ਕੈਨੇਡਾ ਵਿਚ ਬਲਵਿੰਦਰ ਪਾਲ ਸਿੰਘ ਦੀ ਲਿਖੀ 'ਜੰਗ ਹਿੰਦ ਪੰਜਾਬ ਦਾ' ਬਾਬਾ ਬਿਕਰਮਾ ਸਿੰਘ ਬੇਦੀ ਦੇ ਸੰਦਰਭ ਵਿੱਚ ਪੁਸਤਕ ਰਿਲੀਜ਼
*ਦਸ਼ਮੇਸ਼ ਦਰਬਾਰ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨੇ ਕੀਤਾ ਗੁਰਮਤਿ ਸਮਾਗਮ
*ਇਹ ਪੁਸਤਕ ਸਿਖ ਇਤਿਹਾਸ ਵਿਚ ਅਹਿਮ ਦਰਜਾ ਰਖਦੀ ਹੈ ਜਿਸ ਵਿਚ ਪੁਰਾਤਨ ਦਸਤਾਵੇਜ਼ ਤੇ ਖਾਲਸਾ ਰਾਜ ਦੀਆਂ
*ਯਾਦਾ ਤੇ ਸਿਖ ਸ਼ਹਾਦਤਾਂ ਦਾ ਵਰਣਨ ਏ-ਡਾਕਟਰ ਗੁਰਵਿੰਦਰ ਸਿੰਘ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਰੀ -ਪ੍ਰੋਫੈਸਰ ਬਲਵਿੰਦਰ ਪਾਲ ਸਿੰਘ ਦੀ ਲਿਖੀ 'ਜੰਗ ਹਿੰਦ ਪੰਜਾਬ ਦਾ' ਬਾਬਾ ਬਿਕਰਮਾ ਸਿੰਘ ਬੇਦੀ ਦੇ ਸੰਦਰਭ ਵਿੱਚ ਪੁਸਤਕ ੍ਬੀਤੇ ਦਿਨੀਂ ਗੁਰਦਵਾਰਾ ਸਾਹਿਬ ਦਸ਼ਮੇਸ਼ ਦਰਬਾਰ ਸਰੀ ਕੈਨੇਡਾ ਵਿਖੇ ਲੋਕ ਅਰਪਿਤ ਕੀਤੀ ਗਈ। ਇਸ ਮੌਕੇ 'ਤੇ ਸਿਖ ਵਿਦਵਾਨ ਪ੍ਰਿੰਸੀਪਲ ਰਾਮ ਸਿੰਘ ਕੁਲਾਰ, ਪ੍ਰਸਿੱਧ ਸਾਹਿਤਕਾਰ ਡਾਕਟਰ ਪੂਰਨ ਸਿੰਘ, ਭਾਈ ਜਗਤਾਰ ਸਿੰਘ ਸੰਧੂ, ਬਲਦੇਵ ਸਿੰਘ ਬਾਠ, ਪ੍ਰੋਫ਼ੈਸਰ ਗੋਬਿੰਦਰ ਸਿੰਘ ਗਾੜ੍ਹਾ, ਦਵਿੰਦਰ ਸਿੰਘ ਗਰੇਵਾਲ ਅਤੇ ਹੋਰ ਸ਼ਖਸੀਅਤਾਂ ਸ਼ਾਮਲ ਹੋਈਆਂ। ਸੰਗਤਾਂ ਨੇ ਇਸ ਪੁਸਤਕ ਨੂੰ ਵੱਡਾ ਹੁੰਗਾਰਾ ਦਿਤਾ। ਗੁਰਦੁਆਰਾ ਸਾਹਿਬ ਦਸ਼ਮੇਸ਼ ਦਰਬਾਰ ਸਾਹਿਬ ਅਤੇ ਕੈਨੇਡੀਅਨ ਸਿੱਖ ਸਟੱਡੀਜ਼ ਦੇ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ ਕੀਤਾ। 'ਸਿਖ ਵਿਦਵਾਨ ਤੇ ਸਾਹਿਤਕਾਰ ਡਾਕਟਰ ਪੂਰਨ ਸਿੰਘ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ. ਬਲਵਿੰਦਰ ਪਾਲ ਸਿੰਘ ਦੀ ਪੁਸਤਕ ‘ਬਾਬਾ ਬਿਕਰਮਾ ਸਿੰਘ ਬੇਦੀ : ਜੰਗ ਹਿੰਦ ਪੰਜਾਬ ਦਾ’ ਦਾ ਪੜ੍ਹਨੀ ਲਾਜ਼ਮੀ ਹੈ, ਜੋ ਕਿ ਇਹ ਬਿਆਨ ਕਰਦੀ ਹੈ ਕਿ ਖ਼ਾਲਸਾ ਫੌਜਾਂ ਦਾ ਮਨੋਬਲ ਕਾਇਮ ਰੱਖਣ ਲਈ ਬਾਬਾ ਬਿਕਰਮਾ ਸਿੰਘ ਬੇਦੀ ਦਸਮੇਸ਼ ਪਿਤਾ ਸਤਿਗੁਰੂ ਗੋਬਿੰਦ ਸਿੰਘ ਜੀ ਦੇ ‘ਸੰਤ-ਸਿਪਾਹੀ’ ਦੇ ਸਿਧਾਂਤ ’ਤੇ ਖਰੇ ਉਤਰੇ ਦੇਸ ਪੰਜਾਬ ਦੀ ਅਜ਼ਾਦੀ ਲਈ ਸ਼ਹਾਦਤ ਦਿਤੀ। ਉਹਨਾਂ ਦੀ ਇਤਿਹਾਸਕ ਭੂਮਿਕਾ ਨੂੰ ਕੇਂਦਰੀ ਸਥਾਨ ਦਿੰਦੇ ਹੋਏ, ਕਰੜੀ ਮਿਹਨਤ ਨਾਲ ਖੋਜ ਭਰਪੂਰ ਇਤਿਹਾਸਕ ਪੁਸਤਕ ਲਿਖ ਕੇ ਪ੍ਰੋ. ਬਲਵਿੰਦਰ ਪਾਲ ਸਿੰਘ ਨੇ ਮਾਅਰਕੇ ਦਾ ਕਾਰਜ ਕੀਤਾ ਹੈ।ਇਸ ਇਤਿਹਾਸਕ ਨੂੰ ਪ੍ਰਮਾਣਿਕਤਾ ਨਾਲ ਲਿਖਕੇ ਪੰਜਾਬ ਦੇ ਪਹਿਲੇ ਗਦਰ ਨੂੰ ਇਤਿਹਾਸ ਦੇ ਪੰਨਿਆਂ ਵਿਚ ਸ਼ਾਮਲ ਕੀਤਾ ਹੈ।
ਡਾ ਗੁਰਵਿੰਦਰ ਸਿੰਘ, ਕੈਨੇਡਾ ਗਿਆਨੀ ਦਿੱਤ ਸਿੰਘ ਸਭਾ, ਸਰੀ (ਬੀ.ਸੀ.) ਨੇ ਕਿਹਾ ਕਿ ਭਾਰਤ ਵਿਚ ਬ੍ਰਿਟਿਸ਼ ਸਾਮਰਾਜ ਦੇ ਉਸ ਵੇਲੇ ਦੇ ਵਾਇਸਰਾਏ ਲਾਰਡ ਡਲਹੌਜ਼ੀ ਦਾ ਇਹ ਕਥਨ ਹੈ ਕਿ ਜੇਕਰ ਅੰਗਰੇਜ਼ ਪੰਜਾਬ ਦੀ ਖ਼ਾਲਸਾ ਫ਼ੌਜ ਨਾਲ ਹੋਈ ਗੁਜਰਾਤ ਦੀ ਜੰਗ ਹਾਰ ਜਾਂਦੇ, ਤਾਂ ਉਹਨਾਂ ਨੂੰ ਹਿੰਦੋਸਤਾਨ ਛੱਡਣ ਲਈ ਮਜਬੂਰ ਹੋਣਾ ਪੈ ਸਕਦਾ ਸੀ। ਇਹ ਜੰਗ ਉਸ ਵੇਲੇ ਤੱਕ ਦੀਆਂ ਸਭ ਤੋਂ ਅਹਿਮ ਅਤੇ ਖਤਰਨਾਕ ਲੜਾਈਆਂ ਵਿੱਚੋਂ ਇਕ ਸੀ, ਜਿਸ ਦੌਰਾਨ ਸਿੱਖ ਸਿਪਾਹੀ ਬਹੁਤ ਜੁਝਾਰੂ ਢੰਗ ਨਾਲ ਲੜੇ ਅਤੇ ਕਿਸੇ ਨੇ ਵੀ ਮੈਦਾਨ ਨਾ ਛੱਡਿਆ। ਇਹ ਗਵਾਹੀਆਂ ਫੀਲਡ ਮਾਰਸ਼ਲ ਗਫ਼, ਲਾਰਡ ਡਲਹੌਜ਼ੀ ਆਦਿ ਨੇ ਵੀ ਆਪਣੀਆਂ ਡਾਇਰੀਆਂ ਵਿਚ ਦਿੱਤੀਆਂ ਹਨ।ਇਸ ਪੁਸਤਕ ਵਿਚ ਅਹਿਮ ਦਸਤਾਵੇਜ਼ ਦਾ ਦਰਜ ਹੈ ਕਿ ਬਾਬਾ ਬਿਕਰਮਾ ਸਿੰਘ ਬੇਦੀ ਦਾ ਸੁਨੇਹਾ ਸੀ ਜਿਥੇ ਅੰਗਰੇਜ਼ ਦੇਖੋ ਉਸਨੂੰ ਖਤਮ ਕਰ ਦਿਉ ਜੇ ਆਪਣੇ ਦੇਸ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਬਚਾਉਣਾ ਹੈ।
ਡਾਕਟਰਾਂ ਗੁਰਵਿੰਦਰ ਸਿੰਘ ਨੇ ਕਿਹਾ ਕਿ ਬਹੁਤੇ ਭਾਰਤੀ ਇਤਿਹਾਸਕਾਰ ਤੇ ਖੱਬੇ ਪੱਖੀ ਵਿਚਾਰਵਾਨ 1857 ਦੇ ਵਿਦਰੋਹ ਨੂੰ ਤਾਂ ‘ਗ਼ਦਰ’ ਦਾ ਨਾਂ ਦਿੰਦੇ ਹਨ, ਪਰ ‘ਦੇਸ ਪੰਜਾਬ’ ਅਤੇ ‘ਬ੍ਰਿਟਿਸ਼ ਹਿੰਦ ਸਰਕਾਰ’ ਵਿਚਕਾਰ ਹੋਈ ਗੁਜਰਾਤ ਦੀ ਇਤਿਹਾਸਕ ਜੰਗ ਬਾਰੇ ਹੀਣ-ਭਾਵਨਾ ਰੱਖਦੇ ਹਨ। ਸੱਚ ਤਾਂ ਇਹ ਹੈ ਕਿ ਜੇਕਰ 1849 ਦੀ ਲੜਾਈ ਦੌਰਾਨ ਅੰਗਰੇਜ਼ ਦੀ ਅਗਵਾਈ ਵਿਚ ਹਿੰਦੋਸਤਾਨੀ ਫੌਜ ਦਾ ਸਾਥ ਡੋਗਰੇ, ਪਹਾੜੀਏ ਅਤੇ ਪਟਿਆਲੀਏ ਰਾਜੇ ਆਦਿ ਨਾ ਦਿੰਦੇ, ਤਾਂ ਇਤਿਹਾਸ ਕੁਝ ਹੋਰ ਹੋਣਾ ਸੀ। ਨਿਰਸੰਦੇਹ ਖ਼ਾਲਸਾ ਰਾਜ ਨੂੰ ਹਿੰਦੋਸਤਾਨ ਦੀ ਗੁਲਾਮੀ ਤੋਂ ਬਚਾਉਣ ਲਈ ਹਜ਼ਾਰਾਂ ਸਿੱਖ ਸਿਪਾਹੀਆਂ, ਜਰਨੈਲਾਂ ਅਤੇ ਸਹਿਯੋਗੀ ਫੌਜਾਂ ਦੀ ਇਤਿਹਾਸਕ ਦੇਣ ਅੱਖੋਂ-ਪਰੋਖੇ ਨਹੀਂ ਕੀਤੀ ਜਾ ਸਕਦੀ।
ਇਹ ਅਤਿਕਥਨੀ ਨਹੀਂ ਹੋਵੇਗੀ ਕਿ ਸਿੱਖ ਫ਼ੌਜਾਂ ਅੰਦਰ ਜੂਝਣ ਦਾ ਜਜ਼ਬਾ ਉਸ ਵੇਲੇ ਦੇ, ਖਾਲਸਾ ਰਾਜ ਦੇ ਪੰਥਕ ਆਗੂ ਅਤੇ ਸੰਤ-ਸਿਪਾਹੀ ਬਾਬਾ ਬਿਕਰਮਾ ਸਿੰਘ ਬੇਦੀ ਨੇ ਭਰਿਆ ਸੀ। ਬਾਬਾ ਬਿਕਰਮਾ ਸਿੰਘ ਬੇਦੀ ਖ਼ਾਲਸਾ ਰਾਜ ਦੀ ਆਜ਼ਾਦੀ ਅਤੇ ਪ੍ਰਭੂਸੱਤਾ ਕਾਇਮ ਰੱਖਣ ਲਈ ਆਖਰੀ ਦਮ ਤਕ ਲੜੇ। ਇਥੋਂ ਤਕ ਕਿ ਗੁਜਰਾਤ ਦੀ ਜੰਗ ਹਾਰਨ ਦੇ ਮਗਰੋਂ ਵੀ, ਉਹਨਾਂ ਸਿੱਖ ਫ਼ੌਜਾਂ ਇਕੱਠੀਆਂ ਕਰਕੇ ਇਕ ਵਾਰ ਫਿਰ ਰਾਵਲਪਿੰਡੀ ਜਾਂ ਹਸਨ ਅਬਦਾਲ ਵਿਚ ਅੰਗਰੇਜ਼ਾਂ ਨਾਲ ਦੋ ਹੱਥ ਕਰਨ ਦਾ ਸੱਦਾ ਦਿੱਤਾ, ਪਰ ਹੋਰਨਾਂ ਸਿੱਖ ਜਰਨੈਲਾਂ ਦੀ ਸਹਿਮਤੀ ਨਾ ਮਿਲਣ ਕਾਰਨ ਅਜਿਹਾ ਸੰਭਵ ਨਾ ਹੋ ਸਕਿਆ। ਅਜਿਹੀ ਬੁਜ਼ਦਿਲੀ ਤੋਂ ਖਫ਼ਾ ਹੋਏ ਬਾਬਾ ਬਿਕਰਮਾ ਸਿੰਘ ਬੇਦੀ ਸਿੱਖ ਜਰਨੈਲਾਂ ਤੋਂ ਵੱਖ ਹੋ ਗਏ। ਕੁਝ ਸਮੇਂ ਮਗਰੋਂ ਸਿੱਖ ਰਾਜ ਦੇ ਗ਼ੱਦਾਰਾਂ ਅਤੇ ਮੁਖ਼ਬਰਾਂ ਦੀ ਸਾਜ਼ਿਸ਼ ਰਾਹੀਂ ਆਪ ਨੂੰ 28 ਦਸੰਬਰ 1849 ਈਸਵੀ ਨੂੰ ਹੁਸ਼ਿਆਰਪੁਰ ਦੇ ਸ਼ਾਮ ਚੌਰਾਸੀ ਦੇ ਇਲਾਕੇ ਤੋਂ ਨਿਤਨੇਮ ਕਰਦਿਆਂ ਗ੍ਰਿਫ਼ਤਾਰ ਕਰ ਲਿਆ ਗਿਆ।
ਰੂਹਾਨੀ ਤਾਕਤ ਨਾਲ ਲਬਰੇਜ਼ ਬਾਬਾ ਬਿਕਰਮਾ ਸਿੰਘ ਬੇਦੀ ਦਾ ਇਹ ਮੰਨਣਾ ਸੀ ਕਿ ਖ਼ਾਲਸੇ ਨੂੰ ਪਾਤਸ਼ਾਹੀ ਦਾ ਹੱਕ ਸਤਿਗੁਰੂ ਨੇ ਆਪ ਬਖ਼ਸ਼ਿਆ ਹੈ ਅਤੇ ਜਿੰਨਾ ਚਿਰ ਪਾਤਸ਼ਾਹੀ ਦੁਬਾਰਾ ਨਹੀਂ ਮਿਲ ਜਾਂਦੀ, ਉਨਾ ਚਿਰ ਉਹ ਜੰਗ ਜਾਰੀ ਰੱਖਣਗੇ। ਆਪ ਅੰਦਰ ਇਸ ਗੱਲ ਦਾ ਅਕਹਿ ਦਰਦ ਸੀ ਕਿ ‘ਦੇਸ ਪੰਜਾਬ’ ਨੇ ਕਦੇ ਗੁਲਾਮ ਨਹੀਂ ਸੀ ਹੋਣਾ, ਜੇਕਰ ‘ਆਪਣਿਆਂ’ ਵੱਲੋਂ ਗ਼ੱਦਾਰੀ ਕਰਕੇ ਖ਼ਾਲਸਾ ਰਾਜ ਨੂੰ ਗੁਲਾਮ ਨਾ ਬਣਾਇਆ ਜਾਂਦਾ। ਬਾਬਾ ਬਿਕਰਮਾ ਸਿੰਘ ਬੇਦੀ ਦੇ ਦਲੇਰਾਨਾ ਕਥਨ ਸਨ ਕਿ ਸਿੱਖਾਂ ਦਾ ਕਤਰਾ-ਕਤਰਾ ਅੰਗਰੇਜ਼ ਰਾਜ ਤੋਂ ਬਗ਼ਾਵਤ ਕਰੇਗਾ ਅਤੇ ਉਹ ਦੇਸ ਪੰਜਾਬ ਵਿੱਚੋਂ ਅੰਗਰੇਜ਼ਾਂ ਨੂੰ ਕੱਢ ਕੇ ਹੀ ਸਾਹ ਲੈਣਗੇ। ਅੰਗਰੇਜ਼ਾਂ ਵੱਲੋਂ ਬਾਬਾ ਬੇਦੀ ਨੂੰ ਦਰਬਾਰ ਸਾਹਿਬ ਅੰਮ੍ਰਿਤਸਰ ਨਜ਼ਦੀਕ ਇਕ ਡਿਓੜੀ ਦੇ ਕਮਰੇ ਵਿੱਚ ਨਜ਼ਰਬੰਦ ਰੱਖਿਆ ਗਿਆ, ਜਿੱਥੇ ਉਹਨਾਂ ਦੀਆਂ ਅੱਖਾਂ ਦੀ ਰੋਸ਼ਨੀ ਚਲੀ ਗਈ। ਕਿਹਾ ਜਾਂਦਾ ਹੈ ਕਿ ਅੰਗਰੇਜ਼ ਸਰਕਾਰ ਨੇ ਉਹਨਾਂ ਨੂੰ ਧੀਵਾਂ ਜ਼ਹਿਰ ਦਿੱਤਾ ਸੀ। ਇਸ ਨਜ਼ਰਬੰਦੀ ਦੌਰਾਨ ਅੰਗਰੇਜ਼ਾਂ ਦੇ ਜਬਰ ਝੱਲਦਿਆਂ ਬਾਬਾ ਬਿਕਰਮਾ ਸਿੰਘ ਬੇਦੀ ਸੰਨ 1863 ਵਿਚ ਸ਼ਹੀਦੀ ਪਾ ਗਏ। ਦੇਸ ਪੰਜਾਬ ’ਤੇ ਅੰਗਰੇਜ਼ਾਂ ਦੇ ਕਬਜ਼ੇ ਨਾਲ ਹੀ ਆਜ਼ਾਦ ਖ਼ਾਲਸਾ ਰਾਜ ਦੀ ਪ੍ਰਭੂਸੱਤਾ ਖ਼ਤਮ ਹੋ ਗਈ। ਬ੍ਰਿਟਿਸ਼ ਰਜਵਾੜਿਆਂ ਨੇ ਆਪਣੀ ਹਿੰਦੋਸਤਾਨੀ ਬਸਤੀ ਵਿਚ ਦੇਸ ਪੰਜਾਬ ਨੂੰ ਸ਼ਾਮਲ ਕਰਦੇ ਸਾਰ ਹੀ, ਖ਼ਾਲਸਾ ਰਾਜ ਦੇ ਆਖ਼ਰੀ ਵਾਰਿਸ ਮਹਾਰਾਜਾ ਦਲੀਪ ਸਿੰਘ ਨੂੰ ਈਸਾਈ ਬਣਾ ਲਿਆ ਅਤੇ ਵਲੈਤ ਘੱਲ ਦਿੱਤਾ। ਉਹਨਾਂ ਕਿਹਾ ਕਿ ਇਹ ਪੁਸਤਕ ਸਿਖ ਇਤਿਹਾਸ ਵਿਚ ਅਹਿਮ ਦਰਜਾ ਰਖਦੀ ਹੈ ਜਿਸ ਵਿਚ ਪੁਰਾਤਨ ਦਸਤਾਵੇਜ਼ ਤੇ ਖਾਲਸਾ ਰਾਜ ਦੀਆਂ ਯਾਦਾ ਤੇ ਸਿਖ ਸ਼ਹਾਦਤਾਂ ਦਾ ਵਰਣਨ ਹੈ।
Comments (0)