ਅਦਾਕਾਰੀ ਦੇ ਅੰਬਰ ’ਚ ਉੱਚੀ ਪਰਵਾਜ਼ ਭਰਨ ਵਾਲਾ ਗੁਰਪ੍ਰੀਤ ਘੁੱਗੀ

ਅਦਾਕਾਰੀ ਦੇ ਅੰਬਰ ’ਚ ਉੱਚੀ ਪਰਵਾਜ਼ ਭਰਨ ਵਾਲਾ ਗੁਰਪ੍ਰੀਤ ਘੁੱਗੀ

ਗੁਰਪ੍ਰੀਤ ਘੁੱਗੀ ਹੁਣ ਤਕ 60 ਦੇ ਕਰੀਬ ਪੰਜਾਬੀ, ਹਿੰਦੀ ਫਿਲਮਾਂ ਤੇ ਅਨੇਕਾਂ ਟੈਲੀਫਿਲਮਾਂ ਕਰ ਚੁੱਕਾ ਹੈ

ਪੰਜਾਬੀ ਸਿਨੇਮੇ ਵਿਚ ਗੁਰਪ੍ਰੀਤ ਘੁੱਗੀ ਕਾਮੇਡੀਅਨ ਹੀ ਨਹੀਂ ਸਗੋਂ ਬਤੌਰ ਨਾਇਕ ਸੰਜੀਦਾ ਕਿਰਦਾਰਾਂ ਨਾਲ ਖੇਡਣ ਵਾਲਾ ਸਫਲ ਕਲਾਕਾਰ ਵੀ ਹੈ। ਅਜੋਕੇ ਦੌਰ ਦੀਆਂ ਫਿਲਮਾਂ ਵਿਚ ਵੱਡੀ ਤੇ ਵੱਖਰੀ ਪਛਾਣ ਰੱਖਣ ਵਾਲੇ ਇਸ ਕਲਾਕਾਰ ਨੇ ਅਦਾਕਾਰ ਬਣਨ ਦਾ ਸੁਪਨਾ ਬਚਪਨ ਦੇ ਦਿਨਾਂ ਵਿਚ ਹੀ ਲਿਆ ਸੀ, ਜਿਸ ਨੂੰ ਪੂਰਾ ਕਰਨ ਲਈ ਉਸ ਨੂੰ ਵੱਡਾ ਸੰਘਰਸ਼ ਕਰਨਾ ਪਿਆ।ਗੁਰਦਾਸਪੁਰ ਦੇ ਨਿੱਕੇ ਜਿਹੇ ਪਿੰਡ ’ਚ ਮੱਧਵਰਗੀ ਮਿਹਨਤੀ ਪਰਿਵਾਰ ’ਚ ਉਸ ਨੇ ਆਪਣਾ ਬਚਪਨ ਤੰਗੀਆਂ- ਤੁਰਸ਼ੀਆਂ ਭਰੇ ਮਾਹੌਲ ਵਿਚ ਗੁਜ਼ਾਰਿਆ। ਮਜਬੂਰੀ ਕਾਰਨ ਉਸ ਨੂੰ ਦਸਵੀਂ ਦੀ ਪੜ੍ਹਾਈ ਕਰਨ ਮਗਰੋਂ ਕਚਹਿਰੀਆਂ ਵਿਚ ਅਰਜ਼ੀ ਨਵੀਸ ਕੋਲ ਟਾਈਪਿਸਟ ਦੀ ਨੌਕਰੀ ਵੀ ਕਰਨੀ ਪਈ। ਆਪਣੇ ਸੁਪਨਿਆਂ ਨੂੰ ਰੁਲਦਾ ਵੇਖ ਉਹ ਜ਼ਿਆਦਾ ਦੇਰ ਇਸ ਨੌਕਰੀ ’ਤੇ ਟਿਕ ਨਾ ਸਕਿਆ ਤੇ ਦੋਆਬਾ ਕਾਲਜ ਜਲੰਧਰ ਦਾਖ਼ਲਾ ਲੈ ਲਿਆ, ਜਿੱਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਥੀਏਟਰ ਵਿਚ ਵੀ ਹਿੱਸਾ ਲੈਣਾ ਸ਼ੁਰੂ ਕੀਤਾ। ਇਸ ਤਰ੍ਹਾਂ ਉਸ ਦੀ ਕਲਾ ਦਾ ਸਫ਼ਰ ਸ਼ੁਰੂ ਹੋ ਗਿਆ। ਸਮੇਂ ਤੇ ਹਾਲਾਤ ਨਾਲ ਜੂਝਦਾ ਹੋਇਆ ਜਦੋਂ ਉਹ ਆਪਣੇ ਉਸਤਾਦ ਬਲਵਿੰਦਰ ਵਿੱਕੀ ਉਰਫ਼ ਚਾਚਾ ਰੌਣਕੀ ਰਾਮ ਕੋਲ ਗਿਆ ਤਾਂ ਕਲਾਕਾਰੀ ਖੇਤਰ ਵਿਚ ਅੱਗੇ ਵਧਣ ਦਾ ਚੰਗਾ ਮੌਕਾ ਮਿਲਿਆ। ਦੂਰਦਰਸ਼ਨ ਦੇ ਲੜੀਵਾਰਾਂ ‘ਰੌਣਕ ਮੇਲਾ’, ‘ਨੂਰਾ’ ਅਤੇ ਪਰਛਾਵੇਂ’ ’ਚ ਉਸ ਦਾ ਕਿਰਦਾਰ ਦਰਸ਼ਕਾਂ ਲਈ ਪ੍ਰਭਾਵਸ਼ਾਲੀ ਰਿਹਾ। ਓਮ ਪ੍ਰਕਾਸ਼ ਗਾਸੋ ਦੇ ਨਾਵਲ ’ਤੇ ਆਧਾਰਤ ਲੜੀਵਾਰ ‘ਪਰਛਾਵੇਂ’ ਨਾਲ ਮਿਲੀ ਪ੍ਰਸਿੱਧੀ ਨੇ ਉਸ ਦੀ ਕਲਾ ਨੂੰ ਨਵਾਂ ਮੋੜ ਦਿੱਤਾ। ਦੂਰਦਰਸ਼ਨ ਤੇ ਆਲ ਇੰਡੀਆ ਦੇ ਪ੍ਰੋਗਰਾਮਾਂ ਰਾਹੀਂ ਵੱਖਰੀ ਪਛਾਣ ਬਣਾਉਣ ਤੋਂ ਬਾਅਦ ਉਸ ਨੇ ਪੰਜਾਬੀ ਫਿਲਮ ‘ਜੀ ਆਇਆਂ ਨੂੰ’ ਰਾਹੀਂ ਪੰਜਾਬੀ ਸਿਨੇਮੇ ਵੱਲ ਕਦਮ ਵਧਾਇਆ। ਇਸ ਕਿਰਦਾਰ ਨੂੰ ਮਿਲੀ ਪ੍ਰਸਿੱਧੀ ਨੇ ਉਸ ਨੂੰ ਪੱਕੇ ਪੈਰੀਂ ਪੰਜਾਬੀ ਸਿਨੇਮੇ ਨਾਲ ਜੋੜ ਦਿੱਤਾ।ਉਸ ਦਾ ਅਸਲ ਨਾਂ ਗੁਰਪ੍ਰੀਤ ਸਿੰਘ ਵੜੈਚ ਹੈ। ‘ਘੁੱਗੀ’ ਨਾਂ ਉਸ ਨੂੰ ਬਲਵਿੰਦਰ ਵਿੱਕੀ ਨੇ ਦਿੱਤਾ, ਜਿਸ ਦੀ ਅਗਵਾਈ ’ਚ ਉਸ ਨੇ ਕਾਮੇਡੀ ਕਰਨੀ ਸ਼ੁਰੂ ਕੀਤੀ। ਬਾਅਦ ’ਚ ਇਹ ਨਾਂ ਏਨਾ ਮਸ਼ਹੂਰ ਹੋ ਗਿਆ ਕਿ ਉਸ ਨੂੰ ਅੱਜ ਤਕ ਗੁਰਪ੍ਰੀਤ ਘੁੱਗੀ ਦੇ ਨਾਂ ਨਾਲ ਹੀ ਜਾਣਿਆ ਜਾਂਦਾ ਹੈ। ਉਸ ਦਾ ਵਿਆਹ ਕੁਲਜੀਤ ਕੌਰ ਨਾਲ ਹੋਇਆ। ਇਨ੍ਹਾਂ ਦੇ ਦੋ ਬੱਚੇ ਹਨ : ਧੀ ਰਮਣੀਕ ਘੁੱਗੀ ਤੇ ਪੁੱਤਰ ਸੂਖਮ ਘੁੱਗੀ।

ਛੱਡੀ ਪੁਲਿਸ ਦੀ ਨੌਕਰੀ

ਗੁਰਪ੍ਰੀਤ ਨੇ ਫਿਲਮ ‘ਕੈਰੀ ਆਨ ਜੱਟਾ’ ’ਚ ਪੁਲਿਸ ਮੁਲਾਜ਼ਮ ਦੇ ਪੁੱਤਰ ਦਾ ਕਿਰਦਾਰ ਨਿਭਾਇਆ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ ਘੁੱਗੀ ਅਸਲ ਜ਼ਿੰਦਗੀ ’ਚ ਵੀ ਪੁਲਿਸ ਮੁਲਾਜ਼ਮ ਰਹਿ ਚੁੱਕਿਆ ਹੈ। 90 ਦੇ ਦਹਾਕੇ ’ਚ ਉਹ ਏਐੱਸਆਈ ਵਜੋਂ ਤਾਇਨਾਤ ਸੀ। ਇਸੇ ਦੌਰਾਨ ਕਲਾਕਾਰੀ ਵੱਲ ਰੁਝਾਨ ਹੋਣ ਕਰਕੇ ਉਸ ਨੇ ਪੁਲਿਸ ਦੀ ਨੌਕਰੀ ਛੱਡ ਦਿੱਤੀ ਸੀ।

ਹਰ ਤਰ੍ਹਾਂ ਦੇ ਕਿਰਦਾਰ ਨਿਭਾਉਣ ’ਚ ਮੁਹਾਰਤ

ਭਾਵੇਂ ਘੁੱਗੀ ਨੇ ਜ਼ਿਆਦਾਤਰ ਹਾਸਰਸੀ ਕਿਰਦਾਰ ਹੀ ਨਿਭਾਏ ਪਰ ਕੁਝ ਸਾਲ ਪਹਿਲਾਂ ਆਈ ਫਿਲਮ ‘ਅਰਦਾਸ’ ਵਿਚ ਮਾਸਟਰ ਗੁਰਮੁੱਖ ਸਿੰਘ ਦੇ ਕਿਰਦਾਰ ਨੇ ਦਰਸ਼ਕਾਂ ਦੇ ਦਿਲਾਂ ’ਤੇ ਨਾਇਕ ਵਾਲੀ ਗੂੜ੍ਹੀ ਮੋਹਰ ਲਾ ਦਿੱਤੀ। ਇਸ ਕਿਰਦਾਰ ਨੇ ਦਰਸ਼ਕਾਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਇਹ ਕਾਮੇਡੀ ਕਲਾਕਾਰ ਗੁਰਪ੍ਰੀਤ ਘੁੱਗੀ ਹੀ ਹੈ। ਇਸ ਕਿਰਦਾਰ ਬਦਲੇ ਉਸ ਨੂੰ ਫਿਲਮ ਫੇਅਰ ਐਵਾਰਡ ਵੀ ਮਿਲਿਆ। ਇਸੇ ਤਰ੍ਹਾਂ ਇਸ ਫਿਲਮ ਦੇ ਸੀਕੁਅਲ ‘ਅਰਦਾਸ ਕਰਾਂ’ ਵਿਚ ਉਸ ਨੇ ਕੈਂਸਰ ਵਰਗੀ ਨਾਮੁਰਾਦ ਬਿਮਾਰੀ ਨਾਲ ਪੀੜਤ ਜ਼ਿੰਦਾਦਿਲ ਇਨਸਾਨ ਦੇ ਕਿਰਦਾਰ ਨੂੰ ਬਾਖ਼ੂਬੀ ਪਰਦੇ ’ਤੇ ਪੇਸ਼ ਕੀਤਾ। ਇਸ ਫਿਲਮ ਦੀ ਸਫਲਤਾ ਦਾ ਸਿਹਰਾ ਵੀ ਉਸ ਦੇ ਸਿਰ ਹੀ ਬੱਝਦਾ ਹੈ, ਜਿਸ ਕਰਕੇੇ ਉਸ ਨੂੰ ਕਾਮੇਡੀ ਦੇ ਨਾਲ- ਨਾਲ ਬਹੁ-ਪਾਤਰੀ ਕਿਰਦਾਰਾਂ ਦਾ ਕਲਾਕਾਰ ਵੀ ਕਹਿ ਸਕਦੇ ਹਾ। ਸਮਾਜਿਕ ਸਿਨੇਮੇ ਦਾ ਹਵਾਲਾ ਦਿੰੰਦੀ ‘ਸਨ ਆਫ ਮਨਜੀਤ ਸਿੰਘ’ ਵੀ ਉਸ ਦੀ ਬਿਹਤਰੀਨ ਫਿਲਮ ਰਹੀ। ਕਾਮੇਡੀ ਅਦਾਕਾਰੀ ਦੀ ਗੱਲ ਕਰੀਏ ਤਾਂ ਫਿਲਮ ‘ਚੱਕ ਦੇ ਫੱਟੇ’ ਵਿਚ ਰਤਨ ਸਿੰਘ ਟਾਟਾ ਦੇ ਕਿਰਦਾਰ ਨੇ ਜੋ ਛਾਪ ਛੱਡੀ, ਉਸ ਨੂੰ ਕਾਮੇਡੀ ਦਾ ਸਿਖ਼ਰ ਕਹਿ ਸਕਦੇ ਹਾਂ। ਇਸ ਤੋਂ ਇਲਾਵਾ ਉਸ ਨੇ ‘ਪਿੰਡ ਦੀ ਕੁੜੀ’, ‘ਅਸਾਂ ਨੂੰ ਮਾਣ ਵਤਨਾਂ ਦਾ’, ‘ਯਾਰਾਂ ਨਾਲ ਬਹਾਰਾਂ’, ‘ਦਿਲ ਆਪਣਾ ਪੰਜਾਬੀ’, ‘ਮਿੱਟੀ ’ਵਾਜ਼ਾਂ ਮਾਰਦੀ’, ‘ਜੱਗ ਜਿਉਂਦਿਆਂ ਦੇ ਮੇਲੇ’, ‘ਮਰ ਜਾਵਾਂ ਗੁੜ ਖਾ ਕੇ’, ‘ਕੈਰੀ ਆਨ ਜੱਟਾ’, ‘ਲੱਕੀ ਦੀ ਅਨਲੱਕੀ ਸਟੋਰੀ’, ‘ਜੱਟ ਜੇਮਜ਼ ਬਾਂਡ’, ‘ਲਾਕ’, ‘ਵਧਾਈਆਂ ਜੀ ਵਧਾਈਆਂ’, ‘ਅਫ਼ਸਰ’, ‘ਰੇਡੂਆ’, ‘ਨੌਕਰ ਵਹੁਟੀ ਦਾ’ ਆਦਿ ਪੰਜਾਬੀ ਫਿਲਮਾਂ ’ਚ ਲਾਜਵਾਬ ਅਦਾਕਾਰੀ ਦਾ ਸਬੁੂਤ ਦਿੱਤਾ ਹੈ।

ਟੈਲੀਫਿਲਮਾਂ ਨਾਲ ਰਿਹਾ ਚਰਚਾ ’ਚ

‘ਘਸੀਟਾ ਹਵਲਦਾਰ ਸੰਤਾ ਬੰਤਾ ਫ਼ਰਾਰ’, ‘ਖਿੱਚ ਘੁੱਗੀ ਖਿੱਚ’, ‘ਘੁੱਗੀ ਹੈਂ ਤਾਂ ਉੱਡ ਕੇ ਵਿਖਾ’, ‘ਘੁੱਗੀ ਲੱਭੇ ਘਰਵਾਲੀ’, ‘ਘੁੱਗੀ ਯਾਰ ਗੱਪ ਨਾ ਮਾਰ’, ‘ਘੁੱਗੀ ਦੇ ਬਰਾਤੀ’, ‘ਮੇਰੀ ਵਹੁਟੀ ਦਾ ਵਿਆਹ’, ‘ਘੁੱਗੀ ਖੋਲ੍ਹ ਪਿਟਾਰੀ’, ‘ਘੁੱਗੀ ਛੂ ਮੰਤਰ’, ‘ਘੁੱਗੀ ਜੰਕਸ਼ਨ’ ਜਿਹੀਆਂ ਟੈਲੀਫਿਲਮਾਂ ਨਾਲ ਘੁੱਗੀ ਨੇ ਦਰਸ਼ਕਾਂ ਦੇ ਦਿਲਾਂ ’ਚ ਵਿਲੱਖਣ ਜਗ੍ਹਾ ਬਣਾਈ।

ਸਿਆਸਤ ’ਚ ਰੱਖਿਆ ਕਦਮ

ਗੁਰਪ੍ਰੀਤ ਘੁੱਗੀ ਹੁਣ ਤਕ 60 ਦੇ ਕਰੀਬ ਪੰਜਾਬੀ, ਹਿੰਦੀ ਫਿਲਮਾਂ ਤੇ ਅਨੇਕਾਂ ਟੈਲੀਫਿਲਮਾਂ ਕਰ ਚੁੱਕਾ ਹੈ। ਉਮਦਾ ਅਦਾਕਾਰੀ ਦੇ ਨਾਲ- ਨਾਲ ਉਸ ਨੇ ਸਿਆਸਤ ’ਚ ਵੀ ਕਦਮ ਰੱਖਿਆ। ਉਹ ਆਮ ਆਦਮੀ ਪਾਰਟੀ ’ਚ ਸ਼ਾਮਲ ਹੋ ਗਿਆ ਤੇ ਕਾਫ਼ੀ ਸਮਾਂ ਇਸ ਦੇ ਸੂਬਾ ਪ੍ਰਧਾਨ ਵਜੋਂ ਵੀ ਜ਼ਿੰਮੇਵਾਰੀ ਨਿਭਾਈ। ਉਹ ਇਸ ਵੇਲੇ ਨਾਰਥ ਜ਼ੋਨ ਫਿਲਮ ਤੇ ਟੀਵੀ ਆਰਟਿਸਟ ਐਸੋਸੀਏਸ਼ਨ ਦਾ ਪ੍ਰਧਾਨ ਵੀ ਹੈ।

ਅਕਸ਼ੈ ਕੁਮਾਰ ਨਾਲ ਕੀਤਾ ਕੰਮ

‘ਦਿ ਗ੍ਰੇਟ ਇੰਡੀਅਨ ਲਾਫਟਰ ਚੇਲੈਂਜ’ ਨਾਲ ਵਿਦੇਸ਼ਾਂ ਦੇ ਲੋਕ ਵੀ ਉਸ ਦੀ ਪ੍ਰਤਿਭਾ ਦੇ ਕਾਇਲ ਹੋ ਗਏ। ਇਸ ਸ਼ੋਅ ਤੋਂ ਬਾਅਦ ਉਸ ਨੂੰ ਨਾ ਸਿਰਫ਼ ਪੰਜਾਬੀ ਫਿਲਮਾਂ ਸਗੋਂ ਬਾਲੀਵੁੱਡ ’ਚ ਵੀ ਬ੍ਰੇਕ ਮਿਲਿਆ। ਅਕਸ਼ੈ ਕੁਮਾਰ ਨਾਲ ਉਸ ਨੇ ਕਈ ਫਿਲਮਾਂ ’ਚ ਕੰਮ ਕੀਤਾ, ਜਿਨ੍ਹਾਂ ’ਚ ‘ਨਮਸਤੇ ਲੰਦਨ’, ‘ਖਿਲਾੜੀ 786’, ‘ਹਮਕੋ ਦੀਵਾਨਾ ਕਰ ਗਏ’, ‘ਸਿੰਘ ਇਜ਼ ਕਿੰਗ’ ਤੇ ‘ਸਿੰਘ ਇਜ਼ ਬਿਗ’ ਆਦਿ ਸ਼ਾਮਲ ਹਨ।

 

ਸੁਰਜੀਤ ਜੱਸਲ