ਵੀਰ ਬਾਲ ਦਿਵਸ' ਬਿਨ ਮੰਗਿਆ ਤੋਹਫਾ ਸਿੱਖਾਂ ਨੂੰ ਪ੍ਰਵਾਨ ਕਿਉਂ ਨਹੀਂ ? 

ਵੀਰ ਬਾਲ ਦਿਵਸ' ਬਿਨ ਮੰਗਿਆ ਤੋਹਫਾ ਸਿੱਖਾਂ ਨੂੰ ਪ੍ਰਵਾਨ ਕਿਉਂ ਨਹੀਂ ? 

ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ

ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਵੱਡੇ ਅਤੇ ਛੋਟੇ ਸਪੁੱਤਰਾਂ, ਮਾਤਾ ਗੁਜ਼ਰ ਕੌਰ ਜੀ ਅਤੇ ਅਨੇਕ ਸਿੰਘ ਸਿੰਘਣੀਆਂ ਦੇ ਸ਼ਹੀਦੀ ਦਿਹਾੜੇ ਚੱਲ ਰਹੇ ਹਨ। ਖਾਲਸਾ ਪੰਥ ਇਸ ਸਮੇਂ ‘ਤੇ ਸ਼ਹੀਦਾਂ ਦੀ ਯਾਦ ਵਿੱਚ ਜੁੜ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਆਂ ਸਰਬੱਤ ਦੇ ਭਲੇ ਲਈ ਕੀਤੀਆਂ ਕੁਰਬਾਨੀਆਂ ਨੂੰ ਯਾਦ ਕਰਦਾ ਹੈ। ਇਹਨਾਂ ਸ਼ਹੀਦੀਆਂ ਦੀ ਬਦੌਲਤ ਹੀ ਸਿੱਖ ਅਨੇਕਾਂ ਜ਼ਾਲਮਾਂ ਦਾ ਮੁਕਾਬਲਾ ਕਰ ਸਕਣ ਅਤੇ ਲਗਾਤਾਰ ਸੰਘਰਸ਼ ਕਰਨ ਦੇ ਯੋਗ ਬਣੇ ਹਨ। ਪੋਹ ਮਹੀਨੇ ਦੇ ਠੰਡ ਦੇ ਦਿਨਾਂ ਵਿੱਚ ਅਨੰਦਪੁਰ ਸਾਹਿਬ ਦੀ ਜੰਗ, ਚਮਕੌਰ ਸਾਹਿਬ ਦੀ ਜੰਗ ਅਤੇ ਸਾਕਾ ਸਰਹਿੰਦ ਵਰਗੇ ਵੱਡੇ ਸਾਕੇ ਗੁਰੂ ਖਾਲਸਾ ਪੰਥ ਨੂੰ ਝੱਲਣੇ ਪਏ। ਇਹ ਸਾਕੇ ਗੁਰੂ ਖਾਲਸਾ ਪੰਥ ਦੀ ਸਰਕਾਰ ਨਾਲ ਜ਼ੁਲਮ ਖਿਲਾਫ ਲੜਾਈ ਵਿਚੋਂ ਪੈਦਾ ਹੋਏ ਸਨ। ਭਾਵੇਂ ਕਿ ਸਮੇਂ ਦੇ ਨਾਲ ਉਹ ਸਰਕਾਰਾਂ ਅੱਜ ਖਤਮ ਹੋ ਗਈਆਂ। ਪਰ ਖਾਲਸਾ ਜੀ ਦੀ ਲੜਾਈ ਸਦੀਵੀ ਹੈ ਅਤੇ ਅੱਜ ਵੀ ਜ਼ੁਲਮ ਖਿਲਾਫ਼ ਜਾਰੀ ਹੈ। 

ਪਿਛਲੇ ਦਿਨੀਂ ਦਿੱਲੀ ਦਰਬਾਰ ਵੱਲੋਂ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ 'ਵੀਰ ਬਾਲ ਦਿਵਸ' ਵਜੋਂ ਮਨਾਉਣ ਦੇ ਲਈ ਪ੍ਰਚਾਰ ਸੁਰੂ ਕੀਤਾ ਗਿਆ। ਅਜਿਹਾ ਕਰਨ ਪਿਛੇ ਦਿੱਲੀ ਦਰਬਾਰ ਵੱਲੋਂ ਦਲੀਲ ਦਿੱਤੀ ਗਈ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਸਾਰੇ ਇੰਡੀਆ ਦੇ ਲੋਕਾਂ ਨੂੰ ਬਹੁਤਾ ਪਤਾ ਨਹੀਂ ਹੈ ਅਤੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਦੱਸਣ ਵਿੱਚ ਸਿੱਖ ਨਾਕਾਮ ਰਹੇ ਹਨ। ਅੱਗੇ ਕਿਹਾ ਗਿਆ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇਸ਼ ਨੂੰ ਬਚਾਉਣ ਲਈ ਹੋਈ ਸੀ। 

ਸਿੱਖ ਸੰਗਤ, ਬਹੁਤ ਸਾਰੀਆਂ ਸਿੱਖ ਸੰਸਥਾਵਾਂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਦਿੱਲੀ ਦਰਬਾਰ ਨੂੰ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਨੂੰ 'ਵੀਰ ਬਾਲ ਦਿਵਸ' ਕਹਿਣ ਸਬੰਧੀ ਆਪਣੇ ਇਤਰਾਜ਼ ਦਰਜ ਕਰਵਾਏ ਗਏ ਹਨ। ਇਸਦੇ ਸਬੰਧ ਵਿੱਚ ਦਿੱਲੀ ਦਰਬਾਰ ਦੇ ਨੁਮਾਇੰਦਿਆਂ ਵਲੋਂ ਸਿੱਖਾਂ ਨੂੰ ਦਿੱਤੇ ਜਵਾਬ ਸੁਣ ਕੇ ਇਹ ਨਹੀਂ ਜਾਪਦਾ ਕਿ ਦਿੱਲੀ ਦਰਬਾਰ ਸਿੱਖਾਂ ਪ੍ਰਤੀ ਸੁਹਿਰਦ ਹੈ ਅਤੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਪੁਰਬ ਮਨਾਉਣ ਦਾ ਉਪਰਾਲਾ ਇਮਾਨਦਾਰੀ ਵਿਚੋਂ ਕਰ ਰਹੀ ਹੈ। 

ਜੇਕਰ ਸਰਕਾਰ ਦੀ ਭਾਵਨਾ ਸਚਮੁਚ ਸੁੱਚੀ ਹੈ ਤਾਂ ਸਿੱਖਾਂ ਜਾਂ ਅਕਾਲ ਤਖ਼ਤ ਸਾਹਿਬ ਤੋਂ ਇਹਨਾਂ ਦਿਨਾਂ ਸਬੰਧੀ ਰਾਏ ਲੈ ਸਕਦੀ ਸੀ। ਦੂਸਰਾ ਸਿੱਖਾਂ ਵਲੋਂ ਇਸ ਨਾਮ 'ਵੀਰ ਬਾਲ ਦਿਵਸ' ਉਤੇ ਇਤਰਾਜ਼ ਜਤਾਏ ਜਾਣ ਤੋਂ ਬਾਅਦ ਆਪਣੀ ਇਸ ਗਲਤੀ ਨੂੰ ਦਰੁਸਤ ਕਰ ਸਕਦੀ ਸੀ। ਬਲਕਿ ਸਰਕਾਰ ਵਲੋਂ ਇਸ ਉਤੇ ਅੜਨਾ ਅਤੇ ਉਲਟਾ ਸਿੱਖ ਸੰਗਤ ਨੂੰ ਉਪਦੇਸ਼ ਦੇਣਾ, ਜਾਪਦਾ ਹੈ ਕਿ ਦਿੱਲੀ ਦਰਬਾਰ ਕਿਸੇ ਵਿਉਤਬੰਦੀ ਦੇ ਤਹਿਤ ਚੱਲ ਰਿਹਾ ਹੈ। ਕਿਉਂਕਿ ਅਜਿਹਾ ਪਹਿਲੀ ਵਾਰ ਨਹੀਂ ਹੈ ਕਿ ਸਰਕਾਰ ਨੇ ਸਿੱਖ ਇਤਿਹਾਸ ਦੀਆਂ ਘਟਨਾਵਾਂ ਨੂੰ ਆਪਣੀ ਮਰਜ਼ੀ ਨਾਲ ਕੋਈ ਨਾਮ ਦਿੱਤਾ ਹੋਵੇ। 

ਇਸ ਤੋਂ ਪਹਿਲਾਂ ਵੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਔਰੰਗਜ਼ੇਬ ਅਤੇ ਮੁਸਲਮਾਨਾਂ ਦੇ ਵਿਰੁੱਧ ਪੇਸ਼ ਕਰਨ, ਸਤਿਗੁਰੂ ਕਲਗੀਧਰ ਦਸ਼ਮੇਸ਼ ਜੀ ਨੂੰ ਦੇਸ਼ ਭਗਤ ਵਜੋਂ ਘਟਾ ਕੇ ਦਿਖਾਉਣ, ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੰਦਾ ਬੈਰਾਗੀ ਵਜੋਂ ਦੱਸਣ, ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਵਰਗੇ ਸਿੱਖਾਂ ਦੇ ਨਾਵਾਂ ਨੂੰ ਬਦਲ ਕੇ ਹਿੰਦੂ ਕਤਾਰ ਵਿੱਚ ਖਿਚਣ ਦੇ ਯਤਨ ਹੁੰਦੇ ਆਏ ਹਨ। 

ਰਾਜਨੀਤੀ ਵਿੱਚ ਕਿਸੇ ਦੂਜੇ ਨੂੰ ਕਿਸ ਨਾਮ ਨਾਲ ਬੁਲਾਇਆ ਜਾਂਦਾ ਹੈ, ਇਸ ਗੱਲ ਦੇ ਉੱਤੇ ਬੜਾ ਕੁਝ ਖੜ੍ਹਾ ਹੁੰਦਾ ਹੈ। ਸਿੱਖਾਂ ਨੇ ਪਿਛਲੀਆਂ ਤਿੰਨ ਸਦੀਆਂ ਦੌਰਾਨ ਸਾਹਿਬਜ਼ਾਦਿਆਂ ਲਈ ਸ਼ਬਦ 'ਬਾਬੇ' ਵਰਤਿਆ ਹੈ। ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਨੂੰ ਬਾਲ ਜਾਂ ਬੱਚਿਆਂ ਵਜੋਂ ਸਿੱਖਾਂ ਨੇ ਕਦੀ ਵੀ ਪੇਸ਼ ਨਹੀਂ ਕੀਤਾ ਹੈ। ਗੁਰਮਤ ਅਨੁਸਾਰ ਕਿਸੇ ਮਨੁੱਖ ਨੂੰ ਮਾਪਣ ਦਾ ਢੰਗ ਉਸਦੀ ਸਰੀਰਕ ਸਮਰਥਾ ਅਨੁਸਾਰ ਨਹੀਂ ਹੈ, ਬਲਕਿ ਮਨੁੱਖ ਦੀ ਸੁਰਤ ਦੀ ਉਡਾਰੀ ਅਨੁਸਾਰ ਕੋਈ ਬਾਬਾ, ਬ੍ਰਹਮਗਿਆਨੀ, ਸ਼ਹੀਦ ਜਾਂ ਸੰਤ ਹੈ। ਸਾਹਿਬਜ਼ਾਦੇ ਛੋਟੀ ਉਮਰ ਹੋਣ ਕਰਕੇ ਵੀ ਸ਼ਹੀਦੀ ਦੇ ਉੱਚੇ ਰੁਤਬੇ ਉਪਰ ਪਹੁੰਚੇ। ਇਸ ਲਈ ਸਰਬੱਤ ਗੁਰੂ ਖਾਲਸਾ ਪੰਥ ਉਹਨਾਂ ਨੂੰ 'ਬਾਬਿਆਂ' ਵਜੋਂ ਯਾਦ ਕਰਦਾ ਹੈ। ਸਿੱਖ ਦਾ ਆਪਣੇ ਆਪ ਨੂੰ ਨਿਆਰਾ ਰੱਖਣਾ, ਆਪਣੇ ਆਪ ਨੂੰ ਜਿਉਂਦਾ ਰੱਖਣ ਤੋਂ ਵੀ ਜ਼ਰੂਰੀ ਹੈ। 'ਵੀਰ ਬਾਲ ਦਿਵਸ' ਨਾਮ ਹੇਠਾਂ ਦਿੱਲੀ ਦੀ ਮੌਜੂਦਾ ਧਿਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਆਪਣੇ ਲਈ ਵਰਤਣਾ ਚਾਹੁੰਦੀ ਹੈ।  

ਅਜੇ ੪ ਦਹਾਕੇ ਬੀਤੇ ਹਨ, ਦਿੱਲੀ ਦਰਬਾਰ ਨੇ ਸਿੱਖਾਂ ਦੇ ਕੇਂਦਰੀ ਅਸਥਾਨ ਉਪਰ ਹਮਲਾ ਕੀਤਾ ਹੈ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹਿਆ ਹੈ। ਅੱਜ ਉਹੀ ਦਿੱਲੀ ਦਰਬਾਰ ਸਿੱਖਾਂ ਦੇ ਇਤਿਹਾਸ ਨੂੰ ਪ੍ਰਚਾਰਨ ਲਈ ਪੱਬਾਂ ਭਾਰ ਹੋ ਰਿਹਾ ਹੈ। ਸਾਹਿਬਜ਼ਾਦਿਆਂ ਦੀਆਂ ਸ਼ਹਾਦਤਾਂ ਜ਼ੁਲਮ ਖਿਲਾਫ਼ ਲੜਨ ਲਈ ਹਰੇਕ ਮਜ਼ਲੂਮ ਧਿਰ ਨੂੰ ਬਲ ਦਿੰਦੀਆਂ ਹਨ। ਇਹਨਾਂ ਦਾ ਪ੍ਰਚਾਰ ਹੋਣਾ ਚਾਹੀਦਾ ਹੈ। ਦਿੱਲੀ ਦਰਬਾਰ ਜੇਕਰ ਸੁਹਿਰਦ ਹੈ ਤਾਂ ਗੁਰੂਆਂ ਦੀਆਂ ਦਿੱਤੀਆਂ ਸਿਖਿਆਵਾਂ ਅਨੁਸਾਰ ਨਿਆਂ ਕਰੇ, ਗੁਰਮਤਿ ਅਨੁਸਾਰੀ ਸਰਬੱਤ ਦੇ ਭਲੇ ਦਾ ਰਾਜ ਪ੍ਰਬੰਧ ਸਿਰਜਣ ਵੱਲ ਕਦਮ ਵਧਾਵੇ। ਸਿੱਖ ਪ੍ਰੰਪਰਾ ਕਿਸੇ ਦੂਸਰੇ ਨੂੰ ਬਦਲਣ ਅਤੇ ਦੂਸਰੇ ਨੂੰ ਦੱਸਣ ਉਤੇ ਜ਼ੋਰ ਦੇਣ ਤੋਂ ਪਹਿਲਾਂ ਮਨੁੱਖ ਨੂੰ ਖ਼ੁਦ ਨੂੰ ਬਦਲਣ ਲਈ ਕਹਿੰਦੀ ਹੈ। ਜੇਕਰ ਦਿੱਲੀ ਦਰਬਾਰ ਨੇ ਸਿੱਖ ਪਰੰਪਰਾ ਅਨੁਸਾਰ ਖ਼ੁਦ ਨੂੰ ਬਦਲ ਲਿਆ ਹੈ ਤਾਂ ਹੀ ਉਹ ਸਿੱਖੀ ਦੇ ਪ੍ਰਚਾਰ ਕਰਨ ਦੇ ਯੋਗ ਹੈ। ਦਿੱਲੀ ਦਰਬਾਰ ਦੇ ਵਕੀਲ ਬਣ ਰਹੇ ਚਕਰੈਲ ਸਿੱਖਾਂ ਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਸਿੱਖੀ ਪ੍ਰਚਾਰ ਨਾਲ ਨਹੀਂ, ਬਲਕਿ ਅਮਲਾਂ ਦੀ ਖੁਸ਼ਬੋ ਨਾਲ ਫੈਲਦੀ ਹੈ। 

ਸਿੱਖਾਂ ਨੇ ਦਿੱਲੀ ਦਰਬਾਰ ਉਤੇ ਉਸ ਸਮੇਂ ਕਾਬਜ਼ ਮੁਗ਼ਲਾਂ ਵਿਰੁੱਧ ਲੰਮਾ ਸਮਾਂ ਸੰਘਰਸ਼ ਲੜਿਆ ਹੈ। ਪਿਛਲੇ ਸਮੇਂ ਤੋਂ ਦਿੱਲੀ ਦਰਬਾਰ ਦੀ ਰੁਚੀ ਸਿੱਖ ਇਤਿਹਾਸ ਨੂੰ ਆਪਣੇ ਫਾਇਦੇ ਲਈ ਵਰਤ ਕੇ ਪਰਜਾ ਦੀ ਮੁਸਲਮਾਨਾਂ ਵਿਰੁੱਧ ਨਫ਼ਰਤ ਫੈਲਾਉਣ ਦੀ ਵਧੀ ਹੈ। ਉਸ ਸਮੇਂ ਉਪਰ ਵੀ ਅਤੇ ਅੱਜ ਵੀ, ਸਿੱਖ ਕਿਸੇ ਧਰਮ ਦੇ ਖਿਲਾਫ਼ ਨਹੀਂ, ਬਲਕਿ ਜ਼ੁਲਮ ਦੇ ਖਿਲਾਫ਼ ਲੜੇ ਹਨ। ਸਾਹਿਬਜ਼ਾਦਿਆਂ ਅਤੇ ਸਮੁੱਚੇ ਸਿੱਖਾਂ ਦੀਆਂ ਸ਼ਹਾਦਤਾਂ ਕਿਸੇ ਵੀ ਦੇਸ਼ ਜਾਂ ਰਾਸ਼ਟਰ ਵਾਸਤੇ ਨਹੀਂ ਬਲਕਿ ਗੁਰੂ ਸਾਹਿਬਾਨ ਦੀ ਖੁਸ਼ੀ ਲੈਣ ਅਤੇ ਧਰਮ ਹੇਤ ਸਿਰ ਦੇਣ ਲਈ ਹੋਈਆ ਹਨ। ਸਿੱਖ ਇੱਕੋ ਸਮੇਂ ਉਪਰ ਮੁਗ਼ਲਾਂ ਅਤੇ ਹਿੰਦੂ ਰਾਜਪੂਤ ਰਾਜਿਆਂ ਨਾਲ ਵੀ ਟੱਕਰ ਵਿੱਚ ਰਹੇ, ਜਦਕਿ ਹੁਣ ਇਸ ਤੱਥ ਨੂੰ ਦਿੱਲੀ ਦਰਬਾਰ ਫਰੇਬੀ ਨਾਲ ਲੁਕਾ ਲੈਂਦਾ ਹੈ। 

ਸਾਹਿਬਜ਼ਾਦਿਆਂ ਦੀ ਸ਼ਹੀਦੀ ਬਾਰੇ ਹਰ ਪ੍ਰਾਣੀ ਗੱਲ ਕਰ ਸਕਦਾ ਹੈ ਪਰ ਉਹਨਾਂ ਨੂੰ ਬਾਲ ਤੱਕ ਘਟਾ ਕੇ ਵੇਖਣ ਉਤੇ ਗੁਰੂ ਖਾਲਸਾ ਪੰਥ ਨੂੰ ਇਤਰਾਜ਼ ਹੈ। ਪੂਰੀ ਦੁਨੀਆਂ ਵਿੱਚ ਵੱਸਦੇ ਸਿੱਖਾਂ ਨੂੰ ਇਸ ਸਬੰਧੀ ਆਪਣਾ ਵਿਰੋਧ ਦਰਜ ਕਰਵਾਉਣਾ ਚਾਹੀਦਾ ਹੈ।

 

ਸੰਪਾਦਕ,