'ਕਰਤਾਰਪੁਰ ਲਾਂਘੇ ਦਾ ਪੰਥਕ ਮਸਲਾ ਵਿਧਾਨ ਸਭਾ ਵਿਚ ਉਭਰਿਆ

'ਕਰਤਾਰਪੁਰ ਲਾਂਘੇ ਦਾ ਪੰਥਕ ਮਸਲਾ ਵਿਧਾਨ ਸਭਾ ਵਿਚ ਉਭਰਿਆ

 ਸਿੱਧੂ ਅਤੇ ਭਾਜਪਾ ਵਿਚਾਲੇ ਛਿੜੀ ਜੰਗ 

ਅੰਮ੍ਰਿਤਸਰ ਟਾਈਮਜ਼

ਅੰਮਿ੍ਤਸਰ-ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਸਮੁੱਚੇ ਸਿੱਖ ਜਗਤ ਨੂੰ ਕਰਤਾਰਪੁਰ ਲਾਂਘੇ ਦਾ ਅਮੁੱਲ ਤੋਹਫ਼ਾ ਦੇ ਕੇ ਇਕ ਇਤਿਹਾਸ ਸਿਰਜਿਆ ਹੈ । ਜਿਸ ਅਸਥਾਨ ਦੇ ਸੰਗਤ 72 ਵਰ੍ਹਿਆਂ ਤੋਂ ਚਾਰ ਕਿੱਲੋਮੀਟਰ ਦੀ ਦੂਰੀ ਤੋਂ ਦੂਰਬੀਨਾਂ ਰਾਹੀਂ ਦਰਸ਼ਨ ਕਰਦੀ ਆ ਰਹੀ ਸੀ, ਇਮਰਾਨ ਖ਼ਾਨ ਨੇ ਉੱਥੋਂ ਸਰਹੱਦੀ ਬੰਦਸ਼ਾਂ ਖ਼ਤਮ ਕਰਕੇ ਸਿੱਖ ਕੌਮ ਦਾ ਦਿਲ ਹਮੇਸ਼ਾ-ਹਮੇਸ਼ਾ ਲਈ ਜਿੱਤ ਲਿਆ ਹੈ । ਹੁਣ ਚੋਣ ਪ੍ਰਚਾਰ ਦੌਰਾਨ ਇਸ 'ਜਿੱਤ' ਦਾ ਸਿਹਰਾ ਆਪਣੇ ਸਿਰ ਸਜਾਉਣ ਲਈ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਭਾਜਪਾ ਦੇ ਵੱਖ-ਵੱਖ ਬੁਲਾਰੇ ਤੇ ਪਾਰਟੀ ਆਗੂ ਦੇਸ਼ ਭਰ ਦੀਆਂ ਸਟੇਜਾਂ, ਸੋਸ਼ਲ ਮੀਡੀਆ ਅਤੇ ਹੋਰਡਿੰਗਾਂ ਰਾਹੀਂ ਦਾਅਵੇ ਕਰ ਰਹੇ ਹਨ ।

ਭਾਜਪਾ ਆਗੂ ਇਕਬਾਲ ਸਿੰਘ ਲਾਲਪੁਰਾ ਕਰਤਾਰਪੁਰ ਲਾਂਘੇ ਨੂੰ ਦੇਸ਼ ਦੇ ਨਾਗਰਿਕਾਂ ਅਤੇ ਵਿਸ਼ੇਸ਼ ਤੌਰ 'ਤੇ ਸਿੱਖਾਂ ਲਈ ਇਕ ਅਨਮੋਲ ਤੋਹਫ਼ਾ ਦੱਸਦਿਆਂ ਦਾਅਵਾ ਕਰ ਰਹੇ ਹਨ ਕਿ ਸਿੱਖ ਧਰਮ ਅਤੇ ਸਿੱਖ ਭਾਵਨਾਵਾਂ ਦੀ ਐਨੀ ਕਦਰ ਕਦੇ ਕਿਸੇ ਪਾਰਟੀ ਜਾਂ ਸਿਆਸਤਦਾਨ ਨੇ ਨਹੀਂ ਕੀਤੀ, ਜਿਸ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਰ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਦੇ ਯਤਨਾਂ ਸਦਕਾ ਹੀ ਕਰਤਾਰਪੁਰ ਲਾਂਘਾ ਖੁੱਲ੍ਹਿਆ ਅਤੇ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਵੰਡ ਵੇਲੇ ਵਿੱਛੜੇ ਇਸ ਮੁਕੱਦਸ ਅਸਥਾਨ ਦੇ ਦਰਸ਼ਨ ਦੀਦਾਰ ਨਸੀਬ ਹੋ ਰਹੇ ਹਨ । ਦੂਜੇ ਪਾਸੇ ਸਿੱਧੂ ਲਗਪਗ ਆਪਣੀ ਹਰ ਦੂਜੀ ਜਾਂ ਤੀਜੀ ਬੈਠਕ ਵਿਚ ਛਾਤੀ ਠੋਕ ਕੇ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਅਤੇ ਗੁਰੂ ਨਾਨਕ ਦੇਵ ਜੀ ਦੀ ਬਖ਼ਸ਼ਿਸ਼ ਸਦਕਾ ਕਰਤਾਰਪੁਰ ਲਾਂਘੇ ਦੇ ਰੂਪ 'ਚ ਸਿੱਖਾਂ ਦੀਆਂ 72 ਵਰ੍ਹਿਆਂ ਦੀਆਂ ਅਰਦਾਸਾਂ ਪੂਰੀਆਂ ਹੋਈਆਂ ਹਨ | ਹਾਲਾਂਕਿ ਇਸ ਵਿਚ ਕੋਈ ਦੋ ਰਾਇ ਨਹੀਂ ਹੈ ਕਿ ਪਾਕਿ ਸਰਕਾਰ ਵਲੋਂ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਾਂਝਾ ਲਾਂਘਾ ਬਣਾਏ ਜਾਣ ਲਈ ਸਾਲ 2000 'ਚ ਸਹਿਮਤੀ ਪ੍ਰਗਟ ਕਰਨ ਦੇ 18 ਵਰ੍ਹਿਆਂ ਬਾਅਦ ਸਿੱਧੂ ਦੀ ਪਾਕਿ ਫੇਰੀ ਦੌਰਾਨ ਲਾਂਘਾ ਖੋਲ੍ਹਣ ਲਈ ਅਮਲੀ ਰੂਪ ਵਿਚ ਭਾਰਤ ਨਾਲ ਗੱਲਬਾਤ ਦੀ ਸ਼ੁਰੂਆਤ ਹੋਈ । ਲਾਂਘੇ ਦੇ ਉਦਘਾਟਨ ਸਮਾਰੋਹ ਮੌਕੇ ਸੰਬੋਧਨ ਦੌਰਾਨ ਇਮਰਾਨ ਖ਼ਾਨ ਨੇ ਵੀ ਸਾਫ਼ ਕੀਤਾ ਸੀ ਕਿ ਉਨ੍ਹਾਂ ਨੂੰ ਇਕ ਸਾਲ ਪਹਿਲਾਂ ਤੱਕ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ ਕਿ ਸ੍ਰੀ ਕਰਤਾਰਪੁਰ ਸਾਹਿਬ ਦੀ ਸਿੱਖ ਕੌਮ ਲਈ ਕੀ ਮਹੱਤਤਾ ਹੈ ਪਰ ਜਦੋਂ ਉਨ੍ਹਾਂ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਸਹੁੰ ਚੁੱਕ ਸਮਾਰੋਹ ਵਿਚ ਪਹੁੰਚੇ ਸਿੱਧੂ ਨੇ ਉਕਤ ਅਸਥਾਨ ਦੀ ਮਹੱਤਤਾ ਦੱਸੀ ਤਾਂ ਉਨ੍ਹਾਂ ਨਿਸ਼ਚਾ ਕੀਤਾ ਕਿ ਉਹ ਸਿੱਖ ਕੌਮ ਨੂੰ ਇਹ ਤੋਹਫ਼ਾ ਜ਼ਰੂਰ ਭੇਟ ਕਰਨਗੇ । ਇੱਥੇ ਇਹ ਵੀ ਸਮਝਣਾ ਜ਼ਰੂਰੀ ਹੋ ਜਾਂਦਾ ਹੈ ਕਿ ਭਾਰਤ ਦੀ ਕੇਂਦਰ ਸਰਕਾਰ ਦੀ ਮਨਜ਼ੂਰੀ ਬਗੈਰ ਇਹ ਲਾਂਘਾ ਖੁੱਲਣਾ ਸੰਭਵ ਨਹੀਂ ਸੀ ।