ਪੰਜਾਬ ਵਿਚ ਵਧ ਰਿਹਾ ਕੈਂਸਰ ਦਾ ਪ੍ਰਕੋਪ
ਸੂਬੇ ਦਾ ਮਾਲਵਾ ਖੇਤਰ ਜੋ ਕਪਾਹ ਪੱਟੀ ਨਾਮ ਨਾਲ ਮਸ਼ਹੂਰ ਸੀ
ਪੰਜਾਬ ਵਿੱਚ, ਖਾਸ ਕਰਕੇ ਮਾਲਵਾ ਖੇਤਰ ਬਠਿੰਡਾ, ਮਾਨਸਾ, ਮੁਕਤਸਰ ਸਾਹਿਬ ਅਤੇ ਨਾਲ ਲੱਗਦੇ ਇਲਾਕਿਆਂ ਵਿੱਚ ਕੈਂਸਰ ਨੇ ਕਹਿਰ ਮਚਾਇਆ ਹੋਇਆ ਹੈ। ਉਦਯੋਗੀਕਰਨ ਦੇ ਨਾਂਅ ਹੇਠ ਇਸ ਇਲਾਕੇ ਵਿੱਚ ਪ੍ਰਦੂਸ਼ਣ ਕੰਟਰੋਲ ਮਹਿਕਮੇ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਕਾਰਪੋਰੇਟ ਘਰਾਣਿਆਂ ਦੇ ਉਦਯੋਗਾਂ ਨੇ ਜ਼ਮੀਨੀ ਪਾਣੀ ਨੂੰ ਦੂਸ਼ਿਤ ਕਰਨ ਦੇ ਨਾਲ ਨਾਲ ਵਾਤਾਵਰਣ ਨੂੰ ਜ਼ਹਿਰੀਲਾ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਹੈ। ਬਿਜਲੀ ਘਰਾਂ ਵਿੱਚ ਵਰਤੇ ਜਾਂਦੇ ਕੋਇਲੇ ਦੇ ਧੂੰਏਂ ਅਤੇ ਰਾਖ ਨੇ ਮਾਲਵਾ ਖੇਤਰ ਨੂੰ ਦਮਘੁਟੀ ਦੀ ਦਲਦਲ ਵਿੱਚ ਧੱਕਿਆ ਹੋਇਆ ਹੈ। ਸੂਬੇ ਦੀਆਂ ਕਾਫੀ ਸ਼ਰਾਬ ਫੈਕਟਰੀਆਂ ਅਤੇ ਹੋਰ ਉਦਯੋਗਿਕ ਇਕਾਈਆਂ ਦੇ ਕਚਰੇ ਅਤੇ ਗੰਦੇ ਪਾਣੀ ਨੂੰ ਬੋਰ ਕਰਕੇ ਸਿੱਧਾ ਜ਼ਮੀਨ ਵਿੱਚ ਪਾਉਣ ਦੀਆਂ ਖਬਰਾਂ ਮੀਡੀਆ ਵਿੱਚ ਨਸ਼ਰ ਹੋ ਚੁੱਕੀਆਂ ਹਨ ਜਿਸਦਾ ਪੁਖਤਾ ਸਬੂਤ ਜ਼ਮੀਨ ਹੇਠਲੇ ਪਾਣੀ ਵਿੱਚ ਯੁਰੇਨੀਅਮ ਤੇ ਹੋਰ ਖਤਰਨਾਕ ਤੱਤਾਂ ਦਾ ਰਿਸਾਅ ਹੈ। ਇਹ ਜੱਗ ਜ਼ਾਹਿਰ ਹੈ ਜਿਸ ਕਾਰਨ ਇੱਥੋਂ ਦੇ ਲੋਕ ਗੰਦਾ ਪਾਣੀ ਪੀਣ ਕਰਕੇ ਕਾਲਾ ਪੀਲੀਆ ਤੇ ਕੈਂਸਰ ਦੀ ਪਕੜ ਹੇਠ ਹਨ।
ਸੂਬੇ ਦਾ ਮਾਲਵਾ ਖੇਤਰ ਜੋ ਕਪਾਹ ਪੱਟੀ ਨਾਮ ਨਾਲ ਮਸ਼ਹੂਰ ਸੀ, ਹੁਣ ਕੈਂਸਰ ਪੱਟੀ ਕਰਕੇ ਜਾਣਿਆ ਜਾਂਦਾ ਹੈ। ਸੂਬੇ ਅੰਦਰ ਕੈਂਸਰ ਦੇ ਇਲਾਜ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਰਕੇ ਇਨ੍ਹਾਂ ਇਲਾਕਿਆਂ ਦੇ ਲੋਕਾਂ ਨੂੰ ਦੂਜੇ ਸੂਬਿਆਂ ਵਿੱਚ ਇਲਾਜ ਲਈ ਜਾਣਾ ਪੈਦਾ ਹੈ। ਬਠਿੰਡਾ ਤੋਂ ਬੀਕਾਨੇਰ ਜਾਂਦੀ ਰੇਲਗੱਡੀ ਦਾ ਨਾਮ ਕੈਂਸਰ ਟਰੇਨ ਪੈ ਗਿਆ ਹੈ ਕਿਉਂਕਿ ਇਨ੍ਹਾਂ ਇਲਾਕਿਆਂ ਦੇ ਲੋਕ ਇਲਾਜ ਲਈ ਬੀਕਾਨੇਰ ਜਾਂਦੇ ਹਨ। ਉਸ ਰੇਲਗੱਡੀ ਵਿੱਚ ਜ਼ਿਆਦਾ ਗਿਣਤੀ ਕੈਂਸਰ ਦੇ ਮਰੀਜ਼ਾਂ ਦੀ ਹੁੰਦੀ ਹੈ। ਜਨਤਕ ਸਿਹਤ ਸਹੂਲਤਾਂ ਵਿੱਚ ਆਏ ਨਿਘਾਰ ਨੂੰ ਇਹ ਤੱਥ ਬਾਖੂਬੀ ਬਿਆਨਦੇ ਹਨ।
ਸਿਹਤ ਵਿਭਾਗ ਦੁਆਰਾ ਕੀਤੇ ਸਰਵੇਖਣ ਅਨੁਸਾਰ ਪੰਜਾਬ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਅਨੁਪਾਤ 90:100000 ਹੈ ਜਦਕਿ ਦੇਸ਼ ਪੱਧਰ ’ਤੇ ਇਹ ਅਨੁਪਾਤ 80:100000 ਹੈ। ਪੰਜਾਬ ਦੇ ਮਾਲਵਾ ਖੇਤਰ ਵਿੱਚ ਕੈਂਸਰ ਮਰੀਜ਼ਾਂ ਦਾ ਅਨੁਪਾਤ 107:100000 ਹੈ, ਦੁਆਬੇ ਵਿੱਚ 88:100000 ਅਤੇ ਮਾਝੇ ਵਿੱਚ 64:100000 ਹੈ। ਮਾਲਵਾ ਖੇਤਰ ਦੇ ਚਾਰ ਜ਼ਿਲ੍ਹਿਆਂ ਵਿੱਚ ਇਹ ਅਨੁਪਾਤ ਬਹੁਤ ਜ਼ਿਆਦਾ ਹੈ। ਮੁਕਤਸਰ ਸਾਹਿਬ ਵਿੱਚ 136:100000, ਮਾਨਸਾ 134:100000, ਬਠਿੰਡਾ 125:100000, ਫਿਰੋਜ਼ਪੁਰ 114:100000 ਹੈ ਜਦਕਿ ਤਰਨਤਾਰਨ ਵਿੱਚ ਇਹ ਅਨੁਪਾਤ 41:100000 ਹੈ। ਪਿਛਲੇ ਪੰਜ ਸਾਲ ਦੇ ਅੰਕੜਿਆਂ ਅਨੁਸਾਰ ਸੂਬੇ ਵਿੱਚ ਰੋਜ਼ਾਨਾ ਕੈਂਸਰ ਕਰਕੇ 18 ਲੋਕਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਦੁਆਰਾ ਸੂਬੇ ਦੇ 2.65 ਲੱਖ ਲੋਕਾਂ ਦੀ ਜਾਂਚ ਕੀਤੀ ਗਈ ਸੀ ਜਿਨ੍ਹਾਂ ਵਿੱਚੋਂ 24000 ਲੋਕ ਕੈਂਸਰ ਪੀੜਿਤ ਸਨ ਅਤੇ 84453 ਲੋਕਾਂ ਨੂੰ ਕੈਂਸਰ ਦੇ ਸ਼ੱਕੀ ਮਰੀਜ਼ਾਂ ਵਜੋਂ ਰੱਖਿਆ ਗਿਆ। ਅਗਰ ਸਮਾਂ ਰਹਿੰਦੇ ਪੰਜਾਬ ਵਿਚ ਇਸਦਾ ਇਲਾਜ ਤੇ ਜਾਗਰੂਕਤਾ ਨਾ ਫੈਲਾਈ ਗਈ ਤਾਂ ਲੱਖਾਂ ਲੋਕ ਇਸਦੀ ਲਪੇਟ ਵਿੱਚ ਹਨ ਤੇ ਕਈ ਗੁਣਾਂ ਲੋਕ ਇਸਦੀ ਲਪੇਟ ਵਿੱਚ ਆ ਜਾਣਗੇ।ਵਿਸ਼ਵ ਸਿਹਤ ਸੰਗਠਨ ਅਨੁਸਾਰ ਸੰਨ 2018 ਵਿੱਚ 11.6 ਲੱਖ ਕੈਂਸਰ ਦੇ ਨਵੇਂ ਮਰੀਜ਼ਾਂ ਦੀ ਪਹਿਚਾਣ ਹੋਈ ਸੀ, ਜਿਸ ਵਿੱਚੋਂ 7.84 ਲੱਖ ਮਰੀਜ਼ਾਂ ਦੀ ਮੌਤ ਹੋਈ ਹੈ।ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ 10 ਭਾਰਤੀਆਂ ਵਿੱਚੋਂ ਇੱਕ ਆਪਣੀ ਜ਼ਿੰਦਗੀ ਵਿੱਚ ਕੈਂਸਰ ਦਾ ਸ਼ਿਕਾਰ ਹੁੰਦਾ ਹੈ ਅਤੇ ਹਰ 15 ਵਿੱਚੋਂ 1 ਭਾਰਤੀ ਕੈਂਸਰ ਦਾ ਸਹੀ ਇਲਾਜ ਨਾ ਮਿਲਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਜਾਂਦਾ ਹੈ। ਭਾਰਤ ਵਿੱਚ ਕੈਂਸਰ ਦੇ ਪ੍ਰਕੋਪ ਦਾ ਮੁੱਖ ਕਾਰਨ ਤੰਬਾਕੂ ਸੇਵਨ ਮੰਨਿਆ ਗਿਆ ਹੈ। ਕੈਂਸਰ ਸਮੁੱਚੀ ਮਨੁੱਖਤਾ ਨੂੰ ਘੁਣ ਵਾਂਗ ਖਾ ਰਿਹਾ ਹੈ। ਬਦਲਵੇਂ ਜ਼ਿੰਦਗੀ ਜਿਊਣ ਦੇ ਢੰਗ ਨੇ ਕੈਂਸਰ ਅਤੇ ਹੋਰ ਬੀਮਾਰੀਆਂ ਵਿੱਚ ਅਥਾਹ ਵਾਧਾ ਕੀਤਾ ਹੈ। ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਨੇ ਕੈਂਸਰ ਆਦਿ ਖਤਰਨਾਕ ਬੀਮਾਰੀਆਂ ਨੂੰ ਜਨਮ ਦਿੱਤਾ ਹੈ। ਖੇਤੀ ਖੇਤਰ ਵਿੱਚ ਅੰਨ੍ਹੇਵਾਹ ਰਸਾਇਣਕ ਖਾਦਾਂ ਦੀ ਵਰਤੋਂ, ਉਦਯੋਗਾਂ ਅਤੇ ਵਾਹਨਾਂ ਦੇ ਪ੍ਰਦੂਸ਼ਣ ਦੇ ਨਾਲ ਨਾਲ ਮੋਬਾਇਲ ਫੋਨ ਦੀਆਂ ਤਰੰਗਾਂ ਵੀ ਕੈਂਸਰ ਲਈ ਜ਼ਿੰਮੇਵਾਰ ਹਨ। ਸੁਰੱਖਿਆ ਸਾਜ਼ੋ ਸਾਮਾਨ ਅਤੇ ਵਿਗਿਆਨਕ ਪ੍ਰਯੋਗਾਂ ਦੇ ਈ ਕਚਰੇ ਨੇ ਵੀ ਵਾਤਾਵਰਣ ਨੂੰ ਦੂਸ਼ਿਤ ਕੀਤਾ ਹੈ ਅਤੇ ਖਤਰਨਾਕ ਤੱਤਾਂ ਦੇ ਰਿਸਾਅ ਕਾਰਨ ਲੋਕ ਕੈਂਸਰ ਦੀ ਪਕੜ ਹੇਠਾਂ ਆ ਰਹੇ ਹਨ।
ਡਾ. ਗੁਰਤੇਜ ਸਿੰਘ
Comments (0)