ਅਕਾਲ ਤਖਤ ਸਾਹਿਬ ਨੂੰ ਹਰ ਤਰ੍ਹਾਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਗੱਲ ਤੁਰਨ ਲੱਗੀ

ਅਕਾਲ ਤਖਤ ਸਾਹਿਬ ਨੂੰ ਹਰ ਤਰ੍ਹਾਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਗੱਲ ਤੁਰਨ ਲੱਗੀ

ਤਖ਼ਤ ਸਾਹਿਬ ਅਤੇ ਗੁਰਦੁਆਰਾ ਸਾਹਿਬ

ਸ੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਹਰ ਤਰ੍ਹਾਂ ਦੇ ਬਿਪਰਵਾਦੀ ਅਤੇ ਪੱਛਮੀ ਤਰੀਕੇ ਦੇ ਪ੍ਰਭਾਵਾਂ ਤੋਂ ਮੁਕਤ ਕਰਵਾਉਣ ਦੀ ਗੱਲ ਹੁਣ ਪੰਥ ਦੀਆਂ ਜਥੇਬੰਦੀਆਂ ਅਤੇ ਨੌਜਵਾਨਾਂ ਵਿੱਚ ਤੁਰਨ ਲੱਗੀ ਹੈ, ਇਹ ਚੰਗੀ ਗੱਲ ਹੈ। ਹੁਣ ਤੱਕ ਸਿੱਖਾਂ ਦੇ ਵੱਡੇ ਹਿੱਸੇ ਦਾ ਸਾਰਾ ਜ਼ੋਰ ਸਿਰਫ ਬੰਦੇ ਬਦਲਣ ਤੱਕ ਹੀ ਸੀਮਤ ਸੀ, ਲੱਗਦਾ ਹੈ ਕਿ ਪੰਥ ਨੇ ਹੁਣ ਇਸ ਬਿਮਾਰੀ ਦੀ ਜੜ ਨੂੰ ਫੜ ਲਿਆ ਹੈ ਅਤੇ ਗੱਲ ਬੰਦੇ ਬਦਲਣ ਦੀ ਥਾਂ ’ਤੇ ਤਰੀਕਾ ਬਦਲਣ ਦੀ ਹੋਣ ਲੱਗੀ ਹੈ। ਇਸ ਸਬੰਧ ਵਿੱਚ ਪੰਥ ਦੀਆਂ ਜੁਝਾਰੂ ਸਖਸ਼ੀਅਤਾਂ ਵੱਲੋਂ ਪਿਛਲੇ ਦਿਨੀਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਿੱਖ ਨੌਜਵਾਨਾਂ ਦੀ 2 ਦਿਨਾਂ ਵਿਚਾਰ ਗੋਸ਼ਟਿ ਰੱਖੀ ਗਈ ਜਿਸ ਵਿੱਚ ਸ੍ਰੀ ਅਕਾਲ ਤਖ਼ਤ ਸਹਿਬ ਦੇ ਪ੍ਰਬੰਧ ਨੂੰ ਹਰ ਤਰ੍ਹਾਂ ਦੇ ਗੈਰ ਪੰਥਕ ਵਿਚਾਰ ਅਤੇ ਇੰਡੀਅਨ ਵੋਟ ਰਾਜਨੀਤੀ ਦੀਆਂ ਪਾਰਟੀਆਂ ਦੇ ਪ੍ਰਭਾਵ ਤੋਂ ਮੁਕਤ ਕਰਵਾਉਣ ਦੀ ਗੱਲ ਵੱਡੇ ਰੂਪ ਵਿੱਚ ਨਿੱਖਰ ਕੇ ਸਾਹਮਣੇ ਆਈ। 

ਅਸੀਂ ਜਾਣਦੇ ਹਾਂ ਕਿ ਹੁਣ ਦੇ ਸਮੇਂ ਵਿੱਚ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇੱਕ ਉਪ ਕਮੇਟੀ ਨਿਯੁਕਤ ਕੀਤੀ ਜਾਂਦੀ ਹੈ। ਇਹ ਉਪ ਕਮੇਟੀ ਤੈਅ ਕਰਦੀ ਹੈ ਕਿ ਤਖ਼ਤ ਸਾਹਿਬ ਦਾ ਜਥੇਦਾਰ ਕੌਣ ਹੋਵੇਗਾ। ਉਪ ਕਮੇਟੀ ਨੂੰ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਪ੍ਰਬੰਧ ਹੇਠ ਰੱਖਦੀ ਹੈ। ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਵੋਟਾਂ ਵਾਲੀ ਰਾਜਨੀਤਕ ਪਾਰਟੀ (ਸ੍ਰੋਮਣੀ ਅਕਾਲੀ ਦਲ) ਆਪਣੇ ਪ੍ਰਬੰਧ ਹੇਠ ਰੱਖਦੀ ਹੈ। ਸ਼੍ਰੋਮਣੀ ਅਕਾਲੀ ਦਲ ’ਤੇ ਹੁਣ ਇੱਕ ਪਰਿਵਾਰ ਦਾ ਕਬਜਾ ਹੈ। ਤਖ਼ਤ ਸਾਹਿਬ ਦਾ ਪ੍ਰਬੰਧ ਹੁਣ ਇਨ੍ਹਾ ਤੈਹਾਂ ਦੀ ਸਭ ਤੋਂ ਹੇਠਲੀ ਤੈਹ ਵਿੱਚ ਹੁੰਦਾ ਹੈ। 

ਤਖ਼ਤ ਸਾਹਿਬ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਾਂ ਨੂੰ ਆਪਣੀ ਰਵਾਇਤ ਅਨੁਸਾਰ ਬਿਹਤਰ ਕਰਨ ਲਈ ਸਾਨੂੰ ਇਤਿਹਾਸ ਵਿੱਚੋਂ ਦੀ ਲਾਜਮੀ ਗੁਜਰਨਾ ਪਵੇਗਾ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਨੀਂਹ ਰੱਖੀ ਅਤੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ ਨੇ ਆਪਣੇ ਹੱਥੀਂ ਚਿਣਾਈ ਕਰਕੇ ਸੰਪੂਰਨ ਕੀਤਾ। ਇਸ ਤਰ੍ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਭਾਈ ਗੁਰਦਾਸ ਤੇ ਬਾਬਾ ਬੁੱਢਾ ਜੀ ਰਾਹੀਂ 'ਗੁਰੂ' ਅਤੇ 'ਸਿੱਖ' ਪ੍ਰੰਪਰਾਵਾਂ ਨੇ ਮਿਲ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕੀਤੀ ਜਿਸ ਉੱਪਰ ਬਾਅਦ ਵਿੱਚ ਗੁਰੂ ਖ਼ਾਲਸਾ ਪੰਥ ਰੂਪੀ ਸੱਚ ਦਾ ਅਮਲ ਸਾਕਾਰ ਹੋਇਆ। ਪਹਿਲੇ ਮੁਖੀ ਭਾਈ ਗੁਰਦਾਸ ਜੀ ਰਹੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ  ਲੈ ਕੇ ਲੰਮਾ ਅਰਸਾ ਗੁਰੂ ਸਾਹਿਬਾਨ ਆਨੰਦਪੁਰ ਸਾਹਿਬ ਰਹੇ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਗੁਰੂ ਬੰਸੀਆਂ ਕੋਲ ਰਿਹਾ। ਗੁਰੂ ਬੰਸੀ ਰੂਹਾਨੀ ਉਚਾਈ ਤੋਂ ਸੱਖਣੇ ਹੋਣ ਕਾਰਨ ਅਖ਼ਲਾਕ ਹੀਣ ਜੀਵਨ ਜਿਊਂਦੇ ਸਨ ਇਸ ਲਈ ਇਨ੍ਹਾਂ ਦੇ ਖ਼ਿਲਾਫ਼ ਸ਼ਿਕਾਇਤ ਲੈ ਕੇ ਸੰਗਤਾਂ ਗੁਰੂ ਗੋਬਿੰਦ ਸਿੰਘ ਜੀ ਪਾਸ ਪਹੁੰਚੀਆਂ। ੧੬੯੯ ਵਿਚ ਖਾਲਸਾ ਸਾਜਨਾ ਤੋਂ ਉਪਰੰਤ ਭਾਈ ਮਨੀ ਸਿੰਘ ਜੀ ਨੂੰ ਪੰਜ ਸਿੰਘ ਨਾਲ ਦੇ ਕੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਬੰਧ ਲਈ ਭੇਜਿਆ ਗਿਆ ਇਸ ਤਰ੍ਹਾਂ ਭਾਈ ਮਨੀ ਸਿੰਘ ਜੀ ਪੰਚ ਪ੍ਰਧਾਨੀ ਪ੍ਰਥਾ ਨਾਲ ਅਕਾਲ ਤਖ਼ਤ ਸਾਹਿਬ ਦੇ ਮੁਖੀ ਥਾਪੇ ਗਏ ਜੋ ਸ਼ਹੀਦੀ ਤਕ ਅਕਾਲ ਤਖ਼ਤ ਸਾਹਿਬ ਦੇ ਮੁਖੀ ਰਹੇ। ਭਾਈ ਮਨੀ ਸਿੰਘ ਜੀ ਨੇ ਸਿੱਖਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇਕੱਤਰ ਹੋ ਕੇ ਆਪਣਾ ਨੇਤਾ ਚੁਣਨ ਅਤੇ ਆਪਣੀ ਗੁਰੂ ਪਦਵੀ ਦੀ ਵਰਤੋਂ ਕਰਨ ਲਈ ਪ੍ਰੇਰਨਾ ਕੀਤੀ। ੧੭੩੪ ਵਿੱਚ ਭਾਈ ਮਨੀ ਸਿੰਘ ਜੀ ਦੇ ਸੱਦੇ ਉਪਰ ਸਰਬਤ ਖ਼ਾਲਸਾ ਜੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵਿਹੜੇ ਵਿਚ ਇਕੱਤਰ ਹੋਇਆ ਅਤੇ ਗੁਰਮਤੇ ਰਾਹੀਂ ਸਮੂਹਿਕ ਰੂਪ ਵਿਚ ਕਪੂਰ ਸਿੰਘ ਫੈਜ਼ਲਪੁਰੀਏ ਨੂੰ ਆਪਣਾ ਆਗੂ ਚੁਣਿਆ। ਇਹ ਸਰਬੱਤ ਖਾਲਸਾ, ਗੁਰੂ ਖ਼ਾਲਸਾ ਪੰਥ ਵੱਲੋਂ ਆਪਣੀ ਗੁਰੂ ਅਜ਼ਮਤ ਦਾ ਪਹਿਲਾ ਅਤੇ ਪੂਰਨ ਪ੍ਰਗਟਾਵਾ ਸੀ। ਗੁਰਮਤਾ ਕਰਕੇ ਲਏ ਗਏ ਇਸ ਫ਼ੈਸਲੇ ਨੂੰ ਹਰੇਕ ਮਾਈ ਭਾਈ ਨੇ ਗੁਰੂ ਦਾ ਹੁਕਮ ਕਰਕੇ ਜਾਣਿਆਂ ਅਤੇ ਨਵਾਬ ਕਪੂਰ ਸਿੰਘ  ਦੇ ਇਕ ਇਸ਼ਾਰੇ ਤੇ ਆਪਣੀਆਂ ਜਾਨਾਂ ਵਾਰਨ ਲਈ ਸਦਾ  ਤਿਆਰ ਰਹੇ। ੧੭੪੬ ਅਤੇ ੧੭੪੭ ਦੇ ਦੋਵੇਂ ਸਰਬੱਤ ਖ਼ਾਲਸਾ ਸਮਾਗਮ ਨਵਾਬ ਕਪੂਰ ਸਿੰਘ ਜੀ ਦੇ ਸੱਦੇ ਉੱਪਰ ਕੀਤੇ ਗਏ। ਇਨ੍ਹਾਂ ਸਰਬੱਤ ਖਾਲਸਾ ਸਮਾਗਮਾਂ ਰਾਹੀਂ ਸਮੁੱਚੀ ਖ਼ਾਲਸਾ ਸ਼ਕਤੀ ਨੂੰ ਪੰਝੀ ਜਥਿਆਂ ਵਿੱਚ ਜਥੇਬੰਦ ਕੀਤਾ ਗਿਆ। ਇਨ੍ਹਾਂ ਜਥਿਆਂ ਵਿੱਚੋਂ ਹੀ ਇੱਕ ਜਥਾ ਜੋ ਖ਼ਾਲਸਾ ਸਾਜਨਾ ਦੇ ਸਮੇਂ ਤੋਂ ਨੀਲਾ ਬਾਣਾ ਧਾਰਨ ਕਰਕੇ ਰੱਖਦਾ ਆ ਰਿਹਾ ਸੀ ਅਤੇ ਜਿਸ ਜਥੇ ਦੇ ਸਿੰਘਾਂ ਨੂੰ ਨਿਹੰਗ ਸਿੰਘ ਜਾਂ ਅਕਾਲੀ ਕਿਹਾ ਜਾਂਦਾ ਸੀ ਉਸ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਸੌਂਪਿਆ ਗਿਆ। ਜਦੋਂ ਦੂਜੀ ਵਾਰ ਖ਼ਾਲਸਾ ਸ਼ਕਤੀ ਨੂੰ ੬੫ ਜਥਿਆਂ ਦੇ ਰੂਪ ਵਿੱਚ ਜਥੇਬੰਦ ਕਰਕੇ ਇਸ ਨੂੰ ਦਲ ਖ਼ਾਲਸਾ ਦਾ ਨਾਮ ਦਿੱਤਾ ਗਿਆ ਤਾਂ ਦਲ ਖ਼ਾਲਸਾ ਦਾ ਵਹੀਰ ਤੁਰਨ ਸਮੇਂ ਨਿਸ਼ਾਨ ਸਾਹਿਬ ਸੰਭਾਲਣ ਦੀ ਸੇਵਾ ਇਨ੍ਹਾਂ ਅਕਾਲੀਆਂ ਨੇ ਲਈ ਜੋ ਸ਼ਹੀਦ ਤਾਂ ਹੋ ਜਾਂਦੇ ਸਨ ਪਰ ਨਿਸ਼ਾਨ ਸਾਹਿਬ ਹੇਠਾਂ ਨਹੀਂ ਡਿੱਗਣ ਦਿੰਦੇ ਸਨ। ਇਨ੍ਹਾਂ ਦੇ ਜਥੇ ਦਾ ਨਾਂ ਵੀ ਸ਼ਹੀਦੀ ਜਥਾ ਪੈ ਗਿਆ ਅਤੇ ਬਾਅਦ ਵਿੱਚ ਸ਼ਹੀਦਾਂਵਾਲੀ ਮਿਸਲ ਵਜੋਂ ਪ੍ਰਚੱਲਤ ਹੋਏ। ਖਾਲਸਾ ਰਾਜ (ਦਲ ਖ਼ਾਲਸਾ ੧੭੪੭ ਤੋਂ ੧੭੯੨ ਅਤੇ ਸਰਕਾਰ ਖਾਲਸਾ  ੧੮੪੯ ਤੱਕ) ਵਕਤ ਅਕਾਲੀ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਪ੍ਰਬੰਧਕ ਰਹੇ। ੧੮੪੯ ਤੋਂ ੧੯੨੦ ਅਕਾਲ ਤਖ਼ਤ ਸਾਹਿਬ ਦਾ ਕੋਈ ਵੱਖਰਾ ਪ੍ਰਬੰਧ ਨਹੀਂ ਕੀਤਾ ਗਿਆ ਅਤੇ ਦਰਬਾਰ ਸਾਹਿਬ ਦੇ ਪ੍ਰਬੰਧ ਲਈ ਲਾਏ ਗਏ ਸਰਬਰਾਹ ਹੀ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ ਦੇਖਦੇ ਰਹੇ। ਉਨੀ ਸੌ ਵੀਹ ਵਿੱਚ  ਉੱਠੀ ਅਕਾਲੀ ਲਹਿਰ ੧੯੨੫ ਦੇ ਗੁਰਦੁਆਰਾ ਐਕਟ ਰੂਪ ਵਿੱਚ ਨਵਾਂ ਪ੍ਰਬੰਧਕੀ ਨਿਜ਼ਾਮ ਲੈ ਆਈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਸਾਧਾਰਨ ਮਨੁੱਖਾਂ  ਵੱਲੋਂ ਸਾਜੇ ਕਾਨੂੰਨ (Conventional law) ਦੇ ਇਸ ਪ੍ਰਬੰਧਕੀ ਨਿਜ਼ਾਮ ਦੇ ਹੇਠਾਂ ਰੱਖ ਲਿਆ ਗਿਆ। ਤਖ਼ਤ ਅਤੇ ਗੁਰਦੁਆਰਾ ਸਾਹਿਬ ਵਿਚਲਾ ਫ਼ਰਕ ਮੇਟ ਕੇ ਅਕਾਲ ਤਖ਼ਤ ਸਾਹਿਬ ਨੂੰ ਕਾਬੂ ਕਰਕੇ ਰੱਖਣ ਦਾ ਇਹ ਸਿਲਸਿਲਾ ਅੱਜ ਤਕ ਬਾਦਸਤੂਰ ਜਾਰੀ ਹੈ। 

ਸਿੱਖਾਂ ਦੇ ਤੌਰ ’ਤੇ ਸਾਨੂੰ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਸਾਹਿਬ ਦੇ ਅੰਤਰ ਨੂੰ ਮਹਿਸੂਸ ਕਰਦੇ ਹੋਏ ਗੁਰਦੁਆਰੇ ਅਤੇ ਤਖ਼ਤ ਦੇ ਅੰਤਰ ਨੂੰ ਸਮਝਣਾ ਪਵੇਗਾ ਅਤੇ ਫਿਰ ਇਹਨਾਂ ਦੇ ਪ੍ਰਬੰਧਾਂ ਨੂੰ ਬਾਕੀ ਪ੍ਰਭਾਵਾਂ ਤੋਂ ਮੁਕਤ ਕਰਵਾਉਣ ਲਈ ਯਤਨ ਆਰੰਭ ਕਰਨੇ ਪੈਣਗੇ। ਜੁਝਾਰੂ ਸਖਸ਼ੀਅਤਾਂ ਵੱਲੋਂ ਕੀਤੇ ਜਾ ਰਹੇ ਇਸ ਉੱਦਮ ਦਾ ਸਾਨੂੰ ਸਭ ਨੂੰ ਸਹਿਯੋਗ ਕਰਨਾ ਚਾਹੀਦਾ ਹੈ। ਤਖ਼ਤ ਸਾਹਿਬ ਸਿੱਖਾਂ ਦੀ ਇੱਕ ਵੱਖਰੀ ਅਜ਼ਾਦ ਹਸਤੀ ਦਾ ਪਰਤੀਕ ਹੈ, ਇਸ ਦੇ ਨਾਲ ਹੀ ਅਸੀਂ ਆਪਣੀ ਰਾਜਨੀਤਕ ਸਮਰੱਥਾ ਨੂੰ ਦੁਨੀਆਂ ਸਾਹਮਣੇ ਪ੍ਰਗਟ ਕਰਨ ਦੇ ਸਮਰਥ ਹੋ ਸਕਾਂਗੇ। 

 

ਸੰਪਾਦਕ