ਦੀ ਹਾਕੀ ਦਾ ਜਾਦੂ ਹੌਲੀ-ਹੌਲੀ ਖ਼ਤਮ ਹੋਣ ਲੱਗ ਪਿਆ।

ਕੌਮਾਂਤਰੀ ਹਾਕੀ ਫੈਡਰੇਸ਼ਨ, ਜਿਸ ਨੂੰ ਕਦੇ ਵੀ ਅਸੀਂ ਬਹੁਤ ਸਿਆਣੀ ਦੂਰ ਦ੍ਰਿਸ਼ਟੀ ਵਾਲੀ ਨਹੀਂ ਸਮਝਿਆ, ਨੇ ਹਾਕੀ ਖੇਡ ਨੂੰ ਤਬਾਹ ਕਰਨ ਦੇ ਨਵੇਂ-ਨਵੇਂ ਨਿਯਮ ਬਣਾਉਣੇ ਸ਼ੁਰੂ ਕਰ ਦਿੱਤੇ ਜੋ ਸਭ ਗੋਰਿਆਂ ਦੇ ਹੱਕ ਵਿਚ ਜਾਂਦੇ ਵਿਖਾਈ ਦਿੱਤੇ। ਭਾਰਤ ਪਾਕਿਸਤਾਨ ਵਰਗੇ ਦੇਸ਼ ਵਿਚ ਹਾਕੀ ਦੀ ਲੋਕਪ੍ਰਿਅਤਾ ਖ਼ਤਮ ਹੋਣ ਲੱਗੀ। ਦੋਵਾਂ ਦੇਸ਼ਾਂ 'ਚ ਕੌਮੀ ਟੀਮ ਦੇ ਚੰਗੇ ਪ੍ਰਦਰਸ਼ਨ ਦਾ ਰੌਲਾ ਪੈਣਾ ਲੱਗਾ, ਦੋਵਾਂ ਦੇਸ਼ਾਂ 'ਚ ਉਲੰਪਿਕ ਜਾਂ ਵਿਸ਼ਵ ਕੱਪ ਹਾਕੀ 'ਚ ਤਗਮੇ ਜਿੱਤਣ ਦੀ ਦੁਹਾਈ ਦਿੱਤੀ ਜਾਣ ਲੱਗੀ। ਸਭ ਕੁਝ ਦੇਸ਼ ਦੀ ਕੌਮੀ ਟੀਮ ਦਾ ਪ੍ਰਦਰਸ਼ਨ ਹੀ ਬਣ ਗਿਆ। ਐਸਟਰੋਟਰਫ ਮੈਦਾਨਾਂ ਦੀ ਘਾਟ ਦਾ ਸ਼ੋਰ ਹਰ ਪਾਸੇ ਸੁਣਾਈ ਦੇਣ ਲੱਗਾ। ਵਿਦੇਸ਼ੀ ਕੋਚਾਂ ਦੀਆਂ ਨਿਯੁਕਤੀਆਂ ਦਾ ਸ਼ੁਦਾਅ ਹਰ ਪਾਸੇ ਵੇਖਣ ਨੂੰ ਮਿਲਿਆ। ਦੇਸ਼ 'ਚ ਐਸਟਰੋਟਰਫ ਮੈਦਾਨਾਂ ਦੀ ਘਾਟ ਕਰਕੇ ਸਰਕਾਰਾਂ ਨੂੰ ਕੋਸਣ, ਨਿੰਦਣ ਦਾ ਰੁਝਾਨ ਚੱਲ ਪਿਆ। ਪਰ ਅਫ਼ਸੋਸ ਭਾਰਤ ਦੀ ਕਿਸੇ ਕੌਮੀ ਫੈਡਰੇਸ਼ਨ ਨੇ, ਰਾਜ ਫੈਡਰੇਸ਼ਨ ਨੇ ਇਹ ਨਹੀਂ ਸੋਚਿਆ ਦੇਸ਼ 'ਚ ਘਾਹ ਦੇ ਮੈਦਾਨ 'ਤੇ ਨਾ ਖੇਡਣ ਕਰਕੇ ਹਾਕੀ ਦੀ ਲੋਕਪ੍ਰਿਅਤਾ ਨੂੰ ਜਿਹੜੀ ਢਾਅ ਲੱਗੀ ਹੈ, ਉਸ ਨੂੰ ਕਿੱਦਾਂ ਬਚਾਉਣਾ ਹੈ। ਭਲਿਓ ਮਾਣਸੋ ਸਾਰਾ ਕੁਝ ਦੇਸ਼ ਦੀ ਕੌਮੀ ਟੀਮ ਦਾ ਪ੍ਰਦਰਸ਼ਨ ਹੀ ਨਹੀਂ ਹੁੰਦਾ, ਬਲਕਿ ਉਹ ਖੇਡ ਜਿਸ ਕਰਕੇ ਉਹ ਦੇਸ਼ ਦੁਨੀਆ ਵਿਚ ਮਸ਼ਹੂਰ ਹੋਇਆ, ਉਸ ਖੇਡ ਦੀ ਲੋਕਪ੍ਰਿਅਤਾ ਨੂੰ ਉਸ ਦੇਸ਼ ਲਈ ਬਚਾਉਣਾ ਕਿਤੇ ਜ਼ਰੂਰੀ ਸੀ, ਦੂਜੇ ਪਾਸੇ ਕ੍ਰਿਕਟ ਦੀ ਖੇਡ ਗਲੀਆਂ, ਮੁਹੱਲਿਆਂ, ਚੌਕਾਂ, ਬਾਜ਼ਾਰਾਂ, ਪਾਰਕਾਂ, ਸੜਕਾਂ 'ਤੇ ਖੇਡੀ ਜਾਂਦੀ ਵੇਖੀ ਗਈ। ਸਾਰੇ ਥਾਵਾਂ 'ਤੇ ਕ੍ਰਿਕਟ ਦੇ ਕੌਮਾਂਤਰੀ ਮੈਦਾਨਾਂ ਵਰਗੇ ਮੈਦਾਨ ਨਹੀਂ ਹਨ। ਕੌਮਾਂਤਰੀ ਪਿੱਚਾਂ ਵਰਗੀਆਂ ਪਿੱਚਾਂ ਨਹੀਂ ਪਰ ਲੋਕ ਖੇਡੀ ਤੁਰੀ ਜਾਂਦੇ ਨੇ। ਪਰ ਅਸੀਂ ਹਾਕੀ ਵਾਲੇ ਐਸਟਰੋਟਰਫ ਮੈਦਾਨਾਂ ਨੂੰ ਘੁੱਟ ਕੇ ਜੱਫਾ ਮਾਰ ਕੇ ਬਹਿ ਗਏ। ਜੇ ਬਨਾਉਟੀ ਮੈਦਾਨ ਹਰ ਸ਼ਹਿਰ, ਹਰ ਕਸਬੇ, ਹਰ ਪਿੰਡ ਵਿਚ ਹੋਂਦ ਵਿਚ ਆਉਣਗੇ ਤਾਂ ਹਾਕੀ ਖਿਡਾਰੀ ਫਿਰ ਹੀ ਹਾਕੀ ਖੇਡਣਗੇ, 'ਨਾ ਨੌਂ ਮਣ ਤੇਲ ਹੋਵੇਗਾ ਨਾ ਰਾਧਾ ਨੱਚੇਗੀ।'

ਹਾਕੀ ਨੂੰ ਮੁਹੱਬਤ ਕਰਨ ਵਾਲਿਓ, ਹਾਕੀ ਨੂੰ ਇਸ਼ਕ ਕਰਨ ਵਾਲਿਓ, ਹੁਣ ਜਾਗਣ ਦਾ ਵੇਲਾ ਹੈ। ਉਲੰਪਿਕ ਦੀਆਂ ਜਿੱਤਾਂ ਨਾਲ ਵਿਸ਼ਵ ਕੱਪ ਦੀਆਂ ਜਿੱਤਾਂ ਨਾਲ ਦੇਸ਼ 'ਚ ਕਦੇ ਹਾਕੀ ਲੋਕਪ੍ਰਿਅਤਾ ਨਹੀਂ ਜੇ ਹੋਣੀ। ਇਹ ਦੇਸ਼ ਦੇ ਸਨਮਾਨ, ਦੇਸ਼ ਦੇ ਗੌਰਵ ਦਾ ਇਕ ਵੱਖਰਾ ਸੰਕਲਪ ਹੈ, ਪਰ ਹਾਕੀ ਖੇਡ ਦੇ ਸਨਮਾਨ ਤੇ ਸਤਿਕਾਰ ਦਾ ਸੰਬੰਧ ਉਸ ਦਾ ਵੱਧ ਤੋਂ ਵੱਧ ਹਰਮਨ-ਪਿਆਰਤਾ ਨਾਲ ਜੁੜਿਆ ਹੋਇਆ ਹੈ। ਆਓ, ਹੁਣ ਮੁੜ ਪਿੰਡਾਂ ਕਸਬਿਆਂ ਤੇ ਸ਼ਹਿਰਾਂ 'ਚ ਘਾਹ ਵਾਲੇ ਹਾਕੀ ਮੈਦਾਨ ਬਣਾਉਣ ਦਾ ਪ੍ਰਬੰਧ ਕਰੀਏ। ਦੇਸ਼ ਦੀ ਕੌਮੀ ਟੀਮ ਦੀ ਚਿੰਤਾ ਤੁਸੀਂ ਬਹੁਤ ਸਾਰੇ ਦਹਾਕੇ ਕਰ ਲਈ। ਹੁਣ ਹਾਕੀ ਖੇਡ ਦੀ ਹੋਂਦ ਨੂੰ ਬਚਾਉਣ ਦਾ ਖਿਆਲ ਕਰਨ ਦੀ ਜ਼ਰੂਰਤ ਹੈ। ਗਲੀ-ਮੁਹੱਲੇ, ਪਾਰਕਾਂ, ਬਜ਼ਾਰਾਂ, ਘਰ ਦੀਆਂ ਛੱਤਾਂ 'ਤੇ ਕ੍ਰਿਕਟ ਖੇਡਣ ਵਾਲੀ ਜਨਤਾ, ਦੇਸ਼ ਦੀ ਕੌਮੀ ਟੀਮ 'ਵਿਚ ਨਹੀਂ ਜਾਂਦੀ ਪਰ ਕ੍ਰਿਕਟ ਦੀ ਖੇਡ ਦੀ ਲੋਕਪ੍ਰਿਅਤਾ ਕਾਇਮ ਰੱਖਦੀ ਹੈ। ਕੌਮਾਂਤਰੀ ਕ੍ਰਿਕਟ ਖੇਡਣ ਦੇ ਨਿਯਮ ਭਾਵੇਂ ਜੋ ਮਰਜ਼ੀ ਹੋਣ, ਪਰ ਕ੍ਰਿਕਟ ਦੇ ਦੀਵਾਨੇ ਕਿਸੇ ਚੀਜ਼ ਦੀ ਪ੍ਰਵਾਹ ਨਾ ਕਰਦੇ ਕ੍ਰਿਕਟ ਖੇਡ ਨੂੰ ਜਿਊਂਦਾ ਰੱਖ ਰਹੇ ਹਨ। ਪਰ ਅਸੀਂ ਹਾਕੀ ਵਾਲੇ ਦੇਸ਼ ਦੀ ਕੌਮੀ ਟੀਮ ਦੀ ਚਿੰਤਾ ਹੀ ਕਰਦੇ ਰਹੇ। ਐਸਟਰੋਟਰਫ ਮੈਦਾਨਾਂ ਦੀ ਘਾਟ ਦਾ ਝੋਰਾ ਹੀ ਕਰਦੇ ਰਹੇ।

ਆਓ, ਦੇਸ਼ 'ਵਿਚ ਘਾਹ ਦੇ ਮੈਦਾਨਾਂ 'ਤੇ ਮੁੜ ਹਾਕੀ ਖੇਡਣ ਦੀ ਪਿਰਤ ਪਾਈਏ। ਫਿਰ ਭਾਰਤੀ ਟੀਮ ਦਾ ਕੌਮੀ ਪ੍ਰਦਰਸ਼ਨ ਹਾਕੀ ਦੀ ਲੋਕਪ੍ਰਿਅਤਾ ਨੂੰ ਪ੍ਰਭਾਵਿਤ ਨਹੀਂ ਕਰੇਗਾ। ਅਸੀਂ ਆਪਣੀ ਛੋਟੀ ਉਮਰੇ ਘਾਹ ਦੇ ਮੈਦਾਨਾਂ 'ਤੇ ਹਾਕੀ ਦਾ ਉਹ ਹੁਨਰ, ਉਹ ਜਾਦੂ, ਉਹ ਜਲਵਾ ਵੇਖਿਆ ਜੋ ਰੰਗ-ਬਰੰਗੇ ਬਨਾਉਟੀ ਮੈਦਾਨਾਂ 'ਤੇ ਕਦੇ ਨਜ਼ਰ ਨਹੀਂ ਆਇਆ। ਹਾਕੀ ਖੇਡ ਨੂੰ ਪਿਆਰਨ ਵਾਲਿਓ, ਹੁਣ ਦੇਸ਼ 'ਵਿਚ ਘਾਹ ਦੇ ਚੰਗੇ ਚੰਗੇ ਮੈਦਾਨਾਂ ਦੀ ਲਹਿਰ ਚਲਾਓ ਜੇ ਹਾਕੀ ਖੇਡ ਜਿਊਂਦੀ ਰੱਖਣੀ ਹੈ।

 

ਪਰਮਜੀਤ ਸਿੰਘ ਰੰਧਾਵਾ